Artical India Punjab Punjabi

ਕਿਥੇ ਬੈਠ ਪਟਾਰੀ ਖੋਲਾਂ ?

ਡੰਗ ਅਤੇ ਚੋਭਾਂ–ਗੁਰਮੀਤ ਪਲਾਹੀ
ਕਿਥੇ ਬੈਠ ਪਟਾਰੀ ਖੋਲਾਂ ?
ਖ਼ਬਰ ਹੈ ਕਿ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਦਾਲ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਲੋਂ ਦਿੱਤੀਆਂ ਜ਼ਿੰਮੇਵਾਰੀਆਂ ਨਿਭਾਅ ਸਕਣ ਵਿੱਚ ਫੇਲ ਸਾਬਤ ਹੋਏ ਹਨ ਅਤੇ ਇਹ ਦੋਵੇਂ ਹੁਣ ਹਵਾਈ ਕਿਲੇ ਬਣਾਕੇ ਲੋਕਾਂ ਨੂੰ ਗੁਮਰਾਹ ਕਰਨ ਦੇ ਯਤਨਾਂ ਵਿੱਚ ਹਨ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਸਤੀ ਆਟਾ-ਦਾਲ ਸਕੀਮ ਦਾ ਮਜ਼ਾਕ ਉਡਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਸਸਤੇ ਆਟਾ-ਦਾਲ ਦੇ ਨਾਲ-ਨਾਲ ਸਸਤੀ ਖੰਡ ਦੇ ਚਾਹਪੱਤੀ ਦੀ ਯਾਦ ਆ ਗਈ ਹੈ, ਜਦਕਿ ਇਹ ਅਮਰਿੰਦਰ ਦਾ ਸਿਆਸੀ ਸਟੰਟ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਵਿੱਤੀ, ਧਾਰਮਿਕ ਤੇ ਸਿਆਸੀ ਤੌਰ ‘ਤੇ ਹਮੇਸ਼ਾ ਪੰਜਾਬ ਨੂੰ ਪਿੱਛੇ ਸੁੱਟਿਆ ਹੈ।
ਵੇਖੋ ਨਾ ਆਪਣੇ ਸਤਿਕਾਰਯੋਗ ਬਜ਼ੁਰਗ, ਪੰਜਵੀਂ ਵਾਰ ਪੰਜਾਬ ਦੇ ਮੁੱਖਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ, ਪੂਰਾ ਪੰਜਾਬ ਗਾਹ ਮਾਰਿਆ,ਕਿਧਰੇ ਸੰਗਤ ਦਰਸ਼ਨ ਕੀਤੇ ਅਤੇ ਕਿਧਰੇ ਸੰਗਤਾਂ ਨੂੰ ਦਰਸ਼ਨ ਕਰਵਾਏ। ਰੁੱਗਾਂ ਦੇ ਰੁੱਗ, ਆਪ ਆਪਣੇ ਢੁੱਠਾਂ ਵਾਲਿਆਂ ਨੂੰ ਵੰਡੇ ਅਤੇ ਉਨਾਂ ਦੇ ਘਰਾਂ- ਹਵੇਲੀਆਂ ‘ਚ ਲਹਿਰਾਂ-ਬਹਿਰਾਂ ਲਗਾ ਦਿੱਤੀਆਂ। ਰਾਤੀ ਦੇਰ ਨਾਲ ਸੌਂ ਕੇ, ਸਵੇਰੇ ਸੁਵੱਖਤੇ ਉੱਠਕੇ, ਪੰਜਾਬ ‘ਚ ਐਸੀ ਗੇੜੀ ਤੇ ਗੇੜੀ ਮਾਰੀ ਕਿ ਬਸ ਪੰਜਾਬ ‘ਚ ਤਾਂ ਭਾਈ ਇੱਕੋ ਨਾ ਬੋਲਦਾ ਬਾਦਲਾਂ ਦਾ, ਚੰਗੇ ਲਈ ਵੀ ਬਾਦਲ ਮੰਦੇ ਲਈ ਵੀ ਬਾਦਲ। ਨਾ ਬੋਲੇ ਵੀ ਕਿਉਂ ਨਾ ਹੋਰ ਕਿਸੇ ਨੂੰ ਖੰਘਣ ਹੀ ਨੀਂ ਦਿੱਤਾ, ਬਾਪੂ ਨੇ। ਜਿਹੜਾ ਆਕੜਿਆ, ਪਹਿਲਾਂ ਉਹਨੂੰ ਘੂਰੀ ਵੱਟੀ, ਨਹੀਂ ਸੁਧਰਿਆ ਤਾਂ ਪੱਠੇ ਪਾਏ, ਫਿਰ ਵੀ ਨਹੀਂ ਕਾਬੂ ਆਇਆ ਤੇ ਇਹ ਆਖ ”ਚੱਲ ਪੱਠਿਆ ਬਾਹਰ, ਤੇਰੇ ਵਰਗੇ ਹੋਰ ਵਿਹੜਕੇ ਬਥੇਰੇ” ਅਗਲੇ ਰਾਹ ਪਾ ਦਿੱਤਾ।
ਬਥੇਰਾ ਬਾਪੂ ਪੰਜਾਬ ‘ਚ ਤੁਰਿਆ ਜਾਂਦਾ ਕਾਂਗਰਸੀਆਂ ਦੇ ਕੱਖਕਾਨ ਚੁਗੀ ਜਾਂਦਾ, ਬਸਪਾ ਵਾਲਿਆਂ ਨੂੰ ਪਤਿਆਈ ਜਾਂਦਾ। ਪਰ ਆਹ ਦਿੱਲੀ ਵਾਲੀ ਵਿਜ ਪਤਾ ਨਹੀਂ ਕਿਥੇ ਬਾਦਲਾਂ ਦੁਆਲੇ ਆ ਪਈ, ਆਖੀ ਜਾਂਦੀ ਆ, ਪੰਜਾਬ ਤਾਂ ਬਾਦਲਾਂ ਖਾ ਲਿਆ, ਪੰਜਾਬ ਤਾਂ ਬਾਦਲਾਂ ਤਬਾਹ ਕਰਤਾ, ਪੰਜਾਬ ਤਾਂ ਬਾਦਲਾਂ ਕੈਲੇਫੋਰਨੀਆ ਬਨਾਉਣਾ ਸੀ ਨਰਕ ਬਣਾਤਾ। ਉਨਾਂ ਦੇ ਆਖੇ ਲੱਗ, ਆਹ ਪੰਜਾਬ ਦੇ ਮੁੰਡੇ ਵਿਗੜੇ ਫਿਰਦੇ ਆ, ਕਵੀ ਬਾਵੇ ਬਲਵੰਤ ਦੀਆਂ ਕਵਿਤਾ ਦੀਆਂ ਸਤਰਾਂ ਗੁਣਗੁਣਾਈ ਜਾਂਦੇ ਆ, ”ਮੈਂ ਹਰ ਥਾਂ ਨਵਾਂ ਯੁੱਗ ਵਰਤਾ ਦਿਆਂਗਾ, ਮੈਂ ਇੱਟ ਨਾਲ ਇੱਟ ‘ਹੁਣ’ ਦੀ ਖੜਕਾ ਦਿਆਂਗਾ।”
ਅਤੇ ਆਹ ਆਪਣਾ ਕੈਪਟਨ, ਜਿਹੜੇ ਮਹਿਲੋਂ ਕਦੇ ਜੋੜੇ ਪਾਉਣ ਬਿਨਾਂ ਬਾਹਰ ਨਹੀਂ ਸੀ ਨਿਕਲਿਆ, ਨੰਗੇ ਪੈਰੀਂ ਪੰਜਾਬ ਦੇ ਕੋਨੇ-ਕੋਨੇ ਤੁਰਿਆ ਫਿਰਦਾ, ਆਂਹਦਾ ਆ ”ਅਕਾਲੀਆਂ ਨੂੰ ਸਬਕ ਸਿਖਾਓ, ਜੇ ਆ ਗਿਆ ਤਾਂ ਅਕਾਲੀਆਂ ਨੂੰ ਲੰਮੇ ਪਾਓ।”
