Artical Featured India Political Punjab Punjabi

ਡੰਗ ਅਤੇ ਚੋਭਾਂ\ਗੁਰਮੀਤ ਪਲਾਹੀ

ਬੰਦਾ ਬੰਦੇ ਨੂੰ ਯਾਰੋ ਖਾ ਗਿਆ
ਖ਼ਬਰ ਹੈ ਕਿ ਭਾਰਤ-ਪਾਕਿ ਅੰਤਰ ਰਾਸ਼ਟਰੀ ਸਰਹੱਦ ਤੇ ਬੀ.ਐਸ.ਐਫ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਭਾਰਤ’ਚ ਭੇਜੀ ਜਾਂਦੀ ਹੈਰੋਇਨ [ਨਸ਼ਾ] ਜਿਸਦੀ ਕੀਮਤ 30 ਕਰੋੜ ਬਣਦੀ ਹੈ, ਫੜੀ ਹੈ। ਇਹ ਹੈਰੋਇਨ ਪੀਲੀ ਟੇਲ ਦੇ ਅੰਦਰ ਭਾਰਤ ਦੇ 40 ਮੀਟਰ ਹੱਦ ਵਿੱਚ ਬਰਾਮਦ ਹੋਈ ਹੈ। ਹੈਰੋਇਨ ਦੀ ਇਹ ਤਸਕਰੀ ਪਾਕਿਸਤਾਨ ਦੀ ਸਰਹੱਦ ਤੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵੱਲ ਦੇ ਪਾਸੇ ਵੱਲ ਲਗਾਤਾਰ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਪੰਜਾਬ ਦੇ ਨੌਜਵਾਨ ਇਸ ਨਸ਼ੇ ਦੀ ਬੁਰੀ ਤਰਾਂ ਲਪੇਟ ਵਿੱਚ ਆਏ ਹੋਏ ਹਨ।
ਕਿਧਰੇ ਕਿਸੇ ਦੀਆਂ ਅੱਖਾਂ ਦਾ ਤਾਰਾ ਲੁਟਕ ਗਿਆ। ਕਿਧਰੇ ਕਿਸੇ ਦਾ ਬਹੁਤ ਹੀ ਪਿਆਰਾ ਤੁਰ ਗਿਆ। ਰੁਜ਼ਗਾਰ, ਰੋਟੀ ਦਾ ਸਤਾਇਆ ਨਸ਼ਿਆਂ ਦੀ ਮਾਰ’ਚ ਆਇਆ, ਉਹ ਮਰ ਗਿਆ। ਉਹ ਵਿਚਾਰਾ ਸੀ। ਉਹਦੀ ਮੌਤ ਤੇ ਬ੍ਰਿਹਾ ਮਾਰੀ ਕੂੰਜ ਵਰਗੀ ਮਾਂ, ਧੀ, ਭੈਣ, ਬਾਪੂ, ਭਰਾ ਕੁਰਲਾਏ। ਉਨਾਂ ਵੈਣ ਪਾਏ, ਕਿਹਨੇ ਸੁਣੇ? ਤਸਕਰ ਨੇ? ਸਰਕਾਰ ਨੇ? ਹਾਕਮ ਨੇ? ਨੇਤਾ ਨੇ? ਜਾਂ ਹਾਕਮ ਨੇ? ਕਿਸਨੂੰ ਵਿਹਲ ਹੈ ਕੁਰਲਾਹਟ ਸੁਨਣ ਦੀ। ਉਨਾਂ ਨੂੰ ਤਾਂ ਵਿਹਲ ਆ ਨੋਟਾਂ ਤੇ ਵੋਟਾਂ ਦੇ, ਬੰਡਲ ਇਕੱਠੇ ਕਰਨ ਦੀ, ਜਾਂ ਫਿਰ ਤ੍ਰਿਕੜਮ ਲੜਾਉਣ ਦੀ, ਮਰਿਆਂ ਦੀਆਂ ਲਾਸ਼ਾਂ ਉਤੇ ਭੰਗੜੇ ਪਾਉਣ ਦੀ।
