Artical Featured India Punjab Punjabi

ਡੰਗ ਅਤੇ ਚੋਭਾਂ–ਗੁਰਮੀਤ ਪਲਾਹੀ

ਬੰਦ ਕਮਰੋਂ ਮੇਂ ਤੋ ਬਸ ਘੁਟਣ ਛਾਏਗੀ
ਖ਼ਬਰ ਹੈ ਕਿ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸੀਆਂ ਦੀ ਇੱਕ ਵੱਡੀ ਮੀਟਿੰਗ ‘ਚ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਤਾਂ ਨੌਕਰਾਂ ਦੇ ਨੌਕਰ ਵੀ ਐਸ਼ਾਂ ਕਰ ਰਹੇ ਹਨ। ਪਰ ਪੰਜਾਬ ਵਿੱਚ ਘਰ-ਘਰ ‘ਚ ਬੇਰੁਜ਼ਗਾਰੀ ਹੈ। ਉਨਾਂ ਕਿਹਾ ਕਿ ਜਦੋਂ ਹੰਕਾਰ ਸਿਰ ਚੜ ਜਾਂਦਾ ਹੈ ਤਾਂ ਵਿਨਾਸ਼ ਦੇ ਰਾਹ ਖੁਲ ਜਾਂਦੇ ਹਨ। ਇਤਹਾਸ ਦੇ ਹਵਾਲਿਆਂ ਨਾਲ ਆਪਣੇ ਸ਼ਰੀਕ (ਬਾਦਲ ਪਰਿਵਾਰ) ਨੂੰ ਹੰਕਾਰੀ ਦੱਸਕੇ ਉਨਾਂ ਆਖਿਆ ਕਿ ਅੱਜ ਪੰਜਾਬ ਭੁੱਖਾ ਮਰ ਰਿਹਾ ਹੈ, ਨਸ਼ੇ ਦੀਆਂ ਸੂਈਆਂ ਨਾਲ ਵਿੰਨੀ ਪੰਜਾਬੀ ਰੂਹ ਰੋ ਰਹੀ ਹੈ, ਪਰ ਬਾਦਲ ਪਰਿਵਾਰ ਦੇ ਨੌਕਰਾਂ ਦੇ ਸ਼ਾਹੀ ਠਾਠ ਹਨ।
ਵੇਖੋ ਜੀ, ਚੋਣਾਂ ਦੀ ਕਰਾਮਾਤ, ਨੇਤਾ ਵੀ ਸੱਚ ਬੋਲਣ ਲੱਗੇ ਆ। ਇੱਕ ਦੂਜੇ ਦੇ ਪੋਤੜੇ ਫੋਲਣ ਲੱਗੇ ਆ। ਸ਼ਕਤੀ ਦੇ ਮਾਲਕ ਹੁੰਦੇ ਆ ਹਾਕਮ। ਕਾਮੇ, ਕਰਿੰਦੇ, ਨੌਕਰ, ਚਾਕਰ ਆ ਉਨਾਂ ਦੀ ਜਗੀਰ। ਇਹੋ ਤਾਂ ਉਨਾਂ ਦਾ ਵੱਡਾ ਹਥਿਆਰ ਹੁੰਦੇ ਆ, ਇਨਾਂ ਰਾਹੀਂ ਉਹ ਜ਼ਮੀਨ ਹਥਿਆਉਂਦੇ ਆ, ਪਹਿਲਾਂ ਕਿਸੇ ਇਕ ਨੂੰ ਫਿਰ ਦੂਜੇ,ਤੀਜੀ, ਚੌਥੇ ਨੂੰ ਲੁੱਟਦੇ ਆ। ਪੂੰਜੀ, ਧਰਤੀ, ਧਰਤੀ ਦਾ ਮਨੁੱਖ, ਹੰਕਾਰ, ਆਕੜ,ਜ਼ੁਲਮ ਉੱਤੇ ਭਾਈ ਉਨਾਂ ਦਾ ਹੁੰਦਾ ਆ ਪਹਿਲਾ ਅਧਿਕਾਰ। ਜੀਹਦੇ ਆਸਰੇ ਉਹ ਹਿੰਸਾ, ਨਫ਼ਰਤ, ਜ਼ੁਲਮ ਤੇ ਮੱਕਾਰੀ ਨਾਲ ਸੱਤਾ ਉੱਤੇ ਕਾਬਜ਼ ਹੋ ਜਾਂਦੇ ਆ। ਤੇ ਫਿਰ ਚੱਲ ਸੋ ਚੱਲ। ਨੌਕਰਾਂ, ਚਾਕਰਾਂ ਆਸਰੇ ਇਹ ਸਿਆਸਤਦਾਨ ਸੱਤਾ ਉੱਤੇ ਕਾਬਜ਼ ਰਹਿਕੇ ਭ੍ਰਿਸ਼ਟ, ਨਿਰਦਈ, ਖੁਦਗਰਜ਼ ਬਣ ਜਾਂਦੇ ਆ। ਅਤੇ ਕਿਸੇ ਐਰੇ ਗੈਰੇ ਦੀ ਨਹੀਂਉ ਕਰਦੇ ਪਰਵਾਹ। ਉਂਜ ਭਾਈ ਸਿਆਸਤਦਾਨਾਂ ਦੇ ਠਾਠ ਨਹੀਂ ਹੋਣਗੇ ਤਾਂ ਕੀ ਗਰੀਬ-ਗੁਰਬੇ ਦੇ ਹੋਣਗੇ, ਜੀਹਨੇ ਲੰਗੋਟੀ ਲਾਕੇ, ਦੋ ਬੁਰਕੀਆਂ ਖਾਕੇ, ਆਪਣੀ ਉਮਰ ਲੰਘਾਉਣੀ ਹੋਈ ?
ਅੱਜ ਕੱਲ ਪੰਜਾਬ ‘ਚ ਤਾਂ ਜਿਵੇਂ ਬਹਾਰ ਦਾ ਮੌਸਮ ਆਇਆ ਹੋਇਆ, ਆਪਣੀ ਧੁਨ ‘ਚ ਕੋਈ ਨੇਤਾ ਦੂਜੇ ਨੂੰ ਆਂਹਦਾ ਆ ”ਇਹ ਮਾਵਾ ਖਾਂਦਾ ਆ, ਜੋ ਜੀਅ ਆਇਆ,ਉਹੀ ਬੋਲੀ ਜਾਂਦਾ ਆ।” ਕੋਈ ਆਖਦਾ ”ਲੋਕ ਸਭਾ ‘ਚ ਮੇਰੀ ਸੀਟ ਇਸ ਖਾਸ ਨੇਤਾ ਨਾਲੋਂ ਦੂਰ ਕਰ ਦਿਉ, ਮੈਨੂੰ ਏਹਦੇ ਤੋਂ ਦਾਰੂ ਦੀ ਮੁਸ਼ਕ ਆਉਂਦੀ ਆ।” ਕੋਈ ਆਂਹਦਾ, ”ਪੰਜਾਬ ਦਾ ਦਰਿਆਈ ਪਾਣੀ ਰਾਜਸਥਾਨ ਨੂੰ ਆਪਣੇ ਵੱਡੇ ਆਕਾ ਆਖੇ ਲੱਗਕੇ ਦਿੱਤਾ” ਕੋਈ ਆਂਹਦਾ, ”ਪੰਜਾਬ ਦਾ ਦਰਿਆਈ ਪਾਣੀ ਤਾਂ ਭਾਈ ਬੰਦ ਦੀ ਜ਼ਮੀਨ ਨੂੰ ਪਹੁੰਚਾਇਆ, ਆਪਣੇ ਹਿੱਤ ਪੂਰਨ ਲਈ।” ਗੱਲ ਕੀ ਨੇਤਾ ਦੂਜੇ ਦਾ ਝੱਗਾ ਚੁੱਕਦੇ ਆ ਤੇ ਆਪ ਨੰਗੇ ਨਜ਼ਰ ਆਉਂਦੇ ਆ। ਅਤੇ ਮੁਸਕੜੀਏ ਹੱਸਦੇ ਲੋਕ , ਡੁਗਡੁਗੀ ਖੜਕਾਉਂਦੇ ਨੇਤਾਵਾਂ ਦਾ ਤਮਾਸ਼ਾ ਵੇਖ, ਪੋਲੀ, ਪੇਤਲੀ ਅਵਾਜ਼ ‘ਚ ਮੀਸਣੇ ਜਿਹੇ ਬਣ ਗੁਣਗੁਣਾਉਂਦੇ ਆ ”ਖਿੜਕੀਆਂ ਖੋਲ• ਦੋ ਰੌਸ਼ਨੀ ਆਏਗੀ। ਬੰਦ ਕਮਰੋਂ, ਮੇਂ ਤੋ ਬਸ ਘੁਟਣ ਛਾਏਗੀ।”
ਚਿੜੀਏ ਮਰ ਜਾਹ
