Artical Featured India Punjab Punjabi Social

ਚਲੋ ਭਾਈ, ਆਪੋ-ਆਪਣੇ ਘਰਾਂ ਨੂੰ

ਡੰਗ ਅਤੇ ਚੋਭਾਂ
ਗੁਰਮੀਤ ਸਿੰਘ ਪਲਾਹੀ
ਚਲੋ ਭਾਈ, ਆਪੋਆਪਣੇ ਘਰਾਂ ਨੂੰ
ਖ਼ਬਰ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨਾਂ ਵਿੱਚ ਜਾਰੀ ਕੀਤੇ ਗਏ ਸਰਹੱਦੀ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਮੁਕੰਮਲ ਤੌਰ ‘ਤੇ ਵਾਪਸ ਲਏ ਗਏ ਹਨ ਅਤੇ ਇਹ ਹੁਕਮ ਤੁਰੰਤ ਲਾਗੂ ਹੋਣਗੇ।ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਖਾਲੀ ਕਰਵਾਉਣ ਦਾ ਫੈਸਲਾ ਸਰਜੀਕਲ ਸਟਰਾਈਕ ਦੇ ਮੱਦੇ ਨਜ਼ਰ ਲਿਆ ਗਿਆ ਸੀ। ਸੁਖਬੀਰ ਨੇ ਲੋਕਾਂ ਦੀ ਵਾਪਸੀ ਬਿਨਾਂ ਖੱਜਲ ਖੁਆਰੀ ਯਕੀਨੀ ਬਨਾਉਣ ਦੇ ਨਿਰਦੇਸ਼ ਦਿਤੇ ਹਨ ਅਤੇ ਕੇਂਦਰ ਸਰਕਾਰ ਨੂੰ ਸਰਹੱਦੀ ਕਿਸਾਨਾਂ ਦਾ ਮੁਆਵਜਾ ਵਧਾਉਣ ਲਈ ਕਿਹਾ ਹੈ। ਯਾਦ ਰਹੇ ਪੰਜਾਬ ਦੇ ਸਰਹੱਦੀ ਇਲਾਕੇ ਦੇ 1000 ਪਿੰਡਾਂ ਨੂੰ ਪਿੰਡ ਖਾਲੀ ਕਰਨ ਦੇ ਹੁਕਮ ਮਿਲੇ ਸਨ।
ਲਉ ਜੀ, ਇਹਨੂੰ ਕਹਿੰਦੇ ਆ ‘ਚਿੜੀਓ ਮਰ ਜਾਓ, ਚਿੜੀਓ ਜੀਓ ਪਉ’। ਵਿਚਾਰੇ ਲੋਕ ਝੋਨੇ ਦੀ ਕਟਾਈ ‘ਤੇ ਲੱਗੇ ਹੋਏ ਸਨ, ਦਾਲਾਂ ਦੀਆਂ ਫਸਲਾਂ ਦੀ ਕਟਾਈ ਦੀ ਤਿਆਰੀ ‘ਚ ਸਨ, ਉਪਰੋਂ ਹੁਕਮ ਆ ਗਏ, ਕਰ ਦਿÀ ਘਰ ਖਾਲੀ, ਗੁਆਢੋਂ ‘ਟਿੱਡੀ ਦਲ’ ਮਾਰ ਕਰਨ ਲੱਗਾ ਆ, ਆਫਤ ਆਉਣ ਵਾਲੀ ਆ। ਜੀਹਦੇ ਹੱਥ ਘਰ ਦਾ ਜੋ ਲੱਗਾ, ਟਕਾ ਧੇਲਾ, ਪੋਟਲੀ ‘ਚ ਪਾ, ਟਰਾਲੀਆਂ, ਟਰੱਕਾਂ, ਰੇਹੜਿਆਂ, ਰਿਕਸ਼ਿਆਂ, ਟੈਂਪੂਆਂ, ਉਤੇ ਕੱਪੜਾ-ਲੱਤਾ ਲੱਦ ਵਹੀਰਾਂ ਘੱਤ ਰਿਸ਼ਤੇਦਾਰ ਦੇ ਘਰਾਂ ਵੱਲ ਹੋ ਤੁਰਿਆ। ਰਿਸ਼ਤੇਦਾਰ, ਦੋਸਤ, ਮਿੱਤਰ ਤਾਂ ਭਾਈ ਸੁੱਖ ਵੇਲੇ ਦਾ ਆ, ਦੁਖ ਵੇਲੇ ਉਨਾਂ ਬੂਹੇ ਢੋਅ ਲਏ ਤਾਂ ਸਰਕਾਰੀ ਆਸ਼ਿਆਨਿਆ, ਜਾਂ ਗੁਰੂ ਘਰਾਂ ‘ਚ ਲੋਕ ਜਾ ਵਿਰਾਜੇ ਜਾਂ ਭਾਈ ਜੋ ਹੋਊ ਦੇਖੀ ਜਾਊ ਆਖ, ਪਿੰਡੋਂ ਬਾਹਰ ਜਾਣੋ ਇਨਕਾਰ ਕਰੀ ਗਏ। ਤੇ ਹੁਣ ਸਰਕਾਰ ਨੂੰ ਆ ਗਿਆ ਸੁਪਨਾ ਕਿ ਸਰਹੱਦ ਉਤੇ ਹਾਲਾਤ ਤਾਂ ਆਮ ਵਰਗੇ ਆ, ਨਾ ਕੋਈ ਕੁਸਕਦਾ, ਨਾ ਕੋਈ ਬੋਲਦਾ। ਇਧਰਲੇ ਇਧਰ ਵੱਲ ਨੂੰ, ਉਧਰਲੇ ਉਧਰ ਵੱਲ ਨੂੰ ਮੂੰਹ ਕਰੀ ਬੱਸ ਲੈਫਟ-ਰਾਈਟ, ਲੈਫਟ-ਰਾਈਟ ਕਰੀ ਜਾਂਦੇ ਆ ਤੇ ਦੋਹਾਂ ਪਾਸਿਆ ਦੇ ਬਹੁਤੇ ਨੇਤਾ ਸਿਆਸੀ ਰੋਟੀਆਂ ਸੇਕੀ ਜਾਂਦੇ ਆ, ਖਬਰਾਂ ਨੂੰ ਤੁੜਕੇ ਲਾਈ ਜਾਂਦੇ ਆ, ਆਪੋ ਆਪਣਾ ਧੁਤੂ ਵਜਾਈ ਜਾਂਦੇ ਆ, ਭਗਵੇਂ ਮੋਦੀ ਦੇ ਗੁਣ ਗਾਈ ਜਾਂਦੇ ਆ, ਹਰੇ ‘ਸ਼ਰੀਫ’ ਨੂੰ ‘ਸ਼ਰੀਫਾ’ ਬਣਾਈ ਜਾਂਦੇ ਆ। ਅਤੇ ਆਹ ਆਪਣੀ ਕੁਝ ਚਿਰ ਦੀ ਪਰੁਹਣੀ ਸਰਹੱਦੀ ਸਰਕਾਰ ਹੁਕਮ ਚੜੀ ਜਾਂਦੀ ਆ, “ਆਹ ਆ ਗਿਆ ਵੋਟਾਂ ਦਾ ਵੇਲਾ, ਹੋ ਜੋ ਤਿਆਰ, ਸਬਸਿਡੀ ਵੀ ਦੂਹਰੀ ਮਿਲੂ, ਹੋਰ ਗੱਫੇ ਵੀ ਮਿਲਣਗੇ, ਚਲੋ ਭਾਈ, ਆਪੋ ਆਪਣੇ ਘਰਾਂ ਨੂੰ, ਬਥੇਰਾ ਨਾਨਕੇ, ਦਾਦਕੇ ਵੇਖ ਲਏ”।
   ਜੇਬਾਂ ਖਾਲੀ , ਖੀਸੇ ਖਾਲੀ
    ਖਬਰ ਹੈ ਕਿ ਪੰਜਾਬ ਵਿੱਚ ਭਾਵੇਂ ਝੋਨੇ ਦੀ ਸਰਕਾਰ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੈ, ਪਰ ਕਿਸਾਨਾਂ ਨੂੰ ਅਜੇ ਤੱਕ ਵੀ ਝੋਨੇ ਦੀ ਅਦਾਇਗੀ ਨਹੀਂ ਕੀਤੀ ਜਾਣ ਲੱਗੀ। ਖਰੀਦ ਏਜੰਸੀਆਂ ਨੇ ਆੜਤੀਆਂ ਤੋਂ ਅਦਾਇਗੀ ਦੇ ਬਿੱਲ ਹਾਸਲ ਕਰਕੇ ਜ਼ਿਲਾ ਦਫਤਰਾਂ ਨੂੰ ਭੇਜ ਦਿਤੇ, ਪਰ ਅਜੇ ਤੱਕ ਬੈਂਕਾਂ ਨੇ ਕੈਸ਼ ਕਰੇਡਿਟ ਲਿਸਟ ਦੀ ਰਾਸ਼ੀ ਜਾਰੀ ਕਰਨੀ ਸ਼ੁਰੂ ਨਹੀਂ ਕੀਤੀ, ਸਿੱਟੇ ਵਜੋਂ ਕਿਸਾਨ ਮੰਡੀ ਤੋਂ ਖਾਲੀ ਜੇਬਾਂ ਨਾਲ ਮੁੜ ਰਹੇ ਹਨ।
ਪਹਿਲਾਂ ਹੀ ਤੂਸੀਆਂ ਜੇਬਾਂ ਤਾਂ ਭਾਈ ਆੜਤੀਆਂ ਦੀਆਂ ਭਰਨੀਆਂ ਹਨ, ਜਿਨਾਂ ਤੋਂ ਪਹਿਲਾਂ ਹੀ ਕਿਸਾਨਾਂ ਨੇ ਪੈਸੇ ਲਏ ਹੋਏ ਹਨ, ਕੰਨਿਆ ਦੇ ਵਿਆਹ ਲਈ, ਘਰ ਦੀਆ ਲੋੜਾਂ ਲਈ। ਕਿਸਾਨਾਂ ਦੇ ਪੱਲੇ ਤਾਂ ਬੱਸ ਚੂਰ-ਭੂਰ ਪੈਣੀ ਆ, ਜੀਹਦੇ ਨਾਲ ਇੱਕ ਨਹੀਂ ਤਾਂ ਦੋ ਮਹੀਨੇ ਲੰਘ ਜਾਣਗੇ ਸੰਘ ‘ਤਰ’ ਕਰਨ ਲਈ। ਉਂਜ ਭਾਈ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੀ ਸਰਕਾਰ ਦੀ ਹਾਲਤ ਤਾਂ ਇੱਕੋ ਜਿਹੀ ਆ, ਨਾ ਕਿਸਾਨ ਦੇ ਪੱਲੇ ਆ ਕੁਝ, ਨਾ ਸਰਕਾਰ ਦੀ ਝੋਲੀ ਭਰੀ ਹੋਈ ਆ। ਵਾਲ-ਵਾਲ ਕਿਸਾਨ ਕਰਜਾਈ ਆ। ਤਿਲ-ਤਿਲ ਸਰਕਾਰ ਕਰਜਾਈ ਆ।ਵਾਲ-ਵਾਲ ਆੜਤੀਆਂ ਕਿਸਾਨ ਨੂੰ ਫਾਇਆ ਹੋਇਆ। ਪੋਟਾ-ਪੋਟਾ ਬੈਂਕਾਂ ਨੇ ਸਰਕਾਰ ਦਾ ਦੱਬਿਆ ਹੋਇਆ। ਕਿਸਾਨ ਦੀ ਜੇਬ ਖਾਲੀ ਆ। ਸਰਕਾਰ ਦਾ ਖੀਸਾ ਖਾਲੀ ਆ। ਤਦੇ ਦੋਵੇਂ ਇੱਕ ਸੁਰ ‘ਚ ਗਾਉਂਦੇ ਨਜ਼ਰ ਆਉਂਦੇ ਆ, “ਗਰਜ਼ ਬਰਸ ਪਿਆਸੀ ਧਰਤੀ ਕੋ, ਫਿਰ ਪਾਨੀ ਦੇਹ ਮੌਲਾ, ਪਾਨੀ ਦੇਹ ਮੌਲਾ।ਚਿੜੀਆ ਕੋ ਦਾਨੇ, ਬੱਚੋਂ ਕੋ ਗੁੜਦਾਨੀ ਦੇ ਮੌਲਾ”।
ਮੈਂ ਤੁਮਕੋ ਵਿਸ਼ਵਾਸ਼ ਦੂੰ
