Artical Featured India Punjab Punjabi

ਡੰਗ ਅਤੇ ਚੋਭਾਂ—-ਗੁਰਮੀਤ ਸਿੰਘ ਪਲਾਹੀ

ਰੁੱਖ, ਪੁੱਤ ਕਦੇ ਖ਼ਦਕੁਸ਼ੀ ਨਹੀਂ ਕਰਦੇ!
ਖ਼ਬਰ ਹੈ ਕਿ ਪੰਜਾਬ ਸਰਕਾਰ ਵਲੋਂ ਗਰੀਨ ਪੰਜਾਬ ਮਿਸ਼ਨ ਤਹਿਤ 2016-17 ਦੌਰਾਨ ਕੁਲ ਦੋ ਕਰੋੜ ਪੌਦੇ ਲਾਉਣ ਦਾ ਟੀਚਾ ਮਿਥਿਆ ਹੈ ਜਿਸ ਵਿਚੋਂ 60 ਲੱਖ ਪੌਦੇ ਮੁਫ਼ਪਤ ਵੰਡੇ ਜਾਣਗੇ ਜੋ ਕਿ ਪਿੰਡਾਂ ਵਿਚ ਸ਼ਾਮਲਾਟ ਜ਼ਮੀਨਾਂ, ਪੰਚਾਇਤੀ ਜ਼ਮੀਨਾਂ, ਸਕੂਲਾਂ ਅਤੇ ਕਾਲਜਾਂ, ਅਰਧ ਸੈਨਿਕ ਬਲਾਂ ਦੀਆਂ ਸਾਂਝੀਆਂ ਪਈਆਂ ਜ਼ਮੀਨਾਂ ‘ਤੇ ਲਗਾਏ ਜਾਣਗੇ। ਇਹ ਜਾਣਕਾਰੀ ਜੰਗਲਾਤ ਵਿਭਾਗ ਦੇ ਮੰਤਰੀ ਭਗਤ ਚੂਨੀ ਲਾਲ ਨੇ ਦਿੰਦਿਆਂ ਦੱਸਿਆ ਕਿ ਇਹ ਮੁਹਿੰਮ 2012 ਵਿਚ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ ਹੁਣ ਤੱਕ 4.5 ਕਰੋੜ ਪੌਦੇ ਲਗਾਏ ਜਾ ਚੁੱਕੇ ਹਨ।
ਪੰਜਾਬ ਦਾ ਰੁੱਖ ਅਤੇ ਪੰਜਾਬ ਦਾ ਪੁੱਤ ਵੱਢਿਆ ਟੁੱਕਿਆ ਜਾ ਰਿਹਾ ਆ। ਬਹੁਤਾ ਹੀ ਸੰਕਟ ਆ ਇਨਾਂ ਦੋਹਾਂ ਉਤੇ।ਮਾਂ ਪੁੱਤ ਪਾਲਦੀ ਆ, ਬੰਦਾ ਰੁੱਖ ਪਾਲਦਾ ਆ ਤੇ ਸਰਕਾਰਾਂ ਦੋਹਾਂ ਦੇ ਮੋਛੇ ਪਾਈ ਜਾਂਦੀਆ।
ਪਿਛਲੇ ਪੰਜਾਂ ਸਾਲਾਂ ‘ਚ 9 ਲੱਖ ਰੁੱਖ ਸੜਕਾਂ ਦੇ ਨਵੀਨੀਕਰਨ ਕਰਨ ਦੇ ਨਾਂ ਉਤੇ ਸਰਕਾਰਾਂ ਨੇ ਵੱਢ- ਟੁੱਕ ਦਿਤੇ ਅਤੇ ਪੁੱਤ ਤਾਂ ਗਿਣੇ ਹੀ ਨਹੀਂ ਜਾਂਦੇ ਇੰਨੇ ਸਾਲਾਂ ‘ਚ ਕਿ ਕਿੰਨੇ ਜਹਾਜੀ ਚਾੜ• ਵਸਦਾ ਰਸਦਾ ਪੰਜਾਬ ਛੱਡਣ ਤੇ ਮਜ਼ਬੂਰ ਕਰ ਦਿਤੇ, ਰੋਟੀ ਰੋਜ਼ੀ ਨਾ ਮਿਲਣ ਖੁਣੋਂ।
ਸਰਕਾਰ ਆਂਹਦੀ ਆ ਪੰਚਾਇਤੀ ਸ਼ਾਮਲਾਟਾਂ ਤੇ ਰੁੱਖ ਲਾਵਾਂਗੇ ਭਲੀਏ ਮਾਣਸੇ ਸਰਕਾਰੇ, ਰੁੱਖ ਲਾਉਣੇ ਕਿਥੇ ਆ, ਸ਼ਾਮਲਾਟਾਂ ਤਾਂ ‘ਰਾਜ ਨਹੀਂ ਸੇਵਾ’ ਕਰਦੇ ਤੇਰੇ ਨੇਤਾਵਾਂ ਨੇ ਆਪਣੇ ਪੇਟੇ ਪਾਈਆਂ ਹੋਈਆਂ ਆਂ, ਉਵੇਂ ਹੀ ਜਿਵੇਂ ਨਸ਼ੇ ਦੇ ਦੈਂਤ ਅੱਗੇ ਪੰਜਾਬ ਦੇ ਸੁਲੱਖਣੇ ਗੱਭਰੂ ਸੁੱਟੇ ਹੋਏ ਆ।
ਨਾ ਭਾਈ ਨਾ, ਨਾ ਰੁੱਖ ਖੁਦਕੁਸ਼ੀ ਕਰਦੇ ਆ, ਨਾ ਪੁੱਤ ਖੁਦਕੁਸ਼ੀ ਕਰਦੇ ਆ। ਇਹ ਤਾਂ ਕਦੇ 47 ਬਣਾ ਦਿਤੇ ਜਾਂਦੇ ਆ, ਕਦੇ ਬਣਾ ਦਿਤੇ ਜਾਂਦੇ ਆ 84! ਕਦੇ ਇਹ ਦੋਵੇਂ ਵਪਾਰ ਦੀ ਭੇਂਟ ਚੜਾ ਦਿਤੇ ਜਾਂਦੇ ਆ।
ਭਲਾ ਮਰਨ ਨੂੰ ਕਿਸੇ ਦਾ ਜੀਅ ਕਰਦਾ? ਪਰ ਜੇਕਰ ਹਾਲਾਤ ਹੀ ਇਹੋ ਜਿਹੀ ਬਣਾ ਦਿਤੇ ਜਾਣ ਤਾਂ ਭਲਾ ਜੀਊਣ ਦਾ ਵੀ ਕੀ ਹੱਜ ਰਹਿ ਜਾਂਦਾ?
ਸਾਡਾ ਹੱਕ ਭਾਈ ਇਥੇ ਰੱਖ
ਖ਼ਬਰ ਹੈ ਕਿ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚੰਡੀਗੜ ਪੰਜਾਬ ਦਾ ਹਿੱਸਾ ਸੀ ਅਤੇ ਹਮੇਸ਼ਾ ਰਹੇਗਾ। ਬਾਦਲ ਨੇ ਕਿਹਾ ਕਿ ਚੰਡੀਗੜ ਉਤੇ ਪੰਜਾਬ ਦਾ ਹੱਕ ਹੈ ਅਤੇ ਰਹੇਗਾ। ਉਨਾਂ ਕਿਹਾ ਕਿ ਚੰਡੀਗੜ ਸਾਡਾ ਸੀ ਤੇ ਸਾਡਾ ਰਹੂਗਾ। ਦੂਜੇ ਪਾਸੇ ਦਿਲੀ ਦੀ ਮੋਦੀ ਸਰਕਾਰ ਨੇ ਚੰਡੀਗੜ ਦਾ ਵਖਰਾ ਪਾ੍ਰਸ਼ਾਸ਼ਕ ਲਗਾਕੇ ਬਾਦਲ ਸਰਕਾਰ ਨੂੰ, ਚੰਡੀਗੜ ਕੇਂਦਰ ਪ੍ਰਾਸ਼ਸ਼ਿਤ ਰੱਖਣ ਦਾ ਸੰਕੇਤ ਦੇ ਦਿਤਾ ਹੈ। ਉਧਰ ਸਾਬਕਾ ਮੁਖਮੰਤਰੀ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁਖਮੰਤਰੀ ਵਲੋਂ ਚੰਡੀਗੜ ਉਤੇ ਹਰਿਆਣਾ ਦਾ ਹੱਕ ਜਮਾਉਣ ਸਬੰਧੀ ਕਿਹਾ ਕਿ ਉਹ ਪਹਿਲਾ ਰਜੀਵ ਲੌਂਗੋਵਾਲ ਸਮਝੌਤਾ ਨੂੰ ਪੜਨ, ਜਿਸ ‘ਚ ਚੰਡੀਗੜ ਤੇ ਹੱਕ ਪੰਜਾਬ ਦਾ ਲਿਖਿਆ ਹੈ।ਬਾਹਲਾ ਹੀ ਤੇਹ ਜਾਗ ਪਿਆ ਨੇਤਾਵਾਂ ਨੂੰ ਚੰਡੀਗੜ ਦਾ ਅੱਧੀ ਸਦੀ ਬੀਤ ਗਈ, ਪੰਜਾਬ ਹੱਥੋਂ ਚੰਡੀਗੜ ਨੂੰ ਕੇਂਦਰ ਵਲੋਂ ਖੋਹਿਆਂ। ਚੰਡੀਗੜ ਤਾਂ ਹੋ ਗਿਆ ਆ ਬੁੱਢਾ, ਉਹਦੀ ਹੁਣ ਭਾਈ ਉਹ ਸ਼ਾਨੋ ਸ਼ੌਕਤ ਕਿਥੇ ਰਹਿ ਗਈ ਆ, ਜੋ ਜੁਆਨੀ ਵੇਲੇ ਸੀ ਤੇ ਚੰਡੀਗੜ ਮੰਗਣ ਵਾਲੇ ਵੀ ਕਾਲਿਆਂ ਤੋਂ ਹੋ ਗਏ ਆ ਚਿੱਟੇ। ਉਨਾਂ ‘ਚ ਵੀ ਕਿਹੜਾ ਚੰਡੀਗੜ ਤੇ ਹੱਕ ਜਿਤਾਉਣ ਦਾ ਦਿਲ-ਗੁਰਦਾ ਰਹਿ ਗਿਆ। ਇਹ ਤਾਂ ਭਾਈ ਪੰਜੀਂ ਵਰੀਂ ਭਬਾਕੇ ਜਿਹੇ ਮਾਰਦੇ ਆ, ਫਲੂਹੇ ਜਿਹੇ ਸੁੱਟਦੇ ਆ, ਵੱਡੀ ਕੁਰਸੀ ਮਿਲੀ ਤੇ ਦੁਬਕ ਕੇ ਉਸੇ ‘ਚ ਸਮੋ ਜਾਂਦੇ ਆ।
ਉਂਜ ਭਾਈ ਪਹਿਲਾਂ ਚਿੱਟਿਆਂ ਚੰਡੀਗੜ ਅਫ਼ਸਰਾਂ ਨੂੰ ਦੇ ਕੇ ਅਧਮੋਇਆ ਜਿਹਾ ਕਰੀ ਰੱਖਿਆ, ਤੇ ਹੁਣ ਪੀਲਿਆਂ ਆਪਣਿਆਂ ਤੋਂ ਉਹਲਾ ਰੱਖਕੇ ਵਿਚਾਰਾ ਚੰਡੀਗੜ ਪੱਕਾ ਹੀ ਬਾਬੂਆਂ ਅਫ਼ਸਰ ਸ਼ਾਹੀ ਪੱਲੇ ਪਾਉਣ ਦਾ ਕਾਰਾ ਕਰ ਮਾਰਿਆ ਜਾਪਦਾ। ਵੇਲਾ ਹੁਣ ਮਿੱਠੀਆਂ ਮੋਮੋਠਗਣੀਆਂ ਕਹਿਣ-ਸੁਨਣ ਦਾ ਨਹੀਂ। ਵੇਲਾ ਤਾਂ, ਵੱਡੇ ਬਾਦਲ ਦੇ ਲਾਮ-ਲਸ਼ਕਰ ਲੈਕੇ ਹੁਣ ਦਿਲੀ ਆਪਣੇ ਮੋਦੀ ਵਿਰੁੱਧ ਮੋਰਚਾ ਲਾਉਣ ਤੇ ਸਾਡਾ ਹੱਕ ਇਥੇ ਰੱਖ, ਆਖਣ ਦਾ ਆ ਗਿਐ।
ਸ਼ਵ ਯਾਤਰਾ
ਖ਼ਬਰ ਹੈ ਕਿ ਇੱਕ ਆਦਿ ਵਾਸੀ ਦਾਨਾਮਾਂਝੀ ਜੋ ਕਾਲਾਹਾਂਡੀ ਦਾ ਰਹਿਣ ਵਾਲਾ ਸੀ, ਦੀ ਪਤਨੀ ਟੀ.ਬੀ ਦੀ ਮਰੀਜ਼ ਸੀ। ਟੀ.ਬੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਸਰਕਾਰੀ ਨਿਯਮਾਂ ਅਨੁਸਾਰ ਉਸਨੂੰ ਸਰਕਾਰੀ ਐਂਬੂਲੈਂਸ ਮਿਲਣੀ ਚਾਹੀਦੀ ਸੀ ਜੋ ਮ੍ਰਿਤਕ ਸਰੀਰ [ਸ਼ਵ] ਨੂੰ ਘਰ ਤੱਕ ਪਹੁੰਚਾਵੇ। ਪਰ ਹਸਪਤਾਲ ਵਲੋਂ ਉਸਨੂੰ ਐਂਬੂਲੈਂਸ ਇਸ ਕਰਕੇ ਨਾ ਦਿਤੀ ਗਈ ਕਿ ਉਸਦਾ ਘਰ ਹਸਪਤਾਲ ਤੋਂ 26 ਕਿਲੋਮੀਟਰ ਦੂਰ ਸੀ। ਕੋਈ ਐਂਬੂਲੈਂਸ ਨਾ ਮਿਲਣ ਕਾਰਨ ਦਾਨਾ ਮਾਂਝੀ ਆਪਣੀ ਪਤਨੀ ਦੀ ਲਾਸ਼ ਆਪਣੇ ਮੋਢੇ ਉਤੇ ਉਠਾਕੇ ਚਲ ਪਿਆ। ਹਿੰਦੋਸਤਾਨ ਵਿੱਚ ਕੋਈ ਵੀ ਲਾਸ਼ ਇਕੱਲੇ ਨਹੀਂ ਜਾਂਦੀ, ਲੇਕਿਨ ਸਥਿਤੀਆਂ ਵਿਪਰੀਤ ਸਨ। ਪਰ ਉਹ ਆਪਣੇ ਅਫਸੋਸ ਵਿੱਚ ਇਕੱਲਾ ਸੀ, ਨਾਲ ਸਿਰਫ ਉਸਦੀ ਇੱਕ ਸਪੁੱਤਰੀ ਸੀ। ਲੋਕ ਦੂਰ ਤੋਂ ਉਸਨੂੰ ਵੇਖ ਰਹੇ ਸਨ, ਉਨਾਂ ਵਿੱਚ ਕਿਸੇ ਦੇ ਮਨ ਵਿੱਚ ਇਤਨਾ ਵੀ ਤਰਸ ਨਾ ਆਇਆ ਕਿ ਉਹਦੇ ਲਈ ਕੋਈ ਇੱਕ ਟੈਕਸੀ ਦਾ ਪ੍ਰਬੰਧ ਕਰ ਸਕਦੇ ਕਿਸੇ ਫੋਟੋਗ੍ਰਾਫਰ ਨੇ ਮਾਂਝੀ ਦੀ ਆਪਣੇ ਮੋਢਿਆ ਉਤੇ ਚੁੱਕੀ ਜਾਂਦੀ ਪਤਨੀ ਦੀ ਫੋਟੋ ਖਿੱਚ ਲਈ ਜੋ ਸੋਸ਼ਲ ਮੀਡੀਆ ਤੇ ਅਖਬਾਰਾਂ ਟੀ ਵੀ ਦੀਆਂ ਸੁਰਖੀਆਂ ਬਣ ਗਈ।
