Artical Featured India International News National News Punjab Punjabi Social

ਡੰਗ ਅਤੇ ਚੋਭਾਂ–ਗੁਰਮੀਤ ਪਲਾਹੀ

ਹੰਝੂ ਵੀ ਪ੍ਰਭ ਜੀ ਹੋ ਗਏ ਮੈਲੇ
ਖ਼ਬਰ ਹੈ ਕਿ ਦੇਸ਼ ਦੇ ਅੱਠ ਸੂਬਿਆਂ ਦੇ ਮਹਿਲਾ ਕਮਿਸ਼ਨ ਵਲੋਂ ਜਾਅਲ ਸਾਜ਼ ਵਿਦੇਸ਼ੀ ਲਾੜਿਆਂ, ਜੋ ਵਿਆਹ ਦੇ ਨਾਮ ਤੇ ਮੌਜ ਮਸਤੀ ਕਰਨ ਆਉਂਦੇ ਹਨ, ਤੋਂ ਆਪਣੀਆਂ ਧੀਆਂ ਨੂੰ ਬਚਾਉਣ ਲਈ ਘਰੇਲੂ ਅਤਿਆਚਾਰ ਰੋਕੂ ਕਾਨੂੰਨ ਬਨਾਉਣ ਲਈ ਇਕਮਤ ਹੋ ਗਏ। ਹਾਜ਼ਰ ਮੈਂਬਰਾਂ ਦਾ ਵਿਚਾਰ ਸੀ ਕਿ ਮਾਪੇ ਆਪਣੀ ਚਾਵਾਂ-ਮਲਾਰਾਂ ਨਾਲ ਪਾਲੀ ਹੋਈ ਲੜਕੀ ਦਾ ਵਿਆਹ ਕਰਨ ਵੇਲੇ ਆਪਣੀ ਹੈਸੀਅਤ ਤੋਂ ਵੱਧ ਕੇ ਖਰਚ ਕਰਦੇ ਹਨ ਤਾਂ ਜੋ ਉਨਾਂ ਦੀ ਧੀ ਸੁਖੀ ਵਸੇ ਪੰਰਤੂ ਵਿਦੇਸ਼ੀ ਲਾੜੇ ਦੇ ਪੂਰੇ ਪਿਛੋਕੜ ਦੀ ਜਾਂਚ ਕਰਨ ਵਿਚ ਢਿੱਲ ਕਰ ਜਾਂਦੇ ਹਨ ਜਿਸ ਕਾਰਨ ਵਿਆਹੀ ਲੜਕੀਆਂ ਦਾ ਜੀਵਨ ਦੁਸ਼ਵਾਰ ਹੋ ਜਾਂਦਾ ਹੈ।
ਭੂਤਰੇ ਹੋਏ ਬੰਦੇ ਨੂੰ ਤਾਂ ਛਮਕਾਂ ਹੀ ਲਾਉਣੀਆਂ ਪੈਂਦੀਆਂ। ਬੰਦਾ ਜਦ ਬੰਦਾ ਨਹੀਂ ਪਸ਼ੂ ਬਣ ਜਾਂਦਾ ਉਦੋਂ ਉਹਨੂੰ ਨਾ ਮਾਂ ਯਾਦ ਰਹਿੰਦੀ ਆ ਨਾ ਭੈਣ। ਐਸ਼ਪ੍ਰਸਤੀ, ਗੁੰਡਾ ਗਰਦੀ, ਉਹਦਾ ਹੁੰਦੀ ਆ ਗਹਿਣਾ ਤੇ ਲਾਲਸਾ, ਲਾਲਚ, ਵੱਸ ਹੋ ਉਹ ਜਾਨਵਰ ਉੁਹ ਕੰਮ ਕਰਦਾ ਆ, ਜਿਹੜੇ ਭ੍ਰਿਸ਼ਟ ਬੁੱਧੀ ਵਾਲੇ ਵਿਅਕਤੀ ਕਰਦੇ ਆ।
ਤਦੇ ਚਲਾਕ, ਲੂੰਬੜ ਵਿਦੇਸ਼ੀ ਲਾੜਿਆਂ ਦੀ ਅੱਖ ਭਾਈ ਇੱਕਲੀ ਲੜਕੀ ਦੇ ਹੁਸਨ, ਜਿਸਮ, ਉਤੇ ਹੀ ਨਹੀਂ, ਸਗੋਂ ਉਹਦੇ ਮਾਪਿਆਂ ਦੀ ਦੌਲਤ ‘ਤੇ ਵੀ ਹੁੰਦੀ ਆ। ਸੱਤਰਵਿਆਂ ‘ਚ ਬੁੱਢੇ, ਠੇਰੇ ਵਿਆਹੇ ਲਾੜੇ ਵਿਦੇਸ਼ੋਂ ਆਉਂਦੇ, ਮੱਖਣਾਂ ਨਾਲ ਪਲੀਆਂ ਜਵਾਨ ਕੁੜੀਆਂ ਵਿਆਹ, ਵਿਦੇਸ਼ਾਂ ਨੂੰ ਲੈ ਜਾਂਦੇ, ਆਪਣੀਆਂ ਤ੍ਰੀਮਤਾਂ ਨੂੰ ਪਹਿਲਾਂ ਤਲਾਕ ਦੇ ਦੇਂਦੇ ਤੇ ਮਾਪੇ ਲਾਲਚ ਬਸ ਹੋਕੇ ਗਊਆਂ ਵਰਗੀਆਂ ਕੂੰਜ ਵਾਂਗਰ ਕਰਲਾਉਂਦੀਆਂ ਧੀਆਂ ਨੂੰ “ਚਿੜੀਆਂ ਦਾ ਚੰਬਾ ਵੇ ਬਾਬਲ ਕਿਹੜੇ ਦੇਸ਼ ਵੇ ਜਾਣਾ” ਦੇ ਬੇਬਸ ਬੋਲ ਸੁਣਦਿਆਂ ਵੀ ਨਰਕਾਂ ‘ਚ ਤੋਰ ਦੇਂਦੇ। ਅੱਲੜ ਮੁਟਿਆਰਾਂ ਵਿਦੇਸ਼ਾਂ ‘ਚ ਆਪਣੀ ਜਵਾਨੀ ਗਾਲਦੀਆਂ, ਬਾਲ-ਬੱਚੇ ਜੰਮਦੀਆਂ ਤੇ ਆਪਣੇ ਅਰਮਾਨ ਮਿੱਟੀ ‘ਚ ਦੱਬ, ਪਿਛਲੇ ਮਾਪਿਆਂ ਦੇ ਦਰ-ਘਰ ਫਿਰ ਵੀ ਸੁਆਰਦੀਆਂ, ਫਿਰ ਵੀ ਮਿਹਨਾ ਨਾ ਦੇਂਦੀਆਂ, “ਬਾਬਲਾ, ਕਾਹਨੂੰ ਲਾਇਆ ਬੁੱਢੇ ਲੜ”। ਅੱਜ ਕੱਲ ਭਾਈ ਵਿਦੇਸ਼ੀ ਲਾੜੇ ਆਉਂਦੇ ਆ। ਵਿਆਹ ਕਰਵਾਉਂਦੇ ਆ। ਡਿਸਕੋ ਡਾਂਸ ਕਰਦੇ ਆ। ਵੱਡੀਆਂ ਵੱਡੀਆਂ ਰਸਮਾਂ ਕਰਦੇ ਆ। ਝੱਲ ਖਿਲਾਰਦੇ ਆ। ਆਪਣਾ ਮੁੱਲ ਪਾਉਂਦੇ ਆ।ਐਸ਼ਾਂ ਕਰਦੇ ਆ। ਕੰਜਕ-ਕੁਆਰੀਆਂ ਕੁੜੀਆਂ ਦੇ ਘਰ ਲੁੱਟਦੇ ਆ। ਅਤੇ ਮੁੜ ਅਸਮਾਨਾਂ ਨੂੰ ਛੂਹ, ਵਿਦੇਸ਼ੀ ਧਰਤੀ ਉਤੇ ਪੈਰ ਜਾ ਧਰਦੇ ਆ। ਫਿਰ ਤੂੰ ਕੌਣ ਤੇ ਮੈਂ ਕੌਣ? ਏਧਰ ਵਿਚਾਰੀ ਕੁੜੀ ਆਪਣੇ ਛੋਹਰ ਦੇ ਫੋਨ ਉਡੀਕਦੀ, ਟੁੱਟੇ ਸੁਫਨਿਆਂ ਦਾ ਸੰਤਾਪ ਹੰਢਾਉਂਦੀ, ਨਾ ਆਪਣਾ ਦਰਦ ਮਾਂ ਨੂੰ ਦੱਸਦੀ ਆ ਨਾ ਪਿਉ ਨੂੰ, ਜਿਹੜੇ ਆਪ ਵੀ ਨਿੱਤ-ਦਿਹਾੜੇ ਧੀ ਦੇ ਫਿਕਰਾਂ ‘ਚ ਲੱਥੇ ਜੀਊਂਦੇ ਵੀ ਮੋਏ ਦਿਸਦੇ ਆ।
ਤਦੇ ਭਾਈ, ਵਿਆਹਾਂ ਦੇ ਵਾਜੇ, ਵਿਆਹ ਦੀਆਂ ਰਸਮਾਂ ਯਾਦ ਕਰਦਿਆਂ ਪੈਲਿਸਾਂ ਅਤੇ ਦਾਜ-ਦਹੇਜ ਦੇ ਖਰਚਿਆਂ ਦਾ ਬੋਝ ਸਹਿੰਦਿਆਂ ਮਾਂ, ਪਿਉ, ਭਰਾਵਾਂ, ਧੀ ਦੇ ਹੰਝੂ ਵਗਦੇ ਵਗਦੇ ਆਖਰ ਸੁਕਦੇ ਸੁਕਦੇ ਸੁੱਕ ਹੀ ਜਾਂਦੇ ਆ ਤੇ ਉਸ ਪਸ਼ੂ ਰੂਪੀ ਵਿਦੇਸ਼ੀ ਲਾੜੇ ਨੂੰ ਨੱਥ ਪਾਉਣ ਦੀ ਤਾਂ ਸੋਚਦੇ ਹੀ ਆ, ਪਰ ਉਪਰਲੇ ਨੂੰ ਯਾਦ ਕਰਦਿਆਂ, ਨਿਹੋਰਾ ਵੀ ਮਾਰਦੇ ਆ। “ਹੰਝੂ ਵੀ ਪ੍ਰਭ ਜੀ ਹੋ ਗਏ ਮੈਲੇ”। “ਪਰ ਨਾਲ ਹੀ ਦਿਲਾਂ ਚੋਂ ਚੀਸ ਉਠਦੀ ਆ, ਜੋ ਕੋਸ਼ਿਸ਼ ਕੀਤਿਆਂ ਵੀ ਸਾਂਭੀ ਨਹੀਂ ਜਾਂਦੀ,” ਵਿਹੜੇ ਤਾਂ ਸਾਡੇ ਪਿਆਰ ਦਾ ਬੂਟਾ, ਪੱਤਰ ਸੰਘਣੇ ਸਾਵੇਂ, ਕਿਵੇਂ ਛਾਂਗ ਕੇ ਹੂੰਝ ਕੇ ਤੂੰ ਲੈ ਗਿਉ ਛਾਵਾਂ”?
ਸਭੋ ਕੁਝ ਛੱਡਿਆ ਤਾਂ ਵੀ ਕੀ ਛੱਡਿਆ
ਖ਼ਬਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੱਖ ਸਿੰਘ ਨੂੰ ਆਹੁਦੇ ਤੋਂ ਹਟਾ ਦਿਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਮਰਯਾਦਾ ਤੋਂ ਬਾਹਰ ਆਕੇ ਬਿਆਨਬਾਜੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿਚ ਬਾਦਲ ਪਿਉ-ਪੁੱਤਰ ਉਤੇ ਗਿਆਨੀ ਗੁਰਮੁਖ ਸਿੰਘ ਨੇ ਆਰੋਪ ਲਗਾਇਆ ਸੀ ਅਤੇ ਕਿਹਾ ਸੀ ਕਿ ਬਾਦਲਾਂ ਦੇ ਹੁਕਮ ਉਤੇ ਹੀ ਡੇਰਾ ਮੁਖੀ ਸੱਚਾ ਸੌਦਾ ਵਾਲਿਆਂ ਨੂੰ ਪੰਥ ‘ਚੋਂ ਛਕਣ ਦਾ ਹੁਕਮ ਵਾਪਿਸ ਲਿਆ ਗਿਆ ਸੀ।
ਬੰਦੇ ਤੋਂ ਨਾ ਅਹੁਦਾ ਛੱਡਿਆ ਜਾਂਦਾ, ਨਾ ਛੱਡੀ ਜਾਂਦੀ ਆ ਜਿੱਦ ਅਤੇ ਨਾ ਛੱਡੀ ਜਾਂਦੀ ਜਿੱਦ ਆ ਹਉਂ।