Artical Featured India Political Punjab Punjabi Social

ਡੰਗ ਅਤੇ ਚੋਭਾਂ… ੨੨੭–ਗੁਰਮੀਤ ਸਿੰਘ ਪਲਾਹੀ

ਖੁਸ਼ਬੂ ਆ ਨਹੀਂ ਸਕਤੀ ਕਾਗ਼ਜ਼ ਕੇ ਫੂਲੋਂ ਸੇ
ਖਬਰ ਹੈ ਕਿ ਬੀਤੇ 18 ਸਾਲਾਂ ਵਿਚ ਬਠਿੰਡਾ ਜ਼ਿਲੇ ਵਿਚ ਤਿੰਨ ਪ੍ਰਧਾਨ ਮੰਤਰੀਆਂ ਦੇ ਪਬਲਿਕ ਸਮਾਗਮ ਹੋਏ। ਸੂਬੇ ਲਈ ਕੁਝ ਮਿਲਣ ਦੀ ਆਸ ਨਾਲ ਪ੍ਰਧਾਨ ਮੰਤਰੀਆਂ ਤੋਂ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ ਪਰ ਆਸ ਦੇ ਉੱਲਟ ਕੋਈ ਵੱਡਾ ਐਲਾਨ ਨਾ ਹੋਇਆ। ਪੰਜਾਬ ਦੌਰੇ ਸਮੇਂ ਪ੍ਰਧਾਨ ਮੰਤਰੀ ਮੋਦੀ ਤੋਂ ਵੱਡੇ ਪੈਕੇਜ ਦੀ ਆਸ ਸੀ ਪਰ ਮੋਦੀ ਨੇ ਪੰਜਾਬ ਦੀ ਸਤਲੁਜ, ਰਾਵੀ ਅਤੇ ਬਿਆਸ ਨਦੀ ਦਾ ਪਾਣੀ ਪਾਕਿਸਤਾਨ ਨੂੰ ਜਾਣੋਂ ਰੋਕਣ ਤੇ ਦੇਸ਼ ਦੇ ਹੋਰ ਹਿੱਸਿਆਂ ਨੂੰ ਮੁਹੱਈਆ ਕਰਾਉਣ ਦਾ ਕਹਿ ਕੇ ਐਸ.ਵਾਈ.ਐਲ. ਮੁੱਦੇ ਤੇ ਆਪਣੀ ਪ੍ਰਕਿਰਿਆ ਜਾਹਰ ਕਰ ਦਿੱਤੀ। ਸਾਲ 1998 ‘ਚ ਤਤਕਾਲੀ ਦੌਰੇ ਸਮੇਂ ਅਟਲ ਬਿਹਾਰੀ ਵਾਜਪਾਈ ਨੇ ਰਿਫਾਈਨਰੀ ਦਾ ਨੀਂਹ ਪੱਥਰ ਰੱਖਿਆ, ਪਰ ਪੰਜਾਬ ਨੂੰ ਕੁਝ ਦਿੱਤੇ ਬਿਨਾਂ ਚਲੇ ਗਏ। ਸਾਲ 2010 ‘ਚ ਮਨਮੋਹਨ ਸਿੰਘ ਨੇ ਰਿਫਾਇਨਰੀ ਦਾ ਉਦਘਾਟਨ ਕੀਤਾ, ਪੰਜਾਬੀ ਹੋਣ ਕਾਰਨ ਉਨਾਂ ਤੋਂ ਵੱਡੀਆਂ ਆਸਾਂ ਸਨ, ਪਰ ਉਨਾਂ ਤੋਂ ਵੀ ਕੁਝ ਨਾ ਮਿਲਿਆ।
ਤਿੰਨੋਂ ਵੇਰ ਜਦੋਂ ਪ੍ਰਧਾਨ ਮੰਤਰੀ ਬਠਿੰਡੇ ਆਏ ਤਾਂ ਹਕੂਮਤ ਤਾਂ ਭਾਈ ਰੱਜੇ-ਪੁੱਜੇ ‘ਬਾਦਲਾਂ’ ਦੀ ਸੀ, ਜਿਨਾਂ ਪੰਜਾਬ ਲਈ ਕੁਝ ਮੰਗਿਆ ਹੀ ਨਹੀਂ, ਉਹ ‘ਵਿਚਾਰੇ’ ਦੇ ਕੇ ਕੀ ਜਾਂਦੇ? ਵਾਜਪਾਈ ਆਇਆ ਦੋ ਕਵਿਤਾਵਾਂ ਸੁਣਾ ਕੇ ਬਾਦਲਾਂ ਨੂੰ ਖੁਸ਼ ਕਰ ਗਿਆ। ਮਨਮੋਹਨ ਸਿੰਘ ਆਇਆ ਪੰਜਾਬ ਦੀ ਤਰੱਕੀ ਦੀ ਗਾਥਾ ਸੁਣਾ ਕੇ ‘ਬਾਬੇ ਬਾਦਲ’ ਦੇ ਚਿਹਰੇ ਤੇ ਰੋਣਕਾਂ ਲਿਆ ਗਿਆ। ਮੋਦੀ ਭਾਈ ਆਇਆ, ਆਪਣਾ ਮੋਦੀ ਭਾਈ, ਜੀਹਦੇ ਤੋਂ ਬਾਦਲਾਂ ਜੇ ਕੁਝ ਮੰਗਿਆ ਹੈ ਤਾਂ ਪਰਿਵਾਰ ਲਈ ਵਜ਼ੀਰੀ ਤੇ ਇਹਦੇ ਤੋਂ ਵੱਧ ਭਾਈ ਮੋਦੀ ਕੋਲੋਂ ਮੰਗਣ ਦੀ ਜੁਰਅੱਤ ਕੋਈ ਨੀ ‘ਬਾਬਿਆਂ’ ਦੀ! ਤੇ ਮੰਗੇ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ! ਉਂਜ ਚਾਅ ਲਾਡ ਮਲਹਾਰ, ਕਰਦਿਆਂ ਖੇਡਦਿਆਂ, ਹਸਦਿਆਂ, ਹਸਾਉਂਦਿਆਂ ਵੇਖੋ ਮੇਦੀ ਜੀ ਜਾਂਦੇ-ਜਾਂਦੇ ਬਾਦਲਾਂ ਤੋਂ ਪਾਣੀ ਖੋਹ ਕੇ ਲੈ ਗਏ ਤੇ ਬਾਦਲ ਚੁੱਪ ਚੁਪੀਤੇ ਦੇਖਦੇ ਰਹਿ ਗਏ। ਭਾਵੇਂ ਭਾਈਵਾਲ ਆ ਭਾਈ ਮੋਦੀ ਜੀ ਬਾਦਲਾਂ ਦੀ ਸਰਕਾਰ ਦੇ, ਪਰ ਹੈ ਤਾਂ ਦਿੱਲੀ ਦੇ ਰਾਜੇ! ਵਾਜਪਾਈ ਭਾਵੇਂ ਕਵੀ ਸੀ ਪਰ ਸੀ ਤਾਂ ਦਿੱਲੀ ਦੇ ਤਖ਼ਤ ਦਾ ਮਾਲਕ, ਤੇ ਮਨਮੋਹਨ ਸਿਹੁੰ ਤਾਂ ਕੀ ਹੋਇਆ ਜੇ ਪੰਜਾਬੀ ਸੀ, ਸੀ ਤਾਂ ਨਿਰਾ ਹਾਕਮ! ਤੇ ਹਾਕਮਾਂ ਦੇ ਚਿਹਰੇ ਦਿਖਾਉਣ ਨੂੰ ਹੋਰ ਹੁੰਦੇ ਆ ਤੇ ਅਸਲੋਂ ਹੋਰ! ਭਾਈ ਇਹ ਨੇਤਾ ਜੀ। ਗੱਲਾਂ ਦੇ ਗਲਾਧੜ ਹੁੰਦੇ ਆ ਬਾਹਰੋਂ ਨਿਰੀ ਮਿਸ਼ਰੀ। ਹੱਥ ‘ਚ ਰਬਾਬ ਫੜ, ਮਿੱਠੀ ਮਿੱਠੀ ਤਾਣ ‘ਚ ਗੀਤ ਗਾਉਣ ਵਾਲੇ ਸੌਦਾਗਰ, ਨਿਰੇ ਗੁਲਾਬ ਦੇ ਫੁੱਲ ਜਾਪਣ ਵਾਲੇ। ਅੰਦਰੋਂ ਕੋਰੇ ਕਰਾਰੇ, ਵਚਨਾਂ ਦੇ ਕੱਚੇ, ਸਜਾਵਟੀ ਕਾਗ਼ਜ਼ ਦੇ ਫੁੱਲਾਂ ਵਰਗੇ। ਤੇ ਕਾਗ਼ਜ਼ ਦੇ ਫੁੱਲ ਖੁਸ਼ਬੂ ਥੋੜਾ ਦਿੰਦੇ ਆ, ਬਸ ਸੁੰਦਰਤਾ ਬਖ਼ਸ਼ਦੇ ਆ, ਨਿਰੀ ਬਨਾਉਟੀ ਮੁਸਕਰਾਹਟ। ਤਦੇ ਭਾਈ ਆਂਹਦੇ ਆ, ”ਖੁਸ਼ਬੂ ਆ ਨਹੀਂ ਸਕਤੀ ਕਾਗਜ਼ ਕੇ ਫੂਲੋਂ ਸੇ, ਸੱਚਾਈ ਛੁਪ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ।”
ਔਰ ਵੀ ਗਮ ਹੈ ਜ਼ਮਾਨੇ ਮੇਂ
ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਅਕਾਲੀ-ਭਾਜਪਾ ਗਠਬੰਧਨ ਨੂੰ ਆਕਸੀਜਨ ਦੇਣ ‘ਚ ਨਾਕਾਮ ਰਿਹਾ ਹੈ। ਗਠਬੰਧਨ ਦੀ ਉਮੀਦ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨਗੇ, ਉਦਯੋਗਾਂ ਲਈ ਐਲਾਨ ਕਰਨਗੇ। ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਜੀ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਦਾ ਕਿਸਾਨ ਗੰਭੀਰ ਸੰਕਟ ‘ਚ ਹੈ, ਮੋਦੀ ਜੀ ਕੋਈ ਐਲਾਨ ਕਰਨ ਪਰ ਮੋਦੀ ਜੀ ਚੁੱਪ ਰਹੇ ਅਤੇ ਉਨਾਂ ਕੋਈ ਐਲਾਨ ਨਹੀਂ ਕੀਤਾ। ਸਗੋਂ ਸਮਾਗਮਾਂ ਵਿਚ ਪੂਰੀ ਤਰਾਂ ਧਾਰਮਿਕ ਬਣੇ ਰਹੇ।
ਵੇਖੋ ਨਾ, ਵਿਰੋਧੀਆਂ ਨੇ ਮੋਦੀ ਜੀ ਨੂੰ ਤਪਾਇਆ ਹੋਇਆ, ਕਾਲੇ ਧੰਨ ਦੀ ਭੱਠੀ ‘ਚ ਪਾਇਆ ਹੋਇਆ। ਨਾ ਉਨਾਂ ਨੂੰ ਪਾਰਲੀਮੈਂਟ ‘ਚ ਸਾਹ ਲੈਣ ਦਿੰਦੇ ਆ, ਨਾ ਬਾਹਰ ਕੁਝ ਕਰਨ ਦਿੰਦੇ ਆ। ਆਖੀ ਜਾਂਦੇ ਆ, ਲੋਕ ਬਾਹਲੇ ਔਖੇ ਹੋ ਗਏ ਆ, ਉਨਾਂ ਨੂੰ ਰੋਟੀ ਨਹੀਂ ਮਿਲਦੀ, ਰੁਜ਼ਗਾਰ ਨਹੀਂ ਮਿਲਦਾ, ਵਪਾਰ ਚੌਪਟ ਹੋ ਗਿਆ, ਪੈਸਾ ਬਾਜ਼ਾਰਾਂ ‘ਚ ਮੁੱਕ ਗਿਆ। ਕੀ ਕਰੇ ਵਿਚਾਰਾ ਮੋਦੀ? ਉਹਨੇ ਇਕੱਲੀ ਜਨਤਾ ਨਹੀਂ ਵੇਖਣੀ, ਆਪਣੇ ਆਕਾ ਵੀ ਵੇਖਣੇ ਆ, ਜਿਹਨਾਂ ਦੀ ਗਲਵਕੜੀ ਨਾਲ ਉਹ ਰਾਜਾ ਬਣਿਆ, ਉਨਾਂ ਦੇ ਹਿੱਤ ਵੀ ਤਾਂ ਉਸ ਪੂਰਨੇ ਆਂ। ਵਿਰੋਧੀਆਂ ਦਾ ਕੰਮ ਤਾਂ ਹਾਕਮ ਨੂੰ ਛੱਜ ‘ਚ ਪਾ ਕੇ ਛੱਟਣਾ ਹੁੰਦਾ, ਹਾਕਮ ਨੂੰ ਹੋਰ ਬਥੇਰੇ ਕੰਮ ਆ, ਗੁਆਂਢੀਆਂ ਨਾਲ ਲੜਨਾ, ਵਿਰੋਧੀਆਂ ਨੂੰ ਲੰਮੇ ਪਾਉਣਾ, ਉਚੀ-ਉਚੀ ਬੋਲ ਕੇ ਆਖਣਾ ਕਿ ਜਾਗਦੇ ਰਹਿਣਾ ਬਈਓ, ਤੇ ਵਾੜ ਨੇ ਖੇਤ ਨੂੰ ਖਾਣ ਵਾਂਗਰ ਦੇਸ਼ ਖਾਣਾ, ਆਪਣਿਆਂ ਦੇ ਘਰ ਭਰਨੇ ਆਦਿ; ਔਰ ਕਹਿਣਾ “ ਔਰ ਵੀ ਗਮ ਹੈਂ ਜ਼ਮਾਨੇ ਮੇਂ, ਮੁਹੱਬਤ ਕੇ ਸਿਵਾ
ਪੰਖੋਂ ਸੇ ਕੁਛ ਨਹੀਂ ਹੋਤਾ
ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਦੇ 40 ਲੱਖ ਯੁਵਕ ਨਸ਼ੇ ਦੀ ਚਪੇਟ ਵਿਚ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਕ ਮਹੀਨੇ ‘ਚ ਡਰੱਗ ਰੈਕੇਟ ਤੋੜਿਆ ਜਾਵੇਗਾ। ਅਗਲੇ ਛੇ ਮਹੀਨਿਆਂ ਵਿਚ 40 ਲੱਖ ਯੁਵਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਭਰਤੀ ਕੀਤਾ ਜਾਏਗਾ। ਬਾਅਦ ‘ਚ ਉਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪੰਜਾਬ ‘ਚ ਜਿੱਤਣ ਉਪਰੰਤ ਆਮ ਆਦਮੀ ਪਾਰਟੀ ਸੂਬੇ ਦਾ ਉਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏਗੀ। ਸੂਬੇ ਦੇ ਹਰੇਕ ਦਲਿਤ ਨੂੰ ਮਕਾਨ ਮਿਲੇਗਾ। ਲੜਕੀਆਂ ਦੇ ਵਿਆਹਾਂ ਲਈ ਸ਼ਗਨ ਰਾਸ਼ੀ 51 ਹਜ਼ਾਰ ਕੀਤੀ ਜਾਏਗੀ। ਦਲਿਤ ਭਾਈਚਾਰੇ ਦੇ ਲੋਕਾਂ ਨੂੰ 2 ਲੱਖ ਦਾ ਕਰਜ਼ਾ ਦਿੱਤਾ ਜਾਏਗਾ। ਬੁਢਾਪਾ, ਵਿਧਵਾ ਪੈਨਸ਼ਨ 2000 ਰੁਪਏ ਮਹੀਨਾ ਕੀਤੀ ਜਾਏਗੀ।