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ. ਵਿੰਗ ਅਮਰੀਕਾ ਦੇ ਜਧੇਬੰਦਕ ਢਾਂਚੇ ਦੇ ਵਿਸਥਾਰ ਕਰਦਿਆਂ ਪਾਰਟੀ ਨਾਲ ਸਬੰਧਤ ਸੀਨੀਆਰ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਹੈ। ਸੁਖਬੀਰ ਸਿੰਘ ਬਦਾਲ ਨੇ ਦੱਸਿਆ ਕਿ 2017 ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਐਨ.ਆਰ.ਆਈ. ਵੀਰਾਂ ਦਾ ਵੱਡਾ ਯੋਗਦਾਨ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਵਿੰਗ ਅਮਰੀਕਾ ਦੇ ਲਈ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਯਾਦ ਰਹੇ ਪਿਛਲੇ ਦੋ ਮਹੀਨਿਆਂ ਦੌਰਾਨ ਅਕਾਲੀ ਦਲ ਬਾਦਲ ਨੇ ਤੀਜੀ ਵਾਰ ਆਪਣੀ ਜਥੇਬੰਦੀ ‘ਚ ਵਾਧਾ ਕੀਤਾ ਹੈ।
ਬਥੇਰਾ ਆਖਿਆ ਪ੍ਰਵਾਸੀਆਂ ਨੇ ਬਈ ਸਰਕਾਰੇ ”ਨਾ ਮੁੱਖ ਸਾਥੋਂ ਮੋੜ ਸੱਜਣਾ, ਕਦੀ ਪਊਗੀ ਤੈਨੂੰ ਸਾਡੀ ਲੋੜ ਸੱਜਣਾ।” ਪਰ ਸਰਕਾਰ ਸੀ ਕਿ ਮਾਹਾਂ ਦੇ ਆਟੇ ਵਾਂਗਰ ਆਕੜ ਗਈ। ਪਹਿਲੋਂ ਹਰ ਵਰ•ੇ ਬੁਲਾਕੇ ਪ੍ਰਵਾਸੀਆਂ ਦੇ ਹੱਥੀਂ ਛਾਵਾਂ ਕਰਦੀ, ਚਾਅ ਮਲਹਾਰ ਕਰਦੀ ਸੀ, ਪਤਾ ਨਹੀਂ ਕਿਉਂ ਅਗਲੇ ਵਰ•ੇ ਆਕੜ ਗਈ ਸਰਕਾਰ, ਆਖਣ ਲੱਗੀ, ”ਤੁਹਾਡੇ ਨਾਲ ਵੀ ਸੰਗਤ ਦਰਸ਼ਨ ਕਰਿਆ ਕਰਾਂਗੇ, ਸੰਮੇਲਨਾਂ ਦੀ ਕੀ ਲੋੜ।” ਤੇ ਫਿਰ ਪ੍ਰਵਾਸੀ ਵੀ ਆਕੜ ਗਏ, ਇਹੋ ਜਿਹੀ ਸਰਕਾਰ ਨੂੰ ਸਿਰ ਮਾਰਨਾ, ਜਿਹੜੀ ਆਪ ਤਾਂ ਆਂਹਦੀ ਆ ਸਾਡੇ ਵਿਦੇਸ਼ ਗਿਆਂ ਤੇ ਦਮੜੇ ਵੀ ਦਿਉ, ਗਲਾਂ ‘ਚ ਹਾਰ ਵੀ ਪਾਉ,ਸਾਡੇ ਕਾਕਿਆਂ ਨੂੰ ਕੈਨੇਡਾ ਅਮਰੀਕਾ ਵਲੈਤ ਦੀ ਸੈਰ ਵੀ ਕਰਾਓ ਅਤੇ ਬਦਲੇ ‘ਚ ਸਾਡੇ ਦੇਸ਼ ਗਿਆਂ ‘ਤੇ ਫਿੱਟੇ ਮੂੰਹ ਵੀ ਨਹੀਓਂ ਆਂਹਦੀ, ਉਲਟਾ ਡੰਡੇ ਵਾਲਾ ਸਿਪਾਹੀ ਘਰ ਭੇਜਕੇ ਆਂਹਦੀ ਆ,ਤੂੰ ਤਾਂ ਸਰਕਾਰ ਵਿਰੋਧੀ ਆਂ। ਚੱਲ ਆਪਣੀ ਟਿਕਟ ਕਟਵਾ ਤੇ ਘਰ ਤੁਰਦਾ ਹੋ, ਜਿਥੋਂ ਆਇਓਂ । ਅਤੇ ਲਉ ਹੁਣ ਵੇਖ ਲਉ, ਆ ਗਏ ਰਾਅ ਤੋਤੇ, ਲਗ ਪਏ ਕਰਨ ਟੈਂ ਟੈਂ ਵੋਟਾਂ ਦਾ ਸਮਾਂ ਆਉਣ ‘ਤੇ ਅਤੇ ਆਖਣ ਲਗ ਪਏ ਆ, ਆਉ ਭਾਈ ਆਉ, ਇਹ ਧਰਤੀ ਤੁਹਾਡੀ, ਇਹ ਦੇਸ਼ ਤੁਹਾਡਾ, ਇਹ ਪਿੰਡ ਤੁਹਾਡਾ, ਇਹ ਸ਼ਹਿਰ ਤੁਹਾਡਾ, ਇਹ ਸਰਕਾਰ ਤੁਹਾਡੀ। ਜੀ ਆਇਆਂ ਨੂੰ ਭਾਈ ਜੀ ਆਇਆਂ ਨੂੰ। ਸਰਕਾਰ ਦੀ ਇਹ ਗੱਲ ਸੁਣ, ਵਾਚਕੇ, ਆਪਣੇ ਪਿੰਡ ਵਾਲੀ ਨਿਆਈਆਂ ਵਾਲੀ ਜ਼ਮੀਨ ਕਿਸੇ ਨੇਤਾ ਹੱਥੋਂ ਲੁਟਾਕੇ ਬੈਠਾ, ਗੁਲਾਮ ਸਿਹੁੰ ਲਹਿਰੀ ਆਖਣ ਲੱਗਾ ” ਇਹ ਤਾਂ ਉਹੀ ਗੱਲ ਹੋਈ ਚਿੜੀਏ ਜੀ ਪੈਅ, ਚਿੜੀਏ ਮਰਜਾ। ਨਾ ਭਾਈ ਨਾ, ਇਹ ਕਿਵੇਂ ਹੋ ਜੂ। ਇਹ ਕੀ ਗੱਲ ਹੋਈ ?”
ਪੈਸਾ, ਪੈਸਾ, ਹਾਏ ਪੈਸਾ !
ਖ਼ਬਰ ਹੈ ਕਿ ਪੰਜਾਬ ਦੇ ਉੱਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਪੈਸੇ ਲੈਕੇ ਟਿਕਟਾਂ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਆਪ ਵਲੋਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਜਾਰੀ ਕੀਤੀ ਸੂਚੀ ਤੋਂ ਸਪਸ਼ਟ ਹੋ ਗਿਆ ਹੈ ਕਿ ਇਸ ਪਾਰਟੀ ਦੀ ਲੀਡਰਸ਼ਿੱੇਪ ਨੇ ਸਾਰੇ ਲੋਕਤੰਤਰੀ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਹੈ। ਉਨਾਂ ਕਿਹਾ ਕਿ ਪਾਰਟੀ ਵਲੋਂ ਟਿਕਟਾਂ ਵੇਚਣ ਦਾ ਰਸਤਾ ਅਖਤਿਆਰ ਕਰਨ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਉਨਾਂ ਕਿਹਾ ਕਿ ਟਿਕਟਾਂ ਦੀ ਵੰਡ ਤੋਂ ਆਪ ਵਰਕਰ ਖੁਸ਼ ਨਹੀਂ ਹਨ।