ਧਾਨਾ ਮਾਂਝੀ ਨਾ ਹਿੰਦੂ ਸੀ, ਨਾ ਮੁਸਲਿਮ, ਨਾ ਸੀ ਉਹ ਬੋਧੀ, ਨਾ ਸੀ ਈਸਾਈ । ਜੇਕਰ ਉਹ ਕਿਸੇ ਧਰਮ ਨਾਲ ਸਬੰਧਤ ਹੁੰਦਾ ਤਾਂ ਲੋਕ ਰਾਮ ਨਾਮ ਸੱਤ ਹੈ ਕਰਦੇ, ਉਹਦੇ ਮਗਰ ਤੁਰਦੇ ਜਾਂ ਚਾਰ ਇਕੱਠੇ ਹੋਕੇ ਮਈਅਤ ਕਰਦੇ, ਅਇਤਾਂ ਪੜ•ਦੇ। ਪਰ ਭਾਈ ਮਾਂਝੀ ਤਾਂ ਸੀ ਭਾਰਤ ਵਾਸੀ। ਜੰਗਲ ਦਾ ਵਸ਼ਿੰਦਾ। ਭੁੱਖਾ, ਨੰਗਾ, ਰਹਿਣ ਵਾਲਾ। ਪਤਾ ਨਹੀਂ ਵਿਚਾਰਾ ਸਿਆਣਿਆਂ ਦੇ ਸ਼ਹਿਰ ਕਿਵੇਂ ਆ ਗਿਆ? ਜਿੱਥੇ ਅਮੀਰਾਂ ਦੇ ਕੁੱਤੇ ਦੁੱਧ ਪੀਂਦੇ ਆ, ਕਾਰਾਂ’ਚ ਸੈਰਾਂ ਕਰਦੇ ਆ, ਪਰ ਗਰੀਬ ਭੁੱਖੇ ਮਰਦੇ ਆ। ਧੰਨ ਨੇ ਉਹ ਦੇਸ਼ ਅਤੇ ਉਸਦੇ ਨੇਤਾ ਜਿੱਥੇ ਅਜ਼ਾਦੀ ਦੇ 70 ਸਾਲਾਂ ਬਾਅਦ ਵੀ ਕਿਸੇ ਬੰਦੇ ਬੀਮਾਰ ਹੋਣ ਤੇ ਉਹਨੂੰ ਆਪਣੀ ਮੌਤੇ ਆਪੇ ਮਰਨ’ਤੇ ਛੱਡ ਦਿਤਾ ਜਾਂਦਾ ਹੈ ਤੇ ਜਿੱਥੇ ਬੰਦੇ ਦੀ ਲਾਸ਼ ਦੀ ਕਦਰ ਹੈ ਈ ਕੋਈ ਨਾ।
ਉਂਜ ਭਾਈ ਮਹਾਨ ਸੰਸਕ੍ਰਿਤੀ ਵਾਲੇ ਅਹਿੰਸਾ ਪੁਜਾਰੀ ਸਾਡੇ ਦੇਸ਼’ਚ ਨਿੱਤ ਦੰਗੇ ਫਸਾਦ, ਮਾਰੋ-ਮਾਰੀ ਹੁੰਦੀ ਆ, ਤ੍ਰਿਸ਼ੂਲਾਂ, ਟਕੂਏ, ਗੰਡਾਸੇ ਆਪਣਾ ਰੰਗ ਵਿਖਾਉਂਦੇ ਆ। ਲਾਸ਼ਾਂ ਸੜਕਾਂ ‘ਤੇ ਵਿਛਦੀਆਂ ਆਂ, ਜਿਨਾਂ ਨੂੰ ਚੁੱਕਣ ਵਾਲਾ ਹੀ ਕੋਈ ਨਹੀਂ ਹੁੰਦਾ। ਲਾਸ਼ਾਂ ਇਕੱਠੀਆਂ ਕੀਤੀਆਂ ਜਾਂਦੀਆਂ ਆ, ਅੰਗ ਸਮੇਟੇ ਜਾਂਦੇ ਆਂ ਤੇ ਮੁੜ ਇਕੋ ਥਾਂ ਉਨਾਂ ਨੂੰ ਲਾਂਬੂੰ ਲਾ ਦਿਤਾ ਜਾਂਦਾ ਆ।
ਆਦਿਵਾਸੀ ਦਾਨਾ ਮਾਂਝੀ ਦੀ ਤਾਂ ਭਾਈ ਇਕੋ ਇੱਕ ਸੰਪਤੀ, ਉਹਦੀ ਸੁਪਤਨੀ ਸੀ। ਉਹਦੀ ਸ਼ਵ ਯਾਤਰਾ’ਚ ਭਾਈ ਉਹਨੇ ਉਸ ਮਹਾਨ ਦੇਸ਼ ਦੇ ਮਹਾਨ ਪਵਿੱਤਰ ਵਾਸੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦੇਣਾ ਆਪਣੀ ਹੱਤਕ ਸਮਝੀ, ਜਿਸ ਦੇਸ਼’ਚ ਤੇਤੀ ਕਰੋੜ ਦੇਵਤੇ ਹਨ, ਸ਼ਾਇਦ ਹੁਣ ਸਵਾ ਅਰਬ ਪਰ ਉਨਾਂ ਵਿੱਚੋਂ ਕੋਈ ਵੀ ਇੱਕ ਉਹਦਾ ਆਪਣਾ ਨਹੀਂ।
ਵੋਹ ਤੋ ਝਾਂਸੀ ਵਾਲੀ ਰਾਣੀ ਥੀ
ਖ਼ਬਰ ਹੈ ਕਿ ਰਿਓ ਉਲਿੰਪਕ ਵਿੱਚ 117 ਖਿਡਾਰੀਆਂ ਵਾਲੇ ਭਾਰਤੀ ਦਲ ਨੇ ਸਿਰਫ ਦੋ ਤਗਮੇ ਜਿੱਤੇ ਹਨ। ਸੋਨੇ ਦਾ ਤਗਮਾ ਤਾਂ ਸੁਫ਼Àਮਪ;ਨਾ ਹੀ ਰਿਹਾ। ਇਸਦੇ ਕੀ ਕਾਰਨ ਹਨ, ਇਹ ਜਿੰਨੇ ਮੂੰਹ ਹਨ ਉਤਨੀਆਂ ਹੀ ਗੱਲਾਂ ਹੋ ਰਹੀਆਂ ਹਨ। ਗਰੀਬੀ ਅਫਸਰਸ਼ਾਹੀ, ਖੇਡਾਂ ਵਿੱਚ ਰਾਜਨੀਤੀ , ਚੰਗੇ ਖਿਡਾਰੀਆਂ ਦੀ ਪਛਾਣ ਅਤੇ ਉਨਾਂ ਨੂੰ ਚੰਗੀ ਤਰਾਂ ਤਰਾਸ਼ਣ ‘ਚ ਕਮੀ ਨੇ ਦੇਸ਼ ਨੁੰ ਖੇਡਾਂ ਦੇ ਮਾਮਲੇ ਵਿੱਚ ਪਿੱਛੇ ਸੁੱਟ ਦਿਤਾ ਹੈ ।
