Artical Featured India Political Punjab Punjabi Social

ਸਾਨੂੰ ਵੀ ਪੁੱਛੋ : ਦੇਸ਼ ਨੂੰ ਕਿਹੋ ਜਿਹਾ ਰਾਸ਼ਟਰਪਤੀ ਚਾਹੀਦੈ?–ਮੂਲ : ਗਿਰੀਰਾਜ ਕਿਸ਼ੋਰ

ਪੰਜਾਬੀ ਰੂਪ : ਗੁਰਮੀਤ ਪਲਾਹੀ
ਵਿਰੋਧੀ ਦਲ ਜਾਗੇ ਹਨ। ਜਾਗੇ ਵੀ ਹਨ ਜਾਂ ਨਹੀਂ, ਕਹਿਣਾ ਔਖਾ ਹੈ। ਪਿਛਲੇ ਦਿਨੀਂ ਸ਼ਿਵ ਸੈਨਾ ਦੇ ਬੁਲਾਰੇ ਕਹਿ ਰਹੇ ਸਨ ਕਿ ਉਨਾਂ ਦੀ ਪਹਿਲ ਤਾਂ ਸੰਘ ਦੇ ਮੁੱਖ ਸੰਚਾਲਕ ਮੋਹਨ ਭਾਗਵਤ ਜੀ ਹੀ ਹਨ, ਜੋ ਹੁਣ ਵਾਲੀ ਸਰਕਾਰ ਦੀਆਂ ਮਨ ਦੀਆਂ ਬਾਤਾਂ ਦੀ ਪੂਰਤੀ ਲਈ ਸਹਾਇਕ ਹੋ ਸਕਦੇ ਹਨ। ਅਮਿਤ ਸ਼ਾਹ ਨੇ ਕਿਹਾ ਹੈ ਕਿ ਜਦੋਂ ਪੱਛਮੀ ਬੰਗਾਲ, ਕੇਰਲ ਅਤੇ ਉੜੀਸਾ ਜਿੱਤ ਲਵਾਂਗੇ, ਤਦ ਸੁਨਹਿਰੀ ਯੁੱਗ ਆ ਜਾਏਗਾ। ਪਹਿਲਾਂ ਉਹ ਉੱਤਰ ਪ੍ਰਦੇਸ਼ ਦੇ ਲਈ ਕਹਿੰਦੇ ਸਨ ਕਿ ਦਿੱਲੀ ਦਾ ਰਾਹ ਯੂ ਪੀ ਤੋਂ ਹੋ ਕੇ ਜਾਂਦਾ ਹੈ। ਅਗਲੀ ਚੜਾਈ ਸੁਨਹਿਰੇ ਯੁੱਗ ਵੱਲ ਹੈ। ਸੁਨਹਿਰੇ ਯੁੱਗ ਦਾ ਸੰਬੰਧ ਦੇਸ਼ ਦੀ ਜਨਤਾ ਨਾਲ ਹੈ ਜਾਂ ਸਰਕਾਰ ਦੇ ਸੁਨਹਿਰੇ ਯੁੱਗ ਨਾਲ!ਜਨਤਾ ਦਾ ਸੁਨਹਿਰਾ ਯੁੱਗ ਕਦੇ ਰਿਹਾ ਹੋਵੇ ਜਾਂ ਨਾ ਰਿਹਾ ਹੋਵੇ, ਕਦੇ ਆਏਗਾ, ਪਤਾ ਨਹੀਂ। ਸਰਕਾਰ ਦੇ ਸੁਨਹਿਰੇ ਯੁੱਗ ਦਾ ਜੁਗਾੜ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਹੋ ਸਕਦਾ ਹੈ। ਜੇਕਰ ਭਾਗਵਤ ਰਾਸ਼ਟਰਪਤੀ ਬਣ ਜਾਣ ਅਤੇ ਸੁਨਹਿਰੇ ਯੁੱਗ ਤੱਕ ਪਹੁੰਚਣ ਦੀਆਂ ‘ਸ਼ਾਹ’ ਦੀਆਂ ਦੱਸੀਆਂ ਤਿੰਨ ਪੌੜੀਆਂ ਉਹ ਚੜ ਗਏ, ਤਾਂ ਸੰਵਿਧਾਨ ਵਿੱਚ ਦੋ ਸੋਧਾਂ ਤਤਕਾਲ ਸੰਭਵ ਹਨ; ਹਿੰਦੂ ਰਾਸ਼ਟਰ ਦੀ ਚੜਤ ਅਤੇ ਧਰਮ-ਨਿਰਪੱਖਤਾ ਦੀ ਨੀਵਾਣ। ਭਾਗਵਤ ਰਾਸ਼ਟਰਪਤੀ ਨਹੀਂ ਵੀ ਬਣ ਸਕਦੇ, ਕਿਉਂਕਿ ਸੰਘ ਦੇ ਨਿਯਮਾਂ ਦੇ ਅਨੁਸਾਰ ਉਹ ਸਰਕਾਰੀ ਅਹੁਦਾ ਨਹੀਂ ਲੈ ਸਕਦੇ, ਇਹ ਕਿਹਾ ਜਾ ਰਿਹਾ ਹੈ, ਪਰ ਇਸ ਸਮੇਂ ਤਾਂ ਸੰਘੀਆਂ ਦੀਆਂ ਪੌਂ-ਬਾਰਾਂ ਹਨ। ਭਾਜਪਾ ਦੀ ਮੈਂਬਰੀ ਲੈ ਕੇ ਉਹ ਅਹੁਦਿਆਂ ਉੱਤੇ ਬਿਰਾਜਮਾਨ ਹਨ। ਜਿਸ ਦੋਹਰੀ ਨਾਗਰਿਕਤਾ ਦਾ ਪ੍ਰਧਾਨ ਮੰਤਰੀ ਪਰਵਾਸੀ ਭਾਰਤੀਆਂ ਨੂੰ ਯਕੀਨ ਦੁਆਉਂਦੇ ਹਨ, ਉਹ ਸਰਕਾਰ ਅਤੇ ਸੰਘ ਦੇ ਸੰਦਰਭ ਵਿੱਚ ਸਾਕਾਰ ਹੋਈਆਂ ਹਨ।
ਜੇਕਰ ਭਾਗਵਤ ਆਪਣੀ ਗੱਲ ਦੇ ਪ੍ਰਤੀ ਗੰਭੀਰ ਹਨ, ਤਾਂ ਸ਼ਿਵ ਸੈਨਾ ਨੇ ਉਸ ਦਾ ਬਦਲ/ਤੋੜ ਵੀ ਲੱਭ ਲਿਆ ਹੈ। ਸ਼ਿਵ ਸੈਨਾ ਦੇ ਬੁਲਾਰੇ ਸ਼ਰਦ   ਪਵਾਰ ਦਾ ਗੁਣ ਗਾਇਣ ਕਰ ਹੀ ਰਹੇ ਸਨ ਕਿ ਦੋ ਨਾਂਅ ਹੋਰ ਆ ਗਏ : ਇੱਕ ਜਨਤਾ ਦਲ ਦੇ ਨੇਤਾ ਸ਼ਰਦ ਯਾਦਵ ਦਾ, ਦੂਸਰਾ  ਗੋਪਾਲ ਕ੍ਰਿਸ਼ਨ ਗਾਂਧੀ ਦਾ। ਉਹ ਨਾ ਕਿਸੇ ਪਾਰਟੀ ਵਿੱਚ ਹਨ, ਨਾ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਇਸ ਸਮੇਂ ਗ਼ੈਰ-ਮੁਸਲਿਮ ਅਤੇ ਹਿੰਦੂਆਂ ਦੇ ਹੱਕ ‘ਚ ਮਾਹੌਲ ਹੈ। ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਇਸ ਮਾਹੌਲ ਨੇ ਬਹੁਤ ਕੰਮ ਕੀਤਾ ਹੈ। ਕਹਿੰਦੇ ਹਨ, ਮਸ਼ੀਨ ਅਤੇ ਉਹਨਾਂ ‘ਚ ਗੱਠਜੋੜ ਸੀ। ਜਿਵੇਂ ਹਾਈ ਕੋਰਟ ਨੇ ਨਦੀਆਂ ਨੂੰ ਇਨਸਾਨ ਦਾ ਦਰਜਾ ਦਿੱਤਾ ਹੈ, ਚੋਣ ਕਮਿਸ਼ਨ ਨੇ ਮਸ਼ੀਨ ਨੂੰ ਉਹੀ ਦਰਜਾ ਦੇ ਦਿੱਤਾ ਹੈ। ਉਹ ਲੰਡਨ ਦੇ ਬਾਦਸ਼ਾਹ ਦੀ ਤਰਾਂ ਕੋਈ ਗ਼ਲਤੀ ਨਹੀਂ ਕਰ ਸਕਦੀਆਂ।

