Artical Featured India Political Punjab Punjabi Social

ਖ਼ਲਕਤ ਰੋਵੇ ਜਾਰੋ ਜਾਰ–ਗੁਰਮੀਤ ਸਿੰਘ ਪਲਾਹੀ

ਡੰਗ ਅਤੇ ਚੋਭਾਂ
ਗੁਰਮੀਤ ਸਿੰਘ ਪਲਾਹੀ
ਖ਼ਲਕਤ ਰੋਵੇ ਜਾਰੋ ਜਾਰ

ਖ਼ਬਰ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਸਰਬੱਤ ਖ਼ਾਲਸਾ ਨੂੰ ਲੈ ਕੇ ਤਿੱਖੇ ਤੇਵਰ ਦਿਖਾਏ, ਉਥੇ 6ਵੀਂ ਵਾਰ ਮੁੱਖ ਮੰਤਰੀ ਬਨਾਉਣ ਦੀ ਚਾਹਤ ਜੱਗ ਜ਼ਾਹਰ ਕਰ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸਰਬੱਤ ਖ਼ਾਲਸਾ ਵਾਲੇ ਮਾਨ ਨੂੰ ਲੋਕਾਂ ਇਕ ਵਰੇ ਐਮ.ਪੀ. ਬਣਾਇਆ ਪਰ ਮੁੜਕੇ ਮਾਨ ਨੂੰ ਜਨਤਾ ਨੇ ਮੁੜ ਅੱਗੇ ਨਹੀਂ ਆਉਣ ਦਿੱਤਾ। ਉਨਾਂ ਨਾਲ ਹੀ ਆਪਣੀ ਦਿਲੀ ਇੱਛਾ ਨੂੰ ਜ਼ਾਹਰ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ 6ਵੀਂ ਵਾਰ ਵੀ ਉਨਾਂ ਨੂੰ ਜਨਤਾ ਮੁੱਖ ਮੰਤਰੀ ਬਨਾਉਣ ਦਾ ਮਾਣ ਬਖਸ਼ੇ।
ਹੱਕ ਬਣਦਾ ਆ ਵੱਡੇ ਬਾਦਲ ਦਾ ਪੰਜਾਬ ਦਾ ਮੁੜ ਮੁੱਖ ਮੰਤਰੀ ਬਨਣ ਦਾ। ਦੇਖੋ ਨਾ ਲਹਿਰਾਂ-ਬਹਿਰਾਂ ਲਿਆ ਦਿੱਤੀਆਂ ਆਂ । ਪੰਜਾਬ ‘ਚ ਮੌਜਾਂ ਆਂ ਨੇਤਾਵਾਂ ਨੂੰ ਮਰਜ਼ੀਆਂ ਕਰਨ ਦੀਆਂ। ਖੁਲਾਂ ਆਂ ਅਫ਼ਸਰਾਂ ਨੂੰ ਲੋਕਾਂ ਦੀਆਂ ਜੇਬਾਂ ਫਰੋਲਣ ਦੀਆਂ। ਕੋਈ ਰੋਕ ਨਹੀਂ, ਕੋਈ ਟੋਕ ਨਹੀਂ ਸ਼ਰਾਬੀਆਂ-ਕਬਾਬੀਆਂ, ਗੁੰਡਿਆਂ-ਗੁਰਗਿਆਂ-ਗੈਂਗਾਂ, ਮਾਫੀਏ ਨੂੰ, ਜੋ ਮਨ ਆਇਆ ਮਰਜ਼ੀ ਕਰਨ। ਬੱਸਾਂ ਨਾਲ ਲੋਕਾਂ ਨੂੰ ਮਿੱਧਣ ਜਾਂ ਪੈਰਾਂ ਨਾਲ ਪਿਸਤੋਲਾਂ ਨਾਲ ਲੋਕਾਂ ਨੂੰ ਡਰਾਉਣ ਜਾਂ ਛੁਰਿਆਂ ਨਾਲ, ਕੋਈ ਨਹੀਂ ਪੁੱਛਦਾ ਭਾਈ ਇਸ ਰਾਮ ਰਾਜ ਵਿਚ। ਜਿੱਥੇ ਰਾਮ ਰਾਜ ਹੋਵੇ ਭਾਈ ਉਥੇ ਦੀ ਜਨਤਾ ਜਾਰੋ ਜਾਰ ਰੋਂਦੀ ਆ, ਕਿਉਂਕਿ ਰਾਮ ਰਾਜ ‘ਚ ਚਾਈਂ ਚਾਈਂ ਦੁੱਖਾਂ ਦਾ ਭਾਰ ਢੋਈ ਜਾਂਦੀ ਆ ਅੰਦਰੋਂ ਕਚੀਚੀਆਂ ਵੱਟਦੀਆਂ, ਗੁੱਸਾ ਕਰਦੀਆਂ, ਧੱਕਾ-ਧੋੜੀ ਸਹਾਰੀ ਜਾਂਦੀਆਂ ਜਨਤਾ । ਜਿੱਥੇ ਰਾਜ ‘ਚ ਜਨਤਾ ਇੰਨੀ ਸਿਆਣੀ-ਨਿਮਾਣੀ ਹੋਵੇ ਤਾਂ ਰਾਜਾ ਉਨਾਂ ਸਿਰ ਹੋਰ ਭਾਰ ਲੱਦੀ ਜਾਂਦਾ ਆ ਅਤੇ ਆਖੀ ਜਾਂਦਾ ਆ, ਬਣਾ ਦਓ ਭਾਈ ਮੈਨੂੰ ਮੁੜ ਰਾਜਾ, ਰਾਮ ਭਲੀ ਕਰੂਗਾ। ਵਾਰੇ ਨਿਆਰੇ ਕਰਦੂੰ, ਜੋ ਕਸਰਾਂ ਰਹਿੰਦੀਆਂ ਪੂਰੀਆਂ ਕਰ ਦਊਂ।

ਲੋਰੀ ਵਰਗੀਆਂ ਰੀਝਾਂ

    ਖ਼ਬਰ ਹੈ ਕਿ ਗਾਇਕ ਤੋਂ ਸਿਆਸਤ ‘ਚ ਆਏ ਹੰਸ ਰਾਜ ਹੰਸ ਦੇ ਸੁਰ ਫਿਰ ਬਦਲ ਗਏ ਹਨ। ਅਕਾਲੀ ਦਲ ਤੋਂ ਕਾਂਗਰਸ ‘ਚ ਸ਼ਾਮਲ ਹੋਏ ਹੰਸ ਇਕ ਸਾਲ ਅੰਦਰ ਹੀ ਪਾਰਟੀ ਛੱਡ ਕੇ ਭਾਜਪਾ ‘ਚ ਚਲੇ ਗਏ। ਹੰਸ ਜਦੋਂ ਜਿਸ ਪਾਰਟੀ ‘ਚ ਰਹੇ, ਖੁਲ ਕੇ ਉਸਦੇ ਹੱਕ ‘ਚ ਪ੍ਰਚਾਰ ਕੀਤਾ ਤੇ ਦੂਜਿਆਂ ਤੇ ਤਿੱਖੇ ਹਮਲੇ ਕੀਤੇ। ਸ਼੍ਰੋਮਣੀ ਅਕਾਲੀ ਦਲ ‘ਚ ਰਹਿੰਦੇ ਹੋਏ ਉਨਾਂ ਹਮੇਸ਼ਾ ਕਿਹਾ ਕਿ ਉਹ ਅਕਾਲੀਆਂ ਨੂੰ ਕਦੇ ਨਹੀਂ ਛੱਡਣਗੇ, ਹਾਲਾਂਕਿ ਇਕ ਵਾਰ ਉਹ ਨਰਾਜ਼ ਹੋ ਕੇ ਦੂਰ ਚਲੇ ਗਏ ਸਨ, ਪਰ ਕੁਝ ਸਮੇਂ ਬਾਅਦ ਉਨਾਂ ਹਰਸਿਮਰਤ ਦੇ ਹੱਕ ‘ਚ ਪ੍ਰਚਾਰ ਕੀਤਾ। ਇਸ ਵਰੇ ਫਰਵਰੀ ‘ਚ ਕਾਂਗਰਸ ‘ਚ ਸ਼ਾਮਲ ਹੋ ਗਏ, ਪਰ ਉਨਾਂ ਦੀ ਉਥੇ ਵੀ ਨਾ ਪੁੱਗੀ ਅਤੇ ਉਹ ਦਿੱਲੀ ਜਾ ਕੇ ਭਾਜਪਾ ‘ਚ ਸ਼ਾਮਲ ਹੋ ਗਏ ਅਤੇ ਨਰੇਂਦਰ ਮੋਦੀ ਦੀ ਤੁਲਨਾ ਬੱਬਰ ਸ਼ੇਰ ਨਾਲ ਕਰ ਰਹੇ ਹਨ।