ਜਾਪਦਾ ਹੈ ਛੋਟੇ ਬਾਦਲ ਨੇ ਪਰਸੂ-ਪਰਸਾ, ਪਰਸਰਾਮ ਦੀ ਅਖੌਤ ਪੜੀ ਸੁਣੀ ਹੋਵੇਗੀ। ਪੱਲੇ ਨਹੀਂ ਧੇਲਾ ਕਰਦੀ ਮੇਲਾ-ਮੇਲਾ, ਵਾਲੀ ਗੱਲ ਵੀ ਸਿਆਣਿਆਂ ਉਹਦੇ ਪੱਲੇ ਜ਼ਰੂਰ ਕਦੀ ਬੰਨੀ ਹੋਵੇਗੀ। ਜਨਾਬ ਪੈਸੇ ਬਿਨਾਂ ਘਰ ਨਹੀਂ ਚੱਲਦਾ, ਤੇ ਨਿਆਣਾ ਨਿਕਾ ਵੀ ਬਾਪੂ ਨੂੰ ਬਾਪੂ ਨਹੀਂ ਆਖਦਾ। ਸਿਆਸਤ ‘ਚ ਪੈਸੇ ਬਿਨਾਂ ਤਾਂ ਕੋਹ ਨਾ ਚੱਲੀ ਬਾਬਾ ਤਿਹਾਈ ਵਾਲੀ ਗੱਲ ਝਟ ਸਾਹਮਣੇ ਆ ਜਾਂਦੀ ਆ, ਇਹ ਗੱਲ ਭਾਈ ”ਆਪ” ਵਾਲਿਆਂ ਵੀ ਪੱਲੇ ਬੰਨੀ ਹੋਈ ਹੋਉ। ਤਦੇ ਭਾਈ ਉਹ ਖਜ਼ਾਨੇ ਭਰੀ ਜਾਂਦੇ ਹੋਣਗੇ ਇਹ ਜਾਣਕੇ ਕਿ ”ਲੋਹੇ ਨੂੰ ਲੋਹਾ” ਕੱਟੂ, ਡਾਹਢੇ ਨੂੰ ਡਾਹਢਾ ਢਾਹੂ, ਨਹੀਂ ਤਾਂ ਉਂਜ ਵਿਚਾਰੇ ‘ਲੱਛੂ’ ਨੂੰ ਕੌਣ ਪੁੱਛੂ।”
ਕੋਈ ਨਾ ਕਿਸੇ ਦਾ ਬੇਲੀ
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪਰਧਾਨ ਅਮਿਤ ਸ਼ਾਹ ਦਾ ਗੜ ਮੰਨੇ ਜਾਂਦੇ ਗੁਜਰਾਤ ‘ਚ ਪਾਰਟੀ ਦੀ ਹਾਲਤ ਬਹੁਤ ਮਾੜੀ ਹੈ। ਇਹ ਖੁਲਾਸਾ ਸੰਘ ਅਤੇ ਭਾਜਪਾ ਵਲੋਂ ਕਰਵਾਏ ਗਏ ਇਕ ਸਰਵੇ ‘ਚ ਹੋਇਆ ਹੈ। ਸਰਵੇ ਤੋਂ ਪਤਾ ਚਲਿਆ ਹੈ ਕਿ ਵਿਧਾਨ ਸਭਾ ‘ਚੋਂ ਭਾਜਪਾ ਨੂੰ 60-65 ਸੀਟਾਂ ਨਾਲ ਹੀ ਸਬਰ ਕਰਨਾ ਪਵੇਗਾ। ਇਸ ਸਰਵੇ ‘ਚ ਸਾਹਮਣੇ ਆਇਆ ਹੈ ਕਿ ਦਲਿਤਾਂ ਨੇ ਭਾਜਪਾ ਤੋਂ ਦੂਰੀ ਬਣਾ ਲਈ ਹੈ।
ਚੌੜੀ ਛਾਤੀ ਵਾਲੇ ਨੇਤਾਵਾਂ ਲਈ 60 ਤੇ 65 ਨੂੰ 125 ਬਨਾਉਣਾ ਕਿਹੜੀ ਔਖੀ ਗੱਲ ਆ ? ਚਾਰ ਨੇਤਾ ਇਧਰੋਂ ਫੜਨਗੇ ਚਾਰ ਫੜਨਗੇ ਉਧਰੋਂ, ਬਣ ਜਾਊ ਵਜ਼ਾਰਤ। ਉਂਜ ਭਾਈ ਗੁਜਰਾਤ ‘ਚ ਮੁੜ ਆਪਣਿਆਂ ਦੀ ਵਜ਼ਾਰਤ ਨਾ ਬਣੀ ਤਾਂ ਦੇਸ਼ ਕਿਵੇਂ ਸਾਂਭਿਆ ਜਾਊ ? ਗੁਜਰਾਤ ਮਾਡਲ ਗੁਜਰਾਤ ਮਾਡਲ ਦੀ ਗੁਹਾਰ ਲਗਾਕੇ ਤਾਂ ਦੇਸ਼ ਸੰਭਾਲਿਆ ਸੀ ਇਹ ਕਹਿੰਦੇ ਕਿ ਸਭ ਕਾ ਸਾਥ ਹੋਗਾ ਹਮਾਰੇ ਸਾਥ। ਪਰ ਬਾਤ ਗਈ, ਰਾਤ ਗਈ। ਕੁਰਸੀ ਹੱਲੇ, ਬਾਕੀ ਸਾਰੇ ਥੱਲੇ। ਤੇ ਗਰੀਬ ਲੋਕ ਜਿਨਾਂ ਨੇ ਅੱਛੇ ਦਿਨਾਂ ਦੀ ਤਾਂਘ ‘ਚ ਆਪਣਾ ਪੱਲਾ ਗੁਆ ਲਿਆ, ਝੁਗਾ ਚੌੜ ਕਰਾ ਲਿਆ, ਉਹ ਦਿੱਲੀ ਪੁੱਜੇ ਨੇਤਾਵਾਂ ਕੋਲ ਪਹੁੰਚ ਕਰਨ ਤਾਂ ਕਿਵੇਂ ? ਰੋਸ ਕੀਹਦੇ ਤੇ ਕਰਨ, ਜਦ ਕੋਈ ਸੁਨਣ ਵਾਲਾ ਹੀ ਨਹੀਂ ? ਥੱਲੇ ਵਾਲਿਆਂ ‘ਚੋਂ ਪੁੱਛਦਾ ਕੋਈ ਨਹੀਂ ਉੱਤੇ ਵਾਲਿਆਂ ਤੱਕ ਪਹੁੰਚ ਗਈ ਗੁਆਚੀ। ਉਹ ਜੋੜੀ ਨੂੰ ਲੱਭਦੇ ਇਕੋ ਗੱਲ ਮੁਹਾਰਨੀ ਪੜੀ ਜਾਂਦੇ ਆ, ” ਕੋਈ ਨਾ ਕਿਸੇ ਦਾ ਬੇਲੀ ਦੁਨੀਆਂ ਮਤਲਬ ਦੀ ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਭਾਰਤ ਵਿੱਚ ”ਇਕ ਭਾਰਤ-ਇੱਕ ਟੈਕਸ” ਦੇ ਸੁਫਨੇ ਜੇ.ਐਸ.ਟੀ. ਨੂੰ ਪੂਰਨ ਕਰਨ ਲਈ ਇੱਕ ਕਦਮ ਵਧਾਉਣ ਲਈ ਸੋਲਾਂ ਸਾਲ ਲੱਗੇ। ਇਸ ਦਰਮਿਆਨ ਤਿੰਨ ਸਰਕਾਰਾਂ ਚੁਣੀਆਂ ਗਈਆਂ, ਦੇਸ਼ਦੇ ਪੰਜ ਵਿੱਤ ਮੰਤਰੀ ਬਣੇ ਅਤੇ ਤਿੰਨ ਪ੍ਰਧਾਨ ਬਣੇ।
• ਦੇਸ਼ ‘ਚ 10 ਲੱਖ ਦੀ ਅਬਾਦੀ ਨੂੰ 18 ਜੱਜ ਇਨਸਾਫ ਮੁਹੱਈਆਂ ਕਰ ਰਹੇ ਹਨ। ਲਾਅ ਕਮਿਸ਼ਨ ਨੇ 1987 ‘ਚ ਆਪਣੀ ਰਿਪੋਰਟ ‘ਚ ਜੱਜਾਂ ਦੀ ਗਿਣਤੀ 50 ਕਰਨ ਦੀ ਸਿਫਾਰਸ਼ ਕੀਤੀ ਸੀ।
ਇੱਕ ਵਿਚਾਰ
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕਲਿਆਣਕਾਰੀ ਰਾਜ ਦਾ ਪਸਾਰਾ ਸਾਰੀਆਂ ਜਾਤਾਂ ਅਤੇ ਧਰਮਾਂ ਤੱਕ ਹੋਵੇ।- ਜੇਬ ਬੁਸ਼

Related posts

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)– ਮਲਕੀਅਤ “ਸੁਹਲ”

INP1012

ਹੋਲੀ–ਮਲਕੀਅਤ ਸਿੰਘ “ਸੁਹਲ”

INP1012

ਮਾਂ-ਪਿਉ ਦੀ ਪੂਜਾ — ਮਲਕੀਅਤ ਸਿੰਘ “ਸੁਹਲ”

INP1012

Leave a Comment