Featured Punjab

ਪਿੰਡ ਮੁੰਡੀਆਂ ਖੁਰਦ, ਭਾਮੀਆਂ ਕਲਾਂ ਤੇ ਭਾਮੀਆਂ ਖੁਰਦ ਵਿੱਚ ਪਵੇਗਾ ਸੀਵਰੇਜ

*ਸਿੰਚਾਈ ਮੰਤਰੀ ਢਿੱਲੋਂ ਵੱਲੋਂ 12 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ

ਲੁਧਿਆਣਾ, 2 ਅਪ੍ਰੈੱਲ (ਸਤ ਪਾਲ ਸੋਨੀ)  ਵਿਕਾਸ ਦੇ ਨਵੇਂ ਦਿਸਹੱਦੇ ਕਾਇਮ ਕਰਨ ਵਾਲੇ ਹਲਕਾ ਸਾਹਨੇਵਾਲ ਦੇ ਤਿੰਨ ਪਿੰਡਾਂ ਮੁੰਡੀਆਂ ਖੁਰਦ, ਭਾਮੀਆਂ ਕਲਾਂ ਅਤੇ ਭਾਮੀਆਂ ਖੁਰਦ ਨੂੰ ਮਾਣ ਪ੍ਰਾਪਤ ਹੋਣ ਵਾਲਾ ਹੈ ਕਿ ਇਹ ਪਿੰਡ ਪੰਜਾਬ ਦੇ ਪਹਿਲੇ ਉਹ ਪਿੰਡ ਹੋਣਗੇ, ਜਿਨਾਂ ਵਿੱਚ ਲੋਕਾਂ ਨੂੰ ਨਗਰ ਨਿਗਮ ਦੀ ਤਰਜ਼ ‘ਤੇ ਸੀਵਰੇਜ਼ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੋਵੇਗੀ। ਇਸ ਸੰਬੰਧੀ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਪੰਜਾਬ ਦੇ ਸਿੰਚਾਈ ਮੰਤਰੀ ਅਤੇ ਹਲਕਾ ਵਿਧਾਇਕ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਪਿੰਡ ਮੁੰਡੀਆਂ ਖੁਰਦ ਅਤੇ ਦਸ਼ਮੇਸ਼ ਕਲਾਂ ਕਲੋਨੀ ਵਿੱਚ ਰੱਖਿਆ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਦੱਸਿਆ ਕਿ ਪਿੰਡ ਮੁੰਡੀਆਂ ਖੁਰਦ, ਭਾਮੀਆਂ ਕਲਾਂ ਅਤੇ ਭਾਮੀਆਂ ਖੁਰਦ ਵਿੱਚ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਬਹੁਤ ਮੰਦਾ ਹਾਲ ਸੀ। ਸ਼ਹਿਰ ਦਾ ਹਿੱਸਾ ਹੋਣ ਪਰ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਾਰਨ ਇੰਨਾਂ ਪਿੰਡਾਂ ਵਿੱਚ ਨਗਰ ਨਿਗਮ ਦੀ ਤਰਜ਼ ‘ਤੇ ਸੀਵਰੇਜ ਪਾਉਣ ਵਿੱਚ ਵੱਡੀ ਰੁਕਾਵਟ ਪੇਸ਼ ਆ ਰਹੀ ਸੀ। ਉਨਾਂ ਇਹ ਕੇਸ ਤਿਆਰ ਕਰਕੇ ਮਾਨਯੋਗ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨਾਲ ਗੱਲ ਕੀਤੀ ਤਾਂ ਉਨਾਂ ਇਨਾਂ ਪਿੰਡਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਫੰਡ ਜਾਰੀ ਕਰਕੇ ਇਹ ਕੰਮ ਸ਼ੁਰੂ ਕਰਵਾਇਆ ਹੈ।