ਦਿਨ ਰਾਤ ਅੱਖਾਂ ‘ਚ ਲੰਘਾਉਣ ਵਾਲਾ ਬਾਪੂ ਬਥੇਰਾ ਆਂਹਦਾ ਆ ਮੈਂ ਹੀ ਆਂ ਤੁਹਾਡਾ ਰਖਵਾਲਾ, ਕੈਪਟਨ, ਕੇਜਰੀਵਾਲ ਭਾਈ ਪੰਜਾਬੀਓ ਹੈਗੇ ਆ ਲਿਫਾਫੇਬਾਜ਼। ਇਨਾਂ ਥੋਡਾ ਪਾਣੀ ਵੀ ਖੋਹ ਲੈਣਾ ਤੇ ਅਜ਼ਾਦੀ ਵੀ ਪਰ ਲੋਕੀ ਤਾਂ ਭਾਈ ਵਿੰਗੇ ਹੋ ਪਏ ਆ, ਸੰਗਤ ਦਰਸ਼ਨਾਂ ‘ਚ ‘ਕੱਠੇ ਹੁੰਦੇ ਆ, ਪੋਟਲੀਆਂ ‘ਚ ਬੰਨੇ ਪੈਸੇ ਫੜਦੇ ਆ, ਰਾਹੇ ਪੈਂਦੇ ਆ, ਤੇ ਆਂਹਦੇ ਆ, ”ਬਾਪੂ ਵੋਟਾਂ ਦਾ ਵੇਲਾ ਆਊ ਤਾਂ ਵੇਖੀ ਜਾਊ” ਅਤੇ ਫਿਕਰਾਂ ‘ਚ ਡੁੱਬਾ ਪਹਿਲਾਂ ਤਾਂ ‘ਕੱਲਾ ਇਕਹਰਾ ਬਾਪੂ ਹੀ ਸੰਗਤਾਂ ਦੇ ਦਰਸ਼ਨ ਕਰਦਾ ਸੀ, ਹੁਣ ਕਾਕੇ ਸੁਖਬੀਰ ਨੂੰ ਵੀ ਉਸੇ ਰਾਹ ਤੌਰ ਦਿੱਤਾ ਇਹ ਆਖਕੇ ਮੈਂ ਇਕੱਲਾ ਭਾਈ ਕਾਕਾ, ”ਕਿਥੇ ਬੈਠ ਪਟਾਰੀ ਖੋਲਾਂ ਮੇਰੇ ਫਿਕਰ ਅਨੇਕ (ਹੁੰਦਲ)।”
ਝੂਠੇ ਤਾਲ ਤਰੰਗ
ਖ਼ਬਰ ਹੈ ਕਿ ਆਮ ਆਦਮੀ ਪਾਰਟੀ ਵਲੋਂ ਪਹਿਲੇ ਪੜਾਅ ਵਿੱਚ ਪੰਜਾਬ ਵਿਧਾਨ ਸਭਾ ਚੋਣਾ ਲਈ 25 ਉਮੀਦਵਾਰਾਂ ਦਾ ਐਲਾਨ ਕਰਨ ਦੀ ਤਿਆਰੀ ਕੱਸ ਲਈ ਗਈ ਹੈ। ਪਹਿਲੀ ਸੂਚੀ ਵਿੱਚ ਪ੍ਰਮੁੱਖ ਖਿਡਾਰੀ, ਪੁਲਿਸ ਅਤੇ ਸਿਵਲ ਅਧਿਕਾਰੀ, ਕਲਾਕਾਰ ਅਤੇ ਕੁਝ ਹੋਰ ਪਾਰਟੀਆਂ ਤੋਂ ਆਏ ਆਗੂ ਸ਼ਾਮਲ ਹੋਣਗੇ। ਪਾਰਟੀ ਸੂਤਰਾ ਅਨੁਸਾਰ ਅਰਵਿੰਦ ਕੇਜਰੀਵਾਲ ਦੇ 18 ਜੁਲਾਈ ਨੂੰ ਭੁੱਲ ਬਖਸ਼ਾਉਣ ਲਈ ਵੀ ਹਰਿੰਮਦਰ ਸਾਹਿਬ ਅੰਮ੍ਰਿਤਸਰ ਆਉਣ ਦੇ ਪ੍ਰੋਗਰਾਮ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਪ ਵਲੋਂ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਨ ਦਾ ਸਿਲਸਿਲੱ ਵੀ 18 ਜਲਾਈ ਤੋਂ ਬਾਅਦ ਸ਼ੁਰੂ ਕਰਨ ਦੇ ਸੰਕੇਤ ਮਿਲੇ ਹਨ, ਜਿਸ ਦੌਰਾਨ ਕਈ ਸਿਆਸੀ ਧਮਾਕੇ ਹੋ ਸਕਦੇ ਹਨ।
