Artical Featured India Punjab Punjabi Social

ਡੰਗ ਅਤੇ ਚੋਭਾਂ—ਗੁਰਮੀਤ ਪਲਾਹੀ

ਇਸ ਮਰਜ਼ ਕੀ ਆਖ਼ਿਰ ਦਵਾ ਕਿਆ ਹੈ?

ਖ਼ਬਰ ਹੈ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਨੇ ਅੱਜ ਮਹਾਤਮਾ ਗਾਂਧੀ ਘਾਟ ‘ਤੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪਾਰਟੀ ਦੇ ਵਿਧਾਇਕ ਸਤੇਂਦਰ ਜੈਨ ਨੇ ਮੇਰੇ ਸਾਹਮਣੇ ਦੋ ਕਰੋੜ ਰੁਪਏ ਦੀ ਨਕਦੀ ਪਾਰਟੀ ਮੁਖੀ ਕੇਜਰੀਵਾਲ ਨੂੰ ਦਿੱਤੀ। ਉਹਨਾ ਕਿਹਾ ਕਿ ਇਸ ਬਾਰੇ ਜਦੋਂ ਮੈਂ ਕੇਜਰੀਵਾਲ ਨੂੰ ਪੁਛਿਆ ਕਿ ਇਹ ਦੋ ਕਰੋੜ ਰੁਪਏ ਦੀ ਨਕਦੀ ਕਿਥੋਂ ਆਈ ਤਾਂ ਉਹਨਾ ਇਸ ਗੱਲ ਦਾ ਸਹੀ ਜਵਾਬ ਦੇਣ ਦੀ ਬਜਾਏ ਇਹ ਕਿਹਾ ਕਿ ਰਾਜਨੀਤੀ ‘ਚ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਦੱਸੀਆਂ ਨਹੀਂ ਜਾਂਦੀਆਂ।

ਆਹ ਵੇਖੋ ਨਾ ਪੰਜਾਬ ‘ਚ ਕੇਜਰੀਵਾਲ ਸੌ ਸੀਟਾਂ ਜਿੱਤਦਾ ਵੀਹਾਂ ‘ਤੇ ਆ ਢੁੱਕਾ ਅਤੇ ਦਿਲੀ ‘ਚ ਪਿਛਲੇ ਵਰਿਆਂ ‘ਚ ਸੱਤਰਾਂ ‘ਚੋਂ ਸਤਾਹਟ ਸੀਟਾਂ ਜਿੱਤਕੇ ਐਤਕਾਂ ਮਿਊਂਸਪੈਲਟੀ ‘ਚ ਮੂਧੇ ਮੂੰਹ ਆ ਡਿੱਗਾ। ਇਹ ਸਾਰੀਆਂ ਖੇਡਾਂ ਭਾਈ ਰਾਜਨੀਤੀ ਦੀਆਂ ਨੇ, ਜੀਹਦੇ ‘ਚ ਪੈਸਾ ਪਾਣੀ ਦੀ ਤਰਾਂ ਵਹਾਇਆ ਜਾਂਦਾ ਤੇ ਸਾਮ, ਦਾਮ, ਦੰਡ ਦਾ ਪ੍ਰਯੋਗ ਜਾਇਜ ਗਿਣਿਆ ਜਾਂਦਾ ਆ। ਸੱਚ ਆਂਹਦਾ ਆ ਕੇਜਰੀਵਾਲ ਕਿ ਰਾਜਨੀਤੀ ‘ਚ ਕੁਝ ਗੱਲਾਂ ਦੱਸੀਆਂ ਹੀ ਨਹੀਂ ਜਾਂਦੀਆਂ, ਤਦੇ ਉਹਨਾ ਨਾ ਆਪਣੇ ਗੁਰੂ ਅੰਨਾ ਹਜ਼ਾਰੇ ਨੂੰ ਉਹਦੇ ਅੰਦੋਲਨ ‘ਚ ਸ਼ਾਮਲ ਹੋਕੇ ਆਪਣੀ ਨੀਅਤ ਬਾਰੇ ਦੱਸਿਆ ਅਤੇ ਨਾ ਹੀ ਉਸ ਲਹਿਰ ਵਿਚੋਂ ਬਾਹਰ ਨਿਕਲਕੇ ਰਾਜਨੀਤੀ ‘ਚ ਪੈਰ ਰੱਖਣ ਬਾਰੇ ਦੱਸਿਆ। ਉਹਨਾ ਨਾ ਲੋਕਾਂ ਨੂੰ ਭਰਮਾਉਣ ਦੀ ਰਾਜਨੀਤੀ ਦੀ ਲੋਕਾਂ ਨਾਲ ਚਰਚਾ ਕੀਤੀ, ਨਾ ਆਪਣਾ ਅੰਦਰਲਾ ਸੱਚ ਲੋਕਾਂ ਨਾਲ ਸਾਂਝਾ ਕੀਤਾ।