ਦੇਸ਼ ‘ਚ ਭਾਈਬੰਦੋ ਸਿਆਸੀ ਲੋਕਾਂ ਦੀ ਇਕ ਵੱਖਰੀ ਹੀ ਜਮਾਤ ਬਣ ਗਈ ਆ। ਲਉ ਉਹਦੇ ਕੰਮ ਸੁਣੋ। ਝੂਠ ਬੋਲਣਾ, ਲਲਕਾਰੇ ਮਾਰਨਾ, ਝੂਠੇ ਵਾਅਦੇ ਕਰਨਾ, ਬੇਈਮਾਨੀ ਦਾ ਪਾਠ ਪੜਾਉਣਾ, ਡੁਬਦਿਆਂ ਨੂੰ ਤਾਰਨਾ ਤੇ ਤਰਦਿਆਂ ਨੂੰ ਡੋਬਣਾ ਉਹਦੇ ਮੁੱਖ ਕੰਮ ਨੇ। ਵਿਰੋਧੀਆਂ ਨੂੰ ਭੰਡਣਾ, ਲੋਕਾਂ ਨੂੰ ਮੂਰਖ ਬਣਾਉਣਾ, ਕਾਲਾ ਧੰਨ ਇਕੱਠਾ ਕਰਨਾ, ਭ੍ਰਿਸ਼ਟਾਚਾਰ ਵਿਰੁੱਧ ਨਾਹਰੇ ਲਾਉਣਾ ਤੇ ਆਪ ਭ੍ਰਿਸ਼ਟਾਚਾਰ ਕਰਨਾ ਉਨਾਂ ਦੇ ਹੋਰ ਕੰਮ ਹਨ। ਚੱਕਰੀ ਵਾਂਗਰ ਘੁੰਮਣਾ ਅੱਜ ਇਕ ਪਾਰਟੀ ‘ਚ ਕੱਲ ਦੂਜੀ ਪਾਰਟੀ ‘ਚ ਜਾਣ ਦਾ ਧਰਮ ਨਿਭਾਉਣਾ, ਦੂਜਿਆਂ ਨੂੰ ਮੂਰਖ ਬਨਾਉਣਾ ਤੇ ਮੰਦਾ ਚੰਗਾ ਬੋਲਣਾ ਤੇ ਸ਼ਰੇਆਮ ਗਾਲਾਂ ਕੱਢਣਾ ਉਨਾਂ ਦੇ ਵਿਸ਼ੇਸ਼ ਕੰਮ ਹਨ।
ਖਰਬੂਜਾ ਜਿਵੇਂ ਖਰਬੂਜੇ ਨੂੰ ਦੇਖ ਕੇ ਰੰਗ ਫੜ ਲੈਂਦਾ ਆ, ਇਵੇਂ ਹੀ ਭਾਈ ਆਹ ਕੇਜਰੀਵਾਲ ਦਾ ਵੀ ਉਹੋ ਹੀ ਹਾਲ ਹੋਇਆ ਲੱਗਦਾ, ਸਾਬਕਾ ਮੁੱਖ ਮੰਤਰੀ ਕੈਪਟਨ ਸਿਹੁੰ ਅਤੇ ਬਾਦਲ ਸਿਹੁੰ ਵਰਗਾ, ਜਿਹੜੇ ਝੂਠ ਬੋਲਣ ਤੇ ਕੁਫਰ ਤੋਲਣ ਤੋਂ ਰਤਾ ਦਰੇਗਾ ਨਹੀਂ ਕਰਦੇ। ਭਲਾ ਆਪਣੇ ਭਲੇਮਾਣਸ ਕੇਜਰੀਵਾਲ ਨੂੰ ਕੋਈ ਪੁੱਛੇ 40 ਲੱਖ ਨੌਕਰੀਆਂ ਉਹ ਜਵਾਨਾਂ ਲਈ ਲਿਆਊ ਤਾਂ ਕਿਥੋਂ ਲਿਆਊ? ਉਂਜ ਭਾਈ ਠੀਕ ਆ, ਜਿਸ ਰਾਹੇ ਉਹ ਪਿਆ ਹੋਇਆ, ਮੁਕਾਬਲੇ ‘ਚ ਸਭੋ ਕੁਝ ਕਰਨਾ ਹੀ ਪੈਂਦਾ ਏ ਤੇ ਕੁਝ ਕਰਨ ਲਈ ਦਿਨੇ ਸੁਪਨੇ ਵੀ ਦੇਖਣੇ ਦਿਖਾਉਣੇ ਪੈਂਦੇ ਆ। ”ਪੱਖੋਂ ਸੇ ਕੁਝ ਨਹੀਂ ਹੋਤਾ, ਉਡਾਨ ਹੌਸਲੋਂ ਸੇ ਹੋਤੀ ਹੈ”। ਚਾਰ ਹਜ਼ਾਰ ਮਗਰ ਤਿੰਨ ਸਿਫਰੇ ਹੋਰ ਲਗਾ ਕੇ 40 ਲੱਖ ਬਨਾਉਣਾ ਹੀ ਪੈਂਦਾ ਆ ਭਾਈ ਸਿਆਸਤ ‘ਚ!