ਵਾਹ ਜੀ ਵਾਹ, ਕਮਾਲ ਹੋ ਜਾਊ, ਕਮਾਲ। ਪੰਜਾਬ ਅਸੰਬਲੀ ‘ਚ ਕਿਧਰੇ ਕਲਾਕਾਰਾਂ ਦੀ ਲੱਗੂ ਮਹਿਫਲ, ਕਿਧਰੇ ਕਬੱਡੀ-ਕਬੱਡੀ ਹੋਊ, ਕਿਧਰੇ ਡੰਡ ਬੈਠਕਾਂ ਕੱਢੀਆਂ ਜਾਣਗੀਆਂ, ਕਿਧਰੇ ਆਹ ਆਪਣੇ ਅਫਸਰ ਵੱਡੀਆਂ ਵੱਡੀਆਂ ਕਲਮਾਂ ਲੈਕੇ ਇੱਕ ਦੂਜੇ ਦੇ ਦੰਦੀਆਂ ਵੱਢਣਗੇ ਤੇ ਆਪਣੀ ਸਿਆਣਪ ਦਾ ਸਬੂਤ ਦੇਣਗੇ ਅਤੇ ਅਸੰਬਲੀ ਅੰਦਰ ਜੇਕਰ ਕਿਧਰੇ ਹੋਜੂ ਝਗੜਾ ਤਾਂ ਆਹ ਆਪਣੇ ਪੁਲਿਸ ਵਾਲੇ ਵੀ ਤਾਂ ਬੈਠੇ ਆ, ਆਪੇ ਆਪਣਿਆਂ ਨੂੰ ਘੂਰੀ ਵੱਟ ਦਿਆ ਕਰਨਗੇ। ਹੁਣ ਵਾਲੀ ਅਸੰਬਲੀ ‘ਚ ਤਾਂ ਭਾਈ ਇਕੋ ਮੁਹੰਮਦ ਸਦੀਕ ਆ, ਜਿਹੜਾ ਵਿਚਾਰਾ ਮਸਾਂ ਇਕੋ ਵਾਰ ਤੂੰਬੀ ਖੜਕਾ ਸਕਿਆ ਚਾਦਰਾ ਬੰਨ•ਕੇ, ਅੰਦਰਲਿਆਂ ਸੀਟੀਆਂ ਜਿਹੀਆਂ ਮਾਰਕੇ, ਘੂਰਕੇ ਚੁੱਪ ਕਰਾ ਦਿੱਤਾ। ਉਂਜ ਭਾਈ ਆਹ ਆਪਣੇ ਝੂਠੇ ਤਾਲ ਤਰੰਗ ਵਾਲਿਆਂ ਦਾ ਖਿਆਲ ਰੱਖਿਓ ਕਿਧਰੇ ਇਹ ਨਾ ਹੋਵੇ ਜਿੱਤ ਕੇ ਭੇਜਣ ਲੋਕ ਅਤੇ ਘੁੱਗੀ ਜਾਕੇ “ਵੱਡਿਆਂ” ਦੇ ਚੁਬਾਰੇ ਚੜ•ਕੇ ਗੁਟਰਗੂੰ, ਗੁਟਰਗੂੰ ਬੋਲਣ ਲਗ ਜੇ।
ਖਾਲਮ ਖਾਲੀ ਪੇਟ ਤੋਂ
ਖ਼ਬਰ ਹੈ ਕਿ ਪ੍ਰਚੂਨ ਮਹਿੰਗਾਈ ਦੀ ਦਰ ਵਾਂਗਰ ਥੋਕ ਮਹਿੰਗਾਈ ਦੀ ਦਰ ‘ਚ ਵਾਧਾ ਲਗਾਤਾਰ ਜਾਰੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਜੂਨ ਦੇ ਮੁਕਾਬਲੇ ਇਸ ਸਾਲ ਆਲੂਆਂ ਦੇ ਭਾਅ ‘ਚ ਵਾਧਾ 64.48 ਫੀਸਦੀ ਦਾਲਾਂ ਦਾ ਭਾਅ 26.61 ਫੀਸਦੀ, ਸਬਜ਼ੀਆਂ 16.91 ਚੀਨੀ 26.9 ਫੀਸਦੀ ਦਰਜ਼ ਕੀਤਾ ਗਿਆ।