”ਦਿਨੋ ਸਾਡੇ ਨਾਲ ਤੇ ਰਾਤੀਂ ਕਿਸੇ ਹੋਰ ਨਾਲ, ਬੱਲੇ ਓ ਚਲਾਕ ਸੱਜਣਾ”, ਵਰਗੀ ਸਖ਼ਸ਼ੀਅਤ ਆ ਪਿਆਰੇ ਹੰਸ ਜੀ ਦੀ। ਸਟੇਜ਼ਾਂ ਲਾਉਂਦਾ, ਬਾਬੇ ਦੀਆਂ ਸਿਫ਼ਤਾਂ ਗਾਉਂਦਾ, ਸੂਫ਼ੀ ਗਾਇਕੀ ਦਾ ਧੁਰੰਤਰ ਬਣਿਆ ਰਾਜ ਗਾਇਕ ਹੰਸ, ਸੇਖ ਚਿੱਲੀ ਵਾੰਗਰ ਸੁਪਨੇ ਲੈਂਦਾ ਪੰਜਾਬ ਦੇ ਹਾਕਮਾਂ ਦੀ ਕੁਰਸੀ ਸਾਂਭਣ ਦਾ ਭਰਮ ਪਾਲ ਬੈਠਾ ਗਾਇਕ ਹੰਸ । ਸੋਚ ਬੈਠਾ ਅਸੰਬਲੀ ‘ਚ ਬੈਠੂੰ, ਰਾਜ ਸਭਾ, ਲੋਕ ਸਭਾ ‘ਚ ਬੈਠੂੰ, ਨੇਤਾਵਾਂ ਨੂੰ ਸੁਰਾਂ ‘ਚ ਗਾਇਕੀ ਸੁਣਾਊ, ਮੰਤਰੀ ਦੀ ਕੁਰਸੀ ਪਾਊਂ। ਅਕਾਲੀ ਬਣੇ ਤੇ ਕੁਝ ਪੱਲੇ ਨਾ ਪਿਆ, ਕਾਂਗਰਸੀਆਂ ਦੀ ਝੋਲੀ ਜਾ ਪਿਆ। ਕੈਪਟਨ ਉਹਨੂੰ ਕੁਰਸੀ ਨਾ ਦੁਆ ਸਕਿਆ ਤਾਂ ਸਿੱਧਾ ਮੋਦੀ-ਸ਼ਾਹ ਦੇ ਚਰਨੀਂ ਜਾ ਲੱਗਾ। ਅਸਲ ‘ਚ ਤਾਂ ਕਈ ਗਾਇਕ ਦੀਆਂ ਲੋਰੀ ਵਰਗੀਆਂ ਰੀਝਾਂ ਸਨ, ਜੋ ਸਮੇਂ-ਸਮੇਂ ਘੁੱਟ-ਘੁੱਟ ਮਰਦੀਆਂ ਰਹੀਆਂ ਆਂ। ਕਿਸੇ ਕਵੀ ਦੀਆਂ ਸੱਤਰਾਂ ਭਾਈ ਹੰਸ ‘ਤੇ ਢੁਕਦੀਆਂ ਆਂ, ”ਉਗਾਏ ਫੁੱਲ ਆਪੋ-ਆਪਣੇ ਵਿਹੜੇ ਮਗਰ ਮਹਿਕਾਂ, ਨਾ ਤੇਰੇ ਘਰ ਦੀਆਂ ਰਹੀਆਂ ਨਾ ਮੇਰੇ ਘਰ ਦੀਆਂ ਰਹੀਆਂ।” ਪਰ ਹਾਲੀ ਵੀ ਸੁਪਨਿਆਂ ਦੇ ਸੰਸਾਰ ‘ਚ ਵਸਦਾ ਹੰਸ ਪਤਾ ਨਹੀਂ ਕਿਉਂ ਆਪਣੇ ਹੇਠ ਕੁਰਸੀ ਵੇਖੀ ਜਾਂਦਾ, ਸੁਪਨੇ ਲਈ ਜਾਂਦਾ, ਬਸ ਗਾਈ ਜਾਂਦਾ, ਗਾਈ ਜਾਂਦਾ,  ਰੀਝਾਂ ਦੇ ਤੰਦ ਪਾਈ ਜਾਂਦਾ।
ਮਿਰੇ ਹਮਦਮ ਗ਼ਜ਼ਲ ਆਪਣੀ ਮੈਂ ਤੇਰੇ ਨਾਮ ਕਰਦਾ ਹਾਂ

     ਖ਼ਬਰ ਹੈ ਕਿ ਨਰੇਂਦਰ ਮੋਦੀ ਉੱਤੇ ਵਿਰੋਧੀ ਧਿਰ ਦੇ ਹੰਗਾਮੇ ਅਤੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦੇ ਹੋਏ ਨਰੇਂਦਰ ਮੋਦੀ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਮੈਨੂੰ ਬੋਲਣ ਨਹੀਂ ਦੇਂਦੀ, ਇਸ ਕਰਕੇ ਮੈਂ ਜਨ ਸਭਾਵਾਂ ਵਿਚ 125 ਕਰੋੜ ਅਬਾਦੀ ਦੀ ਅਵਾਜ਼ ਪਹੁੰਚਾਉਂਦਾ ਰਹਾਂਗਾ। ਉਨਾਂ ਕਿਹਾ ਕਿ ਲੋਕਾਂ ਨੂੰ ਨੋਟਬੰਦੀ ਕਾਰਨ ਹੋ ਰਹੀ ਪ੍ਰੇਸ਼ਾਨੀ ਨੂੰ ਉਹ ਮਹਿਸੂਸ ਕਰਦੇ ਹਨ ਅਤੇ ਕਿਹਾ ਕਿ 50 ਦਿਨਾਂ ਬਾਅਦ ਹਾਲਤ ਠੀਕ ਹੋ ਜਾਣਗੇ।

