Artical Featured Punjabi

ਬਾਬੇ ਬੀਰ ਬਹਾਦਰ ਜਾਂ ਪਾਖੰਡੀ ਡੇਰੇਦਾਰ?

ਬਾਬੇ ਬੀਰ ਬਹਾਦਰ ਜਾਂ ਪਾਖੰਡੀ ਡੇਰੇਦਾਰ?

Avtar Singhਅਵਤਾਰ ਸਿੰਘ ਮਿਸ਼ਨਰੀ (5104325827)

“ਬਾਬਾ” ਫਾਰਸੀ ਦਾ ਲਫਜ਼ ਹੈ ਅਰਥ ਹਨ-ਪਿਤਾ, ਬਾਪ, ਦਾਦਾ, ਪ੍ਰਧਾਨ, ਮਹੰਤ, ਬਜ਼ੁਰਗ ਅਤੇ ਬਾਬਾ ਨਾਨਕ-ਘਰਿ ਘਰਿ ਬਾਬਾ ਗਾਵੀਐ ਅਤੇ ਜ਼ਾਹਰ ਪੀਰ ਜਗਤਗੁਰੁ ਬਾਬਾ (ਭਾ.ਗੁ.) ਬਾਬਾ ਦਾ ਅਰਥ ਗੁਰੂ, ਵੱਡਾ, ਬੁੱਢਾ ਅਤੇ ਅਕਲਮੰਦ ਵੀ ਹੈ। ਗੁਰੂ ਗ੍ਰੰਥ ਸਾਹਿਬ, ਸਿੱਖ ਇਤਹਾਸ ਅਤੇ ਸਿੱਖ ਰਹਿਤ ਮਰਯਾਦਾ ਨੇ ਇਹ ਸੰਗਿਆ, ਰੱਬੀ ਭਗਤਾਂ, ਸਿੱਖ ਗੁਰੂ ਸਾਹਿਬਾਨਾਂ ਅਤੇ ਸ਼ਹੀਦਾਂ ਨੂੰ ਦਿੱਤੀ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿਖੇ 35 ਬਾਣੀਕਾਰ ਅਤੇ ਸਿੱਖ ਇਤਿਹਾਸ ਦੇ ਸ਼ਹੀਦ ਹੀ ਸਾਡੇ ਲਈ ਪ੍ਰੇਰਨਾਂ ਸ੍ਰੋਤ ਬਾਬੇ ਹਨ। ਉਮਰ, ਭੇਖ, ਪਹਿਰਾਵੇ, ਉਚੀ ਕੁਲ ਅਤੇ ਡੇਰੇ ਮੱਠ ਦਾ ਮਹੰਤ ਮੁੱਖੀ ਹੋਣ ਕਰਕੇ ਕੋਈ ਸਾਧ ਬਾਬਾ ਜਾਂ ਗੁਰੂ ਨਹੀਂ ਹੋ ਸਕਦਾ।