ਕਬਰ ‘ਚ ਲੱਤਾਂ ਹੁੰਦੀਆਂ ਤੇ ਬੰਦਾ ਆਂਹਦਾ ਆ ਮੈਂ ਤਾਂ ਖੁੱਤੀਆਂ ਪਾ ਦਊਂ, ਦੁਨੀਆਂ ਬਦਲ ਦਊਂ! ਪਰ ਕੁਦਰਤ ਦਾ ਕ੍ਰਿਸ਼ਮਾ ਵੇਖੋ, ਹਜ਼ਾਰਾਂ ਆਉਂਦੇ ਨੇ, ਹਜ਼ਾਰਾਂ ਤੁਰ ਜਾਂਦੇ ਨੇ। ਵੇਖੋ ਨਾ ਆਪਣੇ ਬਾਦਲ, ਲੋਕਾਂ ਆਖਿਆ ਭਾਈ ਰਤਾ ਅਰਾਮ ਫਰਮਾਉ। ਬਥੇਰਾ ਵਢਾਂਗਾ ਕਰ ਲਿਆ। ਖਜ਼ਾਨੇ ਤੂਸ ਲਏ। ਧਨ ਨਾਲ ਵੀ। ਮਨ ਨਾਲ ਵੀ! ਹਉਂਮੇ ਨਾਲ ਵੀ। ਜਿੱਦ ਨਾਲ ਵੀ। ਆਪਣੀ ਆਈ ਤੇ ਆਏ ਤੇ ਉਹੀ ਕੁਝ ਕੀਤਾ ਜਿਹੜਾ ਮਨ ਨੂੰ ਭਾਇਆ। ਭਾਈ ਭਤੀਜੇ ਗਏ ਢੱਠੇ ਖੂਹ! ਆਪਣੇ ਹੀ ਲੜ ਲਾਏ, ਆਪਣੇ ਦਿਨ ਪੁਗਾਏ।
ਬਾਦਲਾਂ ਦਾ ਰਾਜ ਭਾਗ ਗਿਆ। ਟੌਹਰ ਟੱਪਾ ਗਿਆ।ਪਰ ਫੁੰਕਾਰੇ ਮਾਰਨ ਦੀ ਆਦਤ ਤਾਂ ਨਹੀਂ ਓ ਨਾ ਜਾਂਦੀ। ਵਾਰਿਸ਼ ਸ਼ਾਹ ਠੀਕ ਹੀ ਤਾਂ ਆਖ ਗਿਆ, “ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ”। ਤਦੇ ਭਾਈ ਲੱਖ ਪਏ ਆਖਣ ਵੱਡੇ ਬਾਦਲ, “ਜੋ ਹੋਇਆ ਸੋ ਕੀਤਾ, ਸੇਵਾ ਕੀਤੀ, ਲੋਕਾਂ ਦੀ” ਅਤੇ ਹੁਣ ਜਾ ਸੰਤਾਂ ਨੇ ਜਾ ਡੇਰਾ ਲਾਇਆ ਆਪਣੇ ਡੇਰੇ। ਪਰ ਸੱਭੋ ਕੁਝ ਛੱਡਿਆ ਤਾਂ ਵੀ ਕੀ ਛੱਡਿਆ। ਤਦੇ ਭਾਈ ਬਾਪੂ ਦਾ ਖੂੰਡਾ ਚੁਪ ਚੁਪੀਤਾ ਵੀ ਵੜਕਾਂ ਮਾਰੀ ਜਾਂਦਾ।
ਅੱਗ ਲੱਗੀ ਹੋਈ ਹੈ, ਬੁਝਾਓ, ਬੁਝਾਓ
ਖ਼ਬਰ ਹੈ ਕਿ ਮੁਖਮੰਤਰੀ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੂੰ ਪੰਜਾਬ ਵਿਚ ਬੀ.ਐਸ.ਐਫ. ਦੀ ਵਧੀਕ ਫੋਰਸ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਉਨਾਂ ਕਾਲੀ ਸੂਚੀ ਵਿਚ ਸ਼ਾਮਲ ਸਿੱਖ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਵੱਲ ਇੱਕ ਵੱਡਾ ਕਦਮ ਚੁਕਦੇ ਹੋਏ ਕਿਹਾ ਕਿ ਅਜਿਹੀ ਸੂਚੀ ਨੂੰ ਧਾਰਮਿਕ ਲੀਹਾਂ ‘ਤੇ ਬਣਾਉਣ ਦੀ ਪ੍ਰਣਾਲੀ ਖਤਮ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮੌਜੂਦਾ ਪ੍ਰਣਾਲੀ ਨਾਲ ਸਿੱਖ ਬਹੁਤ ਨੌਜਵਾਨਾਂ ਦੀ ਮਾਨਸਿਕਤਾ ਨੂੰ ਠੇਸ ਪੁੱਜੀ ਹੈ ਕਿਉਂਕਿ ਜੋ ਇਨਾਂ ਵਿਚੋਂ ਬਹੁਤ ਨੌਜਵਾਨਾਂ ਦੇ ਨਾਂਅ ਪਿਛਲੇ ਕਈ ਸਾਲਾਂ ਤੋਂ ਇਸ ਸੂਚੀ ਵਿਚ ਦਰਜ਼ ਹਨ। ਰਾਜਨਾਥ ਨੇ ਇਸ ਸੂਚੀ ‘ਤੇ ਨਜ਼ਰਸਾਨੀ ਕਰਨ ਦੀ ਸਹਿਮਤੀ ਪ੍ਰਗਟਾਈ। ਉਨਾਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਅਤਿਵਾਦੀਆਂ ਦੀ ਗੈਂਗਸਟਰਾਂ ਨਾਲ ਗੰਢਤੁਪ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜਨਾਥ ਤੋਂ ਮੰਗ ਕੀਤੀ ਕਿ ਸੂਬੇ ਦੀਆਂ ਅਤਿ ਸੁਰੱਖਿਅਤ ਜੇਲਾਂ ਦੀ ਸੁਰੱਖਿਆ ਲਈ ਸੀ.ਆਈ. ਐਸ.ਐਫ ਜਾਂ ਸੀ.ਆਰ.ਪੀ. ਐਫ ਦੇ ਬਲ ਮੁਹੱਈਆ ਕੀਤੇ ਜਾਣ।
ਜਾਪਦੈ ਪੰਜਾਬ ਦੇ ਮੁੱਖ ਮੰਤਰੀ ਉਨਾਂ ਗੈਂਗਸਟਰਾਂ ਤੋਂ ਡਾਹਢੇ ਦੁਖੀ ਹੋ ਗਏ ਆ, ਜਿਹੜੇ ਨਿੱਤ ਦਿਹਾੜੇ ਸ਼ਰੇਆਮ ਗਲੀਆਂ-ਬਜਾਰਾਂ ‘ਚ ਤਾਂ ਠਾਹ ਠੂਹ ਕਰਦੇ ਹੀ ਆ, ਜੇਲਾਂ ‘ਚ ਵੀ ਮੱਲ-ਯੁੱਧ ਕਰਨ ਤੋਂ ਨਹੀਂ ਝਿਜਕਦੇ! ਝਿਜਕਣ ਵੀ ਕਿਉਂ ਭਾਈ ਆਦਤਾਂ ਜਿਉਂ ਪਈਆਂ ਹੋਈਆਂ।ਪਤਾ ਉਨਾਂ ਨੂੰ ਕਿ ਉਨਾਂ ਦੇ “ਮਾਈ-ਬਾਪ” ਉਨਾਂ ਨੂੰ ਛੁਡਾ ਲੈਣਗੇ, ਲੋੜ ਪਿਆਂ ਜਿਥੇ ਚਾਹੁਣਗੇ ਗਾਟੀਆਂ ਵਾਂਗਰ ਫਿੱਟ ਕਰ ਦੇਣਗੇ। ਉਂਜ ਵੀ ਭਾਈ ਜੇਕਰ ਬਗਲ ‘ਚ ਪਿਸਤੋਲ ਹੋਵੇ, ਰਿਵਾਲਵਰ ਹੋਵੇ, ਹੱਥ ‘ਚ ਨੇਤਾ ਹੋਵੇ, ਮੋਢੇ ਉਤੇ ਮਾਫੀਆ ਗਰੁੱਪ ਦੀ ਥਾਪੀ ਹੋਵੇ, ਅਤੇ ਅੰਦਰ ਨਾਗਣੀ ਨਾਲੋਂ ਵੀ ਵੱਡਾ ਜੰਤਰ “ਚਿੱਟਾ” ਹੋਵੇ ਤਾਂ ਫਿਰ ਕਾਹਦਾ ਫਿਕਰ, ਕਾਹਦਾ ਡਰ!
ਜਾਣਦਾ ਕੈਪਟਨ ਕਿ ਪੰਜਾਬ ਅੰਦਰੋਂ ਦੁੱਖ ਰਿਹਾ। ਜਾਣਦਾ ਕੈਪਟਨ ਪੰਜਾਬ ਅੰਦਰੋਂ ਮੱਘ ਰਿਹਾ ਰਿਸ਼ਵਤਖੋਰੀ ਨਾਲ। ਜਾਣਦਾ ਕੈਪਟਨ ਕਿ ਪੰਜਾਬ ਤੜਫ ਰਿਹਾ ਨਸ਼ਿਆ ਨਾਲ! ਜਾਣਦਾ ਕੈਪਟਨ ਪੰਜਾਬ ਤੜਪ ਰਿਹਾ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਨਾਲ! ਤਦੇ ਫਾਇਰ ਬ੍ਰਿਗੇਡ ਦੀ ਗੱਡੀ ਲੈਣ ਉਹ ਇਹ ਕਹਿਕੇ ਕਿ ਅੱਗ ਲੱਗੀ ਹੋਈ ਹੈ, ਪੰਜਾਬ ਨੂੰ, ਬੁਝਾਓ ਬੁਝਾਓ! ਪਰ ਕੈਪਟਨ ਜੀ ਉਪਰ ਵਾਲੇ ਅੱਗ ਬੁਝਾਉਣਗੇ ਜਾਂ ਅੱਗ ‘ਤੇ ਤੇਲ ਪਾਉਣਗੇ?
ਬਣ ਜੋ ਮਰਜ਼ੀ ਊ ਬਣ ਇਨਸਾਨ, ਪਰ ਇਨਸਾਨ ਬਣ
ਖ਼ਬਰ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਮਾਰਗਦਰਸ਼ਕ ਮੰਡਲ ਦੇ ਮੈਂਬਰ ਅਤੇ ਸਾਬਕਾ ਸਾਂਸਦ ਡਾ: ਰਾਮ ਵਿਲਾਸ ਦਾਸ ਵੇਦਾਂਤੀ ਨੇ ਦਾਅਵਾ ਕੀਤਾ ਹੈ ਕਿ ਦਸੰਬਰ 1992 ਨੂੰ ਅਯੋਧਿਆ ਵਿਚ ਵਿਵਾਦਪ੍ਰਸਤ ਢਾਂਚਾ ਉਨਾਂ ਨੇ ਹੀ ਤੋੜਿਆ ਅਤੇ ਤੁੜਵਾਇਆ ਸੀ। ਲਾਲ ਕ੍ਰਿਸ਼ਨ ਅਡਵਾਨੀ, ਡਾ: ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਆਦਿ ਤਾਂ ਰਾਮ ਮੰਦਰ ਕਾਰ ਸੇਵਕਾਂ ਨੂੰ ਰੋਕ ਰਹੇ ਸਨ। ਯਾਦ ਰਹੇ ਕਿ ਸੁਪਰੀਮ ਕੋਰਟ ਨੇ ਹੋਣੇ ਜਿਹੇ ਹੀ ਅਡਵਾਨੀ, ਜੋਸ਼ੀ, ਉਮਾ ਅਤੇ 13 ਹੋਰਨਾਂ ਤੇ ਆਯੋਧਿਆ ਵਿਚ ਵਿਵਾਦਪ੍ਰਸਤ ਢਾਂਚਾ ਢਾਹੁਣ ਦੀ ਸਾਜ਼ਿਸ਼ ਰਚਨ ਦਾ ਕੇਸ ਚਲਾਉਣ ਲਈ ਸੀ.ਬੀ.ਆਈ ਨੂੰ ਆਗਿਆ ਦੇ ਦਿਤੀ ਹੈ।