    ਨੋਟਬੰਦੀ ਤਾਂ ਗਲੇ ਦੀ ਹੱਡੀ ਬਣ ਗਈ ਆ ਮੋਦੀ ਜੀ ਲਈ। ਲੋਕ ਕਤਾਰਾਂ ‘ਚ ਖੜੇ ਹਨ। ਲੋਕ ਵਿਹਲੇ ਹੋ ਰਹੇ ਹਨ, ਰੁਜ਼ਗਾਰ ਮਿਲਣੋਂ ਹੱਟ ਗਿਆ ਹੈ। ਲੋਕ ਤਰਲੋਮੱਛੀ ਹੋ ਰਹੇ ਹਨ, ਆਪਣੇ ਪੈਸੇ ਬੈਂਕਾਂ ਤੋਂ ਕਢਵਾਉਣ ਲਈ। ਪਰ ਏ.ਟੀ.ਐਮ. ਯੰਤਰ ਚੁੱਪ ਹਨ। ਬੈਂਕ ਪਹਿਲਾਂ ਹੀ ਬੁੱਕ ਹਨ। ਪਰ ਮੋਦੀ ਜੀ ਦਹਾੜ ਰਹੇ ਹਨ। ਵਿਰੋਧੀਆਂ ਨੂੰ ਪਛਾੜ ਰਹੇ ਹਨ। ਆਪਣਿਆਂ ਨੂੰ ਲਿਤਾੜ ਰਹੇ ਹਨ। ਪਰ ਨੇਤਾਵਾਂ ਦਾ ‘ਨੇਤਾ’ ਮੋਦੀ, ਲੋਕ ਸਭਾ ‘ਚ ਬੇਬੱਸੀ ‘ਚ ਬੈਠਾ, ਵਿਰੋਧੀਆਂ ਮੂਹਰੇ ਚੁੱਪ ਆ, ਕੁਝ ਕੂੰਦਾ ਨਹੀਂ। ਪਰ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਬੋਲਣ ਵਾਲੇ ਦਾ ਮੂੰਹ ਵਾਲੀ ਆਦਤ ਅਨੁਸਾਰ ਭਾਈ ਆਪਣੀ ਭੜਾਸ ਲੋਕਾਂ ‘ਚ ਆ ਕੇ ਕੱਢ ਲੈਂਦਾ ਆ ਇਹ ਕਹਿਕੇ, ”ਮਿਰੇ ਹਮਦਮ ਗ਼ਜ਼ਲ ਆਪਣੀ ਮੈਂ ਤੇਰੇ ਨਾਮ ਕਰਦਾ ਹਾਂ, ਮੈਂ ਤੇਰਾ ਜ਼ਿਕਰ ਗ਼ਜ਼ਲਾਂ ਆਪਣੀਆਂ ਵਿਚ ਆਮ ਕਰਦਾ ਹਾਂ।”

ਰੇਲ ਜਨਤਾ ਦੀ ਸੰਪਤੀ ਆ

   ਖ਼ਬਰ ਹੈ ਕਿ ਰੇਲ ਯਾਤਰੀਆਂ ਨੂੰ ਜਲਦੀ ਹੀ ਕਿਰਾਏ ਦੇ ਰੂਪ ਵਿਚ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਵਿੱਤ ਮੰਤਰਾਲੇ ਨੇ ਰੇਲਵੇ ਦੇ ਵਿਸ਼ੇਸ਼ ਸੁਰੱਖਿਆ ਫੰਡ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ ਅਤੇ ਇਸ ਲਿਹਾਜ ਨਾਲ ਰੇਲਵੇ ਆਪਣੇ ਸਾਧਨ ਜੁਟਾਉਣ ਦੇ ਯਤਨਾਂ ਦੇ ਤਹਿਤ ਰੇਲ ਕਿਰਾਏ ‘ਚ ਵਾਧਾ ਕਰ ਸਕਦਾ ਹੈ। ਪ੍ਰਸਤਾਵ ਦੇ ਮੁਤਾਬਕ ਰੇਲਵੇ ਨੂੰ ਰੇਲ ਪਟਰੀਆਂ ਦੀ ਮਜਬੂਤੀ, ਸਿਗਨਲ ਸਿਸਟਮ ਅਪਗ੍ਰੇਡ ਕਰਨ ਆਦਿ ਲਈ ਧੰਨ ਦੀ ਜ਼ਰੂਰਤ ਹੈ।

ਭਾਰਤੀ ਰੇਲ ਦੇ ਭਾਈ ਰੰਗ ਨਿਰਾਲੇ ਹਨ। ਸਮਾਂ ਗੱਡੀ ਚੜਨ ਦਾ ‘ਅੱਜ’ ਦਾ ਹੁੰਦਾ ਆ ਅਤੇ ਰੇਲ ਦੂਜੇ ਦਿਨ ਸਟੇਸ਼ਨ ਉੱਤੇ ਪੁੱਜਦੀ ਆ। ਸਾਫ਼-ਸੁਥਰੇ ਭਾਰਤ ਦੇ ਐਨ ਉਲਟ ਰੇਲਵੇ ਸਟੇਸ਼ਨਾਂ ਦੀ ਪਟੜੀਆਂ ‘ਤੇ ਬੈਠ ਕੇ ਲੋਕ ਆਪਣੇ ਆਪ ਨੂੰ ‘ਖੁਲਾਸ’ ਕਰਨਾ ਆਪਣਾ ਹੱਕ ਸਮਝਦੇ ਹਨ, ਭਾਈ ਰੇਲ ਜਨਤਾ ਦੀ ਸੰਪਤੀ ਜਿਉਂ ਹੋਈ? ਰਹੀ ਕਿਰਾਏ ਭਾੜੇ ਦੀ ਗੱਲ, ਰੇਲਵੇ ਦੇ ਮੁਲਾਜ਼ਮ ਹਿੰਦੋਸਤਾਨ ਦੇ ਸਮੂੰਹ ਸਾਧ ਸੰਤ, ਮੰਗਤੇ ‘ਮੁਫ਼ਤਖੋਰੇ’ ਸਫ਼ਰ ਦਾ ਹੱਕ ਬਣਾਈ ਬੈਠੇ ਆ। ਫਿਰ ਖਰਚੇ ਦਾ ਭਾਰ ਤਾਂ ਬਾਕੀ ਜਨਤਾ ਉੱਤੇ ਹੀ ਪੈਣਾ ਹੋਇਆ। ਮੋਦੀ ਦੇ ਖਜ਼ਾਨੇ ਖਾਲੀ ਆ, ਨੋਟਾਂ ਦੀ ਹਫੜਾ-ਦਫੜੀ ਆ। ਉਂਜ ਭਾਈ ਰੇਲ ਜਨਤਾ ਦੀ ਸੰਪਤੀ ਆ। ਅਤੇ ਜਨਤਾ ਦਾ ਭਾਰ ਮੋਦੀ ਕਿਉਂ ਚੁੱਕੇ? ਉਹਦੇ ਤੋਂ ਤਾਂ ਵਿਦੇਸ਼ੀ ਦੇਸੀ ਦੌਰਿਆਂ ਦਾ ਖਰਚਾ ਹੀ ਮਸਾਂ ਚੁੱਕਿਆ ਜਾਂਦਾ।
ਨਹੀਂ ਰੀਸਾਂ ਦੇਸ ਮਹਾਨ ਦੀਆਂ

     ਭਾਵੇਂ ਕਿ ਆਰਥਿਕ ਵਿਕਾਸ ਦੇ ਮਾਮਲੇ ਵਿਚ ਸਾਡਾ ਦੇਸ਼ ਤੇਜ਼ੀ ਨਾਲ ਵਧਦੀ ਹੋਈ ਅਰਥ-ਵਿਵਸਥਾ ਹੈ, ਵਿਕਾਸ ਦਰ ਦੇ ਮਾਮਲੇ ‘ਤੇ ਚੀਨ ਨੂੰ ਵੀ ਅਸੀਂ ਪਿੱਛੇ ਛੱਡ ਦਿੱਤਾ ਹੈ ਪਰ ਅਰਥ ਵਿਵਸਥਾ ਦੇ ਆਧਾਰ ਦੀ ਗੱਲ ਕਰੀਏ ਤਾਂ ਇਹ ਹਾਲੇ ਵੀ ਅਮਰੀਕਾ ਦੇ ਇਕ ਸੂਬੇ ਕੈਲੇਫੋਰਨੀਆਂ ਤੋਂ ਵੀ ਪਿੱਛੇ ਹੈ, ਇਸ ਮਾਮਲੇ ‘ਚ ਚੀਨ ਦੀ ਬਰੌਬਰੀ ਕਰਨ ਨੂੰ ਕਈ ਸਾਲ ਲੱਗ ਜਾਣਗੇ। ਅਮਰੀਕਾ ਦੀ ਜੀ.ਡੀ.ਪੀ. ਦਾ ਅਕਾਰ 18.04 ਟ੍ਰਿਲੀਅਨ ਡਾਲਰ, ਚੀਨ ਦਾ ਜੀਡੀਪੀ ਅਕਾਰ 11.18, ਕੈਲੇਫੋਰਨੀਆਂ ਅਤੇ ਭਾਰਤ ਦਾ ਜੀਡੀਪੀ ਅਕਾਰ 2.07 ਟ੍ਰਿਲੀਅਨ ਡਾਲਰ ਹੈ।