ਆਓ ਹੁਣ ਅਜੋਕੇ ਡੇਰੇਦਾਰ ਸਾਧ ਬਾਬੇ ਅਤੇ ਪੁਰਾਤਨ ਸਿੱਖ ਬਾਬਿਆਂ ਦਾ ਫਰਕ ਸਮਝੀਏ। ਗੁਰੂ ਬਾਬਾ ਨਾਨਕ ਜੀ ਕਿਰਤੀ ਅਤੇ ਗ੍ਰਿਹਸਤੀ ਬਾਬਾ ਸਨ ਅਤੇ ਉਨ੍ਹਾਂ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਉਪਦੇਸ਼ ਦਿੱਤਾ। ਅੱਗੇ ਉਨ੍ਹਾਂ ਦੇ ਜਾਂਨਸ਼ੀਨ ਗੁਰੂ ਬਾਬਿਆਂ ਨੇ ਵੀ ਇਸ ਨੂੰ ਧਾਰਿਆ ਅਤੇ ਪ੍ਰਚਾਰਿਆ। ਦਸਮ ਪਾਤਸ਼ਾਹ ਦੇ ਰੂਪ ਵਿੱਚ ਵੀ “ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਅਤੇ ਦਿਦਾਰ ਖਾਲਸੇ ਕਾ” ਦਾ ਉਪਦੇਸ਼ ਦਿੱਤਾ। ਉਪ੍ਰੋਕਤ ਸਭ ਨੇ ਸ਼ਬਦ ਗੁਰੂ ਦਾ ਹੀ ਪ੍ਰਚਾਰ ਕੀਤਾ ਅਤੇ ਕਿਸੇ ਦੇਹ ਸਰੀਰ ਨੂੰ ਪੂਜਣ, ਮੰਨਣ ਜਾਂ ਸੰਤ ਮਹਾਂਰਾਜ 108 ਕਹਿ ਕੇ, ਬੇਲੋੜੀ ਫੂਕ ਨਹੀਂ ਦਿੱਤੀ, ਕਿਰਤੀਆਂ ਨੂੰ ਸਲਾਹਿਆ ਅਤੇ ਵਿਹਲੜਾਂ ਦਾ ਕਦੇ ਪੱਖ ਨਹੀਂ ਪੂਰਿਆ ਸਗੋਂ ਮਖੱਟੂ ਕਿਹਾ-ਮਖਟੂ ਹੋਇ ਕੈ ਕੰਨ ਪੜਾਇ॥…ਗੁਰੁ ਪੀਰੁ ਸਦਾਇ ਮੰਗਣ ਜਾਇ॥(1245) ਪਰ ਅਜੋਕੇ ਬਾਬੇ ਸਭ ਕੁਝ ਇਸ ਦੇ ਉਲਟ ਕਰੀ ਕਰਾਈ ਜਾ ਰਹੇ ਹਨ। ਮੱਥੇ ਟਿਕਾਉਂਦੇ, ਭਗਵੇ ਚੋਲੇ ਪਾਉਂਦੇ, ਗੁਰੂ ਗ੍ਰੰਥ ਨੂੰ ਬੁੱਤਾਂ ਵਾਂਗ ਪੂਜਦੇ, ਬਗਲੇ ਵਾਂਗ ਅੱਖਾਂ ਮੀਟਦੇ, ਮਣਕੇ ਤੇ ਮਣਕਾ ਠਾਹ ਮਣਕਾ ਜਾਪ ਕਰਦੇ, ਮੱਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦ ਆਦਿ ਅਨਮੱਤੀ ਦਿਨ ਅਤੇ ਮਰ ਚੁੱਕੇ ਸੰਤ ਬਾਬਿਆਂ ਦੀਆਂ ਬਰਸੀਆਂ, ਗੁਰੂਆਂ ਭਗਤਾਂ ਨਾਲੋਂ ਵੱਡੇ ਪੱਧਰ ਤੇ ਮਨਾਉਂਦੇ, ਕੱਚੀ ਕਵਿਤਾ ਨੂੰ ਬਾਣੀ ਕਹਿੰਦੇ, ਵੱਖਰੇ-ਵੱਖਰੇ ਡੇਰੇ ਬਣਾਉਂਦੇ, ਜੋਤਾਂ ਅਰਤੀਆਂ ਬਾਲਦੇ, ਹਵਨ ਕਰਦੇ, ਕੁੰਭ ਨਾਰੀਆਲ ਅਤੇ ਘੜੇ ਮੌਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਰੱਖਦੇ, ਬ੍ਰਾਹਮਣਾਂ ਵਾਂਗ ਕੀਮਤੀ ਸਮੱਗਰੀਆਂ ਫੂਕਦੇ, ਧੀਆਂ ਦੀ ਥਾਂ ਮੁੰਡੇ ਵੰਡਣ ਦਾ ਢੌਗ ਰਚਦੇ, ਸੁੱਚ-ਭਿੱਟ ਅਤੇ ਜਾਤ-ਪਾਤ ਨੂੰ ਬੜਾਵਾ ਦਿੰਦੇ, ਦਸਮ ਗ੍ਰੰਥ ਤੇ ਹੋਰ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਬਾਰ ਪ੍ਰਕਾਸ਼ ਕਰਦੇ, ਸੰਖ ਅਤੇ ਟੱਲੀਆਂ ਵਜਾਉਂਦੇ, ਗੁਰਬਾਣੀ ਪੜ੍ਹਨ, ਵਿਚਾਰਨ ਤੇ ਧਾਰਨ ਦੀ ਥਾਂ ਕੇਵਲ ਤੋਤਾ ਰਟਨੀ ਗਿਣਤੀ ਦੇ ਵੰਨ ਸੁਵੰਨੇ ਪਾਠ ਅਤੇ ਗੁਰਬਾਣੀ ਸ਼ਬਦਾਂ ਦਾ ਤਾਂਤ੍ਰਿਕ ਜਾਪ ਕਰਦੇ, ਔਰਤਾਂ ਨੂੰ ਗਲੀਚ ਕਹਿ ਪਾਠ ਕਰਨ ਅਤੇ ਧਾਰਮਿਕ ਰਸਮਾਂ ਵਿੱਚ ਹਿੱਸਾ ਲੈਣ ਤੋਂ ਰੋਕਦੇ, ਆਮ ਜਨਤਾ ਨੂੰ ਵੱਖ-ਵੱਖ ਭੇਟਾਵਾਂ ਅਤੇ ਉਗਰਾਹੀਆਂ ਬਹਾਨੇ ਲੁਟਦੇ, ਗੁਰਬਾਣੀ ਦੇ ਪ੍ਰਚਾਰ ਨੂੰ ਲਿਖਤੀ ਅਤੇ ਇਲੈਕਟ੍ਰੌਂਨਿਕ ਮੀਡੀਏ ਨੂੰ ਵਰਤਣ ਤੋਂ ਰੋਕਦੇ, ਨਰਕ, ਸੁਵਰਗ, ਦੇਵੀ ਦੇਵਤੇ, ਬ੍ਰਾਹਮਣੀ ਮਿਥਿਹਾਸ ਅਤੇ ਲੋਟੂ ਕਰਮਕਾਂਡਾਂ ਨਾਲ ਭਰੀਆਂ ਕਰਾਮਾਤੀ ਸਾਖੀਆਂ ਸੁਣਾਉਂਦੇ। ਗਿਆਨ ਅਤੇ ਵਿਗਿਆਨ ਦਾ ਭਰਵਾਂ ਵਿਰੋਧ ਕਰਕੇ ਇਵੇਂ ਕਈ ਪ੍ਰਕਾਰ ਦੇ ਵਹਿਮ ਭਰਮ ਅਤੇ ਪਾਖੰਡ ਕਰਕੇ ਲੋਕਾਂ ਨੂੰ ਲੁੱਟਦੇ ਹਨ।