     ਰਾਸ਼ਟਰਪਤੀ ਕਿਹੋ ਜਿਹਾ ਹੋਵੇ, ਇਹ ਸਵਾਲ ਜਨਤਾ ਤੋਂ ਨਹੀਂ ਪੁੱਛਿਆ ਜਾ ਰਿਹਾ। ਉਹਨਾਂ ਦੀ ਤਰਫੋਂ ਸਿਆਸੀ ਪਾਰਟੀਆਂ ਆਪੇ ਨਾਂਅ ਤੈਅ ਕਰ ਰਹੀਆਂ ਹਨ। ਨੇਤਾ ਲੋਕ ਜਨਤਾ ਦੇ ਹਰ ਅਧਿਕਾਰ ਨੂੰ ਆਸਾਨੀ ਨਾਲ ਵਰਤ ਰਹੇ ਹਨ। ਸਭ ਤੋਂ ਪਹਿਲੀ ਸਲਾਹ ਪ੍ਰਧਾਨ ਮੰਤਰੀ ਅਤੇ ਸ਼ਿਵ ਸੈਨਾ ਵਿਚਾਲੇ ਹੋਈ ਸੀ। ਉਸ ਵਿੱਚ ਹੀ ਭਾਗਵਤ ਦਾ ਨਾਂਅ ਆਇਆ। ਤਦੇ ਵਿਰੋਧੀ ਦਲ ਚੌਂਕ ਗਏ ਅਤੇ ਜਾਗੇ ਸਨ। ਵਿਰੋਧੀ ਨੇਤਾ ਉਸ ਦੌੜਾਕ ਦੀ ਤਰਾਂ ਹਨ, ਜੋ ਤਿਆਰ ਹੋ ਕੇ ਦੌੜ ਵਿੱਚ ਹਿੱਸਾ ਲੈਣ ਲਈ ਨਿਕਲਦੇ ਹਨ। ਫਿਰ ਜਾ ਕੇ ਲੰਮੀਆਂ ਤਾਣ ਕੇ ਸੌਂ ਜਾਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਦੇਸ਼ ਦਾ ਰਾਸ਼ਟਰਪਤੀ ਕਿਹੋ ਜਿਹਾ ਹੋਵੇ!

ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੇ ਹਿੰਦੂ ਕੋਡ ਬਿੱਲ ਨੂੰ ਵਾਪਸ ਕਰ ਦਿੱਤਾ ਸੀ, ਜਦੋਂ ਕਿ ਐਮਰਜੈਂਸੀ ਦੇ ਕਾਗ਼ਜ਼ਾਂ ਉੱਤੇ ਤੱਤਕਾਲੀਨ ਰਾਸ਼ਟਰਪਤੀ ਨੇ ਅੰਗੂਠਾ ਲਾ ਦਿੱਤਾ ਸੀ। ਹੁਣ ਜੋ ਹਾਲਾਤ ਹਨ, ਉਹ ਦਸਤਖਤ ਕਰਨ ਵਾਲੇ ਰਾਸ਼ਟਰਪਤੀ ਦੇ ਪੱਖ ਵਾਲੇ ਹਨ। ਦੇਸ਼ ਉੱਤੇ ਬਾਹਰੀ ਖ਼ਤਰਾ ਹੋਵੇ ਨਾ ਹੋਵੇ, ਅੰਦਰੂਨੀ ਸੰਕਟ ਵਿਕਰਾਲ ਹੈ। ਦੇਸ਼ ਦੀ ਸਿੱਖਿਆ, ਸਿਹਤ, ਬੇਰੁਜ਼ਗਾਰੀ ਅਤੇ ਮਹਿੰਗਾਈ, ਜਲ ਸੰਕਟ, ਕਿਸਾਨਾਂ ਦਾ ਸੰਕਟ ਪਹਿਲ ਨਹੀਂ ਹੈ। ਗਊ ਰੱਖਿਆ, ਘੱਟ-ਗਿਣਤੀ, ਟੁੱਟੀਆਂ ਸੜਕਾਂ ਅਤੇ ਜੀ ਡੀ ਪੀ ਦੀ ਚਿੰਤਾ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਚਿੰਤਾ ਨਹੀਂ ਹੈ। ਹੋ ਵੀ ਨਹੀਂ ਸਕਦੀ। ਪ੍ਰਧਾਨ ਮੰਤਰੀ ਨੇ ਚੱਪਲਬਾਜ਼ਾਂ ਦੇ ਲਈ ਸਸਤਾ ਹਵਾਈ ਜਹਾਜ਼ ਉਡਾ ਦਿੱਤਾ ਹੈ। ਨੰਗੇ ਪੈਰਾਂ ਵਾਲਿਆਂ ਲਈ ਹਵਾਈ ਚੱਪਲਾਂ ਦਾ ਪ੍ਰਬੰਧ ਹੋ ਜਾਏ, ਤਾਂ ਇਹ ਉਨਾਂ ਲਈ ਹਵਾਈ ਜਹਾਜ਼ ਹੋ ਜਾਣਗੀਆਂ।