ਵੇਖੋ ਨਾ ਫਿਰਕੂਆਂ ਪੰਜਾਬ ਖਾ ਲਿਆ। ਵੇਖੋ ਨਾ, ਸਿਆਸੀ ਹਾਕਮਾਂ ਪੰਜਾਬ ਦਾ ਪਾਣੀ ਡੀਕਾਂ ਲਾ ਪੀ ਲਿਆ। ਵੇਖੋ ਨਾ, ਖਾਦਾਂ, ਰਸਾਇਣਾਂ, ਨਸ਼ਿਆਂ, ਪੰਜਾਬੀਆਂ ਦਾ ਸਰੀਰ ਬੀਮਾਰੀਆਂ ਦਾ ਗੁਲਾਮ ਬਣਾ ਲਿਆ। ਵੇਖੋ ਨਾ, ਮਾਫੀਏ ਬਜ਼ਰੀ ਰੇਤਾ ਖਾ ਲਿਆ, ਤੇ ਲੋਟੂ ਅਧਿਕਾਰੀਆਂ ਪੰਜਾਬੀਆਂ ਦੀ ਜੜਾਂ’ਚ ਭ੍ਰਿਸ਼ਟਾਚਾਰੀ ਤੇਲ ਦੇ ਇਹਨੂੰ ਕਮਲਾ ਬਣਾ ਲਿਆ। ਹਾਕਮਾਂ ਰੁਜ਼ਗਾਰ ਦੀ ਥਾਂ, ਕਿਰਤੀ ਲੋਕਾਂ ਨੂੰ ਮੁਫਤ ਆਟੇ, ਦਾਣੇ ਦਾਲਾਂ ਦੇ ਚਾਟੇ ਲਾ ਲਿਆ ਅਤੇ ਲੋਕਾਂ ਦੀ ਮਾਂ- ਬੋਲੀ ਪੰਜਾਬੀ ਨੂੰ ਵੀ ਹਥਿਆ ਲਿਆ।ਵੇਖੋ ਭਾਈ, ਵੇਖੋ ਇਹ ਕਿਹੋ ਜਿਹਾ ਯੁੱਗ ਆ ਗਿਆ, ਬੰਦਾ ਬੰਦੇ ਨੂੰ ਯਾਰੋ ਖਾ ਗਿਆ।
ਕਿੰਨੀ ਵਾਰੀ ਬਦਲੀਆਂ ਰੁੱਤਾਂ, ਸਾਡਾ ਮੌਸਮ ਆਇਆ ਨਾ
ਖ਼ਬਰ ਹੈ ਕਿ ਇਨੀਂ ਦਿਨੀਂ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਜਿਥੇ 11 ਮਾਰਚ ਨੂੰ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਤੇ ਲੱਗੀਆਂ ਹੋਈਆਂ ਹਨ, ਉਥੇ ਚਾਰੇ ਪਾਸੇ ਇਹੋ ਚਰਚਾ ਹੈ ਕਿ ਇਸ ਵੇਰ ਸੱਤਾ ਦੇ ਪਲੜੇ ਤੇ ਕਿਹੜੀ ਰਾਜਸੀ ਧਿਰ ਭਾਰੂ ਰਹੇਗੀ ਤੇ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਕੌਣ?
ਵਿਧਾਨ ਸਭਾ ਚੋਣਾਂ’ਚ ਤਿੰਨ ਧਿਰੀ ਮੁਕਾਬਲੇ ਹੋਏ ਹਨ। ਭਾਵੇਂ ਰਾਜ ਦੀਆਂ ਪ੍ਰਮੁੱਖ ਰਾਜਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ- ਭਾਜਪਾ ਗੱਠ ਜੋੜ, ਕਾਂਗਰਸ ਤੇ ਤੀਜੀ ਧਿਰ ਵਲੋਂ ਪਹਿਲੀ ਵਾਰ ਹੈ ਕਿ ਸਰਕਾਰ ਕਿਸ ਪਾਰਟੀ ਦੀ ਬਣੇਗੀ ਬਾਰੇ ਵਿਸ਼ਲੇਸ਼ਕ ਤੇ ਪੱਤਰਕਾਰੀ ਦੇ ਪੰਡਿਤ ਵੀ ਭੰਬਲਬੂਸੇ ‘ਚ ਹਨ।
ਕੋਈ ਦਿਲੀਓ ਗਰਜਿਆ, ਕੋਈ ਅੰਮ੍ਰਿਤਸਰੋਂ, ਕੋਈ ਅਨੰਦਪੁਰੋਂ ਬੋਲਿਆ, ਕੋਈ ਚੰਡੀਗੜੋ। ਕੋਈ ਲੁਧਿਆਣਿਓ ਦਹਾੜਿਆ ਕੋਈ ਲੰਬੀਉਂ। ਕੋਈ ਜਲੰਧਰੋਂ ਕੂਕਿਆ ਕੋਈ ਗੁਰਦਾਸਪੁਰੋਂ। ਸਭਨਾਂ-ਰਾਗ ਇਕੋ ਅਲਾਪਿਆ “ਕਰਦਿਓ ਮੇਰੀ ਕੁਰਸੀ ਪੱਕੀ“ ਕੋਈ ਮੇਰੇ ਦਰਦਾਂ ਨੂੰ ਪੜਕੇ ਰੋਇਆ, ਕੋਈ ਮੇਰੇ ਦਰਦਾਂ ਨੂੰ ਗਾ ਕੇ ਰੋਇਆ। ਪਰ ਅੰਤ ਇਹੋ ਆਖ ਮੈਥੋਂ ਭਿੱਖਿਆ ਮੰਗਦਾ ਰਿਹਾ “ ਵੋਟ ਜਨਤਾ ਜੀ ਮੈਨੂੰ ਪਾਇਓ“। ਤਮਾਸ਼ਾ ਖ਼ਤਮ ਅਤੇ ਪੈਸਾ ਹਜ਼ਮ। ਜਨਤਾ ਦਾ ਕਿਸੇ ਢਿੱਡ ਨਹੀਂ ਨਾਪਿਆ, ਕਿਸੇ ਉਹਦੇ ਮਨ ਦੀ ਥਾਹ ਨਹੀਂ ਲਈ।
ਇੱਕ ਆਇਆ, ਦੂਜਾ ਚਲਾ ਗਿਆ। ਤੀਜਾ ਆਇਆ, ਚੋਥਾ ਪਾਲਾ ਬਦਲ ਗਿਆ। ਅਕਾਲੀ ਆਇਆ, ਭਾਜਪਾ ਆਈ। ਕਾਂਗਰਸ ਆਈ, ਆਪ ਆਈ, ਖੱਬੀ ਆਈ, ਸੱਜੀ ਆਈ। ਤਿੱਖੀ ਆਈ, ਠੰਡੀ ਆਈ। ਗਰਮ ਆਈ, ਸਰਦ ਆਈ। ਹਰ ਪਾਰਟੀ ਦੇ ਨੇਤਾ ਦਾ ਚਿਹਰਾ ਇਕੋ ਵੇਖਿਆ। ਕਰੂਰ, ਕਰੂਪ, ਤਿੱਖਾ, ਸ਼ੈਤਾਨੀ, ਵਿੰਗਾ, ਟੇਡਾ, ਵਲਦਾਰ, ਛਲਦਾਰ।
