Artical Featured Punjab

ਡੰਗ ਅਤੇ ਚੋਭਾਂ–ਗੁਰਮੀਤ ਸਿੰਘ ਪਲਾਹੀ

ਤਿੰਨ ਇਸ਼ਾਰੀਆ ਪੰਜ ਨੌਂ
ਖ਼ਬਰ ਹੈ ਕਿ ਦੇਸ਼ ਦੇ ਬਜ਼ਟ ਪੇਸ਼ ਕਰਦਿਆਂ ਨਰਿੰਦਰ ਮੋਦੀ ਦੀ ਸਰਕਾਰ ਨੇ ਸਿੱਕਾ ਪਸਾਰ ਅਤੇ ਵਿਕਾਸ ਦਰ’ਚ ਨਾ ਉਲਝਦਿਆਂ ਨਵੇਂ ਭਾਰਤ ਦੀ ਉਸਾਰੀ ਲਈ ਨੌਂ ਆਧਾਰ ਬਣਾਏ ਹਨ। ਦੇਸ਼ ਦੇ ਵਿੱਤ ਮੰਤਰੀ ਅਨੁਸਾਰ ਭਾਰਤ ਨੂੰ ਬਦਲਣ ਵਾਲੇ ਇਹ ਨੌਂ ਥੰਮ ਕਿਸਾਨ, ਪਿੰਡ, ਸਮਾਜਿਕ ਖੇਤਰ, ਸਿੱਖਿਆ, ਬੁਨਿਆਦੀ ਢਾਂਚਾ, ਵਿੱਤੀ ਸੁਧਾਰ, ਚੰਗਾ ਪ੍ਰਸ਼ਾਸ਼ਨ , ਖਜ਼ਾਨਾ ਪ੍ਰਬੰਧ ਅਤੇ ਟੈਕਸ ਸੁਧਾਰ ਹਨ। ਆਲਮੀ ਮੰਦੀ ਦੇ ਪ੍ਰਛਾਵੇਂ ਤੋਂ ਮੁਕਤੀ ਲਈ ਜੇਤਲੀ ਨੇ ਪਿੰਡ ਅਤੇ ਕਿਸਾਨਾਂ ਉਤੇ ਭਰੋਸਾ ਪ੍ਰਗਟਾਇਆ ਹੈ ।
ਭਰੋਸਾ ਪ੍ਰਗਟਾਵੇ ਨਾਂ ਤਾ ਕੀ ਕਰੇ ਪਿਛਲਖੁਰੀ ਤਿੰਨ ਇਸ਼ਾਰੀਆ ਪੰਜ ਨੌਂ ਪ੍ਰਤੀ ਮੀਲ ਦੀ ਰਫਤਾਰ ਨਾਲ ਦੌੜ ਰਹੀ ਹੈ ਪਜਾਮਾ ਟੁੰਗਕੇ, ਨੰਗੇ ਪੈਰੀਂ ਮੋਦੀ ਦੀ ਸਰਕਾਰ , ਉਵੇਂ ਹੀ ਜਿਵੇਂ ਵਿਸ਼ਵ ਰਿਕਾਰਡ ਤੋੜਨ ਵਾਲਾ ਦੌੜਾਕ ਰੌਜਰ ਬੈਨਿਸਟਰ 3.59 ਮਿੰਟਾਂ ਵਿੱਚ ਇੱਕ ਮੀਲ ਦੌੜਿਆ ਸੀ। ਦੋ ਵਰਿ•ਆਂ ‘ਚ ਐਨਾ ਦੌੜੀ, ਐਨਾ ਦੌੜੀ ਸਰਕਾਰ ਕਿ ਪਹਿਲੇ ਸਾਲ ਦਿਲੀ ਹਾਰੀ , ਦੂਜੇ ਸਾਲ ਹਾਰਿਆ ਬਿਹਾਰ ! ਪਹਿਲੇ ਸਾਲ ਲੋਕ ਮਿੱਠੇ ਲਾਰਿਆਂ ਨਾਲ ਮਾਰੇ , ਦੂਜੇ ਸਾਲ ਹੱਥ ਚੁੰਘਣੀਆ ਫੜਾਕੇ ਮਿੱਠੇ ਜ਼ਹਿਰ ਨਾਲ ! ਬੇਰੁਜ਼ਗਾਰ ਸੜਕਾਂ ਤੇ ਦੌੜਾਏ , ਕਨੱਈਏ ਵਰਗੇ ਵਾਧੂ ਬੋਲਣ ਵਾਲੇ ਜੇਲੀ ਤੁੰਨ ਦਿਤੇ, ਜਿਹੜਾ ਵਾਧੂ ਬੋਲਿਆ, ਉਹਦਾ ਹੁਕਾ ਪਾਣੀ ਬੰਦ ਕਰਕੇ ਵਿਮੁਲਾ ਵਰਗਿਆਂ ਨੂੰ ਮਰਨ ‘ਤੇ ਮਜ਼ਬੂਰ ਕਰ ਦਿਤਾ । ਰਹੀ ਗੱਲ ਨਵੇਂ ਭਾਰਤ ਦੇ ਨੌਂ ਅਧਾਰਾਂ ਦੀ, ਇਹ ਤਾਂ ਭਾਈ ਸਿਆਸੀ ਜੁਮਲਾ ਆ ਸੂਟ ਬੂਟ ਵਾਲੀ ਸਰਕਾਰ ਦਾ, ਬਜ਼ਟ ਨੂੰ ਡੂੰਘੀ ਖੱਡ ਕੱਢਕੇ ਜ਼ਮੀਨ ਦੋਜ਼ ਕਰਨ ਦਾ ।ਕੀ ਲੈਣਾ ਆ ਮੋਦੀ ਭਾਈ ਨੇ ਪਿੰਡਾਂ ਵਾਲਿਆਂ ਤੇ ਖੇਤੀ ਕਰਨ ਵਾਲਿਆਂ ਤੋਂ, ਵਸਦੇ ਰਹਿਣ ਉਹਦੇ ਮਹਿਲ ਮੁਨਾਰਿਆਂ ਵਾਲੇ, ਗਲੀਚਿਆਂ ਵਾਲੇ, ਜਹਾਜ਼ਾਂ ਵਾਲੇ, ਕਾਰਖਾਨਿਆਂ ਵਾਲੇ, ਖਾਣਾਂ ਦੇ ਮਾਲਕ ,ਸਮੁੰਦਰਾਂ ਦਰਿਆਵਾਂ ਉਤੇ ਰਾਜ ਕਰਨ ਵਾਲੇ ਬੀਬੇ ਬੂਥਿਆਂ ਵਾਲੇ,ਜਿਨਾਂ ਉਹਦੀ ਝੋਲੀ ਭਰਨੀ ਆ ਧੰਨ ਨਾਲ, ਮਨ ਨਾਲ, ਚਾਪਲੂਸੀਆਂ ਵਾਲੇ ਬੋਲਾਂ ਨਾਲ। ਜੀਹਨਾ ਆਸਰੇ ਬਾਹਾਂ ਟੁੰਗਕੇ, ਚੋਣਾਂ ਦੀ ਸੀਟੀ ਵੱਜਣ ਸਾਰ, ਮੋਦੀ ਜੀ ਨੇ ਸਰਪੱਟ ਦੌੜਨਾ ਆ। ਉਦੋਂ ਤੱਕ ਅੱਧ ਭੁਖੇ, ਅੱਧ ਨੰਗੇ, ਕਰਾਹ ਰਹੇ ਲੋਕਾਂ ਦੇ ਮਨਾਂ ਨੂੰ ਸ਼ਾਂਤ ਕਰਨ ਲਈ ਕੋਈ ਲਾਲੀਪਾਪ ਤਾਂ ਦਿਖਾਉਣਾ ਹੀ ਹੋਇਆ ਨਾ।ਸਹਿਕਦਿਆਂ ਨੂੰ ਪਾਣੀ ਦਾ ਘੁੱਟ ਤਾਂ ਲੋਕ ਲੱਜਿਆ ਲਈ ਥਿਆਉਣਾ ਹੀ ਹੋਇਆ ਨਾ । ਨਹੀਂ ਤਾਂ ਅਮਰੀਕਾ ਵਾਲਾ ਉਬਾਮਾ ਆਖੂ, ਮੋਦੀ ਭਾਈ, ਆਹ ਦੌੜਨ ਭੱਜਣ ਦੀ ਸਪੀਡ ਰਤਾ ਕੁ ਹੌਲੀ ਕਰ । ਹਾਲੀ ਆਪਣਾ ਪੱਪੂ “ਰਾਹੁਲ” ਜੁਆਨ ਨਹੀਂ ਹੋਇਆ। ਉਹਨੂੰ ਰਤਾ ਕੁ ਸਿਆਣਾ ਹੋਣ ਦੇ, ਫਿਰ ਸਰਪੱਟ ਦੌੜੀਂ ਭਾਵੇਂ 4 ਮਿੰਟ ਪ੍ਰਤੀ ਮੀਲ ਦੀ ਸਪੀਡ ਨਾਲ ‘ਤੇ ਪਹਾੜਾਂ ਤੇ ਜਾ ਸਮਾਧੀ ਲਾਈਂ। ਬਾਕੀ ਅਸੀਂ ਆਪੇ ਵੇਖ ਲਵਾਂਗੇ।
