Featured India National News Political Punjab Punjabi Social

ਭੋਜਨ ਦਾ ਖ਼ਰਾਬਾ ਤੇ ਭੁੱਖਮਰੀ ਰੋਕਣ ਲਈ ਮੋਬਾਈਲ ਐਪ ‘ਫੂਡ2ਸ਼ੇਅਰ’ ਦੀ ਸ਼ੁਰੂਆਤ

*ਹਰੇਕ ਲੋੜਵੰਦ ਤੱਕ ਭੋਜਨ ਪਹੁੰਚਾਉਣਾ ਚੁਣੌਤੀ, ਲੋਕ ਸਹਿਯੋਗ ਕਰਨ-ਡਿਪਟੀ ਕਮਿਸ਼ਨਰ
*ਬੇਘਰੇ ਤੇ ਪੀੜਤ ਲੋਕਾਂ ਦੀ ਵੀ ਕੀਤੀ ਜਾਵੇਗੀ ਸਹਾਇਤਾ-ਸ਼ਿਵ ਰਾਮ ਸਰੋਏ
ਲੁਧਿਆਣਾ, 22 ਨਵੰਬਰ  (ਸਤ ਪਾਲ ਸੋਨੀ) ਵਿਆਹਾਂ ਅਤੇ ਹੋਰ ਸਮਾਗਮਾਂ ‘ਤੇ ਨਿੱਤ ਦਿਨ ਵਾਧੂ ਭੋਜਨ ਦੇ ਹੋ ਰਹੇ ਖ਼ਰਾਬੇ ਨੂੰ ਰੋਕਣ ਅਤੇ ਇਸ ਭੋਜਨ ਨਾਲ ਲੋੜਵੰਦ ਲੋਕਾਂ ਦਾ ਢਿੱਡ ਭਰਨ ਦੇ ਮਕਸਦ ਨਾਲ ਜ਼ਿਲਾ ਪ੍ਰਸਾਸ਼ਨ ਦੀ ਅਗਵਾਈ ਵਿੱਚ ਗੈਰ ਸਰਕਾਰੀ ਸੰਸਥਾ ਅੰਨ ਜਲ ਸੇਵਾ ਟਰੱਸਟ (ਰਜਿ.) ਵੱਲੋਂ ‘ਫੂਡ2ਸ਼ੇਅਰ’ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਐਂਡਰਾਈਡ ਅਤੇ ਆਈਓਐੱਸ ਤਕਨੀਕਯੁਕਤ ਮੋਬਾਈਲ ‘ਤੇ ਡਾਊਨਲੋਡ ਕਰਕੇ ਵਰਤੀ ਜਾ ਸਕਦੀ ਹੈ। 01 ਸਿਨਰਜੀ ਗਰੁੱਪ ਵੱਲੋਂ ਤਿਆਰ ਕੀਤੀ ਇਸ ਮੋਬਾਈਲ ਐਪਲੀਕੇਸ਼ਨ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਸਥਾਨਕ ਜ਼ਿਲਾ ਰੈੱਡ ਕਰਾਸ ਭਵਨ ਵਿਖੇ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲਾਂਚ ਕੀਤਾ ਗਿਆ। ਦੇਸ਼ ਵਿੱਚੋਂ ਭੁੱਖਮਰੀ ਦੀ ਸਮੱਸਿਆ ਦਾ ਖ਼ਾਤਮਾ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਭਗਤ ਵੱਲੋਂ ਲਏ ਗਏ ਤਕਨੀਕ ਦੇ ਸਹਾਰੇ ਦੀ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸਰਾਹਨਾ ਕੀਤੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਵੀ ਭਗਤ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਲੱਗਦਾ ਹੈ ਕਿ ਉਨਾਂ ਵੱਲੋਂ ਤਿਆਰ ਕੀਤਾ ਗਿਆ ਭੋਜਨ (ਸਿਰਫ਼ ਵੈਜੇਟੇਰੀਅਨ) ਵਾਧੂ ਮਾਤਰਾ ਵਿੱਚ ਹੈ ਅਤੇ ਇਹ ਬਰਬਾਦ ਜਾਂ ਨਸ਼ਟ ਕਰਨ ਦੀ ਬਿਜਾਏ ਕਿਸੇ ਲੋੜਵੰਦ ਦੇ ਕੰਮ ਆ ਸਕਦਾ ਹੈ ਤਾਂ ਉਹ ਇਸ ਮੋਬਾਈਲ ਐਪ ‘ਤੇ ਇਸ ਬਾਰੇ ਜਾਣਕਾਰੀ ਲੋਡ (ਦਰਜ) ਕਰ ਸਕਦਾ ਹੈ। ਸੰਬੰਧਤ ਵਿਅਕਤੀ ਨੂੰ ਇਸ ਐਪ ਨੂੰ ਭੋਜਨ ਦੀ ਮਾਤਰਾ (ਭਾਵ ਕਿੰਨੇ ਵਿਅਕਤੀਆਂ ਦਾ ਖਾਣਾ ਹੈ) ਅਤੇ ਭੋਜਨ ਕਿਸ ਜਗਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਬਾਰੇ ਜਾਣਕਾਰੀ ਦਰਜ ਕਰਨੀ ਹੋਵੇਗੀ। ਜਾਣਕਾਰੀ ਅਪਲੋਡ ਕਰਨ ਹੋਣ ‘ਤੇ ਸੰਸਥਾ ਅੰਨ ਜਲ ਸੇਵਾ ਟਰੱਸਟ (ਰਜਿ.) ਦੇ ਵਲੰਟੀਅਰ ਸੰਬੰਧਤ ਵਿਅਕਤੀ ਨੂੰ ਖੁਦ ਸੰਪਰਕ ਕਰਨਗੇ ਅਤੇ ਭੋਜਨ ਨੂੰ ਲੈ ਜਾਣਗੇ। ਭੋਜਨ ਲਿਜਾਣ ਤੋਂ ਪਹਿਲਾਂ ਉਸ ਭੋਜਨ ਦੀ ਕੁਆਲਿਟੀ (ਗੁਣਵੱਤਾ) ਵੀ ਚੈੱਕ ਕੀਤੀ ਜਾਵੇਗੀ ਕਿ ਕੀ ਇਹ ਭੋਜਨ ਕਿਸੇ ਵਿਅਕਤੀ ਦੇ ਖਾਣ ਲਾਇਕ ਹੈ ਜਾਂ ਨਹੀਂ? ਇਕੱਤਰ ਕੀਤੇ ਗਏ ਭੋਜਨ ਨੂੰ ਵਲੰਟੀਅਰਾਂ ਜ਼ਰੀਏ ਹੀ ਅੱਗੇ ਲੋੜਵੰਦਾਂ ਵਿੱਚ ਤੁਰੰਤ ਵੰਡ ਦਿੱਤਾ ਜਾਇਆ ਕਰੇਗਾ।
ਸ੍ਰੀ ਭਗਤ ਨੇ ਕਿਹਾ ਕਿ ਵਿਸ਼ਵ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਇਥੇ ਸਾਲਾਨਾ 1.3 ਬਿਲੀਅਨ ਟਨ ਤਿਆਰ ਭੋਜਨ ਬਿਨਾ ਸਹੀ ਵਰਤੋਂ ਦੇ ਖ਼ਰਾਬ ਹੋ ਜਾਂਦਾ ਹੈ। ਇਕੱਲੇ ਅਮਰੀਕਾ ਦੇਸ਼ ਵਿੱਚ 40 ਫੀਸਦੀ ਤਿਆਰ ਭੋਜਨ ਖ਼ਰਾਬ ਹੁੰਦਾ ਹੈ, ਜੋ ਕਿ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੋਬਾਈਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਵਿਲੱਖਣ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਭੋਜਨ ਦੇ ਖ਼ਰਾਬੇ ਅਤੇ ਭੁੱਖਮਰੀ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਹਰੇਕ ਲੋੜਵੰਦ ਵਿਅਕਤੀ ਤੱਕ ਭੋਜਨ ਪਹੁੰਚਾਉਣਾ ਬਹੁਤ ਵੱਡੀ ਚੁਣੌਤੀ ਹੈ, ਜੋ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੈ। ਉਨਾਂ ਉਮੀਦ ਜਤਾਈ ਕਿ ਇਸ ਐਪ ਰਾਹੀਂ ਜਿੱਥੇ ਲੋੜਵੰਦ ਲੋਕਾਂ ਨੂੰ ਭੋਜਨ ਮਿਲੇਗਾ, ਉਥੇ ਸੜਕਾਂ ਕਿਨਾਰੇ ਖਾਣੇ ਲਈ ਭੀਖ ਮੰਗਦੇ ਲੋਕਾਂ ਅਤੇ ਉਨਾਂ ਨਾਲ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਅੰਨ ਜਲ ਸੇਵਾ ਟਰੱਸਟ (ਰਜਿ.) ਦੇ ਪ੍ਰਧਾਨ ਸ੍ਰੀ ਸ਼ਿਵ ਰਾਮ ਸਰੋਏ ਨੇ ਕਿਹਾ ਕਿ ਉਨਾਂ ਦੀ ਸੰਸਥਾ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਭੁੱਖ ਦੇ ਕਾਰਨ ਮੌਤ ਦੇ ਮੂੰਹ ਵਿੱਚ ਨਾ ਜਾਣਾ ਪਵੇ। ਉਨਾਂ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਲਈ ਉਨਾਂ ਨੇ 50 ਵਲੰਟੀਅਰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਹਨ, ਜੋ ਕਿ ਲੋਕਾਂ ਦੇ ਘਰਾਂ ਜਾਂ ਪੈਲੇਸਾਂ ਤੋਂ ਖਾਣਾ ਲੈ ਕੇ ਆਉਣਗੇ ਅਤੇ ਲੋਕਾਂ ਵਿੱਚ ਵੰਡਣਗੇ। ਲੋਕਾਂ ਵੱਲੋਂ ਸਹਿਯੋਗ ਮਿਲਣ ‘ਤੇ ਉਹ ਵਲੰਟੀਅਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰ ਦੇਣਗੇ। ਖਾਣਾ ਲਿਆਉਣ ਲਈ ਵਿਸ਼ੇਸ਼ ਵਾਹਨ ਤਿਆਰ ਕੀਤਾ ਗਿਆ ਹੈ, ਜਿਸ ਨੂੰ ਡਿਪਟੀ ਕਮਿਸ਼ਨਰ ਨੇ ਝੰਡੀ ਦਿਖਾ ਦੇ ਰਵਾਨਾ ਕੀਤਾ। ਉਨਾਂ ਕਿਹਾ ਕਿ ਇਸ ਐਪ ‘ਤੇ ਲੋਕ ਭੋਜਨ ਦੇ ਨਾਲ-ਨਾਲ ਵਾਧੂ ਗਰਮ ਕੱਪੜੇ ਅਤੇ ਹੋਰ ਸਮੱਗਰੀ ਬਾਰੇ ਵੀ ਸੂਚਨਾ ਦੇ ਸਕਦੇ ਹਨ, ਜੋ ਕਿ ਲੋੜਵੰਦਾਂ ਵਿੱਚ ਵੰਡੇ ਜਾਇਆ ਕਰਨਗੇ। ਇਸ ਤੋਂ ਇਲਾਵਾ ਉਨਾਂ ਦੀ ਸੰਸਥਾ ਬੇਘਰੇ ਅਤੇ ਕਿਸੇ ਨਾ ਕਿਸੇ ਬਿਮਾਰੀ ਤੋਂ ਗ੍ਰਸਤ ਵਿਅਕਤੀਆਂ ਦੇ ਇਲਾਜ਼ ਦੇ ਵੀ ਉਪਰਾਲੇ ਕਰੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਸਥਾ ਵੱਲੋਂ ਸਥਾਪਤ ਕੀਤੀ ਰੋਟੀ ਬਣਾਉਣ ਵਾਲੀ ਮਸ਼ੀਨ ਦਾ ਵੀ ਉਦਘਾਟਨ ਕੀਤਾ। ਇਹ ਮਸ਼ੀਨ ਦਾਨੀਆਂ ਵੱਲੋਂ ਇਕੱਤਰ ਕੀਤੀ ਰਾਸ਼ੀ ਨਾਲ ਖਰੀਦੀ ਗਈ ਹੈ। ਡਿਪਟੀ ਕਮਿਸ਼ਨਰ ਅਤੇ ਹੋਰ ਹਾਜ਼ਰੀਨ ਨੇ ਲੋੜਵੰਦ ਲੋਕਾਂ ਨਾਲ ਬੈਠ ਕੇ ਖਾਣਾ ਵੀ ਖਾਧਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਐਪ ਤਿਆਰ ਕਰਨ ਵਾਲੇ ਸ੍ਰੀ ਪ੍ਰੀਤ ਚੰਡੋਕ ਤੇ ਉਨਾਂ ਦੀ ਪਤਨੀ, ਏ. ਡੀ. ਸੀ. ਪੀ. ਸ੍ਰੀ ਸੁਰਿੰਦਰ ਲਾਂਬਾ, ਸਿਵਲ ਸਰਜਨ ਡਾ. ਰੇਨੂੰ ਛਤਵਾਲ, ਡਾ. ਕੁਲਵਿੰਦਰ ਸਿੰਘ, ਡਾ. ਸੀਮਾ ਜੈਨ, ਡਾ. ਸੁਚਿੱਤਰਾ ਕਾਲੀਆ, ਡਾ. ਮਨਜੀਤ ਕੌਰ, ਸ੍ਰੀ ਸੰਜੀਵ ਜੈਨ, ਸ੍ਰੀ ਬਾਂਸਲ, ਸ੍ਰੀ ਰਵੀ ਪਰਾਸ਼ਰ, ਸ੍ਰੀ ਦੀਪਕ ਪਰਾਸ਼ਰ, ਸ੍ਰੀ ਚਮਨ ਲਾਲ ਅਹੂਜਾ, ਸ੍ਰੀ ਵਿੱਕੀ ਕਪੂਰ, ਸ੍ਰੀ ਜਸਵਿੰਦਰ ਬਾਵਾ, ਸ੍ਰੀ ਆਰ. ਕੇ. ਰੇਸ਼ਮ, ਸ੍ਰੀ ਸੁਭਾਸ਼ ਸਿੰਗਲਾ, ਸ੍ਰੀ ਗੁਰਮੀਤ ਸਿੰਘ, ਸ੍ਰੀ ਕੁਲਭੂਸ਼ਣ ਸਿੰਗਲਾ, ਸ੍ਰੀ ਹਰਜੀਤ ਸਿੰਘ, ਸ੍ਰੀ ਸੰਜੇ ਸਿੰਗਲਾ, ਸ੍ਰ. ਚਮਕੌਰ ਸਿੰਘ ਅਤੇ ਹੋਰ ਹਾਜ਼ਿਰ ਸਨ।

Related posts

ਥਰਮੋਕੋਲ ਨੂੰ ਕਲੀਨ ਚਿੱਟ

INP1012

ਡੈਡੀਕੇਟਿਡ ਬ੍ਰਦਰਜ. ਗਰੁੱਪ ਨੇ ਸਕੂਲੀ ਵਿਦਿਆਰਥੀਆਂ ਨੂੰ 1000 ਐਕਸਰਸਾਈਜ. ਕਾਪੀਆਂ ਵੰਡੀਆਂ |

INP1012

ਸਮਾਜ ਸੇਵੀ ਕੰਮ ਕਰਨ ਵਾਲਿਆਂ ਦੀ ਬਣੇਗੀ ਡਾਇਰੈਕਟਰੀ ਅਤੇ ਵੈੱਬਸਾਈਟ

INP1012

Leave a Comment