ਵਾਹ ਉਏ ਪਿਆਰੇ ਪੰਜਾਬ

ਏਮਜ ਦੀ ਰਿਪੋਰਟ ਮੁਤਾਬਕ ਪੰਜਾਬ ‘ਚ 75000 ਕਰੋੜ ਰੁਪਏ ਦਾ ਨਸ਼ੇ ਦਾ ਕਾਰੋਬਾਰ ਹੈ। ਔਸਤ ਇਕ ਵਿਅਕਤੀ ਪੰਜਾਬ ‘ਚ ਨਸ਼ੇ ‘ਤੇ 1400 ਰੁਪਏ ਰੋਜ਼ਾਨਾ ਖਰਚ ਕਰਦਾ ਹੈ। ਹਰ ਚਾਰ ਦਿਨਾਂ ‘ਚ ਇਕ ਵਿਅਕਤੀ ਦੀ ਨਸ਼ੇ ਨਾਲ ਮੌਤ ਹੁੰਦੀ ਹੈ। ਡੀ.ਜੀ.ਪੀ. ਅਰੋੜਾਂ ਅਨੁਸਾਰ ਪੰਜਾਬ ‘ਚ 57 ਗੈਂਗ ਸਰਗਰਮ ਹਨ। 427 ਗੈਂਗਸਟਰ ਖੁਲੇਆਮ ਘੁੰਮ ਰਹੇ ਹਨ। ਪੰਜਾਬ ‘ਚ ਪਿਛਲੇ ਦਸ ਸਾਲ ਤੋਂ ਵੱਖ-ਵੱਖ ਸਨਅਤਾਂ ਨਾਲ ਜੁੜੀਆਂ 22000 ਸਨਅਤੀ ਇਕਾਈਆਂ ‘ਤੇ ਤਾਲੇ ਲੱਗ ਚੁੱਕੇ ਹਨ। 2014 ‘ਚ 449 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਕਪਾਹ ਉਤਪਾਦਨ ‘ਚ ਦੇਸ਼ਾਂ ‘ਚ ਚੌਥੇ ਸਥਾਨ ਉੱਤੇ ਰਹਿਣ ਵਾਲੇ ਪੰਜਾਬ ‘ਚ ਇਸਦੇ ਉਤਪਾਦਨ ‘ਚ 30ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਇੱਕ ਵਿਚਾਰ

ਜਦੋਂ ਤੁਸੀਂ ਕੋਈ ਫੈਸਲਾ ਕਰ ਲੈਂਦੇ ਹੋ, ਤਾਂ ਬ੍ਰਹਿਮੰਡ ਉਸਨੂੰ ਸੱਚ ਕਰਨ ਦੀ ਕੋਸ਼ਿਸ਼ ਕਰਦਾ ਹੈ।

ਰਾਲਫ ਬਾਲਡੋ ਐਮਰਸਨ

Related posts

ਸੱਤਾ ਪਰਿਵਰਤਨ ਦੀ ਥਾਂ ਵਿਵਸਥਾ ਪਰਿਵਰਤਨ ਜ਼ਿਆਦਾ ਜ਼ਰੂਰੀ ਕਿਉਂ ?— ਕੁਲਵੰਤ ਸਿੰਘ ਟਿੱਬਾ

INP1012

ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਸਿੱਖੀ ਵੱਲ ਪ੍ਰੇਰਿਤ ਕਰਨਾ ਸਾਡਾ ਮੁੱਖ ਫ਼ਰਜ਼:- ਵੀਰ ਮਨਪ੍ਰੀਤ ਸਿੰਘ

INP1012

ਮਾਝੈ ਦੀ ਧਰਤੀ ਤੇ ਉਭਰਦਾ ਧਾਰਮਿਕ ਕਥਾਵਾਚਕ ਭਾਈ ਵਿਸ਼ਾਲ ਸਿੰਘ

INP1012

Leave a Comment