1500 ਕਰੋੜ ਵਾਲੇ ਸਲਾਨਾ ਭਾਰਤੀ ਖੇਡ ਬਜ਼ਟ ਵਿੱਚੋਂ ਭਾਰਤੀ ਖਿਡਾਰੀਆਂ ਨੂੰ ਜਿਹੜੀ ਬੁਰਕੀ ਮਿਲਦੀ ਆ , ਉਹਦੇ ਨਾਲ ਖਿਡਾਰੀਆਂ ਦਾ ਢਿੱਡ ਤਾਂ ਕੀ ਭਰਨਾ ਹੈ, ਬੁਲ ਵੀ ਗਿੱਲੇ ਨਹੀਂ ਹੁੰਦੇ। ਪਹਿਨਣ ਲਈ ਜੁਰਾਬਾਂ ਬੂਟ, ਪ੍ਰੈਕਟਿਸ ਕਰਨ ਲਈ ਖੇਡ ਮੈਦਾਨ ਤੇ ਸਮਾਨ ਤਾਂ ਜੁੜਨਾ ਕੀ ਆ। ਖਿਡਾਰੀ ਵਿਚਾਰੇ 4 ਸਾਲ ਮਾਰੇ-ਮਾਰੇ ਫਿਰਦੇ, ਆਪਣੇ ਦਮ-ਗੁਰਦੇ ਉਤੇ ਜ਼ੋਰ ਲਗਾਦੇ ਹਈ-ਸ਼ਾ ਬੋਲਦੇ , ਕਦੇ ਕਿਸੇ ਮੰਤਰੀ ਕੋਲ, ਕਦੇ ਕਿਸੇ ਨੇਤਾ ਕੋਲ ਪੁੱਜਕੇ ਆਪਣੇ ਲਈ ਉਲਿੰਪਕ’ਚ ਜਾਣ ਦਾ ਜੁਗਾੜ ਕਰਦੇ ਆ । ਉਲਿੰਪਕ ਪੁੱਜਕੇ , ਵਿਚਾਰੇ ਮੈਚ ਤੋਂ ਪਹਿਲਾਂ ਹੀ ਹਾਰੇ-ਹਾਰੇ ਦਿਸਦੇ ਆ ਇਹ ਖਿਡਾਰੀ।
ਮੁੰਡਿਆਂ ਨੁੰ ਤਾਂ ਮੋਬਾਇਲ, ਮੋਟਰ ਸਾਈਕਲ ਨੇ ਮਾਰ ਲਿਆ ਪਰ ਭਾਈ ਬਲਿਹਾਰੇ ਜਾਈਏ, ਉਨਾਂ ਖਿਡਾਰਣਾਂ ਦੇ ਜਿਹਨਾਂ ਦੀਆਂ ਸਾਥਣਾਂ ਨੂੰ “ਚੱਲ ਕੁੜੀਏ ਹੱਟ ਪਾਸੇ” ਕਹਿ ਕਦੇ ਪੇਟ ‘ਚ ਹੀ ਲਿਤਾੜਿਆ ਜਾਂਦਾ ਤੇ ਫਿਰ ਦੁਨੀਆਂ ‘ਚ ਵੀ ਦੁਰਕਾਰਿਆ ਜਾਂਦਾ, ਉਨਾਂ ਦੇਸ਼ ਦੇ 131 ਕਰੋੜ ਦੇਸ਼ ਵਾਸੀਆਂ ਲਈ ਇੱਕ ਚਾਂਦੀ ਦਾ, ਇੱਕ ਕਾਂਸੇ ਦਾ ਤਗਮਾ ਲਿਆਂਦਾ ਤੇ ਵਿਚਾਰੇ ਭਾਰਤੀਆਂ ਦੇ ਦੁਨੀਆਂ ਦੇ ਦੇਸ਼ਾਂ ‘ਚ 67 ਵੇਂ ਥਾਂ ਤੇ ਆਉਣ ਲਈ ਪੱਤ ਰੱਖ ਲਈ! ਸੁਣਿਆ , ਇੱਕ ਕੁੜੀ ਸਿੰਧੂ ਤਾਂ ਸੋਨ ਤਗਮੇ ਤੋਂ ਰਤਾ ਕੁ ਦੂਰੀ ਤੇ ਰਹਿ ਗਈ ਤੇ ਇੱਕ ਦੀਪਾ ਤੀਜੇ ਤਗਮੇ ਤੋਂ ਪਲ ਕੁ ਦੂਰ । ਸਿੰਧੂ ਤਾਂ ਅਮਰੀਕੀ ਬੈਡਮਿੰਟਨ ਜੇਤੂ ਨਾਲ ਇਵੇਂ ਭਿੜੀ ਕਿ 