ਮਹਿੰਗਾਈ ਵਧੂ ਤਾਂ ਵੱਡਿਆਂ ਦਾ ਪੇਟ ਵਧੂ। ਵੱਡਿਆਂ ਦਾ ਪੇਟ ਵਧੂ ਤਾਂ ਉਹ ਗਰੀਬਾਂ ਨੂੰ ਵੱਧ ਖਾਉ। ਵਿਚਾਰੇ ਗਰੀਬ ਜਿਨ•ਾਂ ਕੋਲ ਖਾਣ ਲਈ ਰੋਟੀ ਨਹੀਂ, ਬੱਸ ਆਹ ਆਲੂ-ਭਾਤ ਦੇ ਗੁਜ਼ਾਰਾ ਕਰਦੇ ਆ, ਕਦੇ ਕਦਾਈੰ ਗੰਢੇ ਤੇ ਮੁੱਕੀ ਮਾਰ ਭੰਨ•ਕੇ ਆਪਣੀ ਅਮੀਰੀ ਦਾ ਰੋਹਬ ਆਪਣੇ ਤੋਂ ”ਹੋਰ ਗਰੀਬਾਂ” ਉੱਤੇ ਪਾਉਂਦੇ ਆ। ਤੇ ਵਿਚਾਰੇ ”ਹੋਰ ਗਰੀਬਾਂ” ਦਾ ਢਿੱਡ ਹੋਰ ਪਿਚਕਦਾ ਜਾਂਦਾ, ਪਿਚਕਦਾ ਜਾਂਦਾ, ਜੀਹਦੇ ‘ਚ ਅੰਨ ਦਾ ਭੋਰਾ ਵੀ ਨਹੀਂ ਪੈਂਦਾ, ਦਾਲਾਂ, ਸਬਜ਼ੀਆਂ, ਚੀਨੀ ਤਾਂ ਦੂਰ ਦੀ ਗੱਲ ਆ। ਵਿਚਾਰੇ ਢਿੱਡ ਨੂੰ ਗੰਢ ਮਾਰੇ ਭੁਖੇ ਸੌ ਜਾਂਦੇ ਆ ਖਾਲੀ ਢਿੱਡ। ਜਿਨਾਂ ਬਾਰੇ ਆਪਣਾ ਵੱਡਾ ਹਾਕਮ ਟਾਹਰਾਂ ਮਾਰਦਾ ਨਹੀਂ ਥੱਕਦਾ ”ਬਦਲ ਰਹਾ ਹੈ ਦੇਸ਼” ਅਤੇ ਆਪਣਾ ਛੋਟਾ ਹਾਕਮ ਆਂਹਦਾ, ”ਕਿਥੇ ਆ ਗਰੀਬੀ, ਮੈਂ ਤਾਂ ਇਹ ਰਹਿਣ ਨਹੀਂ ਦਿੱਤੀ ਆਪਣੇ ਸੂਬੇ ‘ਚ ?” ਪਰ ਕਿੰਨਾ ਚਿਰ ਆਖਰ ਉਹ ਲਾਰੇ ਲਾਉਣਗੇ ਤੇ ਗਰੀਬ ਭੁੱਖੇ ਢਿੱਡ ਨੂੰ ਪਲੋਸਦੇ ਸੌਂਣਗੇ, ਕਦੇ ਤਾਂ ਇੱਕ ਸ਼ਾਇਰ ਦੇ ਕਹਿਣ ਵਾਂਗਰ ”ਖਾਲਮ ਖਾਲੀ ਪੇਟ ਤੋਂ ਪੁਛੂ ਭੁਖ ਅਖੀਰ, ਕਿੱਧਣ ਤੀਕਰ ਰਹੇਗੀ, ਕਿੱਲੀ ਤੇ ਸ਼ਮਸ਼ੀਰ।”

ਬੜੇ ਪੇਚ ਖਾ ਖਾ ਕੇ ਚਲਦੀ ਹੈ ਦੁਨੀਆ
ਖ਼ਬਰ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੰਗਰੇਜ਼ੀ ਤੇ ਪੰਜਾਬੀ ਦੇ ਅਧਿਆਪਕ ਆਪਣੇ ਹੀ ਵਿਸ਼ੇ ਵਿੱਚ ਫੇਲ ਹੋ ਗਏ। ਅੰਗਰੇਜ਼ੀ ਦੇ ਟੀਚਰ ਅੰਗਰੇਜ਼ੀ ਵਿੱਚ ਡਿਫੀਕਲਟ ਅਤੇ ਸਿਲੇਬਸ ਤੱਕ ਸਹੀ ਨਹੀਂ ਲਿੱਖ ਸਕੇ। ਸਿੱਖਿਆ ਮੰਤਰੀ ਪੰਜਾਬ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਖਰਾਬ ਨਤੀਜੇ ਵਾਲੇ ਅਧਿਆਪਕਾਂ ਦੀ ਪ੍ਰੀਖਿਆ ਲਈ ਸੀ। ਪੰਜਾਬੀ ਟੀਚਰਾਂ ਦੀਆਂ ਪੰਜ ਲਾਈਨਾਂ ਵਿੱਚ 15 ਗਲਤੀਆਂ ਮਿਲੀਆਂ।
ਇਹਦੇ ਵਿੱਚ ਅਧਿਆਪਕਾਂ ਦਾ ਕੀ ਕਸੂਰ ? ਉਹ ਮਰਦਮਸ਼ੁਮਾਰੀ ਕਰਦੇ ਆ। ਅੰਕੜੇ ‘ਕੱਠੇ ਕਰਦੇ ਆ, ਕੌਣ ਕਿੰਨਾ ਕਮਾਉਂਦਾ ਤੇ ਕਿੰਨਾ ਉਜਾੜਦਾ ? ਨਿਆਣਿਆਂ ਨੂੰ ਦੁਪਹਿਰ ਦਾ ਭੋਜਨ ਖੁਆਉਂਦੇ ਆ। ਦਫ਼ਤਰੀ ਕੰਮ ਕਰਦੇ ਆ। ਸਕੂਲ ਦੀ ਡਾਕ ਦਫਤਰੀ ਪਹੁੰਚਾਉਂਦੇ ਆ, ਕੰਪਿਊਟਰ ਚਲਾਉਂਦੇ ਆ ਅਤੇ ਜਿਹੜਾ ਰਤਾ ਮਾਸਾ ”ਟੈਮ” ਬਚਦਾ, ਜੁਆਕਾਂ ਨੂੰ ਪੜਾਉਂਦੇ ਆ। ਇਹੋ ਜਿਹੇ ਕਈ ”ਜੁਆਕ” ਨਕਲਾਂ ਮਾਰਕੇ, ਚੰਗੇ ਨੰਬਰ ਲੈਕੇ ਜਦੋਂ ਭਾਈ ਮੁੜ ਮਾਸਟਰ ਬਣ ਜਾਂਦੇ ਆ, ਉਨਾਂ ‘ਤੇ ਫਿਰ ਭਾਈ ਉਹੋ ਕੁਝ ਹੀ ਪੜਾਉਣਾ ਹੋਇਆ ਜੋ ਉਨਾਂ ਦੇ ਪੱਲੇ ਹੋਉ। ਤਦੇ ਉਹ ”ਤੂੰ ਪੜ ਕਾਕਾ” ਆਖਕੇ ਕਿਤਾਬ ਜੁਆਕ ਮੂਹਰੇ ਕਰਦੇ ਆ ਤੇ ਕਾਕਾ ਬੱਸ ਪੜੀ ਜਾਂਦਾ, ਬਾਵਾ ਬਲਵੰਤ ਦੀ ਕਵਿਤਾ ”ਬੜੇ ਪੇਚ ਖਾ ਖਾ ਕੇ ਚਲਦੀ ਹੈ ਦੁਨੀਆਂ।” ਅਤੇ ਮਾਸਟਰ ਮੁਸਕਰਾਈ ਜਾਂਦਾ, ਸੁਸਤਾਈ ਜਾਂਦਾ ਤੇ ਸਰਕਾਰ ਦੇ ਗੁਣ ਗਾਈ ਜਾਂਦਾ। ਉਂਜ ਭਾਈ ਉਨਾਂ ਉਸਤਾਦਾਂ ਦੀ ਵੀ ਕਮੀ ਨਹੀਂ ਜਿਹੜੇ ਦਿਨੇ ਰਾਤ ਕੰਮ ਕਰਦੇ ਜੁਆਕਾਂ ਦੇ ਸੌ ਬਟਾ ਸੌ ਨੰਬਰ ਲਿਆ ਦਿੰਦੇ ਆ।. ਤੇ ਆਂਹਦੇ ਆ, “ ਇਹ ਮਰਦੀ ਨਹੀਂ ਪਰ ਬਦਲਦੀ ਹੈ ਦੁਨੀਆਂ, ਬੜੇ ਪੇਚ ਖਾ ਖਾ ਕੇ ਚਲਦੀ ਹੈ ਦੁਨੀਆਂ”