   ਖਬਰ ਹੈ ਕਿ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਉਤੇ ਦੋਸ਼ ਲਾਏ ਹਨ ਕਿ ਪੰਜਾਬ ਸਰਕਾਰ ਦੇ ਪ੍ਰਧਾਨ ਅਮਰਿੰਦਰ ਸਿੰਘ ਨੂੰ ਅਦਾਲਤੀ ਕੇਸਾਂ ‘ਚੋਂ ਬਚਾਉਣ ਦੀ ਸਰਕਾਰ ਨੇ ਤਿਆਰੀ ਕਰ ਲਈ ਹੈ। ਉਨ•ਾਂ ਦੱਸਿਆ ਕਿ ਅਮਰਿੰਦਰ ਵਿਰੁੱਧ ਅਦਾਲਤ ‘ਚ ਟਰੱਸਟ ਜ਼ਮੀਨ ਘਪਲੇ ਦਾ ਜੋ ਕੇਸ ਚੱਲ ਰਿਹਾ ਹੈ, ਉਹ ਇਹ ਕਹਿਕੇ ਖਤਮ ਕਰਨ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਇਹ ਕੇਸ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਬਾਰੇ ਵਿਜੀਲੈਂਸ ਪੰਜਾਬ ਦੇ ਵਕੀਲ ਨੇ ਮੁਹਾਲੀ ਅਦਾਲਤ ਵਿੱਚ ਅਰਜ਼ੀ ਵੀ ਦੇ ਦਿਤੀ ਹੈ।
ਉਤਰ ਕਾਟੋ ਮੈਂ ਚੜਾਂ ਦੀ ਸਿਆਸਤ ਆ ਪੰਜਾਬ ‘ਚ ਭਾਈ। ਅੱਜ ਅਕਾਲੀ, ਕੱਲ ਕਾਂਗਰਸ ! ਮੁੜ ਕਾਂਗਰਸ ! ਫਿਰ ਕਾਂਗਰਸ ! ਫਿਰ ਅਕਾਲੀ ! ਪੰਜਾਬ ਤੇ ਰਾਜ ਕਰਨ ਲਈ ਭਾਈ ਹੋਰ ਤੀਜੀ ਧਿਰ ਦੀ ਤਾਂ ਜ਼ਰੂਰਤ ਹੀ ਕੋਈ ਨਾ? ਤਦੇ ਪੰਜ ਵਰੇ ਅਕਾਲੀ ਜੋ ਜੀ ਆਇਆ ਕਰਦੇ ਆ, ਅਤੇ ਅਗਲੇ ਪੰਜ ਵਰੇ ਕਾਂਗਰਸੀ ਪੰਜਾਬ ਰਾਜ ਦੀ ਸੇਜ ਮਾਣਦੇ ਆ। ਲੋਕਾਂ ਦੇ ਮੋਛੇ ਪਾਉਂਦੇ ਆ, ਏ.ਸੀ. ਕਾਰਾਂ ਭਜਾਉਂਦੇ ਆ। ਮਹੱਲਾਂ ਵਿੱਚ ਸੌਂਦੇ ਆ। ਦਿਨੇ-ਰਾਤ ਧੂੜਾਂ ਉਡਾਉਂਦੇ ਆ। ਜਦੋਂ ਇੱਕ ਨੂੰ ਯਕੀਨ ਹੋ ਜਾਂਦਾ ਕਿ ਲੋਕ ਉਨਾਂ ਤੋਂ ਅੱਕ-ਥੱਕ ਗਏ ਆ, ਉਹ ਅਗਲੇ ਪੰਜ ਵਰੇ ਭੋਰੇ ‘ਚ ਜਾਣ ਦੀਆਂ ਤਿਆਰੀਆਂ ਕਰਨ ਤੋਂ ਪਹਿਲਾਂ ਇੱਕ ਦੂਜੇ ਨੂੰ ਆਖਦੇ ਆ, “ਮੈਂ ਤੁਮਕੋ ਵਿਸਵਾਸ਼ ਦੂੰ, ਤੂੰ ਮੁਝਕੋ ਵਿਸਵਾਸ਼ ਦੋ” ਤੇ ਇੱਕ ਦੂਜੇ ਦੇਨਾਲ ਕੀਤੀਆਂ ਲੜਾਈਆਂ, ਅਦਾਲਤੀ ਕੇਸ ਵਾਪਸ ਲੈਣ ਦੀ ਤਿਆਰੀ ਕਰ ਲੈਂਦੇ ਆ, ਤਾਂ ਕਿ ਸਨਦ ਰਹੇ ਅਗਲੀ ਸਰਕਾਰ ਸਿੱਧੀ ਸਪਾਟ, ਬਿਨਾਂ ਰੋਕ-ਟੋਕ ਚੱਲਦੀ ਰਹੇ।
ਦੇਸ਼ ਭਗਤੀ, ਰਾਹੁਲ ਭਗਤੀ
    ਖਬਰ ਹੈ ਕਿ ਰਾਹੁਲ ਗਾਂਧੀ ਵਲੋਂ ਮੋਦੀ ਸਰਕਾਰ ਉਤੇ ‘ਜਵਾਨਾਂ ਦੇ ਖੂਨ ਦੀ ਦਲਾਲੀ’ ਦਾ ਦੋਸ਼ ਲਗਾਉਣ ਤੋਂ ਬਾਅਦ ਭਾਜਪਾ ਪ੍ਰਧਾਨ ਸ਼ਾਹ ਨੇ ਰਾਹੁਲ ਅਤੇ ਕੇਜਰੀਵਾਲ ਨੂੰ ਘੇਰਿਆ। ਕੇਂਦਰੀ ਕਾਨੂੰਨ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਲਈ ਦੇਸ਼ ਤੋਂ ਜ਼ਿਆਦਾ ਜ਼ਰੂਰੀ ਰਾਹੁਲ ਨਾਲ ਵਫਾਦਾਰੀ ਨਿਭਾਉਣਾ ਹੈ। ਸ਼ਾਹ ਨੇ ਕਿਹਾ ਕਿ ਸਰਜੀਕਲ ਦਾ ਸਬੂਤ ਉਹ ਲੋਕ ਮੰਗ ਰਹੇ ਹਨ ਜੋ ਭਾਰਤ ਦੇ ਖਿਲਾਫ ਹਨ। ਸ਼ਾਹ ਨੇ ਕਿਹਾ ਕਿ ਦਲਾਲੀ ਕਾਂਗਰਸ ਦੀ ਆਦਤ ਹੈ ਤੇ ਬੋਫੋਰਜ ਤੋਂ ਲੈਕੇ ਐਂਬੇਅਰ ਤੱਕ ਅਤੇ ਕੋਲਗੇਟ ਤੋਂ 2-ਜੀ ਤੱਕ ਉਨਾਂ ਨਾ ਦਲਾਲੀ ਕੀਤੀ।
ਹਰ ਛੋਟਾ ਨੇਤਾ , ਵੱਡੇ ਨੇਤਾ ਦਾ ਆ ਭਗਤ ਇਥੇ। ਜਿੱਡਾ ਵੱਡਾ ਨੇਤਾ, ਉਨੇ ਹੀ ਜਿਆਦਾ ਉਹਦੇ ਭਗਤ ! ਮੋਦੀ ਭਗਤ, ਮੋਦੀ ਦਾ; ਲਾਲੂ ਭਗਤ, ਲਾਲੂ ਦਾ; ਸ਼ਾਹ ਭਗਤ, ਸ਼ਾਹ ਦਾ; ਰਾਹੁਲ ਭਗਤ, ਰਾਹੁਲ ਦਾ; ਖਿਆਲ ਨਹੀਂ ਰੱਖਣਗੇ ਤਾਂ ਭਾਈ ਦੇਸ਼ ਦੀ ਬਾਕੀ ਜਨਤਾ ਰੱਖੂ? ਲੋਕਾਂ ਨੂੰ ਨੇਤਾ ਦਿਸਦੇ ਆ ਵਰੇ ਛਿਮਾਹੀ, ਕਿਥੋਂ ਯਾਦ ਰੱਖਣ ਕਿ ਉਨਾਂ ਦਾ ਨੇਤਾ ਕੌਣ ਹੈ? ਇਹ ਭਗਤ ਹੀ ਦੱਸਦੇ ਆ ਭਾਈ ਕਿ ਉਨਾਂ ਦਾ ਅਸਲੀ ਨੇਤਾ ਕੌਣ ਆ? ਇਹ ਭਗਤ ਹੀ ਦਸਦੇ ਆ ਦੇਸ਼ ਭਗਤੀ ਕਿਸ ਗਿੱਦੜਸਿੰਘੀ ਦਾ ਨਾਮ ਆ, ਨਹੀਂ ਤਾਂ ਨੇਤਾ ਲੋਕ ਕੀ ਜਾਨਣ ਦੇਸ਼ ਭਗਤੀ ਦੇ ਅਰਥ? ਕੁਝ ਨੇਤਾਵਾਂ ਲਈ ਰਾਜ ਕਰਨਾ ਦੇਸ਼ ਭਗਤੀ ਆ, ਤੇ ਕੁਝ ਲੋਕਾਂ ਲਈ ਹਰ ਹੀਲੇ ਰਾਜ ਸੱਤਾ ਉਤੇ ਕਬਜ਼ਾ ਕਰਨਾ ਦੇਸ਼ ਭਗਤੀ ਆ। ਕੁਝ ਨੇਤਾਵਾਂ ਲਈ ਦੂਜੇ ਧਰਮਾਂ ਨੂੰ ਠੂਠਾ ਦਿਖਾਉਣਾ ਦੇਸ਼ ਭਗਤੀ ਆ, ਤੇ ਕੁਝ ਨੇਤਾਵਾਂ ਲਈ ਦੂਜੇ ਧਰਮਾਂ ਨੂੰ ਦੇਸ਼ੋਂ ਭਜਾਉਣਾ ਦੇਸ਼ ਭਗਤੀ ਆ। ਬਾਕੀ ਰਹੀ ਰਾਹੁਲ ਭਗਤੀ ਦੀ ਗੱਲ, ਇਹ ਤਾਂ ਭਾਈ “ਸਦੀ ਪੁਰਾਣੇ” ਭਗਤਾਂ ਦਾ ਜਨਮ ਸਿੱਧ ਅਧਿਕਾਰ ਆ!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
. ਦੁਨੀਆਂ ਦੇ 146 ਦੇਸ਼ਾ ਵਿੱਚ ਭਾਰਤੀ ਮੂਲ ਦੇ ਲਗਭਗ 20 ਕਰੋੜ 82 ਲੱਖ ਲੋਕ ਰਹਿੰਦੇ ਹਨ। ਇਨਾਂ ਵਿੱਚੋਂ 54 ਦੇਸ਼ਾਂ ਵਿੱਚ 1000 ਤੋਂ ਵੀ ਘੱਟ ਭਾਰਤੀ ਲੋਕ ਹਨ। ਅਮਰੀਕਾ ਵਿੱਚ 44.6 ਲੱਖ, ਸਾਉਦੀ ਅਰਬ 26.03 ਲੱਖ, ਮਲੇਸ਼ੀਆ 21.3 ਲੱਖ, ਬਰਤਾਨੀਆ 17.7 ਲੱਖ, ਸ਼੍ਰੀ ਲੰਕਾ 16.1 ਲੱਖ, ਦੱਖਣੀ ਅਫਰੀਕਾ 15.6 ਲੱਖ, ਮਿਆਂਮਾਰ 15.1 ਲੱਖ ਅਤੇ ਕੈਨੇਡਾ ‘ਚ ਭਾਰਤੀਆਂ ਦੀ ਗਿਣਤੀ 10.18 ਲੱਖ ਹੈ।
ਇੱਕ ਵਿਚਾਰ
  ਬੁਧੀਮਾਨਾ ਦੇ ਲਈ ਜੀਵਨ ਇੱਕ ਸੁਪਨਾ ਹੈ, ਮੂਰਖਾਂ ਲਈ ਖੇਡ ਅਤੇ ਗਰੀਬਾਂ ਲਈ ਤ੍ਰਾਸਦੀ . ਸੋਲੋਮ ਓਲਿਕੇਮ

Related posts

ਵਿਕਾਸ ਦਰ ਦੀ ਸੁਸਤੀ ਸਰਕਾਰ ਲਈ ਵੱਡੀ ਚੁਣੌਤੀ–ਗੁਰਮੀਤ ਪਲਾਹੀ

INP1012

ਜਿਲ੍ਹਾ ਪ੍ਰਧਾਨ ਬੀਬੀ ਚੀਮਾ ਵਲੋ ਪਟਿਆਲਾ ‘ਚ ਮੀਟਿੰਗ ਭਲਕੇ

INP1012

ਭਾਰੀ ਮੀਂਹ ਕਾਰਣ ਫਸਲਾਂ ਡੁੱਬੀਆਂ

INP1012

Leave a Comment