ਉਂਜ ਭਾਈ ਬਗਾਨੇ ਪੁੱਤ ਕਾਹਨੂੰ ਕੁਰਸੀ ਛੱਡਦੇ ਆ, ਮੋਦੀ ਨੂੰ ਕੇਜਰੀ ਤੋਂ ਡਰ ਲੱਗਿਆ ਤਾਂ ਪੰਜਾਬ ‘ਚ ਅੰਦਰੋ ਗਤੀ ਆਪਣਿਆਂ ਨੂੰ ਕਾਂਗਰਸ ਨਾਲ ਆੜੀ ਪੁਆਕੇ ਕੇਜਰੀ ਨੂੰ ਥਾਂ ਸਿਰ ਕਰਤਾ ਕਿਉਂਕਿ ਉਹਨੂੰ ਜਾਪਦਾ ਸੀ ਜੇ ਕੇਜਰੀ ਪੰਜਾਬ ਜਿੱਤ ਗਿਆ ਤਾਂ ਦਿਲੀ ਦੀ ਵੱਡੀ ਗੱਦੀ ਨੂੰ ਪਊ। ਰਾਜਨੀਤੀ ਤਾਂ ਹੈ ਹੀ ਛਲਾਵਾ, ਲੋਕ ਜਾਣ ਢੱਠੇ ਖੂਹ ‘ਚ,ਨੇਤਾਵਾਂ ਦੀਆਂ ਪੌਂ ਬਾਰਾਂ ਚਾਹੀਦੀਆਂ। ਪੈਸੇ, ਧੱਕੇ, ਧੌਂਸ ਤੋਂ ਬਿਨਾਂ ਸਿਆਸਤ ਨਹੀਂ ਅਤੇ ਹਿੰਦੋਸਤਾਨੀ ਸਿਆਸਤ ਨੇ ਤਾਂ ਲੋਕਾਂ ਨੂੰ ਨੰਗ, ਭੁੱਖ, ਗਰੀਬੀ, ਭ੍ਰਿਸ਼ਟਾਚਾਰ, ਕੁਨਾਬਾਪਰਵਰੀ, ਅਨਪੜਤਾ, ਦੁੱਖ, ਤਕਲੀਫਾਂ ਤੋਂ ਬਿਨਾਂ ਦਿਤਾ ਹੀ ਕੁਝ ਨਹੀਂ! ਤਦੇ ਸਿਆਸਤ ਵਿਚਲੀ ਪੈਸੇ ਟਕੇ ਦੀ ਲੈਣ ਦੇਣ ਦੀ ਮਰਜ਼ ਲਾ ਇਲਾਜ਼ ਹੁੰਦੀ ਜਾ ਰਹੀ ਹੈ ਤੇ ਲੋਕ ਤਾਂ ਹੁਣ ਪੁੱਛਣ ਲੱਗ ਪਏ ਆ, “ ਇਸ ਮਰਜ਼ ਕੀ ਆਖ਼ਿਰ ਦਵਾ ਕਿਆ ਹੈ”?

