Featured India National News Punjab

ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕੀਤੀ ‘ਆਈ-ਸਿਹਤ’ ਸਹੂਲਤ

-ਜ਼ਿਲਾ ਲੁਧਿਆਣਾ ਵਾਸੀਆਂ ਲਈ ਮਾਣ ਵਾਲੀ ਖ਼ਬਰ-
ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕੀਤੀ ‘ਆਈ-ਸਿਹਤ’ ਸਹੂਲਤ ਨੂੰ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਫੈਸਲਾ
*ਰਵੀ ਭਗਤ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ
ਲੁਧਿਆਣਾ, 21 ਅਪ੍ਰੈੱਲ (ਸਤ ਪਾਲ ਸੋਨੀ)  ਜ਼ਿਲਾ ਲੁਧਿਆਣਾ ਦੇ ਵਾਸੀਆਂ ਲਈ ਇਹ ਖ਼ਬਰ ਬੜੇ ਮਾਣ ਨਾਲ ਪੜੀ ਜਾਵੇਗੀ ਕਿ ਇਥੋਂ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਤਿਆਰ ਕੀਤੀ ਗਈ ‘ਆਈ-ਸਿਹਤ’ ਮੋਬਾਈਲ ਐੱਸ. ਐੱਮ. ਐੱਸ. ਸਹੂਲਤ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਭਗਤ ਵੱਲੋਂ ਨਵੇਂ ਜਨਮੇ ਬੱਚਿਆਂ ਦੇ ਸਮੇਂ ਸਿਰ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਤਿਆਰ ਕਰਵਾਈ ਗਈ ਇਸ ਸਹੂਲਤ ਦੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ।
ਇਸ ਸੰਬੰਧੀ ਅੱਜ ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਦੇ ਮਿਸ਼ਨ ਡਾਇਰੈਕਟਰ ਸ੍ਰੀ ਹੁਸਨ ਲਾਲ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਸਾਹਿਬ ਅਤੇ ਲੁਧਿਆਣਾ ਵਿੱਚ ਇਸ ਸਹੂਲਤ ਨੂੰ ਸ਼ੁਰੂ ਕਰਨ ਤੋਂ ਬਾਅਦ ਇਸ ਦੀ ਸਫ਼ਲਤਾ ਨੇ ਸਾਰਿਆਂ ਦਾ ਧਿਆਨ ਇਸ ਦੀ ਵਿਸ਼ੇਸ਼ਤਾ ਵੱਲ ਖਿੱਚਿਆ ਸੀ। ਇਸ ਸੰਬੰਧੀ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਪੇਸ਼ਕਾਰੀ ਦਿੱਤੀ ਗਈ ਸੀ, ਜਿਨਾਂ ਅੱਗੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਧਿਆਨ ਵਿੱਚ ਇਹ ਸਹੂਲਤ ਲਿਆਂਦੀ। ਜਿਨਾਂ ਟੀਕਾਕਰਨ ਬਾਰੇ ਇਸ ਨਿਵੇਕਲੀ ਪਹਿਲਕਦਮੀ ਨੂੰ ਸਵੀਕਾਰ ਕਰਦਿਆਂ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮਿਸ਼ਨ ਡਾਇਰੈਕਟਰ ਨੇ ਆਪਣੇ ਪੱਤਰ ਵਿੱਚ ਸ੍ਰੀ ਭਗਤ ਵੱਲੋਂ ਇਸ ਦਿਸ਼ਾ ਵਿੱਚ ਦਿਖਾਈ ਵਿਸ਼ੇਸ਼ ਦਿਲਚਸਪੀ ਦੀ ਭਰਪੂਰ ਪ੍ਰਸੰਸ਼ਾ ਕੀਤੀ ਹੈ।