ਤੂੰ ਆਪਣਾ ਫਰਜ਼ ਨਿਭਾਈ ਜਾ
ਖਬਰ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 9 ਸਾਲ ਦੇ ਵਿਕਾਸ ਦੇ ਅੰਕੜੇ ਪੇਸ਼ ਕਰਕੇ ਇਹ ਦਰਸਾ ਦਿੱਤਾ ਹੈ ਕਿ ਪੰਜਾਬ ਦੇ 2002-07 ਦੇ ਕਾਂਗਰਸੀ ਰਾਜ ਦੇ ਮੁਕਾਬਲੇ 2007-16 ਵਿਚਕਾਰ ਬਿਜਲੀ, ਸੜਕਾਂ, ਹਵਾਈ ਸੰਪਰਕ, ਸ਼ਹਿਰੀ ਪੇਂਡੂ ਵਿਕਾਸ, ਸਿੰਚਾਈ, ਸਿੱਖਿਆ, ਸਿਹਤ, ਰੁਜ਼ਗਾਰ, ਖੇਡਾਂ, ਉਦਯੋਗ ਵਿਚ ਭਾਰੀ ਤਰੱਕੀ ਕੀਤੀ ਹੈ ਅਤੇ ਬੇਅੰਤ ਪ੍ਰਸ਼ਾਸ਼ਕੀ ਸੁਧਾਰ ਕਰਦਿਆਂ ਸੇਵਾ ਕੇਂਦਰ ਖੋਲ ਕੇ ਲੋਕਾਂ ਦੀ ਸੇਵਾ ‘ਚ ਆਪਣੇ ਆਪ ਨੂੰ ਅਰਪਿਤ ਕੀਤਾ ਹੈ। ਅਤੇ ਗਰੀਬਾਂ ਲਈ ਰਿਕਾਰਡ ਤੋੜ ਭਲਾਈ ਸਕੀਮਾਂ ਲਾਗੂ ਕੀਤੀਆਂ ਹਨ। ਮੁੱਖ ਖੇਤਰ ‘ਚ ਜਿਥੇ 2002-07 ‘ ਖਰਚਾ ਸਿਰਫ਼ 16422 ਕਰੋੜ ਸੀ ਉਹ 2007-16 ਵਿਚਕਾਰ ਵਧ ਕੇ 142745 ਕਰੋੜ ਹੋ ਗਿਆ।
ਇਹਨੂੰ ਕਹਿੰਦੇ ਆ ਸ਼ਾਹੀ ਖਰਚਾ। ਇਸ ਸ਼ਾਹੀ ਖਰਚੇ ਵਿਚੋਂ ਭਾਈ ਗਰੀਬਾਂ ਬੁੱਢਿਆਂ ਨੂੰ ਤਾਂ 250 ਰੁਪਈਆ ਪੈਨਸ਼ਨ ਮਹੀਨਾ ਵਾਰ ਮਿਲੀ, ਲਾ ਲਉ ਹਿਸਾਬ ਕਿੰਨਾ ਮਿਲਿਆ। ਪੇਂਡੂ ਸੜਕਾਂ ਤਾਂ ਭਾਈ ਲੁੱਕ ਬੱਜਰੀ ਨੂੰ ਤਰਸਦੀਆਂ ਬੁੱਢੀਆਂ ਹੋ ਗਈਆਂ, ਹਾਂ ਜਰਨੈਲੀ ਸੜਕਾਂ ਤਾਂ ਚਮ-ਚਮ ਕਰਦੀਆਂ ਆਂ, ਪਰ ਟੋਲ ਟੈਕਸ ਨਾਲ ਲੋਕਾਂ ਦਾ ਚੰਮ ਲਾਹੁੰਦੀਆਂ ਆ। ਹਸਪਤਾਲਾਂ ‘ਚ ਦਵਾਈ ਤਾਂ ਗਰੀਬ ਨੂੰ ਭਾਈ ਟਕੇ ਦੀ ਨਹੀਂ ਮਿਲਦੀ ਤੇ ਸਕੂਲਾਂ ‘ਚ ਟੀਚਰ ‘ਲੱਭਿਆਂ’ ਨਹੀਂ ਲੱਭਦੇ, ਭਰਤੀ ਕਰਦੀ ਆਂ ਸਰਕਾਰ ਕਿਧਰੇ ਤਿੰਨੀਂ ਪੰਜੀਂ ਸਾਲੀਂ ਤੇ ਉਤਨੇ ਟੀਚਰ ਪਹਿਲਾਂ ਹੀ ਰਿਟਾਇਰ ਹੋ ਜਾਂਦੇ ਆ ਤੇ ਸਕੂਲ ਰਹਿੰਦੇ ਆ ਖਾਲਮ ਖਾਲੀ। ਰਹੀ ਗੱਲ ਲੋਕਾਂ ਨੂੰ ਸੇਵਾਵਾਂ ਦੇਣ ਦੀ, ਸੇਵਾ ਕੇਂਦਰ ਖੋਲ ਕੇ ਸਰਕਾਰ ਨੇ ਲੋਕਾਂ ਦੇ ਖੀਸੇ ਮੁਛ ਲਏ ਆ, ਜਿਹੜਾ ਕੰਮ ਪਹਿਲਾਂ ਦਸੀਂ ਵੀਂਹੀ ਕਰ ਦੇਂਦਾ ਸੀ ਬਾਊ, ਉਹਦੇ ਹੁਣ ਸੈਂਕੜਿਆਂ ‘ਚ ਲਗਦੇ ਆ, ਕੰਪਿਊਟਰ ਮਹਾਰਾਜ ਫਾਈਲ ਹੀ ਨਹੀਂ ਖੋਹਲਦਾ, ਜਦ ਤੱਕ ਹੱਡ (ਜ਼ੁਰਮਾਨਾ) ਉਹਦੇ ਪੇਟੇ ਨਹੀਂ ਪੈਂਦਾ। ਉਂਜ ਭਾਈ ਸਰਕਾਰੇ ‘ਤੂੰ ਆਪਣਾ ਫਰਜ਼ ਨਿਭਾਈ ਜਾ’ ਲੋਕਾਂ ਜੇ ਐਤਕਾਂ ਆਪਣਾ ਫਰਜ਼ ਨਿਭਾਅ ਦਿੱਤਾ ਤਾਂ ਬਸ ਸਮਝੋ ਹੋ ਜਾਣੀਆਂ ਪੌਂ ਬਾਰਾਂ ਵਿਕਾਸ ਦੀਆਂ, ਨੇਤਾਵਾਂ.. ਦੇ,  ਵਿਨਾਸ.. ਦੀਆਂ  ।..

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਭਾਰਤ ਵਿਚ ਬੰਦ ਕੀਤੇ ਗਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਜੇਕਰ ਇਕ ਦੇ ਉੱਪਰ ਇਕ ਰੱਖ ਲਿਆ ਜਾਵੇ ਤਾਂ ਉਸਦੀ ਉਚਾਈ ਮਾਊਂਟ ਐਵਰੈਸਟ ਦੀ ਉੱਚਾਈ ਤੋਂ 300 ਗੁਣਾਂ ਹੋ ਸਕਦੀ ਹੈ।
ਇੱਕ ਵਿਚਾਰ
• ਅਰਥਵਿਵਸਥਾ ‘ਚ ਤੇਜ਼ੀ ਲਿਆਉਣ ਦਾ ਸਭ ਤੋਂ ਅੱਛਾ ਤਰੀਕਾ ਲੋਕਾਂ ਵਿਚ ਧੰਨ ਵੰਡਣਾ ਹੈ।

ਹਾ-ਜੂਨ-ਚੈਂਗ

Related posts

ਖੱਖੜੋ-ਖੱਖੜੀ, ਆਪੋ-ਧਾਪ, ਆਪੇ-ਆਪ

INP1012

ਅਨਾਜ ਉਤਪਾਦਨ, ਪਸ਼ੂ ਪਾਲਣ ਅਤੇ ਹੋਰ ਖੇਤਰਾਂ ਵਿੱਚ ਪੰਜਾਬ ਦਾ ਕੋਈ ਸਾਨੀ ਨਹੀਂ-ਰਾਜਪਾਲ ਵੀ. ਪੀ. ਬਦਨੌਰ

INP1012

ਹਲਕਾ ਸਾਹਨੇਵਾਲ ਦੇ ਕਿਸਾਨਾਂ ਨੂੰ 10 ਜੂਨ ਤੋਂ ਪਹਿਲਾਂ ਮਿਲ ਜਾਣਗੇ ਟਿਊਬਵੈੱਲ ਬਿਜਲੀ ਕੁਨੈਕਸ਼ਨ-ਸਿੰਚਾਈ ਮੰਤਰੀ

INP1012

Leave a Comment