ਜਗਤ ਗੁਰ ਬਾਬੇ ਨਾਨਕ ਨੇ ਨਿਰਮਲ ਅਤੇ ਨਿਰਾਲਾ ਪੰਥ ਚਲਾਇਆਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਤੇ ਕੀਤੋਸੁ ਆਪਣਾ ਪੰਥ ਨਿਰਾਲਾ।(ਭਾ.ਗੁ.) ਦਸਮ ਰੂਪ ਵਿੱਚ ਇਸ ਨੂੰ ਮੁਕੰਮਲ ਕਰਕੇ ਖਾਲਸਾ ਪੰਥ ਦੀ ਸੰਗਿਆ ਦਿੱਤੀ। ਸਾਧ-ਡੇਰੇਦਾਰਾਂ ਅਤੇ ਸੰਪ੍ਰਦਾਈਆਂ ਨੂੰ ਮੰਨਣ ਪੂਜਣ ਅਤੇ ਮੱਥੇ ਟੇਕਣ ਵਾਲੀਆਂ ਸੰਗਤਾਂ ਜਰਾ ਸੋਚਣ! ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਦੀ ਪੜਚੋਲ ਕਰਨ ਤਾਂ ਆਪੇ ਸਮਝ ਆ ਜਾਵੇਗੀ ਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਨਾਂ ਤਾਂ ਵਿਹਲੜ ਸੰਤ ਬਾਬੇ ਪੈਦਾ ਕੀਤੇ, ਨਾਂ ਵੱਖਰੇ-ਵੱਖਰੇ ਡੇਰੇ ਬਨਾਏ, ਨਾਂ ਹੀ ਵੱਖ-ਵੱਖ ਸੰਪ੍ਰਦਾਵਾਂ ਜਾਂ ਟਕਸਾਲਾਂ ਚਲਾਈਆਂ, ਨਾਂ ਹੀ ਵੱਖਰੀ-ਵੱਖਰੀ ਮਰਯਾਦਾ ਬਣਾ ਕੇ, ਸਿੱਖ ਪੰਥ ਨੂੰ ਅਜੋਕੇ ਡੇਰਦਾਰਾਂ ਵਾਂਗ ਖੇਰੂੰ ਖੇਰੂੰ ਕੀਤਾ ਸਗੋਂ ਸਦਾ ਇੱਕ ਪੰਥ ਦੇ ਪਾਂਧੀ ਬਣਨ ਦਾ ਹੀ ਉਪਦੇਸ਼ ਦਿੱਤਾ। ਸਦੀਵਕਾਲ ਲਈ ਇੱਕ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦੇ ਲੜ ਲਾਉਂਦੇ ਇਹ ਹੀ ਹੁਕਮ ਕੀਤਾ ਕਿ-ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।