ਫਿਰ ਤੇਰੀ ਬਣਦੀ ਕੀਹਦੇ ਨਾਲ ਏ?
ਖ਼ਬਰ ਹੈ ਕਿ ਅੱਜ ਕਲ ਭਾਰਤੀ ਨਿਆਂਪਾਲਿਕਾ ਬਹੁਤ ਹੀ ਮਾੜੀ ਹਾਲਤ ਵਿਚੋਂ ਲੰਘ ਰਹੀ ਹੈ। ਉੱਚ ਜੁਡੀਸ਼ਰੀ ਵਿਚਾਲੇ ਇਕ ਤਰਾਂ ਨਾਲ “ਅਰਡਰ ਵਾਰੇ” ਚੱਲ ਰਿਹਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਦੇ ਉਘੇ ਸੱਤ ਜੱਜਾਂ ਦੀ ਬੈਂਚ, ਕੋਲਕਾਤਾ ਹਾਈਕੋਰਟ ਦੇ ਸਿਟਿੰਗ ਜੱਜ ਸੀ.ਐਸ. ਕਰਨਣ ਖਿਲਾਫ਼ ਮਾਣਹਾਨੀ ਮਾਮਲੇ ‘ਚ ਇਕ ਤੋਂ ਬਾਅਦ ਇੱਕ ਹੁਕਮ ਪਾਸ ਕਰ ਰਹੀ ਹੈ ਤੇ ਉਧਰ ਜਸਟਿਸ ਕਰਨਣ ਨਿਆਇਕ ਤੇ ਪ੍ਰਸਾਸ਼ਨਿਕ ਕੰਮਕਾਜ ਵਾਪਸ ਲਏ ਜਾਣ ਦੇ ਬਾਵਜੂਦ ਸੁਪਰੀਮ ਕੋਰਟ ਦੇ ਜੱਜਾਂ ਖਿਲਾਫ਼ ਹੁਕਮ ਪਾਸ ਕਰ ਰਹੇ ਹਨ। ਜਸਟਿਸ ਕਰਨਣ ਨੇ ਪ੍ਰਧਾਨਮੰਤਰੀ ਨੂੰ ਚਿਠੀ ਲਿਖਕੇ 20 ਜੱਜਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਹਮਾਇਤ ‘ਚ ਸਬੂਤ ਨਾ ਦੇ ਸਕਣ ਕਾਰਨ ਅਤੇ ਨਿਆਂਪਾਲਿਕਾ ਦਾ ਅਕਸ ਖਰਾਬ ਕਰਨ ਲਈ ਸੁਪਰੀਮ ਕੋਰਟ ਨੇ ਅਨੋਖੇ ਕਦਮ ਚੁੱਕਦੇ ਹੋਏ ਉਹਨਾ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾ ਅਜਿਹਾ ਕਦੇ ਨਹੀਂ ਹੋਇਆ। ਜਸਟਿਸ ਕਰਨਣ ਜੂਨ ‘ਚ ਰਿਟਾਇਰ ਹੋ ਰਹੇ ਹਨ।

ਸੁਣਿਆ ਸੀ ‘ਜੱਜ’ ਤਾਂ ਸਿਆਣੇ ਹੁੰਦੇ ਆ? ਉਹਨਾ ਦੀ ਨਜ਼ਰ ਪੈਨੀ ਹੁੰਦੀ ਆ? ਲੜਾਈਆਂ, ਝਗੜੇ, ਰੰਜਸ਼ਾਂ ਤੋਂ ਉਪਰ ਉਠ ਉਹ ਆਪਣੇ ਵੀ ਮਸਲੇ ਨਜਿੱਠਦੇ ਆ ਤੇ ਦੂਜਿਆਂ ਦੇ ਵੀ! ਪਰ ਭਾਈ ਜਦੋਂ ਦੇ ਉਹਨਾ ਨੂੰ ਵੱਧ ਸਿਆਣੇ “ਵਕੀਲ” ਮਿਲੇ ਆ, ਉਹਨਾ ਜੱਜਾਂ ਨੂੰ ਵੀ ਆਪਣੇ ਵਰਗੇ ਤੇਜ਼-ਤਰਾਰ ਕਰ ਲਿਆ ਆ। ਪਰ ਉਹਨਾ ਦੀ ਇਹ ਤੇਜ਼-ਤਰਾਰੀ ‘ਚੱਲ ਅਗਾਹ ਤੁਰ’ ਕਰਦਿਆਂ ਕੇਸਾਂ ਉਤੇ ਤਾਰੀਖਾਂ ਤੇ ਤਾਰੀਖਾਂ ਅੱਗੇ ਪਾਉਂਦਿਆਂ ਵੇਖਣ ਨੂੰ ਜ਼ਿਆਦਾ ਦਿਸਣ ਲੱਗੀ ਆ। ਇਨਸਾਫ ਦਾ ਤਰਾਜੂ ਤਾਂ ਜ਼ਿਆਦਾ ਹੀ ਡੁਲਕਣ ਲੱਗਾ ਆ ਅਤੇ ਨਾਲ ਹੀ ਡੁਲਕਣ ਲੱਗਿਆ ਹੋਇਆ “ਆਮ ਆਦਮੀ” ਦਾ ਜੱਜਾਂ, ਅਦਾਲਤਾਂ ਤੋਂ ਵਿਸ਼ਵਾਸ਼!
ਉਂਜ ਭਾਈ ਪਿੰਡ ਵਾਲੇ ਰਾਮਸਿਹੁੰ ਦੇ ਕਹਿਣ ਵਾਂਗਰ ਜੱਜ ਵੀ ਤਾਂ ਬੰਦੇ ਹੀ ਆ, ਰੱਬ ਤਾਂ ਨਹੀਂ? ਉਵੇਂ ਹੀ ਜਿਵੇਂ ਡਾਕਟਰ ਵੀ ਤਾਂ ਬੰਦੇ ਹੀ, ਆ ਰੱਬ ਤਾਂ ਨਹੀਂ। ਉਹਨਾ ਨੂੰ ਭੁੱਖ ਵੀ ਲਗਦੀ ਆ, ਪਿਆਸ ਵੀ। ਉਨਹਾ ਨੂੰ ਰੰਜਸ਼ ਵੀ ਹੁੰਦੀ ਆ, ਉਨਹਾ ਦੇ ਲੜਾਈ ਝਗੜੇ ਵੀ ਹੁੰਦੇ ਆ। ਉਹਨਾ ਨੂੰ ਇੱਕ ਦੂਜੇ ਨਾਲ ਨਫਰਤ ਵੀ ਹੁੰਦੀ ਆ ਤੇ ਪਿਆਰ ਵੀ। ਤਦੇ ਉਹ ਵੀ ਵਕੀਲਾਂ ਵਾਂਗਰ ਲੜਦਿਆਂ ਹੁਣ ਇੱਕ ਦੂਜੇ ਤੋਂ ਪੁੱਛਣ ਲੱਗੇ ਆ, ‘ਫਿਰ ਤੇਰੀ ਬਣਦੀ ਕੀਹਦੇ ਨਾਲ ਏ’?

ਅਸੀਂ ਸਾਰੇ ਹੀ ਜੇਬ ਕਤਰੇ ਹਾਂ?

ਖ਼ਬਰ ਹੈ ਕਿ ਚੀਨ ਵਿਚ ਜੋ ਵਾਇਰਸ ਅਗਲੀ ਮਹਾਂਮਾਰੀ ਫੈਲਾ ਸਕਦਾ ਹੈ, ਉਹ ਉਥੇ ਪਹਿਲਾਂ ਤੋਂ ਹੀ ਤੇਜ਼ੀ ਨਾਲ ਸਰਗਰਮ ਹੈ। ਕੁਝ ਸਮੇਂ ਤੋਂ ਉਸਨੇ ਕੁਕੜੀਆਂ ਤੋਂ ਮਨੁੱਖਾਂ ਤੱਕ ਫੈਲਣਾ ਸ਼ੁਰੂ ਕਰ ਦਿਤਾ ਹੈ। ਹੁਣੇ ਜਿਹੇ ਇਸ ਵਾਇਰਸ ਨਾਲ ਪ੍ਰਭਾਵਿਤ 88% ਲੋਕਾਂ ਨੂੰ ਨਿਮੋਨੀਆ ਹੋ ਗਿਆ ਸੀ ਅਤੇ ਉਹਨਾ ਵਿਚੋਂ 41% ਦੀ ਮੌਤ ਹੋ ਗਈ।