ਦੱਸਣਯੋਗ ਹੈ ਕਿ ‘ਆਈ-ਸਿਹਤ’ ਇੱਕ ਮੋਬਾਈਲ ਐੱਸ. ਐੱਮ. ਐੱਸ. ਸਹੂਲਤ ਹੈ, ਜਿਸ ਅਧੀਨ ਨਵ-ਜਨਮੇ ਬੱਚਿਆਂ ਦੇ ਇੱਕ ਸਾਲ ਦੇ ਟੀਕਾਕਰਨ ਬਾਰੇ ਉਨਾਂ ਦੇ ਮਾਪਿਆਂ ਅਤੇ ਸੰਬੰਧਤ ਏ. ਐੱਨ. ਐੱਮ. ਨੂੰ ਸਮੇਂ-ਸਮੇਂ ‘ਤੇ ਸੂਚਿਤ ਕੀਤਾ ਜਾਂਦਾ ਹੈ ਤਾਂ ਕਿ ਇਹ ਟੀਕੇ ਕਿਸੇ ਵੀ ਹੀਲੇ ਖੁੰਝਣ ਨਾ। ਨਵ-ਜਨਮੇ ਬੱਚੇ ਦੇ ਪਹਿਲੇ ਸਾਲ 6 ਦੇ ਕਰੀਬ ਅਹਿਮ ਟੀਕੇ ਲੱਗਣੇ ਹੁੰਦੇ ਹਨ, ਜੇਕਰ ਇਹ ਖੁੰਝ ਜਾਣ ਤਾਂ ਬੱਚੇ ਦੇ ਸਿਹਤ ਵਿਕਾਸ ਵਿੱਚ ਵੱਡੀ ਰੁਕਾਵਟ ਖੜੀ ਹੋ ਸਕਦੀ ਹੈ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਟੀਕਾਕਰਨ ਬਾਰੇ ਮਾਪੇ ਭੁੱਲ ਜਾਂਦੇ ਹਨ, ਜਿਸ ਕਾਰਨ ਬੱਚਿਆਂ ਦੇ ਟੀਕੇ ਲੱਗਣੋਂ ਰਹਿ ਜਾਂਦੇ ਹਨ। ਕਈ ਮਾਮਲਿਆਂ ਵਿੱੱਚ ਸੰਬੰਧਤ ਏ.ਐੱਨ.ਐੱਮ. ਵੀ ਮਾਪਿਆਂ ਨੂੰ ਸੁਨੇਹਾ ਦੇਣ ਤੋਂ ਭੁੱਲ ਜਾਂਦੀਆਂ ਹਨ। ਇਸੇ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਹੂਲਤ ਸ਼ੁਰੂ ਕੀਤੀ ਗਈ ਸੀ। ਗਰਭ ਅਵਸਥਾ ਦੌਰਾਨ ਜਦੋਂ ਔਰਤ ਵੱਲੋਂ ਆਪਣੀ ਰਜਿਸਟਰੇਸ਼ਨ ਸਰਕਾਰੀ ਹਸਪਤਾਲ ਵਿੱਚ ਕਰਵਾਈ ਜਾਂਦੀ ਹੈ ਤਾਂ ਇੱਕ ਸੰਪਰਕ ਨੰਬਰ ਵੀ ਦਰਜ ਕਰਵਾਇਆ ਜਾਂਦਾ ਹੈ। ਇਸ ਸਹੂਲਤ ਤਹਿਤ ਇਨਾਂ ਨੰਬਰਾਂ ‘ਤੇ ਮੋਬਾਈਲ ਸੰਦੇਸ਼ ਭਿਜਵਾਇਆ ਜਾਂਦਾ ਹੈ। ਇਹ ਸੰਦੇਸ਼ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੇ ਹਨ। ਜਿਸ ਵਿੱਚ ਮਾਤਾ ਪਿਤਾ ਦਾ ਨਾਮ, ਉਨਾਂ ਦੇ ਬੱਚੇ ਦਾ ਨਾਮ, ਟੀਕਾਕਰਨ ਦੀ ਮਿਤੀ ਅਤੇ ਨਜ਼ਦੀਕੀ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਦਾ ਐੱਡਰੈੱਸ ਭੇਜਿਆ ਜਾਂਦਾ ਹੈ। ਇਹ ਸੰਦੇਸ਼ ਹਰੇਕ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਭੇਜਿਆ ਜਾਂਦਾ ਹੈ। ਸ੍ਰੀ ਰਵੀ ਭਗਤ ਨੇ ਜ਼ਿਲਾ ਲੁਧਿਆਣਾ ਵਾਸੀਆਂ ਵੱਲੋਂ ਇਸ ਸਹੂਲਤ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਅਤੇ ਵਧਾਈ ਦਿੱਤੀ ਹੈ।

Related posts

ਡਾ. ਮੱਖਣ ਸਿੰਘ ਹੋਣਗੇ ਮਹਿਲ ਕਲਾਂ ਤੋਂ ਬਸਪਾ ਉਮੀਦਵਾਰ

INP1012

ਦਿੱਲੀ ਨਗਰ ਨਿਗਮ ਚੋਣਾਂ ‘ ਚ ਅਕਾਲੀ-ਭਾਜਪਾ ਗਠਜੋੜ ਨੂੰ ਮਿਲੀ ਜਿੱਤ ਨਾਲ ਆਪ ਦੇ ਜਮੀਂਦੋਸ਼ ਹੋਣ ਦੀ ਹੋਈ ਸ਼ੁਰੁਆਤ : ਗੋਸ਼ਾ

INP1012

ਅੱਖਾਂ ਦਾ ਵਿਸ਼ਾਲ ਮੁਫ਼ਤ ਚੈੱਕਅਪ ਤੇ ਅਪਰੇਸ਼ਨ ਕੈਂਪ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ ਵਿਖੇ ਮਿਤੀ 20 ਨੂੰ

INP1012

Leave a Comment