131 ਕਰੋੜੀ ਭਾਰਤੀਆਂ ਦੇ ਨਿਖੱਟੂ ਬੌਸ ਵੀ ਆਖਣ ਲੱਗ ਪਏ, “ਖੂਬ ਲੜੀ ਮਰਦਾਨੀ ਵੋਹ ਤੋਂ ਝਾਂਸੀ ਵਾਲੀ ਰਾਣੀ ਥੀ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
* ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਿਹਾਜ ਨਾਲ ਸਭ ਤੋਂ ਪ੍ਰਮੁਖ ਕੇਂਦਰ ਬਣ ਕੇ ਉਭਰਿਆ ਹੈ, ਕਿਉਂਕਿ ਪਿਛਲੇ ਸਾਲ 48% ਨਸ਼ੀਲੇ ਪਦਾਰਥਾਂ ਇਸੇ ਹਵਾਈ ਅੱਡੇ ਤੋਂ ਫੜੇ ਗਏ।
* 131 ਕਰੋੜ ਦੀ ਅਬਾਦੀ ਵਾਲੇ ਦੇਸ਼ ਭਾਰਤ ਨੇ ਰੀਓ ਉਲਿੰਪਕ ਦੌਰਾਨ ਦੋ ਤਗਮੇ [ਇੱਕ ਚਾਂਦੀ ਦਾ, ਇੱਕ ਤਾਂਬੇ ਦਾ] ਪ੍ਰਾਪਤ ਕੀਤੇ, ਉਹ ਵੀ ਦੋ ਕੁੜੀਆਂ ਨੇ।
ਇੱਕ ਵਿਚਾਰ
* ਨੌਕਰਸ਼ਾਹ ਆਪਣੇ ਆਹੁਦੇ ਤੋਂ ਤਾਕਤ ਲੈਂਦੇ ਹਨ, ਨਾ ਕਿ ਲੋਕਾਂ ਦੇ ਨਾਲ ਆਪਣੇ ਸਬੰਧਾਂ ਤੋਂ, ਜਿਨਾਂ ਦੀ ਸੇਵਾ ਲਈ ਉਨਾਂ ਨੂੰ ਨਿਯੁਕਤ ਕੀਤਾ ਹੁੰਦਾ ਹੈ।

Related posts

ਕੁਲਬੀਰ ਸਿੰਘ ਰਿੰਕਾ ਸਾਹੀ ਯੂਥ ਅਕਾਲੀ ਦਲ ਸਰਕਲ ਸੰਦੌੜ ਅਤੇ ਐਡਵੋਕੇਟ ਸੁਖਚੈਨ ਸਿੰਘ ਮਾਲੇਰਕੋਟਲਾ ਦੇ ਯੂਥ ਪ੍ਰਧਾਨ ਨਿਯੁਕਤ

INP1012

ਡੰਗ ਅਤੇ ਚੋਭਾਂ—ਗੁਰਮੀਤ ਪਲਾਹੀ

INP1012

ਨਸ਼ੇੜੀਆਂ ਨੂੰ ਘਰਾਂ ਤੇ ਗੁਰਦੁਆਰੇ ਸਾਹਿਬ ਧੱਕੇ ਪੈਂਦੇ ਹਨ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

INP1012

Leave a Comment