ਖਤਰਨਾਕ ਰੋਗਾਣੂਆਂ ਦੀ ਖੋਜ ਵਿਚ ਹੋਈ ਪ੍ਰਗਤੀ ਦੇ ਬਾਵਜੂਦ ਨਾ ਹੀ ਦੁਨੀਆ ਅਤੇ ਨਾ ਹੀ ਅਮਰੀਕਾ ਕਿਸੇ ਪ੍ਰਮੁਖ ਸੰਕਾਰਤਾਮਕ ਬੀਮਾਰੀ ਨਾਲ ਹੋਣ ਵਾਲੀ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਦੁਨੀਆ ਭਰ ਵਿਚ ਦਵਾਈਆਂ ਦਾ ਬਜ਼ਾਰ 60 ਖਰਬ ਰੁਪਏ ਹੈ ਪਰ ਇਸ ਲਈ ਵੈਕਸੀਨ ਦੀ ਹਿੱਸੇਦਾਰੀ ਸਿਰਫ 3% ਹੈ। ਵੈਕਸੀਨ ਬਨਾਉਣ ਉਤੇ ਖਰਚ ਕਿਉਂਕਿ ਜ਼ਿਆਦਾ ਹੈ ਇਸ ਲਈ ਖਰਚੀਲੀ ਦਵਾਈ ਦੀ ਖੋਜ ‘ਚ ਦਵਾ ਕੰਪਨੀਆਂ ਦੀ ਕੋਈ ਰੁਚੀ ਨਹੀਂ।ਅਜੋਕਾ ਮਨੁੱਖ, ਬੀਮਾਰੀਆਂ ਦਾ ਘਰ ਆ, ਆਪੇ ਸਹੇੜੀਆਂ ਬੀਮਾਰੀਆਂ ਉਹਨੂੰ ਤੂੰਬਾ ਤੂੰਬਾ ਤੋੜ ਰਹੀਆਂ, ਮਰੋੜ ਰਹੀਆਂ। ਲੁੱਟੇ, ਪੁੱਟੇ, ਪੀੜੇ ਮਨੁੱਖ ਦੀ ਹੋਰ ਪੀੜਾ ਵਧਾਉਣ ‘ਚ ਮਨੁੱਖ ਦੀ ਲਾਲਸਾ ਹੈ, ਪੈਸਾ ਕੱਠਾ ਕਰਨ ਦਾ ਜਨੂੰਨ ਹੈ। ਤਦੇ ਭਾਈ ਦਵਾ ਕੰਪਨੀਆਂ ਟਕੇ ਦੀ ਦਵਾਈ ਬਣਾਉਂਦੀਆਂ, ਬਜ਼ਾਰਾਂ ‘ਚ ਸੈਂਕੜਿਆਂ ਦੀਆਂ ਵੇਚਦੀਆਂ ਆਂ। ਅਤੇ ਲੋਕ ਬੀਮਾਰੀਆਂ ਤੋਂ ਡਰੇ ਹੋਏ, ਫੱਕੇ ਮਾਰ ਮਾਰ ਦਵਾਈਆਂ ਸਵੇਰੇ, ਸ਼ਾਮ ਛਕੀ ਜਾਂਦੇ ਆ, ਡਾਕਟਰਾਂ ਦਾ ਨਾਮ ਜਪੀ ਜਾਂਦੇ ਆ। ਡਾਕਟਰ ਹੱਸਦੇ ਆ, ਸ਼ਿਕਾਰ ਆਇਆ। ਲਾਉ ਟੀਕਾ, ਕਰੋ ਜੇਬ ਢਿੱਲੀ! ਡਾਕਟਰ ਖੁਸ਼ ਹੁੰਦੇ ਆ, ਫਸਿਆ ਸ਼ਿਕਾਰ, ਲੋੜ ਨਾ ਵੀ ਹੋਵੇ, ਪਾੜ ਦਿਉ ਢਿੱਡ, ਕਰ ਦਿਉ ਅਪਰੇਸ਼ਨ! ਸਮਾਂ ਵਪਾਰ ਦਾ ਆ। ਸਮਾਂ ਬਜ਼ਾਰ ਦਾ ਆ! ਸਮਾਂ ਲੁੱਟ-ਖਸੁੱਟ ਦਾ ਆ। ਜੇਬ ਕਤਰਨ ਦਾ ਆ।ਉਂਜ ਵੀ ਡਾਕਟਰ ਕੀ, ਅਸੀਂ ਸਾਰੇ ਜੇਬ ਕਤਰੇ ਹਾਂ? ਕੋਈ ਕਿਸੇ ਦਾ ਅਰਾਮ, ਚੈਨ ਲੁੱਟਦਾ, ਕੋਈ ਕਿਸੇ ਦਾ ਪੈਸਾ ਲੁੱਟਦਾ, ਕੋਈ ਕਿਸੇ ਦੀ ਇੱਜਤ ਲੁੱਟਦਾ, ਕੋਈ ਕਿਸੇ ਦਾ ਵਿਸ਼ਵਾਸ਼ ਲੁੱਟਦਾ। ਤੇ ਲੁੱਟ ਦਾ ਕੰਮ ਤਾਂ ਭਾਈ ਜੇਬ-ਕਤਰਿਆਂ ਦਾ ਹੀ ਤਾਂ ਹੁੰਦਾ ਆ।
ਹੁਣ ਕੋਈ ਉਡੀਕ ਨਹੀਂ