ਅੱਜ ਸਾਰਾ ਸਿੱਖ ਜਗਤ ਬੀਰ ਬਹਾਦਰ ਬਾਬਿਆਂ ਭਾਵ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਿਹਾ ਹੈ ਜਿਨ੍ਹਾਂ ਨੇ ਅਤਿ ਔਖੇ ਅਤੇ ਜ਼ੁਲਮ ਦੀ ਸਿਖਰਤਾ ਵੇਲੇ ਵੀ, ਜ਼ਾਲਮ ਮੁਗਲ ਸਰਕਾਰ ਦੀ ਈਂਨ ਨਹੀਂ ਮੰਨੀ, ਆਪਣੇ ਅਕੀਦੇ ਅਤੇ ਧਰਮ ਵਿੱਚ ਪੱਕੇ ਰਹੇ। ਦੇਖੋ ਜਦ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸੂਬਾ ਸਰਹੰਦ ਅਤੇ ਮੁਤੱਸਬੀ ਕਾਜੀਆਂ ਨੇ, ਸਿਰ ਨਿਵਾ ਕੇ ਦਰਵਾਜੇ ਦੀ ਕੰਧ ਚੋਂ ਨਿਕਲਣ ਲਈ ਕਿਹਾ ਤਾਂ ਉਮਰ ਚ’ ਛੋਟੇ ਪਰ ਮਤਿ ਵਿੱਚ ਵੱਡੇ ਬਾਬਿਆਂ ਨੇ, ਜਾਲਮਾਂ ਅੱਗੇ ਸਿੱਖੀ ਦਾ ਸਿਰ ਨਹੀਂ ਝੁਕਾਇਆ ਸਗੋਂ ਪਹਿਲੇ ਜੁੱਤੀ ਵਾਲੇ ਪੈਰ ਹੀ ਅੱਗੇ ਲੰਘਾਏ। ਪਰ ਅੱਜ ਅਸੀਂ ਉਨ੍ਹਾਂ ਬੀਰ ਬਹਾਦਰ ਬਾਬਿਆਂ ਦੇ ਵਾਰਸ ਹੋ ਕੇ ਵੀ ਅਜੋਕੇ ਸਾਧ ਬਾਬਿਆਂ ਨੂੰ ਪੂਜਦੇ, ਮੰਨਦੇ, ਮੱਥਾ ਟੇਕਦੇ ਅਤੇ ਧੜਾ-ਧੜ ਖੂਨ ਪਸੀਨੇ ਦੀ ਕੀਤੀ ਕਮਾਈ ਓਥੇ ਰੋੜਦੇ ਜਰਾ ਵੀ ਸ਼ਰਮ-ਸੰਗ ਮਹਿਸੂਸ ਨਹੀਂ ਕਰਦੇ। ਓਥੇ ਤਾਂ ਮੌਤ ਸਾਹਮਣੇ ਸੀ ਤਾਂ ਵੀ ਸਾਹਿਬਜ਼ਾਦੇ ਨਹੀਂ ਝੁਕੇ ਪਰ ਅੱਜ ਤਾਂ ਸਾਰੀਆਂ ਸੁੱਖ ਸਹੂਲਤਾਂ, ਸਾਧਨ ਅਤੇ ਧਰਮ ਅਜ਼ਾਦੀ ਹੋਣ ਤੇ ਵੀ ਬਿਨਾਂ ਸੋਚੇ ਸਮਝੇ ਇਨ੍ਹਾਂ ਵਿਹਲੜ ਅਤੇ ਕਿਰਤ ਗ੍ਰਿਹਸਤ ਤੋਂ ਭਗੌੜੇ ਡੇਰੇਦਾਰ ਸਾਧ ਬਾਬਿਆਂ ਨੂੰ ਮੱਥੇ ਟੇਕਦੇ ਅਤੇ ਘਰ-ਘਰ ਇਨ੍ਹਾਂ ਦੇ ਚਰਨ ਪੁਵਾਉਣ ਲਈ ਤਰਲੋਮੱਛੀ ਹੋਏ ਫਿਰਦੇ ਹਾਂ।