    ਇੱਕ ਅਖ਼ਬਾਰ ‘ਚ ਇੱਕ ਸਿਰਲੇਖ ਹੈ : ‘ਸੰਗਠਨ ਵਿਸਥਾਰ ਨੂੰ ਦੇਣ ਵਾਲਾ ਹੋਇਆ ਰਾਸ਼ਟਰਪਤੀ ਦਾ ਉਮੀਦਵਾਰ’। ਸੰਗਠਨ ਦਾ ਮਤਲਬ ਸੰਘ ਤੋਂ ਹੈ। ਸੰਘ ਵੱਡਾ ਹੈ ਜਾਂ ਦੇਸ਼? ਰਾਸ਼ਟਰਪਤੀ ਅਤੇ ਸਰਕਾਰ ਦੋਵੇਂ ਜੇਕਰ ਸੰਘ ਨੂੰ ਹੀ ਮਜ਼ਬੂਤ ਕਰਨਗੇ, ਤਾਂ ਦੇਸ਼ ਕਿਹੜੇ ਖ਼ੂਹ ‘ਚ ਡਿੱਗੇਗਾ? ਇਸੇ ਉਦੇਸ਼ ਨਾਲ ਸ਼ਿਵ ਸੈਨਾ ਨੇ ਭਾਗਵਤ ਦਾ ਨਾਮ ਪ੍ਰਸਤਾਵਤ ਕੀਤਾ ਸੀ। ਹੁਣ ਦੌਪਦੀ ਮੁਰਮੂੰ ਅਤੇ ਮਾਘਵਨ ਨਾਇਰ ਦੇ ਨਾਂਅ ਵੀ ਪ੍ਰਸਤਾਵਤ ਹੋਏ ਹਨ। ਉਹ ਸ਼ਾਇਦ ਭਾਗਵਤ ਦਾ ਵਿਕਲਪ ਹਨ। ਜੇਕਰ ਰਾਸ਼ਟਰਪਤੀ ਅਤੇ ਸਰਕਾਰ ਸੰਗਠਨ ਨੂੰ ਹੀ ਮਜ਼ਬੂਤ ਕਰਨਗੇ, ਤਾਂ ਅੱਧੀ ਤੋਂ ਜ਼ਿਆਦਾ ਜਨਤਾ ਦਾ ਕੀ ਹੋਵੇਗਾ, ਕਹਿਣਾ ਮੁਸ਼ਕਲ ਹੈ।

