Artical Featured India Political Punjab Punjabi Social

ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ — ਉਜਾਗਰ ਸਿੰਘ

ਘਲੂਘਾਰਾ ਦਿਵਸ ਦੇ ਸਮਾਗਮ ਨੂੰ 33 ਸਾਲ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਂਤੀ ਪੂਰਬਕ ਰੱਖਣ ਵਿਚ ਪਹਿਲੀ ਵਾਰ ਸਫ਼ਲ ਹੋਈ ਹੈ। ਉਨਾਂ ਦਾ ਇਹ ਉਪਰਾਲਾ ਸਲਾਹੁਣਯੋਗ ਉਦਮ ਹੈ। ਕੁਝ ਕੁ ਸ਼ਰਧਾਲੂਆਂ ਦੀ ਹੁਲੜਬਾਜ਼ੀ ਦੇ ਬਾਵਜੂਦ ਕਾਫ਼ੀ ਹੱਦ ਤੱਕ ਇਹ ਉਪਰਾਲਾ ਸਫ਼ਲ ਵੀ ਹੋਇਆ ਹੈ। ਭਾਵੇਂ ਸਿੱਖਾਂ ਦੀਆਂ ਜ਼ਖ਼ਮੀ ਹੋਈਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ ਪ੍ਰੰਤੂ ਫਿਰ ਵੀ ਜੋ ਕਦਮ ਚੁੱਕੇ ਗਏ ਸਨ, ਉਹ ਸਮੁੱਚੀ ਸਿੱਖ ਸੰਗਤ ਦੇ ਹਿਤ ਵਿਚ ਅਤੇ ਸਲਾਹਣਯੋਗ ਹਨ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰ ਪੰਥਕ ਜਥੇਬੰਦੀਆਂ ਦੇ ਮੁਖੀਆਂ ਜਿਨਾਂ ਵਿਚ ਸਿਮਰਨਜੀਤ ਸਿੰਘ ਮਾਨ, ਸਰਬਤ ਖਾਲਸਾ ਵੱਲੋਂ ਨਿਯੁਕਤ ਮਤਵਾਜੀ ਜਥੇਦਾਰ, ਦਲ ਖਾਲਸਾ ਅਤੇ ਹੋਰ ਪੰਥਕ ਸੰਸਥਾਵਾਂ ਨਾਲ ਆਪਸੀ ਟਕਰਾਓ ਟਾਲਣ ਲਈ ਅਕਾਲ ਤਖ਼ਤ ਸਾਹਿਬ ਉਪਰ ਹੋਣ ਵਾਲੇ ਸਮਾਗਮ ਨੂੰ ਨਿਰਵਿਘਨ ਸੰਪੂਰਨ ਕਰਨ ਲਈ ਮੀਟਿੰਗਾਂ ਕੀਤੀਆਂ ਸਨ। ਉਨਾਂ ਨੂੰ ਇਕਜੁਟਤਾ ਦਾ ਸਬੂਤ ਦੇਣ ਦੀ ਬੇਨਤੀ ਕੀਤੀ ਕਿਉਂਕਿ ਇਹ ਸਮਾਗਮ ਕਿਸੇ ਦਾ ਨਿੱਜੀ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਦਾ ਸਮਾਗਮ ਹੁੰਦਾ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੁੰਦੀ ਹੈ, ਇਸ ਮੌਕੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਚੌਧਰ ਚਮਕੌਣ ਦਾ ਮੰਚ ਨਹੀਂ, ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਸੰਗਤਾਂ ਸ਼ਹੀਦਾਂ ਦੇ ਸਤਿਕਾਰ ਲਈ ਉਨਾਂ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਹਨ। ਇਸ ਲਈ ਸਾਨੂੰ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਸ਼ਾਂਮਈ ਢੰਗ ਨਾਲ ਸ਼ਾਮਲ ਹੋਣਾ ਚਾਹੀਦਾ ਹੈ। ਜੇਕਰ ਇਸ ਵਿਚ ਅੜਚਣ ਆਵੇਗੀ ਅਤੇ ਬਦਮਗਜੀ ਪੈਦਾ ਹੋਵੇਗੀ ਤਾਂ ਸਿੱਖ ਕੌਮ ਦਾ ਅਕਸ ਵਿਗੜੇਗਾ। ਸਿੱਖ ਵਿਰੋਧੀ ਲੋਕ ਤਾਂ ਇਹੋ ਚਾਹੁੰਦੇ ਹਨ। ਅਕਾਲ ਤਖ਼ਤ ਉਪਰ ਸਮਾਗਮ ਵਿਚ ਸ਼ਾਮਲ ਹੋਏ ਮਤਵਾਜੀ ਜਥੇਦਾਰਾਂ ਨੂੰ ਪੂਰਾ ਮਾਣ ਤਾਣ ਵੀ ਦਿੱਤਾ ਗਿਆ। ਉਨਾਂ ਨੂੰ ਸਤਿਕਾਰ ਨਾਲ ਸ਼ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਬਿਠਾਇਆ ਗਿਆ। ਇਸ ਤੋਂ ਪਹਿਲੇ ਸਮਾਗਮਾਂ ਵਿਚ ਉਨਾਂ ਨੂੰ ਅੰਦਰ ਆਉਣ ਹੀ ਨਹੀਂ ਦਿੱਤਾ ਜਾਂਦਾ ਸੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਉਨਾਂ ਨੂੰ ਮੰਚ ਦੇ ਨਜ਼ਦੀਕ ਵੀ ਢੁਕਣ ਨਹੀਂ ਦਿੰਦੀ ਸੀ। ਪਿਛਲੇ 10 ਸਾਲਾਂ ਵਿਚ ਤਾਂ ਪੁਲਿਸ ਉਨਾਂ ਨੂੰ ਜਾਂ ਤਾਂ ਗ੍ਰਿਫ਼ਤਾਰ ਕਰ ਲੈਂਦੀ ਸੀ ਜਾਂ ਫਿਰ ਰਾਊਂਡ ਅਪ ਕਰ ਲੈਂਦੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਨਾਂ ਧਾਰਮਿਕ ਮਸਲੇ ਵਿਚ ਦਖ਼ਲ ਨਹੀਂ ਦਿੱਤਾ। ਸ਼ਰਧਾਲੂ ਬਿਨਾ ਕਿਸੇ ਰੋਕ ਟੋਕ ਤੋਂ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉਪਰ ਨਤਮਸਤਕ ਹੁੰਦੇ ਰਹੇ। ਤਣਾਅ ਜ਼ਰੂਰ ਸੀ ਪ੍ਰੰਤੂ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਜਿਸ ਕਰਕੇ ਸਿੱਖਾਂ ਦਾ ਅਕਸ ਵਧਿਆ ਹੈ। ਪ੍ਰੋ.ਕਿਰਪਾਲ ਸਿੰਘ ਨਾਲ ਮੀਟਿੰਗਾਂ ਵਿਚ ਇਨਾਂ ਜਥੇਬੰਦੀਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਥਾਂ ਕਿਸੇ ਹੋਰ ਜਥੇਦਾਰ ਨੂੰ ਕੌਮ ਦੇ ਨਾਂ ਭਾਸ਼ਣ ਦੇਣ ਤੋਂ ਵਰਜਣ ਲਈ ਕਿਹਾ ਸੀ, ਜੋ ਕਿ ਸੰਭਵ ਨਹੀਂ ਸੀ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਿਊ ਸਟਾਰ ਅਪ੍ਰੇਸ਼ਨ ਵਿਚ ਸ਼ਹੀਦ ਹੋਏ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦੇਣ ਲਈ 20 ਫਰਵਰੀ 2002 ਵਿਚ ਅਕਾਲ ਤਖ਼ਤ ਸਾਹਿਬ ਉਪਰ ਸਮਾਗਮ ਕੀਤਾ ਸੀ, ਜਿਸ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਅਜਿਹਾ ਸਮਾਗਮ ਹਰ ਸਾਲ 6 ਜੂਨ ਨੂੰ ਕੀਤਾ ਜਾਇਆ ਕਰੇਗਾ ਅਤੇ ਉਸ ਸਮੇਂ ਸਿਰਫ ਅਕਾਲ ਤਖ਼ਤ ਦਾ ਜਥੇਦਾਰ ਹੀ ਕੌਮ ਦੇ ਨਾਮ ਭਾਸ਼ਣ ਦਇਆ ਕਰੇਗਾ। ਹੋਰ ਕੋਈ ਵਿਅਕਤੀ ਤਕਰੀਰ ