Artical Featured Punjab

ਬੀਤੇ ਦਿਨਾਂ ਦੌਰਾਨ ਸਿੱਖ ਕੌਮ ਨਾਲ ਹੋਈਆਂ ਬੇਅਦਬੀਆਂ ਨੂੰ ਸਰਕਾਰ ਦੁਆਰਾ ਅਣਦੇਖਾ ਕਰਨਾ ਕੌਮ ਲਈ ਚਿੰਤਾ ਦਾ ਵਿਸ਼ਾ ਬਣਿਆ — ਹਰਮਿੰਦਰ ਸਿੰਘ ਭੱਟ

-ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਹੋ ਰਹੇ ਕੋਝੇ ਮਜ਼ਾਕ
-ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਬੇਰੋਕ ਨਿਰੰਤਰ ਜਾਰੀ

ਜਦੋਂ ਬੀਤੇ ਦਿਨੀਂ  ਸੁਣਿਆ-ਪੜ੍ਹਿਆ ਸੀ ਕਿ ਭਾਰਤ ਵਿਚ ਹੀ ਗੁਰਦੁਆਰਾ ਸ਼ਾਲੀਮਾਰ ਕਾਲੋਨੀ, ਅੰਬਾਲਾ ਸ਼ਹਿਰ ਹਰਿਆਣਾ ਵਿਖੇ ਸਰਬ ਧਰਮਾਂ ਦੇ ਸਾਂਝੀਵਾਲਤਾ ਦੇ ਪ੍ਰਤੀਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦੇਹ-ਸਰੂਪ ਕਿਸੇ ਕੱਪੜੇ ਵਿਚ ਲਪੇਟ ਕੇ ਨੇੜੇ ਦੇ ਸਰਕਾਰੀ ਕੂੜੇ ਦਾਨ ਵਿਚ ਸੁੱਟ ਦਿੱਤਾ ਗਏ ਸੀ ਤਾਂ ਸੱਚ ਜਾਣੋ ਜਿਵੇਂ ਸਮਾਂ ਠਹਿਰ ਗਿਆ ਹੋਵੇ ਇਸ ਨਾ ਸਹਿਣਯੋਗ ਦੁਖਦਾਈ ਖ਼ਬਰ ਨੂੰ ਸੁਣਦੇ ਹੀ ਦੇਸਾਂ ਵਿਦੇਸ਼ਾਂ ਵਿਚ ਰਹਿੰਦੇ  ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬੀ ਰੂਪ ਦੇਖਣ ਵਾਲੇ ਸਮੂਹ ਪੰਜਾਬੀਆਂ ਅਤੇ ਹੋਰ ਕਈਆਂ ਧਰਮਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਖ਼ਿਆਲ ਰੱਖਣ ਵਾਲੀਆਂ ਉੱਚ ਸ਼ਖ਼ਸੀਅਤਾਂ  ਅਤੇ ਅਕਾਲ ਪੁਰਖ ਪ੍ਰਮਾਤਮਾ ਨੂੰ ਇੱਕੋ ਸਮਝਣ ਵਾਲੀਆਂ ਸਰਬ ਧਰਮਾਂ ਦੀਆਂ ਸੰਗਤਾਂ ਦੇ ਹਿਰਦੇ ਅਤਿ ਦੁਖਦਾਈ ਹੋਏ ਸਨ….ਉਹ ਜ਼ਖਮ ਅਜੇ ਭਰੇ ਵੀ ਨਹੀਂ ਸੀ ਕਿ ਕੁੱਝ ਸਮਾਂ ਬਾਅਦ ਹੀ ਗੁਰੂਆਂ ਪੀਰਾਂ ਤੇ ਦੇਵੀ ਦੇਵਤਾ ਵਾਂ ਦੀ ਪਾਵਨ ਪਵਿੱਤਰ ਧਰਤੀ ਪੰਜਾਬ ਤੇ ਹੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕਰ ਕੇ ਪਿੰਡਾਂ ਦੀਆਂ ਗਲੀਆਂ ਵਿਚ ਖਿਲਾਰਿਆ ਗਿਆ ਤੇ ਉਸ ਤੋਂ ਬਾਅਦ ਦੁਖੀ ਹੋਈਆਂ ਸੰਗਤਾਂ ਵੱਲੋਂ ਸ਼ਾਂਤਮਈ ਰੋਸ ਪ੍ਰਗਟ ਕਰ ਕੇ ਧਰਨਿਆਂ ਰਾਹੀ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਤੇ ਸਖ਼ਤ ਸਜਾਵਾਂ ਦੇਣ ਦੀ ਮੰਗ ਨੂੰ ਲੈ ਕੇ ਧਰਨੇ ਤੇ ਪ੍ਰਸ਼ਾਸਨ ਵੱਲੋਂ ਲਾਠੀਚਾਰਜ, ਧੂੰਆਂ ਗੈੱਸ, ਪਾਣੀ ਦੀਆਂ ਬੁਹਾਰਾਂ ਤੇ ਗੋਲੀ ਬਾਰੀ ਕੀਤੀ ਗਈ ਜਿਸ ਵਿਚ ਦੋ ਸਿੰਘ ਵੀ ਸ਼ਹੀਦ ਹੋ ਗਏ।
ਪਰ ਅਜੇ ਵੀ ਇਹਨਾਂ ਹਿਰਦੇ ਵੇਦਕ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀ ਗਿਣਤੀ ਦਿਨ ਪਰ ਦਿਨ ਵਧਦੀ ਹੋਈ ਪ੍ਰਤੀਤ ਹੁੰਦੀ ਜਾ ਰਹੀ ਹੈ। ਇਹੋ ਜਿਹੇ  ਬੇਅੰਤ ਸਿਆਸੀ ਤੇ ਧਰਮਾਂ ਦੇ ਨਾਮ ਤੇ ਫੁੱਟ ਪਵਾਉਣ ਵਾਲੇ ਸ਼ੈਤਾਨ ਪ੍ਰਵ੍ਰਿਤੀ ਦੇ ਲੋਕਾਂ ਨੂੰ ਫੜਨ ਜਾਂ ਕੋਈ ਸਖ਼ਤ ਕਾਰਵਾਈ ਕਰਨ ਵਿਚ ਅਸਫਲ ਰਹੀ ਕੇਂਦਰ ਸਰਕਾਰ ਦੇ ਹੁਕਮਰਾਨ ਅਤੇ ਖ਼ਾਸਕਰ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਆਸਤੀਨ ਦੇ ਸੱਪ ਬਣੇ ਦੁਸ਼ਮਣਾਂ ਦੇ ਪੈਰਾਂ ਥੱਲੇ ਰੋਲਣ ਦਾ ਭੈੜਾ ਤੇ ਅਤਿ ਨਿੰਦਣਯੋਗ ਕਾਰਜ ਨਿਰੰਤਰ ਕੀਤਾ ਜਾ ਰਿਹਾ ਹੈ। ਤਾਂਹਿਉ ਤਾਂ ਹੋਰ ਕਈ ਅਨਸਰ ਅਜੇ ਵੀ ਹੋਰ ਧਾਰਮਿਕ ਠੇਸ ਪਹੁੰਚਾਉਣ ਦੀ ਉਡੀਕ ਵਿਚ ਆਜ਼ਾਦ ਘੁੰਮ ਰਹੇ ਹਨ ਪਰ ਸਰਕਾਰਾਂ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸਰਕਾਰਾਂ ਲਈ ਤਾਂ ਇਹੋ ਜਿਹੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਤੋ ਬਾਅਦ ਰਾਜਨੀਤੀ ਕਰਨਾ  ਅਹਿਮ ਹੋ ਜਾਂਦਾ ਹੈ ਤਾਂਹਿਉ ਇੰਨਾ ਵਾਰਦਾਤਾਂ ਨੂੰ ਤੁਰੰਤ ਸੁਲਝਾਉਣ ਦੀ ਜਗ੍ਹਾ ਲੋਕਾਂ ਨੂੰ ਰਾਜਨੀਤੀ ਤਹਿਤ ਹੋਰ ਕਿਸੇ ਮਸਲੇ ਵਿਚ ਉਲਝਾ ਦਿੱਤਾ ਜਾਂਦਾ ਹੈ ।