ਭੱਲਿਓ! ਜਰਾਂ ਠੰਡੇ ਦਿਲ ਦਿਮਾਗ ਨਾਲ ਸੋਚੋ ਕਿ ਅੱਜ ਸਾਡਾ ਸਭ ਤੋਂ ਵੱਡਾ “ਬਾਬਾ” (ਗੁਰੂ ਗ੍ਰੰਥ ਸਾਹਿਬ) ਹੈ ਨਾਂ ਕਿ ਲੰਬੇ ਲੰਬੇ ਚੋਲੇ ਅਤੇ ਗਲਾਂ ਵਿੱਚ ਮਾਲਾ ਪਾਈ ਫਿਰਦੇ, ਨੰਗੀਆਂ ਲੱਤਾਂ ਵਾਲੇ ਡੇਰੇਦਾਰ ਜਾਂ ਸੰਪ੍ਰਦਾਈ ਸਾਡੇ ਸੰਤ-ਬਾਬੇ ਹਨ। ਇਸ ਅਸਲੀਅਤ ਦਾ ਪਤਾ ਤੁਹਾਨੂੰ ਓਦੋਂ ਹੀ ਲੱਗੇਗਾ ਜਦੋਂ ਤੁਸੀਂ ਕਿਸੇ ਸੰਤ ਬਾਬੇ ਤੋਂ ਭਾੜੇ ਦਾ ਪਾਠ ਕਰਾ ਕੇ ਮਨੋ ਕਾਮਨਾਂ ਪੂਰੀਆਂ ਹੋਣੀਆਂ ਛੱਡ ਕੇ, ਆਪ ਸ਼ਰਧਾ, ਵਿਸ਼ਵਾਸ਼, ਪਿਆਰ ਅਤੇ ਸਤਿਕਾਰ ਨਾਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਵਿਚਾਰੋ ਅਤੇ ਜੀਵਨ ਵਿੱਚ ਧਾਰੋਗੇ। ਫਿਰ ਗੁਰਬਾਣੀ ਦੀ ਰੌਸ਼ਨੀ ਵਿੱਚ ਸਿੱਖ ਇਤਿਹਾਸ ਵਾਚੋਗੇ ਅਤੇ ਸਿੱਖ ਰਹਿਤ ਮਰਯਾਦਾ ਦੀ ਵਿਚਾਰ ਕਰੋਗੇ। ਫਿਰ ਤੁਹਾਨੂੰ ਕਿਸੇ ਸਾਧ ਬਾਬੇ ਜਾਂ ਪੁਜਾਰੀ ਦੀ ਵਿਚੋਲਗੀ ਦੀ ਲੋੜ ਨਹੀਂ ਰਹਿ ਜਾਵੇਗੀ। ਤੁਹਾਡਾ ਘਰ ਪ੍ਰਵਾਰ ਵੀ ਗੁਰੂ ਰਹਿਮਤ ਸਦਕਾ ਸੁਖੀ ਹੋਵੇਗਾ ਅਤੇ ਆਪ ਪੰਥ ਦਾ ਕਾਫਲਾ ਬਣ ਕੇ, ਗੁਰੂ ਪੰਥ ਦੀ ਸ਼ਾਨ ਵਧਾਉਣ ਦੇ ਪਾਤਰ ਵੀ ਬਣੋਗੇ। ਸਿਰਜਨਹਾਰ ਪਾਸ ਅਰਦਾਸ ਹੈ ਕਿ ਸਾਨੂੰ ਸਭ ਨੂੰ ਕਿਰਤ ਅਤੇ ਗ੍ਰਿਹਸਤ ਤੋਂ ਭਗੌੜੇ ਵਿਹਲੜ ਸਾਧਾਂ ਦੇ ਡੇਰਿਆਂ ਤੇ ਜਾਣ ਤੋਂ ਬਚਣ ਦਾ ਬਲ ਬਖਸੇ। ਚੰਗਾ ਕਰਮ ਕਰਨ ਲੱਗੇ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ-ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ॥ ਪਾਛੈ ਕਛੂ ਨ ਹੋਇਗਾ ਜਬ ਸਿਰ ਪਰ ਆਵੈ ਕਾਲੁ॥138॥ (1371) ਵਿਹਲੜ ਡੇਰੇਦਾਰ ਸਾਧ ਬਾਬਿਆਂ ਨੂੰ ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੰਗਣ ਨਾਲੋਂ ਹੋਰ ਕਿਹੜਾ ਚੰਗਾ ਕਰਮ ਹੈ?

Related posts

ਦਸਤਾਰ ਐਵਾਰਡ -2 ਐਡੀਸ਼ਨ ਤਹਿਤ ਅੰਮ੍ਰਿਤਸਰ ਵਿਖੇ ਸੁੰਦਰ ਦਸਤਾਰ ਮੁਕਾਬਲੇ ਹੋਏ

INP1012

ਪੰਜਾਬ ਵਿੱਚ ਸਰਕਾਰੀ ਕਰਫਿਊ ਅਤੇ ਕਰੌਨਾ ਵਾਇਰਸ ਦੀ ਮਹਾਮਾਰੂ ਦੀ ਮਾਰ ਹੇਠ ਆਏ ਲੌੜਵੰਦਾ ਲਈ ਸਿੱਖ ਰਿਲੀਫ ਦੀ ਟੀਮ ਅੱਗੇ ਆਈ।

INP1012

ਡੰਗ ਅਤੇ ਚੋਭਾਂ–ਗੁਰਮੀਤ ਸਿੰਘ ਪਲਾਹੀ

INP1012

Leave a Comment