ਸ੍ਰ. ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਉਪਰੋਕਤ ਤਿੰਨਾਂ ਪਿੰਡਾਂ ਦੀਆਂ ਕਰੀਬ 6 ਪੰਚਾਇਤਾਂ ਨੂੰ ਪਹਿਲੇ ਗੇੜ ਵਿੱਚ ਸੀਵਰੇਜ਼ ਦੀ ਸਹੂਲਤ ਨਾਲ ਲੈੱਸ ਕੀਤਾ ਜਾਵੇਗਾ, ਜਿਸ ‘ਤੇ ਕਰੀਬ 12 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਸ ਪ੍ਰੋਜੈਕਟ ਤਹਿਤ 36 ਕਿਲੋਮੀਟਰ ਲਾਈਨ ਵਿਛਾਈ ਜਾਵੇਗੀ ਅਤੇ ਇਹ ਪ੍ਰੋਜੈਕਟ ਅਗਲੇ ਤਿੰਨ ਮਹੀਨੇ ਵਿੱਚ ਬਿਲਕੁਲ ਤਿਆਰ ਹੋ ਜਾਵੇਗਾ। ਸ੍ਰ. ਢਿੱਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਉਨਾਂ ਨੇ ਮਹਿਕਮੇ ਦੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਗੁਰਮੀਤ ਸਿੰਘ ਖੋਸਾ ਨੂੰ ਨੋਡਲ ਇੰਚਾਰਜ ਵਜੋਂ ਤਾਇਨਾਤ ਕਰਵਾਇਆ ਹੈ। ਉਨਾਂ ਕਿਹਾ ਕਿ ਜਲਦ ਹੀ ਇਸ ਸੀਵਰੇਜ ਨਾਲ ਇਲਾਕੇ ਦੇ 12-13 ਹੋਰ ਪਿੰਡਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ੍ਰ. ਢਿੱਲੋਂ ਨੇ ਤਿੰਨਾਂ ਪਿੰਡਾਂ ਦੇ ਸਾਂਝੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਨਾਲ ਕੁਨੈਕਸ਼ਨ ਉਸ ਵੇਲੇ ਤੱਕ ਨਾ ਜੋੜਨ ਜਦੋਂ ਤੱਕ ਇਸਦਾ ਨਿਰਮਾਣ ਕਾਰਜ ਬਿਲਕੁਲ ਮੁਕੰਮਲ ਨਾ ਹੋ ਜਾਵੇ। ਇਸ ਤੋਂ ਇਲਾਵਾ ਸੀਵਰੇਜ ਵਿੱਚ ਬੇਲੋੜੀਆਂ ਵਸਤਾਂ ਅਤੇ ਗੋਹਾ ਵੀ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਐਲਾਨ ਕੀਤਾ ਕਿ ਪਿੰਡ ਮੁੰਡੀਆਂ ਖੁਰਦ ਨੂੰ ਲੁਧਿਆਣਾ-ਚੰਡੀਗੜ ਸੜਕ ਨਾਲ ਜੋੜਨ ਵਾਲੀ ਮੁੱਖ ਸੜਕ ਵੀ ਜਲਦ ਬਣਾ ਦਿੱਤੀ ਜਾਵੇਗੀ। ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਵੱਲੋਂ ਸ੍ਰ. ਢਿੱਲੋਂ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਸਿਮਰਜੀਤ ਸਿੰਘ ਢਿੱਲੋਂ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ. ਹਰਮਨਦੀਪ ਸਿੰਘ ਅਤੇ ਹੋਰਾਂ ਦਾ ਸਨਮਾਨ ਕੀਤਾ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।

Related posts

ਭਾਜਪਾ ਆਗੂ ਨਾਗਪਾਲ ਨੇ ਐਸ.ਐਮ.ਓ ਰਾਜਪੁਰਾ ਨੂੰ ਕੀਤਾ ਸਨਮਾਨਿਤ

INP1012

ਆਈਆਂ ਗਿੱਧੇ ਵਿੱਚ ਕੁੜੀਆਂ ਬਣ ਠਣਕੇ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

INP1012

ਧੂਮ ਧੜਾਕੇ ਨਾਲ ਹੋਈ ਨਾਰਵੇ ਚ ਬਾਲੀਵੂਡ ਫਿਲਮ ਫੈਸਟੀਵਲ ਦੀ ਸ਼ੁਰੂਆਤ।

INP1012

Leave a Comment