ਨਹੀਂ ਰੀਸਾਂ ਦੇਸ਼ ਮਹਾਨ ਦੀਆਂ।
ਮਾਨਵ ਵਿਕਾਸ ਰੈਕਿੰਗ ਵਿੱਚ ਕੁਲ 188 ਦੇਸ਼ਾਂ ਵਿਚੋਂ 130ਵਾਂ ਨੰਬਰ ਹੈ। ਮਾਨਵ ਵਿਕਾਸ ਰੈਕਿੰਗ ਵਿੱਚ ਮਿਹਤ, ਲੰਮੀ ਉਮਰ, ਜੀਵਨ, ਗਿਆਨ ਪ੍ਰਾਪਤ ਕਰਨ ਦੀ ਤਾਕਤ, ਜੀਵਨ ਪੱਧਰ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਲੰਕਾ ਵਰਗੇ ਛੋਟੇ ਜਿਹੇ ਦੇਸ਼ ਦੀ ਪ੍ਰਤੀ ਵਿਅਕਤੀ ਜੀ.ਡੀ.ਪੀ. ਭਾਰਤ ਨਾਲੋਂ 80 ਫੀਸਦੀ ਵੱਧ ਹੋਣ ਕਾਰਨ ਉਸਦੀ ਇਸ ਰੈਕਿੰਗ ਵਿੱਚ 73ਵੀਂ ਥਾਂ ਹੈ ਅਤੇ ਈਰਾਨ ਦੀ 69ਵੀਂ।
ਭਾਰਤ ਦੇਸ਼ ਵਿੱਚ 30 ਕਰੋੜ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਕੁਨੈਕਸ਼ਨ ਨਹੀਂ ਹਨ। ਭਾਰਤ ਦੀ ਪ੍ਰਤੀ ਵਿਅਕੀਤ ਊਰਜਾ ਖਪਤ 1075 ਕਿਲੋਵਾਟ ਪ੍ਰਤੀ ਘੰਟਾ ਹੈ, ਜਦਕਿ ਰੂਸ ‘ਚ ਪ੍ਰਤੀ ਵਿਅਕਤੀ ਊਰਜਾ ਖਪਤ 6562 ਕਿਲੋਵਾਟ ਪ੍ਰਤੀ ਘੰਟਾ ਹੈ।
ਇੱਕ ਵਿਚਾਰ
ਪਰਉੱਪਕਾਰ ਦਾ ਨਤੀਜਾ ਹਮੇਸ਼ਾ ਦੁਨਿਆਵੀ ਹਿਸਾਬ-ਕਿਤਾਬ ਤੋਂ ਵੱਖਰਾ ਹੁੰਦਾ ਹੈ…..ਮੈਰੀ ਰਿਟਰ ਬੀਅਰਡ

Related posts

ਨਵਜੋਤ ਸਿੰਘ ਸਿੱਧੂ ਵੱਲੋਂ ਉਘੀਆਂ ਸ਼ਖਸੀਅਤਾਂ ਨਾਲ ਮਿਲ ਕੇ ਸੱਭਿਆਚਾਰਕ ਲਹਿਰ ਖੜੀ ਕਰਨ ਦਾ ਸੱਦਾ

INP1012

ਬੈਂਕ ਪ੍ਰਧਾਨ ਮੰਤਰੀ ਜਨ ਧੰਨ ਯੋਜਨਾ ਤਹਿਤ ਫੀਸਦੀ ਟੀਚੇ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ : ਮਾਂਗਟ

INP1012

ਅਸੀਂ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ: ਰੱਖੜਾ

INP1012

Leave a Comment