ਜਨਤਾ ਵੇਖਦੀ ਰਹੀ। ਜਨਤਾ ਝਾਕਦੀ ਰਹੀ। ਜਨਤਾ ਵਾਚਦੀ ਰਹੀ। ਜਨਤਾ ਲੱਭਦੀ ਰਹੀ, ਵੈਣ ਪਾਉਂਦੀ ਰਹੀ, ਡੁਸਕਦੀ ਰਹੀ, ਤੇ ਸੋਚਦੀ ਰਹੀ “ਕਿੰਨੀ ਵਾਰੀ ਬਦਲੀਆਂ ਰੁੱਤਾਂ, ਸਾਡਾ ਮੌਸਮ ਆਇਆ ਨਾ“
ਜਾਂਦੀ ਵਾਰੀ ਤਾਂ ਪਾਣੀ ਪਿਲਾ ਦਿਉ
    ਖਬਰ ਹੈ ਕਿ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਰ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਚੁੱਪ ਬੈਠੇ ਹੋਏ ਪਾਵਰਕਾਮ [ਬਿਜਲੀ ਬੋਰਡ] ਨੇ ਵਿਧਾਨ ਸਭਾ ਚੋਣਾਂ ਖਤਮ ਹੁੰਦੇ ਸਾਰ ਲੰਬੀ ਹਲਕੇ ਦੇ ਬਿਜਲੀ ਖਪਤ ਦੇ ਡਿਫਾਲਟਰਾਂ ‘ਤੇ ਸ਼ਿਕੰਜਾ ਕੱਸ ਦਿਤਾ । ਅਤੇ ਉਨਾਂ ਦੇ ਮੀਟਰ ਤੱਕ ਉਖਾੜਨੇ ਸ਼ੁਰੂ ਕਰ ਦਿਤੇ ਹਨ। ਬਾਦਲ ਪਰਿਵਾਰ ਦੇ ਚਹੇਤੇ ਦਿਆਲ ਸਿੰਘ ਕੋਲਿਆਂਵਾਲੀ ਸਮੇਤ 50 ਤੋਂ ਜਿਆਦਾ ਖਪਤਕਾਰਾਂ ਦੇ ਮੀਟਰਾਂ ਦੀ ਸਪਲਾਈ ਕੱਟ ਦਿਤੀ ਗਈ ਹੈ। ਇਕੱਲੇ ਕੋਲਿਆਂਵਾਲੀ ਦੇ 23 ਲੱਖ ਦੇ ਕਰੀਬ ਬਿਜਲੀ ਬੋਰਡ ਦਾ ਬਕਾਇਆ ਹੈ ।
ਲ਼ਉ ਜੀ ਹੁਣ ਤਾਂ ਗੱਲ ਪੱਕੀ ਹੀ ਨਿੱਤਰ ਆਈ ਆ ਕਿ “ਸਰਕਾਰ” ਦੀ ਸਵਾਰੀ ਬੱਸ ਗਈ ਕਿ ਗਈ । ਜਿਹੜੇ ਅਧਿਕਾਰੀ “ਜਥੇਦਾਰਾਂ” “ਜੱਫੇਮਾਰਾਂ”, “ਵੱਡਿਆਂ” ਤੋਂ ਡਰਦੇ ਘੁਰਨਿਆਂ ‘ਚ ਵੜੇ ਬੈਠੇ ਹੋਏ ਸਨ, ਭਾਈ ਉਹ ਵੀ ਆਪਣੇ ਅਸਲੀ ਰੂਪ ‘ਚ ਬਾਹਰ ਆ ਰਹੇ ਆ।ਵੇਖੋ ਨਾ “ਬਾਬਿਆਂ” ਤਾਂ ਪੰਜਾਬ ਦੇ 117 ਹਲਕਿਆਂ ਦੇ 117 ਜਗੀਰਦਾਰ ਨਿਯੁੱਕਤ ਕੀਤੇ ਹੋਏ ਸਨ,ਜਿਨਾਂ ਬਿਨਾਂ ਹਲਕੇ ‘ਚ ਨਾ ਪੱਤਾ ਹਿਲਦਾ ਸੀ, ਨਾ ਅਧਿਕਾਰੀ ਆਪਣੀ ਕਲਮ ਚਲਾਉਣ ਦਾ ਹੀਆ ਕਰ ਸਕਦਾ ਸੀ, ਵਿਚਾਰਿਆਂ ਦੇ ਪਿੰਨਾਂ ਦੀ ਸਿਆਹੀ ਸੁੱਕੀ ਰਹੀ ਪੰਜ ਸਾਲ ਤੇ ਉਹ ਬੱਸ ਦੂਣੀ ਦਾ ਪਹਾੜਾ ਪੜਦੇ ਬੱਸ ਇਹੋ ਕਹਿੰਦੇ ਰਹੇ , ਦੋ ਦੂਣੀ ਜਥੇਦਾਰ , ਤਿੰਨ ਦੂਣੀ ਜਥੇਦਾਰ, ਚਾਰ ਦੂਣੀ ਜਥੇਦਾਰ, ਅਤੇ ਫਿਰ ਇੱਕ ਦੂਣੀ ਜਥੇਦਾਰ ,ਤੇ ਜੇਕਰ ਕੋਈ ਕਹਿੰਦਾ ਜਥੇਦਾਰ ਜੀ ਦੋ ਦੂਣੀ ਤਾਂ ਚਾਰ ਹੂੰਦੇ ਆ, ਤਾਂ ਜਥੇਦਾਰ ਅੱਗੋਂ ਆਖਦਾ ਭਾਈ ਇਹ ਪੜਾਈ ਕਿਸੇ ਹੋਰ ਨੂੰ ਪੜਾਈਂ, ਤੇ ਅਗਲੇ ਸਟੇਸ਼ਨ ਤੇ ਨੌਕਰੀ ਵਜਾਈਂ।ਤਦੇ ਅਧਿਕਾਰੀ ਜਥੇਦਾਰਾਂ ਦੇ ਖੇਤਾਂ ਦੇ ਪਾਣੀ ਦੇ ਨੱਕੇ ਵੀ ਮੋੜਦੇ ਰਹੇ , ਤੇ ਆਏ ਗਏ ਨੂੰ ਪਾਣੀ-ਪਾਣੀ ਵੀ ਪਿਆਉਂਦੇ ਰਹੇ । ਹੁਣ ਤਾਂ ਭਾਈ ਕੋਈ ਤੱਤੀਉ ਵਾ ਵਗੀ ਆ, ਸਭ ਕੁਝ ਉਲਟ-ਪੁੱਲਟ ਹੁੰਦਾ ਜਾਪਦਾ ਤੇ ਜਫੇਮਾਰ ਭਾਈ ਅਧਿਕਾਰੀ ਮੂਹਰੇ ਕੱਚੀ ਜਿਹੀ ਹਾਸੀ ਹੱਸਦੇ ਇਹੋ ਕਹਿੰਦੇ ਨਜ਼ਰ ਆ ਰਹੇ ਆ, “ਭਾਈ ਜਾਂਦੀ ਵਾਰੀ ਤਾਂ ਪਾਣੀ ਪਿਲਾ ਦਿਉ”।
ਤਿੜਕੇ ਸ਼ੀਸ਼ੇ ਦੇ ਸਾਹਵੇਂ ਜਦ ਜਾਏਂਗਾ।
ਖ਼ਬਰ ਹੈ ਕਿ ਹਾੜੀ ਦੀ ਸਿਆਲੂ ਫਸਲ ਆਲੂ ਜੋ ਕਿ ਪੁਟਾਈ ਤੋਂ ਬਾਅਦ ਨੋਟਬੰਦੀ ਦੇ ਅਸਰ ਹੋਣ ਦਾ ਬਹਾਨਾ ਬਣਾਕੇ ਆਲੂ ਉਤਪਾਦਕ ਪਹਿਲਾਂ ਵਪਾਰੀਆਂ ਦੀਆਂ ਮਨਮਰਜੀਆਂ ਅਤੇ ਫਿਰ ਕੋਲਡ ਸਟੋਰਾਂ ਮਾਲਕਾਂ ਵਲੋਂ ਆਲੂ ਰਖਾਉਣ ਸਮੇਂ ਮਨਮਰਜ਼ੀ ਦੇ ਭਾਅ ਲੈਣ ਕਾਰਨ ਕਿਸਾਨ ਦੋਹਰੀ ਚੱਕੀ ‘ਚ ਪਿਸ ਰਿਹਾ ਹੈ । ਕਿਸਾਨ ਦੀ ਫਸਲ ਖੇਤਾਂ ਵਿਚ ਰੁਲ ਰਹੀ ਹੈ , ਜਦਕਿ ਕੋਲਡ ਸਟੋਰ ਮਾਲਕ ਵਧੇਰੇ ਮੁਨਾਫੇ ਲਈ ਕਿਸਾਨਾਂ ਦਾ ਆਲੂ ਸੰਭਾਲਣ ਲਈ ਥਾਂ ਨਹੀਂ ਦੇ ਰਿਹਾ । ਵਪਾਰੀ ਜਾਂ ਕੁਝ ਅਮੀਰ ਕਿਸਾਨਾਂ ਵਲੋਂ ਕੋਲਡ ਸਟੋਰਾਂ ਪਹਿਲਾਂ ਹੀ ਬੁੱਕ ਕਰ ਲਏ ਜਾਂਦੇ ਹਨ ਤਾਂ ਜੋ ਖੇਤਾਂ ‘ਚ ਰੁਲ ਰਿਹਾ ,ਆਲੂ ਘੱਟ ਲਾਗਤ ‘ਤੇ ਖਰੀਦ ਕੇ ਆਉਣ ਵਾਲੇ ਦਿਨਾਂ ‘ਚ ਮਹਿੰਗੇ ਭਾਅ ਵੇਚਿਆ ਜਾ ਸਕੇ।
ਦੱਸੋ , ਬਈ ਦੱਸੋ ਇਹ ਕੀ ਹੋ ਰਿਹਾ ? ਦੱਸੋ , ਦੱਸੋ ਬਈ ਗੱਲ, ਕਿਸਦਾ ਖੂਨ , ਬਣਕੇ ਪਸੀਨਾ ਚੋਅ ਰਿਹਾ । ਦੱਸੋ , ਬਈ ਦੱਸੋ ਬੱਸ ਇੱਕੋ ਗੱਲ , ਉਹ ਬੰਦਾ ਆਪਣੀ ਧਰਤੀ ਉਤੇ ਨੰਗਾ ਹੀ ਕਿਉਂ ਸੌਂ ਰਿਹਾ ? ਦੱਸੋ , ਬਈ ਦੱਸੋ , ਇਸ ਸਭੋ ਕੁਝ ਦੇਖ ਚਾਖਕੇ ਦੇਸ਼ ਦਾ 56 ਇੰਚੀ ਸੀਨੇ ਵਾਲਾ ਹਾਕਮ ਕਿਉਂ ਲੰਮੀਆਂ ਤਾਣ ਸੌਂ ਰਿਹਾ ?ਦਸੋ ਬਈ ਦਸੋ ,ਕੋਈ ਉਸ ਪੱਥਰ ਦਿਲ ਹਾਕਮ ਨੂੰ ਪੁੱਛਣ ਦਾ ਹੀਆ ਕਿਉਂ ਨਹੀਂ ਕਰਦਾ ਕਿ ਉਹ ਆਟੇ ਦੇ ਥਾਂ ਬੱਸ ਲੂਣ ਹੀ ਕਿਉਂ ਗੁੰਨੀ ਜਾਂਦਾ ? ਉਹ ਤੇ ਉਹਦੇ ਅਹਿਲਕਾਰ “ਲੋਕਾਂ ਨੂੰ ਹਰੀਆਂ ਐਨਕਾਂ ਲਗਵਾ , ਬੱਸ ਇਕੋ ਗੱਲ ਕਿਉਂ ਆਖੀ ਜਾਂਦੇ ਆ “ਭਾਰਤ ਦੇਸ਼ ਹੈ ਮਹਾਨ, ਇਹਦੀ ਉੱਚੀ ਸਭ ਤੋਂ ਸ਼ਾਨ । ਇਥੇ ਵਸਦੇ ਮਿਹਨਤੀ ਕਿਸਾਨ , ਜਿਹੜੇ ਦੇਸ਼ ਦਾ ਨੇ ਮਾਣ”। ਪਰ ਜਦੋਂ ਰੱਸੀਆਂ, ਰੱਸੇ ਗਲ ਪਾ , ਪੈਸੇ ਧੇਲੇ ਦੇ ਥੁੜੋਂ ਇਹ “ਬੀਬੇ” ਖੁਦਕੁਸ਼ੀਆਂ ਕਰਦੇ ਰਹਿਣਗੇ ਹਾਕਮ ਵਪਾਰੀਆਂ ਦੇ ਢਿੱਡ ਭਰਦੇ ਰਹਿਣਗੇ , ਤਦ ਕਦੇ ਹਾਕਮ ਨੂੰ ਕੀ ਸਮਾਂ ਕਦੇ ਸਵਾਲ ਨਹੀਂ ਪਾਏਗਾ ਤੇ ਉਦੋਂ ਕੀ ਜਵਾਬ ਹੋਏਗਾ ਉਸ ਕੋਲ ? “ਤਿੜਕੇ ਸ਼ੀਸ਼ੇ ਦੇ ਸਾਹਵੇਂ ਜਦ ਜਾਏਂਗਾ , ਟੁਕੜਾ ਟੁਕੜਾ ਹੋ ਕੇ ਤੂੰ ਕੁਰਲਾਏਂਗਾ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