ਪਿਛਲੇ ਕਈ ਮਹੀਨਿਆਂ ਤੋ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਹੋ ਰਹੇ ਕੋਝੇ ਮਜ਼ਾਕਾਂ ਨੂੰ ਮੂਕ-ਚੁੱਪ ਚੁਪੀਤੇ ਦੇਖ ਰਹੀ ਸਰਕਾਰ ਤੋ ਲੋਕਾਂ ਦਾ ਭਰੋਸਾ ਖ਼ਤਮ ਹੋਣਾ ਮੁੱਖ ਕਾਰਨ ਬਣ ਗਿਆ ਹੈ ਕਿਉਂਕਿ ਬੀਤੇ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੀ ਜਗਾ ਮੋਦੀ ਦੀ ਫ਼ੋਟੋ ਲਗਾਉਣਾ, ਗੁਰਬਾਣੀ ਦੀਆਂ ਤੁਕਾਂ ਦਾ ਗ਼ਲਤ ਅੰਦਾਜ਼ ਵਿਚ ਉਚਾਰਨਾ, ਰਾਮਦੇਵ ਦੁਆਰਾ ਗੁਰੂ ਗੋਬਿੰਦ ਸਾਹਿਬ ਜੀ ਦੀ ਸਰੂਪ ਦਾ ਨਿਰਾਦਰ ਕਰਨਾ, ਗੁਰੂ ਨਾਨਕ ਸਾਹਿਬ ਦੇ ਸਰੂਪ ਨਾਲ ਛੇੜਖ਼ਾਨੀ ਕਰਨੀ, ਰੋਡੇ ਬੰਦੇ ਦੁਆਰਾ ਗਾਤਰਾ ਅਤੇ ਹੱਥ ਵਿਚ ਸਿਗਰਟ ਦਾ ਹੋਣਾ, ਮਾਚਸ ਅਤੇ ਜਰਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਫ਼ੋਟੋ ਨੂੰ ਲਗਾਉਣਾ, ਫ਼ਿਲਮੀ ਅਦਾਕਾਰਾਂ ਵੱਲੋਂ ਸਿੱਖ ਧਰਮਾਂ ਦੇ ਪਾਵਨ ਚਿੰਨ੍ਹਾਂ ਨੂੰ ਟੈਟੂਆਂ ਦੇ ਰੂਪ ਵਿਚ ਸਰੀਰਾਂ ਉੱਤੇ ਉਕੇਰਨਾ ਅਤੇ ਪਿਛਲੇ ਦਿਨੀਂ ਹੈਦਰਾਬਾਦ ਵਿਖੇ ਨਿਸ਼ਾਨ ਸਾਹਿਬ ਨੂੰ ਅੱਗ ਲਗਾਉਣ ਵਰਗੀਆਂ ਸਿੱਖ ਕੌਮ ਨੂੰ ਹੀ ਨਹੀਂ ਮਾਨਵਤਾ ਦੀ ਏਕਤਾ ਅਤੇ ਸ਼ਾਂਤੀਪੂਰਨ ਮਾਹੌਲ ਨੂੰ ਨੀਵਾਂ ਅਤੇ ਕਮਜ਼ੋਰ ਦਿਖਾਉਣ ਵਰਗੀਆਂ ਹਰਕਤਾਂ ਸਾਹਮਣੇ ਆ ਰਹੀਆਂ ਹਨ ਅਤੇ ਸਰਕਾਰ ਦੁਆਰਾ ਇਸ ਪ੍ਰਤੀ ਕੋਈ ਸਖ਼ਤ ਕਾਰਵਾਈ ਕਰਨ ਦੀ ਥਾਂ ਇਸ ਨੂੰ ਅੱਖਾਂ ਮੀਚ ਕੇ ਦੇਖਣਾ ਵੀ ਇੱਕ ਵੱਡੇ ਅਪਰਾਧ ਤੋ ਘੱਟ ਨਹੀਂ ਜਿਸ ਦਾ ਪ੍ਰਮਾਣ ਆਉਣ ਵਾਲੇ ਸਮੇਂ ਵਿਚ ਬਹੁਤ ਗ਼ਲਤ ਸਿੱਧ ਹੋ ਸਕਦਾ ਹੈ। ਜੇਕਰ ਇਨ੍ਹਾਂ ੂ ਗੰਭੀਰ ਹੋਏ ਮੁੱਦਿਆਂ ਤੇ ਤੁਰੰਤ ਕਾਰਵਾਈ ਕੀਤੀ ਹੁੰਦੀ ਤੇ ਸਖ਼ਤ ਸਜਾਵਾਂ ਦਿੱਤੀਆਂ ਤੇ ਇਹੋ ਜਿਹੀਆਂ ਵਾਰਦਾਤਾਂ ਕਰਨ ਵਾਲਿਆਂ ਤੇ ਸਖ਼ਤ ਸਜਾਵਾਂ ਲਾਗੂ ਕੀਤੀਆਂ ਹੁੰਦੀਆਂ ਤਾਂ ਅਜੋਕੇ ਹਾਲਾਂਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ।