ਸਾਡੀ ਮਾਈ ਦੀ ਮਾਈ ਦੀ ਮਾਈ
ਖ਼ਬਰ ਹੈ ਕਿ ਕਾਂਗਰਸ ਉਪ-ਪ੍ਰਧਾਂਨ ਰਾਹੁਲ ਗਾਂਧੀ ਵਲੋਂ ਕੀਤੇ ਹਮਲਿਆਂ ਦਾ ਜਵਾਬ ਦਿੰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਵਿੱਚ ਉਨਾਂ ਦੇ ਪਿਤਾ ਰਾਜੀਵ ਗਾਂਧੀ, ਦਾਦੀ ਇੰਦਰਾ ਗਾਂਧੀ, ਜਵਾਹਰ ਲਾਲ ਨਹਿਰੂ ਦੇ ਭਾਸ਼ਣਾਂ ਦੀਆਂ ਮਿਸਾਲਾਂ ਤੇ ਸੋਵੀਅਤ ਸੰਘ ਤਾਨਾਸ਼ਾਹ ਸਟਾਲਿਨ ਦੀ ਇੱਕ ਟਿਪਣੀ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਉਤੇ ਪਲਟਵਾਰ ਕੀਤਾ ਅਤੇ ਕਾਂਗਰਸ ਨੂੰ ਦੇਸ਼ ਵਿੱਚ ਗਰੀਬੀ ਦੀਆਂ ਜੜਾਂ ਪੱਕੀਆਂ ਕਰਨ ਜ਼ੁੰਮੇਵਾਰ ਠਹਿਰਾਇਆ। ਉਨਾਂ ਕਿਹਾ, “ ਕੁਝ ਲੋਕ ਸੰਸਦ ਵਿਚ ਸਿਰਫ ਮੰਨੋਰੰਜ਼ਨ ਕਰਨ ਆਉਂਦੇ ਹਨ । ਉਨਾਂ ਦੀ ਓਮਰ ਤਾਂ ਵਧਦੀ ਹੈ ਪਰ ਸਮਝ ਨਹੀਂ ਵਧ ਰਹੀ ।” ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਵਿੱਚ ਰਾਹੁਲ ਗਾਂਧੀ ਦਾ ਨਾਅ ਲਏ ਬਿਨਾਂ ਹੀ ਜੰਮਕੇ ਸ਼ਬਦੀ ਤੀਰ ਚਲਾਏ।
ਗਰੀਬੀ ਕੀ ਹੁੰਦੀ ਆ, ਸੰਸਦ ਦੇ “ਪਵਿੱਤਰ ਸਦਨਾਂ” ‘ਚ ਬੈਠੇ ਨੇਤਾ ਕੀ ਜਾਨਣ? ਨੇਤਾਵਾਂ ਦੇ ਪੁੱਤ ਮੂੰਹ ‘ਚ ਸੋਨੇ ਦਾ ਚਮਚਾ ਕੜਛੀ ਲੈਕੇ ਜੰਮਦੇ ਆ। ਮਰਨ ਲੱਗਿਆਂ ਕਰੋੜਾਂ ਅਰਬਾਂ ਰੁਪੱਈਆ ਸਮੇਤ ਆਪਣੀ ਸਿਆਸੀ ਵਸੀਅਤ ਪੁੱਤ ਦੇ ਨਾਮ ਕਰ ਜਾਂਦੇ ਆ ਨੇਤਾ ਭਾਵੇਂ ਉਹ ਸਿਆਸਤ ਦਾ ਊੜਾ ਐੜਾ ਜਾਣੇ ਜਾਂ ਨਾ।ਵੇਖੋ ਨਾ ਇੰਦਰਾ ਗਾਂਧੀ ਸੀ ਜਵਾਹਰ ਲਾਲ ਨਹਿਰੂ ਦੀ ਧੀ, ਮਾਸੂਮ ਨਿਆਣੀ ਬਣ ਗਈ ਦੇਸ਼ ਦੀ ਪ੍ਰਧਾਨ ਮੰਤਰੀ । ਰਾਜੀਵ ਗਾਂਧੀ ਸੀ ਮਾਈ ਇੰਦਰਾ ਦਾ ਪੁੱਤ, ਬਣ ਗਿਆ ਪ੍ਰਧਾਨ ਮੰਤਰੀ ਸਿੱਧਾ ਪਾਇਲਟ ਤੋਂ ਤਰੱਕੀ ਕਰਕੇ। ਅੱਗੋਂ ਰਜੀਵ ਦੇ ਤੁਰਨ ਬਾਅਦ ਗੱਦੀ ਤੇ ਬਹਿ ਗਈ ਸੋਨੀਆ ਕੁਰਸੀ ਤੇ ਮਨਮੋਹਨ ਸਿੰਘ ਨੂੰ ਨਾਮ ਨਿਹਾਦ ਪ੍ਰਧਾਨ ਮੰਤਰੀ ਥਾਪਕੇ ਅਤੇ ਫੋਕੇ ‘ਚ ਹੀ 10 ਸਾਲ ਰਾਜ ਕਰ ਗਈ । ਅੱਗੋਂ ਪੁੱਤਰ ਤਿਆਰ ਕਰਤਾ ਗੱਦੀ ਸਾਂਭਣ ਲਈ ਵਿਚਾਰਾ ਜਿਹਾ ਰਾਹੁਲ ਗਾਂਧੀ। ਜਿਹੜਾ ਟਰੇਨਿੰਗ ਲੈਣ ਲਈ ਕਦੇ ਗਰੀਬ ਦੀ ਝੁੱਗੀ ਵੇਖਣ ਜਾਂਦਾ ਤੇ ਕਦੇ ਕਿਸਾਨਾਂ ਦੇ ਖੇਤਾਂ ਤੁਰਿਆ ਫਿਰਦਾ, ਇਹ ਆਖਣ ਲਈ ਕਿ ਉਹ ਵੀ ਤਾਂ ਗਰੀਬ ਆ, ਤਦੇ ਗਰੀਬਾਂ ਦੇ ਘਰੀਂ ਜਾਂਦਾ ਨਹੀਂ ਤਾਂ ਭਲਾ ਟਾਟੇ ਬਿਰਲਿਆਂ ਕਦੇ ਗਰੀਬਾਂ ਦੇ ਘਰੀਂ ਢੁੱਕਕੇ ਵੇਖਿਆ? ਉਂਜ ਭਾਈ ਮੋਦੀ ਦੇ ਮੂੰਹੋਂ ਗਰੀਬੀ ਵਾਲੇ ਸ਼ਬਦ ਚੰਗੇ ਨਹੀਂ ਲਗਦੇ ਤੇ ਇਹ ਕਹਿੰਦਿਆਂ ਵੀ ਉਹ ਝੂਠ ਜਿਹਾ ਬੋਲਦਾ ਲਗਦਾ ਬਈ ਦੇਸ਼ ਦੀ ਘੋਰ ਗਰੀਬੀ ਲਈ ਕਾਂਗਰਸ ਹੀ ਜ਼ੁੰਮੇਵਾਰ ਆ। ਭਲਾ ਪੁੱਛੇ ਉਹਨੂੰ ਕੋਈ, ਉਹਦਾ ਬਾਜਪਾਈ ਪੰਜ ਵਰੇ ਦੇਸ਼ ਤੇ ਰਾਜ ਕਰਦਾ, ਗਰੀਬੀ ਦੀ ਥਾਂ ਗਰੀਬ ਦੀਆਂ ਜੜਾਂ ਵੱਢਣ ਲਈ ਹੀ ਕਿਉਂ ਕੰਮ ਕਰਦਾ ਰਿਹਾ? ਤੇ ਉਹ ਆਪ ਕਿਹੜਾ, ਹੱਥ ਮੂੰਗਲੀ ਫੜਕੇ, ਚੱਠੂ’ਚ ਪਾ ਗਰੀਬੀ ਦੀ ਧੌਣ ਭੰਨਣ ਲੱਗਿਆ ਹੋਇਐ। ਪਿਆਰਿਉ, ਜਿਵੇਂ ਨੇਤਾ ਦਾ ਪੁੱਤ ਨੇਤਾ, ਅੱਗੋਂ ਉਹਦਾ ਪੁੱਤ ਨੇਤਾ ਆ, ਤਿਵੇਂ ਹੀ ਭਾਈ ਭਾਰਤੀਆਂ ਦੀ ਗਰੀਬੀ ਤਾਂ ਗਰੀਬ ਦੀ ਮਾਈ ਦੀ ਮਾਈ ਦੀ ਮਾਈ ਆ, ਈਹਨੂੰ ਕਿਹੜਾ ਜੰਮਿਆਂ ਭਾਰਤੀਆਂ ਤੋਂ ਵੱਖ ਕਰਨ ਵਾਲਾ, ਗਰੀਬੀ ਤਾਂ ਭਾਈ ਭਾਰਤ ਮਾਂ ਦਾ ਗਹਿਣਾ ਆ ਅਤੇ ਨੇਤਾਵਾਂ ਦੀ ਨੇਤਾ ਗਿਰੀ ਦਾ ਸ਼ਿੰਗਾਰ। ਹੈ ਕੋਈ ਸੂਰਮਾ ਜਿਹੜਾ ਈਹਨੂੰ ਦੇਸ਼ ਤੋਂ ਵੱਖ ਕਰਨ ਦਾ ਹੀਆ ਕਰ ਸਕੇ? ਤਦੇ ਤਾਂ ਧਰਤੀ ਜਿਹੀ ਗਰੀਬੜੀ, ਪਾਲੀਆਂ ਦੇ ਗੀਤ ਦੀਆਂ ਹੇਠਲੀਆਂ ਸਤਰਾਂ ਅਲਾਪ ਦੀਆਂ, ਇਹ ਤਾਂ ਧਰਮੀ ਪੁੱਤ ਦੀ ਘੁੰਤਰ, ਇਹ ਡਾਢੇ ਦੀ ਛੜੀ, ਕਦੇ ਮੱਥੇ ਖ਼ੁੱਭੀ ਕਦੇ ਪਿੱਠ ਤੇ ਵਰੀ, ਧਰਤੀ ਤਾਂ ਅਹਿਲ ਅਡੋਲ ਖੜੀ, ਸਾਡੀ ਮਾਈ ਦੀ ਮਾਈ ਦੀ ਮਾਈ”।
ਇਸ ਤਸਵੀਰ ਵਿੱਚ ਮੇਰਾ ਚਿਹਰਾ
ਖ਼ਬਰ ਹੈ ਕਿ ਪੰਜਾਬ ਦੇ ਡਿਪਟੀ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਵਿਕਸਤ ਪੰਜਾਬ ਦੀ ਤਸਵੀਰ ਪੇਸ਼ ਕੀਤੀ ਹੈ। ਕਰੀਬ ਇੱਕ ਘੰਟੇ ਦੇ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਵਿੱਚ ਸੁਖਬੀਰ ਨੇ ਰਾਜ ਵਿੱਚ ਬੁਨਿਆਦੀ ਢਾਂਚਾ ਵਿਕਾਸ, ਰਾਜ ਦੀ ਆਰਥਿਕ ਹਾਲਤ ਸਮੇਤ ਸਾਰੇ ਮਸਲਿਆਂ ਉੱਤੇ ਰੋਸ਼ਨੀ ਪਾਈ। ਉਨਾਂ ਕਿਹਾ ਕਿ ਸਰਕਾਰ ਬਿਲਕੁਲ ਸਹੀ ਰਾਹ ਚੱਲ ਰਹੀ ਹੈ। ਅੰਕੜਿਆਂ ਰਾਹੀਂ ਸਾਬਤ ਕੀਤਾ ਕਿ ਪਿਛਲੀ ਕਾਂਗਰਸ ਸਰਕਾਰ ਨਾਲੋਂ ਉਨਾਂ ਦੀ ਕਾਰਗੁਜ਼ਾਰੀ ਬਿਹਤਰ ਹੈ। ਉਨਾਂ ਦੱਸਿਆ ਕਿ ਕਾਂਗਰਸ ਦੇ ਰਾਜ ਵਿੱਚ ਟੈਕਸਾਂ ਤੋਂ ਆਮਦਨ 36808 ਕਰੋੜ ਸੀ ਜਦਕਿ ਉਨਾਂ ਦੇ ਰਾਜ ਵਿੱਚ 1.68 ਲੱਖ ਕਰੋੜ ਹੈ। ਕਾਂਗਰਸ ਦੇ ਰਾਜ ਵਿੱਚ ਐਕਸਾਇਜ਼ ਆਮਦਨ 1429 ਕਰੋੜ ਸੀ ਅਤੇ ਉਨਾਂ ਦੇ ਰਾਜ ਵਿੱਚ 5100 ਕਰੋੜ ਹੋਣ ਦੀ ਉਮੀਦ ਹੈ।
ਬਈ ਵਾਹ, ਤਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਲੋਕ ਗਾਉਂਦੇ ਫਿਰਦੇ ਆ, “ਤੇਰੀਆਂ ਸੜਕਾਂ’ਚ ਟੋਏ, ਹੋਏ ਹੋਏ” ਤਦੇ ਲੋਕ ਥਾਂ ਥਾਂ ਕਹਿੰਦੇ ਫਿਰਦੇ ਆ,” ਗਲੀਏ ਚਿੱਕੜ ਦੂਰ ਘਰ” ਤਦੇ ਲੋਕ ਡਰਦੇ ਆ ਕੁਝ ਕਹਿਣਂੋ, ਕਿਤੇ ਪੁਲਸੀਏ ਛਿਤਰੋੜ ਨਾ ਫੇਰ ਦੇਣ। ਤਦੇ ਲੋਕ ਖੀਸੇ’ਚ ਪੈਸੇ, ਕੰਨਾਂ’ਚ ਮੁਰਕੀਆਂ, ਗਲਾਂ’ਚ ਹਾਰ, ਬਾਹਾਂ’ਚ ਵੰਗਾਂ ਪਾਕੇ ਗਲੀ ਬਜ਼ਾਰੀਂ ਨਹੀਂ ਨਿਕਲਦੇ, ਸੋਚਦੇ ਆ ਕਿਧਰੇ ਸਰੀਰ ਦੇ ਅੰਗਾਂ ਸਮੇਤ ਗੁੰਡੇ ਗਹਿਣੇ ਉਤਾਰ ਰਫੂ ਚੱਕਰ ਨਾ ਹੋ ਜਾਣ। ਤਦੇ ਪੁੱਛਦੇ ਆ ਲੋਕ, ਭਾਈ ਮੰਨਾ ਸਿੰਹਾ ਰਤਾ ਪੰਜਾਬ ਦੀ ਇਸ ਤਸਵੀਰ’ਚ ਮੇਰਾ ਚਿਹਰਾ ਕਿਥੇ ਆ, ਰਤਾ ਵਿਖਾ ਤਾਂ ਸਹੀ। ਉਹ ਤਾਂ ਲੱਭਿਆ ਵੀ ਕਿਧਰਿਉ ਲੱਭਦਾ ਹੀ ਨਹੀਂ, ਉਦਾਸ, ਗਮਗੀਨ, ਠਗਿਆ ਠਗਿਆ,ਬੁਝਿਆ ਬੁਝਿਆ, ਬਚਪਨ ਜੁਆਨੀ ਵੇਲੇ ਹੀ ਬੁੱਢਾ ਬੁੱਢਾ ਪ੍ਰਭਾਵਹੀਨ ।
ਅਜ਼ਾਦੀ, ਅਜ਼ਾਦੀ, ਅਜ਼ਾਦੀ
ਖ਼ਬਰ ਹੈ ਕਿ ਦਿਲੀ ਪੁਲਿਸ ਨੇ ਆਤੰਕਵਾਦ ਸੇ-ਅਜ਼ਾਦੀ, ਮੰਨੂਵਾਦ ਸੇ-ਅਜ਼ਾਦੀ, ਮਹਿੰਗਾਈ ਸੇ-ਅਜ਼ਾਦੀ ਦੇ ਨਾਹਰੇ ਲਾਉਣ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿਲੀ ਦੇ ਵਿਦਿਆਰਥੀਆ ਉੱਤੇ “ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ਼ ਕਰ ਦਿਤੇ ਹਨ। ਇਨਾਂ ਹੀ ਨਾਹਰਿਆਂ ਨਾਲ ਲੈਸ ਹੋਕੇ ਹਜ਼ਾਰਾਂ ਵਿਦਿਆਰਥੀਆਂ ਨੇ ਦਿਲੀ’ਚ ਸੰਸਦ ਮਾਰਗ ਦੇ ਸਾਹਮਣੇ ਤੱਕ ਮਾਰਚ ਕੀਤਾ। ਵਿਦਿਆਰਥੀਆਂ ਦੇ ਇਸ ਮਾਰਚ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਵਧੇਰੇ ਗਿਣਤੀ ਵਿੱਚ ਦਿਸ ਰਹੀਆਂ ਸਨ। ਉਨਾਂ ਦੇ ਰੋਹ ਤੇ ਜੋਸ਼ ਦਾ ਵੀ ਮੁੰਡੇ ਮੁਕਾਬਲਾ ਨਹੀਂ ਸੀ ਕਰ ਰਹੇ ਜਾਪ ਰਹੇ।
ਕਿਹੜੀ ਅਜ਼ਾਦੀ ਭਾਈ? ਹਿੰਦੋਸਤਾਨ’ਚ ਅਜ਼ਾਦੀ ਤਾਂ ਪੁੜੀਆਂ’ਚ ਮਿਲਦੀ ਆ, ਉਹ ਵੀ ਉਨਾਂ ਨੂੰ ਜਿਹੜੇ ਆਜ਼ਾਦੀ ਉਤੇ ਖੇਸ ਵਿਛਾਕੇ ਲੰਮੀਆਂ ਤਾਣਕੇ ਡੂੰਘੀ ਨੀਂਦੇ ਸੁੱਤੇ ਘੁਰਾੜੇ ਮਾਰ ਰਹੇ ਆ। ਤਾਂ ਕਿ ਕੋਈ ਹੋਰ ਇਸ “ਸੁੰਢ ਦੀ ਗੰਢੀ” ਨੂੰ ਹਥਿਆ ਨਾ ਲਵੇ।
ਗਰੀਬ ਲਈ ਅਜ਼ਾਦੀ? ਵਿਦਿਆਰਥੀਆਂ ਲਈ ਅਜ਼ਾਦੀ? ਕੁੜੀਆਂ ਚਿੜੀਆਂ ਲਈ ਅਜ਼ਾਦੀ? ਕਿਸ ਯੁੱਗ ‘ਚ ਰਹਿ ਰਹੇ ਹੋ ਭਾਈ ਇਹੋ ਜਿਹੀਆਂ ਗੱਲਾਂ ਕਰਦੇ, ਇਹ ਨਾਹਰੇ ਲਾਉਂਦੇ, ਆਪਣਾ ਰੋਸ ਗੁੱਸਾ ਪ੍ਰਗਟ ਕਰਦੇ ਲੋਕ? ਇਥੇ ਤਾਂ ਸਾਹ ਲੈਣ ਦੀ ਅਜ਼ਾਦੀ ਮਸਾਂ ਮਿਲਦੀ ਆ। ਇਥੇ ਮਹਿੰਗਾਈ, ਆਤੰਕਵਾਦ, ਮੰਨੂਵਾਦ ਤੋਂ ਅਜ਼ਾਦੀ ਦੀ ਗੱਲ ਕਰਕੇ ਕਿਉਂ ਪਰੇਸ਼ਾਨ ਹੁੰਦੇ ਹੋ, ਕਿਉਂ ਸਮਾਂ ਬਰਬਾਦ ਕਰਦੇ ਹੋ? ਬੱਸ ਜੇ ਮਿਲਦੀ ਆ ਭਾਈ ਰੋਟੀ ਖਾਉ, ਮਿਲਦਾ ਆ ਤਾਂ ਪਾਣੀ ਪੀਉ, ਤੇ ਬੱਸ ਆਰਾਮ ਨਾਲ ਜਿੱਥੇ ਵੀ ਭਾਰਤ ਦੀ ਇਸ ਪਵਿੱਤਰ ਧਰਤੀ ਤੇ ਖੁਲੇ ਆਸਮਾਨ ਵਿੱਚ ਥਾਂ ਮਿਲਦੀ ਆ, ਸੌਂ ਜਾਉ! ਇੰਨੀ ਕੁ ਆਜ਼ਾਦੀ ਕਾਫੀ ਹੈ, ਇਹ ਸਮਝਕੇ ਸੋਂ ਜਾਉ ਭਾਈ!