1. ਦੇਸ਼ ਭਾਰਤ ਵਿੱਚ ਸਾਲ 2015 ਵਿੱਚ ਕੌਮੀ ਅਪਰਾਧ ਰਿਕਾਰਡ ਬਿਉਰੋ ਦੇ ਅੰਕੜਿਆਂ ਅਨੁਸਾਰ 3 ਲੱਖ 27 ਹਜ਼ਾਰ 395 ਔਰਤਾਂ ਹਿੰਸਾ ਦਾ ਸ਼ਿਕਾਰ ਹੋਈਆਂ। ਇਨਾਂ ਵਿਚੋਂ 34 ਹਜ਼ਾਰ 556 ਔਰਤਾਂ ਨਾਲ ਬਲਾਤਕਾਰ ਹੋਇਆ। ਪੰਜਾਬ ‘ਚ 5291 ਔਰਤਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ ਜਿਨਾਂ ਵਿਚੋਂ 886 ਔਰਤਾਂ ਨਾਲ ਜ਼ਬਰ-ਜਨਾਹ ਹੋਇਆ।
2. ਡਾਕਟਰੀ ਪੱਤਰਕਾ ਲਾਸੈਟ ਦੇ ਇੱਕ ਅਧਿਆਨ ਅਨੁਸਾਰ ਹਰ ਸਾਲ 10 ਲੱਖ ਭਾਰਤੀਆਂ ਦੀ ਜਾਨ ਹਵਾ ਪ੍ਰਦੂਸ਼ਨ ਨਾਲ ਚਲੇ ਜਾਂਦੀ ਹੈ।
3. ਭਾਰਤ ਵਿੱਚੋਂ 2015 ਦੇ ਅੰਤ ਤੱਕ 2,82,076 ਵਿਚਾਰ ਅਧੀਨ ਕੈਦੀ ਭਾਰਤੀ ਜੇਲਾਂ ਵਿੱਚ ਬੰਦ ਸਨ।
ਇੱਕ ਵਿਚਾਰ
ਜਦ ਤੱਕ ਤੁਹਾਨੂੰ ਝੂਠ ਬੋਲਣ ਦੀ ਕਲਾ ਨਹੀਂ ਆਉਂਦੀ, ਉਦੋਂ ਤੱਕ ਸੱਚ ਬੋਲਣਾ ਹੀ ਸਭ ਤੋਂ ਚੰਗੀ ਨੀਤੀ ਹੈ ਜਿਰੋਮ ਕੇ ਜਿਰੋਮ

Related posts

ਘੱਟ ਉਮਰ ਦੇ ਬੱਚਿਆਂ ਵੱਲੋਂ ਮੋਬਾਇਲ ਅਤੇ ਇੰਟਰਨੈੱਟ ਦੀ ਵਰਤੋਂ ਚਿੰਤਾਜਨਕ ਵਿਸ਼ਾ–ਹਰਮਿੰਦਰ ਸਿੰਘ ਭੱਟ

INP1012

ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰਨੂੰ ਧਿਆਨ ਦੇਣ ਦੀ ਮੰਗ।

INP1012

ਮਾਣ ਨਾਲ ਦੱਸਾਂ, ਮੇਰੀਆਂ ਤਿੰਨ ਮਾਵਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

INP1012

Leave a Comment