ਸਭ ਤੋਂ ਦੁੱਖ ਦੀ ਗੱਲ ਤਾਂ ਇਹ ਹੋਈ ਕਿ ਸਿੱਖ ਧਰਮ ਦੀ ਅਗਵਾਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਕੌਮ ਨੂੰ ਹੁਕਮਨਾਮਿਆਂ ਰਾਹੀ ਸਹੀ ਦਿਸ਼ਾ ਦਰਸਾਉਣ ਵਾਲੇ ਜਥੇਦਾਰ ਸਾਹਿਬਾਨਾਂ ਵੱਲੋਂ ਸੌਦੇ ਸਾਧ ਦੁਆਰਾ ਗੁਰੂ ਸਾਹਿਬ ਜੀ ਵਰਗਾ ਭੇਸ ਬਣਾ ਕੇ ਅੰਮ੍ਰਿਤ ਤਿਆਰ ਕਰਨਾ ਅਤੇ ਛਕਾਉਣ ਵਾਲੇ ਜੁਰਮਾਂ ਨੂੰ ਅਣਦੇਖਾ ਕਰ ਵਿਸਾਰ ਕੇ….. ਕਦੇ ਉਨ੍ਹਾਂ ਦੇ ਨਾਲ ਕੌਮ ਵੱਲੋਂ ਬਾਈਕਾਟ ਕਰਨ ਦੀਆਂ ਸਜਾਵਾਂ ਦੇਣਾ ..ਤੇ ਕਦੇ ਸਿਆਸੀ ਦਬਾਅ ਹੇਠ ਸਾਧ ਨੂੰ ਮਾਫ਼ੀਨਾਮਾ ਦੇਣਾ……ਤੇ ਫਿਰ ਮਾਫ਼ੀਨਾਮਾ ਵਾਪਸ ਲੈਣਾ।
ਬੇਅੰਤ ਹੋਈਆਂ ਦੁਖਦਾਈ ਵਾਰਦਾਤਾਂ ਨੂੰ ਸੁਲਝਾਉਣ ਲਈ ਸਰਬੱਤ ਖ਼ਾਲਸੇ ਦੌਰਾਨ ਲਖਾਂ-ਕਰੋੜਾਂ ਦੀ ਗਿਣਤੀ ਵਿਚ ਸੰਗਤਾਂ ਦੇ ਇਕੱਠ ਤੋਂ ਸਰਕਾਰ ਵੱਲੋਂ ਕੁੱਝ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਸੀ। ਜਿਸ ਵਿਚ ਸੰਗਤਾਂ ਨੇ ਜਥੇਦਾਰਾਂ ਦੀਆਂ ਸੇਵਾਵਾਂ ਖ਼ਾਰਜ ਕੀਤੀਆਂ ਸਨ ਤੇ ਉਸ ਪੰਥ ਹਿਤਾਂ – ਸਿਧਾਂਤਾਂ ਦੀ ਰਾਖੀ ਲਈ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਪਰ ਇਸ ਨੂੰ ਨਾ ਪ੍ਰਵਾਨ ਕੇ ਸਰਕਾਰ ਦੀ ਧੱਕੇਸ਼ਾਹੀ ਕਰਨੀ ਤੇ ਸਰਬੱਤ ਖ਼ਾਲਸਾ ਦੀ ਅਗਵਾਈ ਕਰ ਰਹੇ ਸਿੰਘਾਂ ਤੇ ਦੇਸ਼-ਧ੍ਰੋਹ ਵਰਗੇ ਪਰਚੇ ਦਰਜ ਕਰ ਕੇ ਆਪਣੇ ਹੀ ਬਣਾਏ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਸਿੱਧ ਕੀਤਾ ਹੈ ਪਰ ਇਸ ਦੀਆਂ ਸਜਾਵਾਂ ਸਰਕਾਰਾਂ ਨੂੰ ਦੇਵੇ ਕੌਣ? ਇਸ ਤੋਂ ਅੰਦਾਜ਼ਾ ਤਾਂ ਇਹੀ ਲਗਾਇਆ ਜਾ ਸਕਦਾ ਹੈ ਕਿ ਆਪਣੇ ਬੋਲ ਤੇ ਵਿਚਾਰ ਰੱਖਣ ਦਾ ਅਧਿਕਾਰ ਘੱਟ ਗਿਣਤੀਆਂ ਦੀਆਂ ਕੌਮਾਂ ਲਈ ਲਾਗੂ ਨਹੀਂ ਹਨ।
ਸਿੱਖ ਕੌਮ ਦਾ ਹਰੇਕ ਸਿੰਘ ਪ੍ਰਤੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ ਅਤੇ ਉਹ ਹਰ ਪ੍ਰਕਾਰ ਦਾ ਦੁੱਖ ਬਰਦਾਸ਼ਤ ਕਰ ਸਕਦਾ ਹੈ ਪ੍ਰੰਤੂ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅਪਮਾਨ ਅਤੇ ਸਿੱਖ ਕੌਮ ਨਾਲ ਹੋ ਰਹੀ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਸਿਆਸੀ ਦਬਾਅ ਹੇਠ ਆਏ ਜਥੇਦਾਰਾਂ ਤੇ ਸਰਕਾਰਾਂ ਦੀਆਂ ਇਹਨਾਂ ਅਣਗਹਿਲੀਆਂ ਤੇ ਆਪ ਮਨਮਤ ਵਾਲੇ ਹੁਕਮਨਾਮੇ ਜਾਰੀ ਕਰਨ ਵਾਲੇ ਕਾਰਜਾਂ ਨੇ ਸਿੱਖਾਂ ਦੇ ਹਿਰਦੇ ਛਲਨੀ ਕਰ ਦਿੱਤੇ ਹਨ।
ਲੋੜ  ਹੁਣ ਹਥਿਆਰਾਂ ਦੀ ਨਹੀਂ ਹੈ  ਹੁਣ ਦੇ ਨਾਜ਼ੁਕ ਹੋਏ ਸਮੇਂ ਵਿਚ ਮੁੱਖ ਜ਼ਰੂਰਤ ਹੈ ਵਿਚਾਰਾਂ ਦੀ। ਤੇ ਉਸ ਦੀ ਅਗਵਾਈ ਤੇ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਵਾਲੇ ਰਹਿਣੀ ਤੇ ਕਹਿਣੀ ਵਾਲੇ ਗੁਰਸਿੱਖ ਪਿਆਰੇ ਸਿੰਘਾਂ ਦੀ। ਤੇ ਸਭ ਤੋਂ ਜ਼ਿਆਦਾ ਗੁਰੂ ਸਾਹਿਬ ਵੱਲੋਂ ਦਿੱਤੇ ਬਾਣੇ ਤੇ ਗੁਰਬਾਣੀ ਦੀ…… ਜੇਕਰ ਕੌਮ ਦਾ ਹਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰਸਿੱਖ ਬਣ ਕੇ ਗੁਰਬਾਣੀ ਨਾਲ ਜੁੜਨ ਅਤੇ ਸਿੰਘਾਂ ਵਾਲੇ ਬਾਣੇ ਪਾ ਲੈਣ ਤਾਂ ਤਾਂ ਸ਼ਹੀਦ ਬਾਬੇ ਬੰਦੇ ਬਹਾਦਰ ਜੀ ਵਾਲੀ
ਅਤੇ ਸ਼ਹੀਦ ਬਾਬੇ ਦੀਪ ਸਿੰਘ ਜੀ ਵਾਲੀ ਅਣਖੀ ਤਾਕਤ ਅੱਗੇ ਸਰਕਾਰਾਂ ਦਾ ਜ਼ੋਰ ਚੱਲਣਾ ਵੀ ਨਾਮੁਮਕਨ ਹੋ ਜਾਵੇਗਾ।
ਅੰਤ ਵਿਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ

Related posts

ਸ਼ੇਰਗੜ ਚੀਮਾ ਦੇ ਨੋਜਵਾਨਾਂ ਨੇ ਖੁਦ ਭਰੇ ਸ਼ੜਕ ਦੇ ਪਏ ਡੰਘੇ ਟੋਏ ।

INP1012

ਬਰਤਾਨੀਆ ਵੱਲੋਂ ਗੈਰ ਕਾਨੂੰਨੀ ਆਵਾਸੀਆਂ ਨੂੰ ਮੁਆਫ਼ੀਨਾਮੇ ਅਤੇ ਆਰਥਿਕ ਸਹੂਲਤਾਂ ਦੀ ਪੇਸ਼ਕਸ਼–ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

INP1012

ਪੰਜਾਬ ਪੁਲਿਸ ਨੇ ਪਾਇਆ ਝੂਠਾ ਕੇਸ — ਨੇਕੀ ਕਰਨ ਲਈ ਗਏ ਕਸ਼ਮੀਰ ਸਿੰਘ ਉੱਤੇ ਲਾਈ ਪੰਜਾਬ ਪੁਲਿਸ ਨੇ ਧਾਰਾ 307

INP1012

Leave a Comment