ਇੱਕ ਵਿਚਾਰ
ਰੁਕਾਵਟਾਂ ਬਹਾਦਰ ਆਦਮੀ ਨੂੰ ਡਰਾਉਂਦੀਆਂ ਨਹੀਂ, ਬਲਕਿ ਉਸਦੇ ਸਾਹਮਣੇ ਚਣੌਤੀਆਂ ਪੈਦਾ ਕਰਦੀਆਂ ਹਨ [ਬੁਡਰੋ ਵਿਲਸਨ]
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
੧. ਭਾਰਤ ਵਿੱਚ ਹਰ ਵਰੇ ਮਸਾਂ 55 ਲੱਖ ਨੌਜਵਾਨ ਹੀ ਪ੍ਰੋਫੈਸ਼ਨਲ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਹਨ, ਜਦਕਿ ਚੀਨ ਵਿੱਚ ਨੌਂ ਕਰੋੜ ਅਤੇ ਅਮਰੀਕਾ ਵਿੱਚ 1.ਲਖ 13 ਕਰੋੜ ਨੌਜਵਾਨ ਵਿਦਿਆਰਥੀ ਇਨਾਂ ਕੋਰਸਾਂ’ਚ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਹਨ।
੨. ਪੰਜਾਬ ਦੇ 13028 ਪਿੰਡਾਂ ਦੇ ਇੰਨੇ ਹੀ ਸਰਪੰਚਾਂ ਵਿਚੋਂ ਅਜੇ ਵੀ 1485 ਅੱਖਰ ਗਿਆਨ ਤੋਂ ਵਿਹੂਣੇ ਹਨ, ਇਸ ਤੋਂ ਇਲਾਵਾ 1989 ਸਰਪੰਚ ਪ੍ਰਾਇਮਰੀ ਪਾਸ ਹਨ।

Related posts

ਜੋ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਖਾਣਾ ਪੀਣਾ ਤੱਕ ਭੁੱਲ ਜਾਂਦੇ ਸਨ, ਅੱਜ ਸਰਕਾਰਾਂ ਉਸ ਸ਼ਹੀਦ ਸਰਾਭੇ ਨੂੰ ਕਿਓ ਭੁਲੀਆਂ ?

INP1012

ਸਿੱਖ ਰਲੀਫ ਵੈਲਫੇਅਰ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਬੈਂਸ ਜੀ ਦੀ ਸੇਹਤ ਕਾਮਯਾਬੀ ਲਈ ਅਰਦਾਸ

INP1012

ਪਿੰਡ ਫਰਵਾਲੀ ਅਤੇ ਬਈਏਵਾਲ ਦੇ ਲੋਕਾਂ ਨੇ ਕੀਤਾ ਅਕਾਲੀ ਦਲ ਦਾ ਬਾਈਕਾਟ, ਪੰਜਾਬ ਸਰਕਾਰ ਖਿਲਾਫ ਜੰਮਕੇ ਕੀਤੀ ਭਾਰੀ ਨਾਅਰੇਬਾਜੀ।

INP1012

Leave a Comment