ਸਾਂਸਦ ਨੇ ਕਿਹਾ ਕਿ ਮੈਂ ਢਾਂਚਾ ਤੋੜਿਆ ਅਤੇ ਤੁੜਵਾਇਆ ਹੈ। ਇਸ ਲਈ ਜੇਕਰ ਅਦਾਲਤ ਫਾਂਸੀ ਵੀ ਦੇ ਦੇਵੇ ਤਾਂ ਤਿਆਰ ਹਾਂ। ਉਨਾਂ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਰਾਮ ਮੰਦਰ ਬਨਾਉਣ ਲਈ 67.77 ਏਕੜ ਜ਼ਮੀਨ ਮੰਦਰ ਬਨਾਉਣ ਲਈ ਸੌਂਪੀ ਜਾਵੇ। ਤਾਂ ਕਿ ਮੰਦਿਰ ਦਾ ਨਿਰਮਾਣ ਹੋ ਸਕੇ।
ਮੋਦੀ ਜੀ ਦੀ ਪ੍ਰੇਸ਼ਾਨੀ ਆ ਕਿਧਰੇ ਐਡਵਾਨੀ ਭਾਈ ਰਾਸ਼ਟਰਪਤੀ ਨਾ ਬਣ ਜਾਏ, ਉਚੇ ਔਹਦੇ ਬੈਠਕੇ ਅੱਖਾਂ ਦਿਖਾਊ, ਮਸਾਂ ਤਾਂ ਦਬਕੇ- ਸ਼ਬਕੇ ਲਾਕੇ ਐਡਵਾਨੀ, ਜੋਸ਼ੀ ਵਰਗੇ ਬਜ਼ੁਰਗਾਂ ਨੂੰ ਚੁੱਪ ਕਰਾਇਆ, ਆਂਹਦੇ ਫਿਰਦੇ ਸੀ, ਅਸੀਂ ਪ੍ਰਧਾਨ ਮੰਤਰੀ ਬਣਨਾ। ਕੌਣ ਸਮਝਾਏ ਇਨਾਂ ਨੂੰ ਕਿ ਕੰਪਿਊਟਰ ਦੇ ਯੁਗ ‘ਚ ਭਾਈ ਪੜੇ ਲਿਖੇ ਬੁਢੇ-ਠੇਰੇ ਵੀ ਅਨਪੜ ਆ, ਤੇ ਦੇਸ਼ ਨੂੰ ਬਨਾਉਣਾ ਆ ਮਾਡਰਨ, ਭਗਵਾਂ, ਹਿੰਦੂ ਰਾਸ਼ਟਰ, ਉਹ ਭਲਾ ਕੀ ਬਜ਼ੁਰਗਾਂ ਦਾ ਕੰਮ ਆ, ਉਹਦੇ ਲਈ ਤਾਂ ਦੇਸ਼ ‘ਚ ਯੂ.ਪੀ. ਦੇ ਮੁਖਮੰਤਰੀ ਯੋਗੀ ਵਰਗੇ ਚਾਹੀਦੇ ਆ ਜਿਹੜੇ “ਦੂਜਿਆਂ” ਨੂੰ ਕੁਸਕਣ ਨਾ ਦੇਣ, ਭਾਵੇਂ ਦਬਕੇ ਨਾਲ ਭਾਵੇਂ ਪੱਠੇ ਪਾ ਕੇ। ਉਨਾਂ ਨੂੰ ਕੁੱਟਣ ਤੇ ਲੇਰਾਂ ਵੀ ਨਾ ਮਾਰਨ ਦੇਣ। ਉਨਾਂ ਨੂੰ ਦਬਕਣ, ਘਰੋਂ ਵੀ ਨਾ ਨਿਕਲਣ ਦੇਣ ਤੇ ਮੂੰਹ ‘ਤੇ ਚੇਪੀ ਲਾਕੇ ਰੱਖਣ।
ਵੇਖੋ ਨਾ ਉਧਰ ਅਮਰੀਕਾ ‘ਚ ਟਰੰਪ ‘ਆਪਣਿਆਂ’ ਤੋਂ ਬਿਨਾਂ ਕਿਸੇ ਹੋਰ ਧਰਮ ਵਾਲਿਆਂ ਨੂੰ ਖੰਘਣ ਨਹੀਂ ਦਿੰਦਾ ਤੇ ਇਧਰ ਮੋਦੀ ਜੀ ਐਨ ਅਮਰੀਕਾ ਦੇ ਟਰੰਪ ਦੇ ਪੈਰਾਂ ‘ਚ ਬੈਠੇ, ਉਹਨਾਂ ਦੇ ਕਦਮ ਚਿੰਨਾਂ ਤੇ ਚਲਦਿਆਂ ਟਰੰਪ ਦੇ “ਵਿਰੋਧੀਆਂ” ਨੂੰ ਨਾਕੋ ਚਨੇ ਚਬਾਉਣ ਤੇ ਤੁਲੇ ਹੋਏ ਆ। ਐਧਰ ਮੋਦੀ ਪੱਕੇ ਹਿੰਦੂ, ਉਧਰ ਆਪਣੇ ਟਰੰਪ ਪੱਕੇ “ਅਮਰੀਕੀ”! ਪਰ ਮੋਦੀ ਆਂਹਦੇ ਆ ਹਿੰਦੀ, ਹਿੰਦੂ, ਹਿੰਦੋਸਤਾਨ। ਟਰੰਪ ਆਂਹਦੇ ਆ, ਅਮਰੀਕਾ, ਅਮਰੀਕਾ। ਪਰ ਭਾਈ ਉਨਾਂ ਨੂੰ ਕੌਣ ਸਮਝਾਏ, “ਸਿੱਖ, ਜੈਨੀ, ਪਾਰਸੀ, ਹਿੰਦੂ ਜਾਂ ਮੁਸਲਮਾਨ ਬਣ, ਬਣ ਜੋ ਮਰਜ਼ੀ ਊ ਬਣ ਇਨਸਾਨ, ਪਰ ਇਨਸਾਨ ਬਣ।
ਨਹੀ ਰੀਸਾਂ ਦੇਸ਼ ਮਹਾਨ ਦੀਆਂ
ਬ੍ਰਿਕਸ ਦੇਸ਼ਾਂ ਵਿਚਲੀ ਜਨਮ ਦਰ ਵਿੱਚ ਭਾਰਤ ਅਤੇ ਦਖਣੀ ਅਫਰੀਕਾ ਸਭ ਤੋਂ ਅੱਗੇ ਹਨ। ਭਾਰਤ ਵਿਚ ਪ੍ਰਤੀ ਹਜ਼ਾਰ ਜਨਸੰਖਿਆ ਵਿੱਚ ਵਾਧਾ 2.4 ਹੈ, ਜਦਕਿ ਅਫਰੀਕਾ ਵਿਚ ਵੀ 2.4 ਹੈ ਜਦਕਿ ਚੀਨ ਵਿਚ ਇਹ ਵਾਧਾ 1.6 ਅਤੇ ਰੂਸ ਵਿਚ ਪ੍ਰਤੀ ਹਜ਼ਾਰ ਵਾਧਾ 1.7 ਹੈ ਅਤੇ ਬ੍ਰਾਜੀਲ ਵਿਚ 1.8 ਹੈ।
ਇੱਕ ਵਿਚਾਰ
ਕਿਸੇ ਵੀ ਥਾਂ ਦੀ ਬੇ-ਇਨਸਾਫੀ ਹਰ ਥਾਂ ਦੇ ਇਨਸਾਫ ਲਈ ਖਤਰਾ ਹੈ- ਮਾਰਟਿਨ ਲੂਥਰ ਕਿੰਗ ਜੂਨੀਅਰ

Related posts

ਰੈੱਡ ਕਰਾਸ ਸੁਸਾਇਟੀਆਂ ਨਾਲ ਵਧੇਰੇ ਦਾਨੀਆਂ ਨੂੰ ਜੋੜਨ ਦੀ ਲੋੜ-ਖੰਨਾ ਅਤੇ ਤਲਵਾਰ

INP1012

ਪੰਚਾਇਤਾਂ ਦੀ ਬਜਾਏ ਸੁਪਰੀਮ ਕੋਰਟ ‘ਚ ਐਸ.ਵਾਈ.ਐਲ ਦੇ ਮੁੱਦੇ ‘ਤੇ ਜ਼ੋਰ ਦੇਣ ਬਾਦਲ: ਕੈਪਟਨ ਅਮਰਿੰਦਰ

INP1012

ਮੁਫਤ ਦਵਾਈ ਉਪਲੱਬਧ ਕਰਵਾਕੇ ਜਰੁਰਤਮੰਦ ਦਾ ਜੀਵਨ ਬਚਾਉਣ ਤੋਂ ਵੱਡਾ ਕੋਈ ਪੁੰਨ ਨਹੀਂ : ਗੋਸ਼ਾ

INP1012

Leave a Comment