  ਡਾ: ਰਾਧਾ ਕ੍ਰਿਸ਼ਨਨ ਇਕੱਲੇ ਹੀ ਇਹੋ ਜਿਹੇ ਰਾਸ਼ਟਰਪਤੀ ਸਨ, ਜੋ ਵਿਦਵਾਨ ਹੋਣ ਦੇ ਨਾਲ-ਨਾਲ ਚਿੰਤਕ ਵੀ ਸਨ। ਬਹੁਤੀਆਂ ਫ਼ਾਈਲਾਂ ਉੱਤੇ ਜ਼ਰੂਰਤ ਪੈਣ ‘ਤੇ ਉਹ ਸੰਬੰਧਤ ਮੰਤਰੀ ਨਾਲ ਚਰਚਾ ਕਰਦੇ ਸਨ। ਸਿਆਸੀ ਪਾਰਟੀਆਂ ਤੋਂ ਆਉਣ ਵਾਲੇ ਰਾਸ਼ਟਰਪਤੀ ਪੱਖਪਾਤ ਨਿਭਾਉਂਦੇ ਹਨ। ਰਾਸ਼ਟਰਪਤੀ ਦੇ ਲਈ ਜੋ ਨਾਂਅ ਆਏ ਹਨ, ਉਹਨਾਂ ਵਿੱਚੋਂ ਗੋਪਾਲ ਕ੍ਰਿਸ਼ਨ ਗਾਂਧੀ ਹੀ ਇਹੋ ਜਿਹੇ ਹਨ, ਜੋ ਸੁਤੰਤਰ ਚਿੰਤਨ ਦੇ ਨਾਲ-ਨਾਲ ਵੱਖੋ-ਵੱਖਰੇ ਖੇਤਰਾਂ ਦਾ ਤਜਰਬਾ ਰੱਖਦੇ ਹਨ। ਮਹਾਤਮਾ ਗਾਂਧੀ ਦੇ ਪੋਤਰੇ ਹੋਣ ਦੀ ਗੱਲ, ਹੋ ਸਕਦਾ ਹੈ, ਮੌਜੂਦਾ ਹਾਕਮਾਂ ਲਈ ਕਠਿਨਾਈ ਪੈਦਾ ਕਰੇ, ਪਰ ਉਸ ਦਾ ਲਾਭ ਵੀ ਮਿਲੇਗਾ। ਵਿਕਲਪ ਦੇ ਰੂਪ ਵਿੱਚ ਕਿਸੇ ਰਿਟਾਇਰਡ, ਸਾਫ਼ ਅਕਸ ਵਾਲੇ ਮੁੱਖ ਜੱਜ ਜਾਂ ਵਿਗਿਆਨੀ ਜਾਂ ਸਿੱਖਿਆ ਸ਼ਾਸਤਰੀ ਦੇ ਨਾਂਅ ਦੀ ਚੋਣ ਵੀ ਹੋ ਸਕਦੀ ਹੈ। ਜਦੋਂ ਲੋਕ ਗਫ਼ਲਤ ਵਿੱਚ ਹਨ, ਤਦ ਰਾਸ਼ਟਰਪਤੀ ਦੇ ਅਹੁਦੇ ਉੱਤੇ ਆਜ਼ਾਦ ਵਿਚਾਰਾਂ ਵਾਲੇ ਅਤੇ ਰਾਜਨੀਤੀ ਮੁਕਤ ਵਿਅਕਤੀ ਨੂੰ ਹੀ ਲਿਆਉਣਾ ਚਾਹੀਦਾ ਹੈ। ਡਾ: ਰਾਧਾ ਕ੍ਰਿਸ਼ਨਨ ਅਤੇ ਡਾ: ਕਲਾਮ ਦਾ ਯੋਗਦਾਨ ਸਾਡੇ ਸਾਹਮਣੇ ਹੈ।

Related posts

ਮਨੁੱਖਤਾ ਦੀ ਸੇਵਾ ਹੀ ਅਸਲ ਵਿਚ ਪ੍ਰਮਾਤਮਾਂ ਦੀ ਸੱਚੀ ਸੇਵਾ-ਬਿਰਦੀ

INP1012

ਉਹ ਦੁਨੀਆਂ ਤੇ ਜਿੱਤ ਹਾਸਲ ਕਰ ਲੈਂਦਾ ਹੈ–ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

INP1012

ਪੰਜਾਬ ਦੀ ਹਰੇਕ ਜੇਲ ਅੰਦਰ ਖੁੱਲੇਗਾ ਨਸ਼ਾ ਛੁਡਾਊ ਕੇਂਦਰ-ਰੋਹਿਤ ਚੌਧਰੀ

INP1012

Leave a Comment