Featured India National News Punjab Punjabi

ਬਜ਼ੁਰਗ, ਦੇਸ਼ ਦੇ ਵਿਕਾਸ ਲਈ ਜ਼ਰੂਰੀ ਤਜ਼ਰਬੇ ਦਾ ਖ਼ਜ਼ਾਨਾ ਹੁੰਦੇ ਹਨ-ਡਿਪਟੀ ਕਮਿਸ਼ਨਰ

ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਸ਼ਹਿਰ ਵਿੱਚ ‘ਵਾਕਾਥੌਨ’ ਦਾ ਆਯੋਜਨ
ਲੁਧਿਆਣਾ 1 ਅਕਤੂਬਰ (ਸਤ ਪਾਲ ਸੋਨੀ) ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਅੱਜ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਸਹਿਯੋਗ ਨਾਲ ਸੀਨੀਅਰ ਸਿਟੀਜ਼ਨਜ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਅਤੇ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨਜ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਸ਼ਹਿਰ ਵਿੱਚ ਮਾਰਚ (ਵਾਕਾਥੌਨ) ਕੱਢਿਆ ਗਿਆ ਅਤੇ ਸਥਾਨਕ ਭਾਈਬਾਲਾ ਚੌਕ ਸਥਿਤ ਇੱਕ ਪੈਲੇਸ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਐੱਸ. ਪੀ. ਕਰਕਰਾ, ਪ੍ਰਧਾਨ ਇੰਜੀਨੀਅਰ ਸ੍ਰ. ਬਲਬੀਰ ਸਿੰਘ ਅਤੇ ਹੋਰਾਂ ਨੇ ਸੰਬੋਧਨ ਕੀਤਾ।
ਇਸ ਮੌਕੇ ਪੂਰੇ ਸੂਬੇ ਭਰ ਵਿੱਚੋਂ ਇਕੱਤਰ ਹੋਏ ਸੀਨੀਅਰ ਸਿਟੀਜ਼ਨਜ਼ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਬਜ਼ੁਰਗਾਂ (ਸੀਨੀਅਰ ਸਿਟੀਜ਼ਨਜ਼) ਦੀ ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ। ਬਜ਼ੁਰਗ ਸਾਡੇ ਰਾਹ ਦਸੇਰੇ ਅਤੇ ਉਸ ਤਜ਼ਰਬੇ ਦਾ ਖ਼ਜ਼ਾਨਾ ਹੁੰਦੇ ਹਨ, ਜਿਸ ਤਜ਼ਰਬੇ ਦੇ ਸਿਰ ‘ਤੇ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕਦਾ ਹੈ। ਉਨਾਂ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਬਜ਼ੁਰਗਾਂ ਦੀ ਸੁਰੱਖਿਆ ਅਤੇ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਜ਼ੁਰਗਾਂ ਅਤੇ ਸੇਵਾਮੁਕਤ ਅਧਿਕਾਰੀਆਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਪਹਿਲ ਦੇ ਆਧਾਰ ‘ਤੇ ਅਦਾ ਕੀਤੀਆਂ ਜਾਣ ਅਤੇ ਸਰਕਾਰੀ ਅਦਾਰਿਆਂ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ।