ਖ਼ਬਰ ਹੈ ਕਿ ਪਿੰਡ ਦੁਗਾਂ ਮਸਤੂਆਣਾ ਦੇ ਕਿਸਾਨ ਹਰੀ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾ ਦੇ ਪੁਤਰ ਦੇ ਦਸਣ ਅਨੁਸਾਰ ਹਰੀ ਸਿੰਘ ਕੋਲ ਸਿਰਫ ਇੱਕ ਏਕੜ ਜ਼ਮੀਨ ਹੈ। ਪਿਛਲੇ ਸਮੇਂ ਦੌਰਾਨ ਉਹਨਾ ਨੇ ਤਿੰਨ ਕੁ ਲੱਖ ਰੁਪਏ ਕਰਜ਼ਾ ਬੈਂਕ, ਰਿਸ਼ਤੇਦਾਰਾਂ ਅਤੇ ਆੜਤੀਆਂ ਤੋਂ ਫੜਕੇ ਮੇਰਾ ਅਤੇ ਮੇਰੀਆਂ ਦੋ ਭੈਣਾਂ ਦਾ ਵਿਆਹ ਕੀਤਾ ਸੀ ਪਰ ਕਰਜ਼ਾ ਸਿਰ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਹਰੀ ਸਿੰਘ ਪ੍ਰੇਸ਼ਾਨ ਸੀ, ਉਸਨੇ ਜ਼ਹਿਰ ਨਿਗਲਕੇ ਆਤਮਹੱਤਿਆ ਕੀਤੀ ਹੈ।ਨਿੱਤ ਇੱਕ ਨਹੀਂ, ਦੋ ਨਹੀਂ, ਤਿੰਨ ਤਿੰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਪੰਜਾਬ ‘ਚ! ਫ਼ਿਕਰ ਨਾ ਕਰੋ, ਕਰਜ਼ਾਈ ਕਿਸਾਨੋ, ਪੰਜਾਬ ਦੇ ਕੈਪਟਨ ਨੇ ਸਾਰਾ ਕਰਜ਼ਾ ਮੁਆਫ ਕਰ ਦੇਣਾ ਆ, ਉਦੋਂ ਜਦੋਂ ਕਰਜ਼ੇ ਵਾਲੇ ਮਰ ਮਰਕੇ ਥੋੜੇ ਰਹਿ ਜਾਣੇ ਆ। ਫ਼ਿਕਰ ਨਾ ਕਰੋ, ਉਸ ਕਮਿਸ਼ਨ ਬੈਠਾ ਦਿਤਾ ਹੈ। ਰਤਾ ਵੀ ਫ਼ਿਕਰ ਨਾ ਕਰਿਓ, ਕਮਿਸ਼ਨ ਦੇ ਮੈਂਬਰ ਏ.ਸੀ. ਕਮਰਿਆਂ ‘ਚ ਬੈਠੇ ਚਾਹਾਂ ਛਕ ਰਹੇ ਆ। ਤੁਹਾਨੂੰ ਕਾਹਦਾ ਫ਼ਿਕਰ, ਉਹ ਗੌਗਲੂਆਂ ਤੋਂ ਮਿੱਟੀ ਝਾੜ ਦੇਣਗੇ। ਤੁਹਾਡੇ ਸਿਰ ਕਰਜ਼ੇ ਦੇ ਥਾਂ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਪਾ ਦੇਣਗੇ, ਪਰ ਪਾਉਣਗੇ ਜ਼ਰੂਰ! ਭਾਵੇਂ ਤੁਹਾਡੇ ‘ਤੇ ਬਾਅਦ ਟੈਕਸ ਉਗਰਾਹ ਕੇ ਹੀ ਸਹੀ। ਫਿਕਰ ਕੀਤਿਆਂ ਵੀ ਕੁਝ ਬਣਦਾ ਆ, ਨਾ ਭਾਈ ਨਾ, ਕੁਝ ਵੀ ਨਾ। ਆਪਾਂ ਤਾਂ ਘਾਹ ਖੋਤਣਾ ਆ, ਖੋਤੀ ਜਾਵਾਂਗੇ। ਨੇਤਾਵਾਂ ਗੱਲਾਂ ਕਰਨੀਆਂ ਆਂ, ਕਰੀ ਜਾਣਗੇ। ਨੇਤਾਵਾਂ ਲਾਰੇ ਲਾਉਣੇ ਆ, ਲਾਈ ਜਾਣਗੇ। ਤੇ ਆਪਾਂ ਅਕਾਸ਼ ਵੱਲ ਮੂੰਹ ਕਰੀ, ਕਦੇ ਇੰਦਰ ਦੇਵਤਾ ਨੂੰ ਦੇਖੀ ਜਾਵਾਂਗੇ, ਕਦੇ ਉਪਰਲੇ ਨੂੰ ਧਿਆਈ ਜਾਵਾਂਗੇ।

ਪੱਲੇ ਤਾਂ ਕੁਝ ਨਹੀਂ ਪਾਉਣਾ ਇਹਨਾ ਲਾਰੇ ਲੱਪੇ ਵਾਲਿਆਂ ਭਾਈ। ਨੀਲਾ ਗਿਆ, ਪੀਲਾ ਗਿਆ। ਚਿੱਟਾ ਆਇਆ। ਅੱਗੋਂ ਭਾਵੇਂ ਗੁਲਾਬੀ ਆ ਜੇ। ਮਨ ਦਾ ਭਾਰ ਨਾ ਪਹਿਲਾਂ ਲੱਥਿਆ, ਨਾ ਹੁਣ! ਪਰ… ਪਰ… ਡਿੱਗਿਆਂ, ਢੱਠਿਆਂ ਵੀ ਤਾਂ ਨਹੀਂ ਨਾ ਸਰਨਾ! ਲਗਦੈ ਹੁਣ ਤਾਂ ਖੜਨਾ ਪਊ, ਕੁਝ ਕਰਨਾ ਪਊ ਆਪ! ਨਹੀਂ ਰਹੀ ਭਾਈ ਹੁਣ ਇਹਨਾ ਦੀ ਕੋਈ ਉਡੀਕ!

ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

ਭਾਰਤ ਸਭ ਤੋਂ ਜਿਆਦਾ ਗਰੀਬਾਂ ਵਾਲਾ ਦੇਸ਼ ਹੈ। ਦੁਨੀਆ ਵਿਚ ਕੁਲ 75 ਕਰੋੜ ਗਰੀਬ ਹਨ, ਜਿਹਨਾ ਵਿਚੋਂ ਇੱਕਲੇ ਭਾਰਤ ਵਿੱਚ ਹੀ 22 ਕਰੋੜ ਦੇ ਕਰੀਬ ਹਨ। ਵਿਸ਼ਵ ਬੈਂਕ ਦੇ ਅੰਤਰਰਾਸ਼ਟਰੀ ਮਾਣਕ ਦੇ ਅਨੁਸਾਰ 1.90 ਡਾਲਰ (ਲਗਭਗ ਸੌ ਰੁਪਏ) ਪ੍ਰਤੀ ਦਿਨ ਨਾਲ ਗੁਜ਼ਾਰਾ ਕਰਨ ਵਾਲੇ ਵਿਅਕਤੀ ਨੂੰ ਗਰੀਬ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।

ਇਕ ਵਿਚਾਰ

ਜੇਕਰ ਤੁਹਾਨੂੰ ਕਿਸੇ ਤੋਂ ਕੁਝ ਚਾਹੀਦਾ ਹੈ, ਤਾਂ ਉਸਨੂੰ ਤੁਸੀਂ ਇੱਕ ਮੋਕਾ ਜ਼ਰੂਰ ਦਿਓ, ਤਾਂ ਕਿ ਉਹ ਤੁਹਾਨੂੰ ਉਹ ਕੁਝ ਸੌਂਪ ਸਕੇ। – ਸੂ ਮਾਕ ਕਿੱਡ

Related posts

ਆਪ ਵਲੰਟੀਅਰਾਂ ਨੇ ਉੜੀ ਆਰਮੀ ਕੈਂਪ ਤੇ ਆਤੰਕੀ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

INP1012

ਸਬਰ-ਸੰਤੋਖ–ਮਨਦੀਪ ਗਿੱਲ ਧੜਾਕ

INP1012

ਲੋਕਾਂ ਨੂੰ ਜਿੱਤ ਨਹੀਂ ਸਕਦੇ–ਸਤਵਿੰਦਰ ਕੌਰ ਸੱਤੀ-(ਕੈਲਗਰੀ) ਕੈਨੇਡਾ

INP1012

Leave a Comment