ਸ੍ਰੀ ਭਗਤ ਨੇ ਕਿਹਾ ਕਿ ਬਜ਼ੁਰਗਾਂ ਦੇ ਇਕੱਲਤਾ ਵਾਲੇ ਜੀਵਨ ਨੂੰ ਸਹਾਰਾ ਦੇਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ‘ਸੀਨੀਅਰ ਸਿਟੀਜ਼ਨ ਡੇਅ ਕੇਅਰ ਸੈਂਟਰ’ ਤਿਆਰ ਕਰਕੇ ਦਿੱਤਾ ਗਿਆ ਹੈ। ਉਨਾਂ ਭਰੋਸਾ ਦਿੱਤਾ ਕਿ ਵੈਸੇ ਤਾਂ ਪਹਿਲਾਂ ਹੀ ਜ਼ਿਲਾ ਲੁਧਿਆਣਾ ਦੇ ਹਰੇਕ ਦਫ਼ਤਰ ਜਾਂ ਅਦਾਰੇ ਵਿੱਚ ਬਜ਼ੁਰਗਾਂ, ਔਰਤਾਂ ਅਤੇ ਅੰਗਹੀਣਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਫਿਰ ਉਹ ਇਸ ਸੰਬੰਧੀ ਸਾਰੇ ਅਧਿਕਾਰੀਆਂ ਨੂੰ ਮੁੜ ਤੋਂ ਹਦਾਇਤਾਂ ਜਾਰੀ ਕਰਨਗੇ। ਇਸ ਤੋਂ ਇਲਾਵਾ ਪੁਲਿਸ ਨਾਲ ਸੰੰਬੰਧਤ ਮਾਮਲਿਆਂ ਵਿੱਚ ਬਜ਼ੁਰਗਾਂ ਨਾਲ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਨਾ ਹੋਣ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਸ੍ਰੀ ਭਗਤ ਨੇ ਕਿਹਾ ਕਿ ‘ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ-2007’ ਨੂੰ ਸੁਚੱਜੇ ਤਰੀਕੇ ਨਾਲ ਲਾਗੂ ਕਰਾਉਣ ਦੇ ਮੰਤਵ ਨਾਲ ਸਮੇਂ-ਸਮੇਂ ‘ਤੇ ਮੀਟਿੰਗਾਂ ਕਰਕੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਬਜ਼ੁਰਗਾਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਮੁਹਿੰਮ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ, ਜਿਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਬਜ਼ੁਰਗਾਂ ਨਾਲ ਸਿੱਧਾ ਸੰਪਰਕ ਬਣਾਉਣ ਹਿੱਤ 100 ਸਾਲ ਤੋਂ ਉੱਪਰ ਉਮਰ ਵਾਲੇ 66 ਬਜ਼ੁਰਗਾਂ ਦਾ ਹਰ ਤਿੰਨ ਮਹੀਨੇ ਬਾਅਦ ਮੁਫ਼ਤ ਮੈਡੀਕਲ ਜਾਂਚ ਵਿੱਚ ਨਿਰੀਖਣ ਅਤੇ ਬਣਦਾ ਇਲਾਜ਼ ਕੀਤਾ ਜਾਂਦਾ ਹੈ।
ਇਸ ਮੌਕੇ ਉਨਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਬਜ਼ੁਰਗਾਂ ਦੀ ਸਹਾਇਤਾ ਲਈ ਇੱਕ ਡਾਇਪਰ ਵੈਂਡਿੰਗ ਮਸ਼ੀਨ ਵੀ ਭੇਟ ਕੀਤੀ, ਜੋ ਕਿ ਸੀਨੀਅਰ ਸਿਟੀਜ਼ਨ ਹੋਮ ਸਰਾਭਾ ਨਗਰ ਵਿਖੇ ਸਥਾਪਤ ਕੀਤੀ ਜਾਵੇਗੀ। ਸ੍ਰੀ ਭਗਤ ਨੇ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਕਈ ਬਜ਼ੁਰਗਾਂ ਨੂੰ ‘ਡਾਇਪਰ’ ਦੀ ਬਹੁਤ ਲੋੜ ਰਹਿੰਦੀ ਹੈ, ਜਿਸ ਲਈ ਜ਼ਿਲਾ ਪ੍ਰਸਾਸ਼ਨ ਨੇ ਇਹ ਮਸ਼ੀਨ ਬੰਗਲੌਰ ਤੋਂ ਤਿਆਰ ਕਰਵਾਈ ਹੈ। ਉਨਾਂ ਦੱਸਿਆ ਕਿ ਆਮ ਤੌਰ ‘ਤੇ ਬਜ਼ੁਰਗਾਂ ਦੇ ਡਾਇਪਰ ਬਹੁਤ ਮਹਿੰਗੇ ਮਿਲਦੇ ਹਨ ਪਰ ਇਸ ਮਸ਼ੀਨ ਰਾਹੀਂ ਬਹੁਤ ਹੀ ਵਾਜ਼ਬ ਭਾਅ (ਸਿਰਫ਼ 40 ਰੁਪਏ) ‘ਤੇ ਬਜ਼ੁਰਗ ਇਹ ਡਾਇਪਰ ਪ੍ਰਾਪਤ ਕਰ ਸਕਣਗੇ। ਜੇਕਰ ਇਹ ਤਜ਼ਰਬਾ ਸਫ਼ਲ ਰਿਹਾ ਤਾਂ ਉਹ ਭਵਿੱਖ ਵਿੱਚ ਹੋਰ ਵੀ ਮਸ਼ੀਨਾਂ ਸਥਾਪਤ ਕਰਾਉਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਕਰਕਰਾ ਨੇ ਜ਼ਿਲਾ ਪ੍ਰਸਾਸ਼ਨ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਜ਼ਿਲਾ ਪ੍ਰਸਾਸ਼ਨ ਨੂੰ ਭਰੋਸਾ ਦਿੱਤਾ ਕਿ ਉਹ ਵਧੀਆ ਸਮਾਜ ਦੀ ਉਸਾਰੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।
ਇਸ ਤੋਂ ਪਹਿਲਾਂ ਉਪਰੋਕਤ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਥਾਨਕ ਭਾਈ ਬਾਲਾ ਚੌਕ ਤੱਕ ਮਾਰਚ (ਵਾਕਾਥੌਨ) ਵੀ ਕੱਢਿਆ। ਇਸ ਮਾਰਚ ਵਿੱਚ 500 ਤੋਂ ਵਧੇਰੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਬਜ਼ੁਰਗਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਬੀ. ਆਰ. ਭੁੰਬਲੇ, ਪ੍ਰਸਿੱਧ ਲੇਖਕ ਸ੍ਰ. ਜਸਵੰਤ ਕੰਵਲ, ਸ਼੍ਰੀਮਤੀ ਬੀ. ਰਾਏ ਤੇ ਸ਼੍ਰੀਮਤੀ ਪਰਮਜੀਤ ਕੌਰ ਕਾਹਲੋਂ (ਸਿੱਖਿਆ ਸਾਸ਼ਤਰੀ), ਸ੍ਰੀ ਹਰੀਸ਼ ਰਾਏ ਢਾਂਡਾ ਦੇ ਮਾਤਾ ਅਤੇ ਸਾਬਕਾ ਪੀ. ਸੀ. ਐੱਸ. ਅਧਿਕਾਰੀ ਸ੍ਰ. ਜੇ. ਪੀ. ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਇੰਦਰਪ੍ਰੀਤ ਕੌਰ, ਜ਼ਿਲਾ ਪ੍ਰੀਸ਼ਦ ਦੇ ਸਕੱਤਰ ਸ੍ਰ. ਹਰਕਮਲਜੀਤ ਸਿੰਘ, ਡਾ. ਏ. ਐੱਸ. ਖਹਿਰਾ, ਸ੍ਰੀ ਸਤਿਆ ਦੇਓ ਤਿਵਾੜੀ, ਸ਼੍ਰੀਮਤੀ ਨੀਲਮ ਖੋਸਲਾ, ਸ੍ਰੀ ਲੋਕੇਸ਼ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

Related posts

ਮੈਂਬਰ ਗਿਆਨ ਚੰਦ ਨੇ ਜ਼ਿਲਾ ਭਲਾਈ ਦਫ਼ਤਰ ਵੱਲੋਂ ਆਯੋਜਿਤ ਮੀਟਿੰਗ ਵਿੱਚ ਸੁਣੀਆਂ ਸ਼ਿਕਾਇਤਾਂ

INP1012

ਮੁੱਖ ਮੰਤਰੀ ਵੱਲੋਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਭੇਟ

INP1012

ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਘੱਲੂਘਾਰੇ ਦੇ ਸਮੂਹ ਸਿੱਘਾ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 4 ਜੂਨ ਨੂੰ —

INP1012

Leave a Comment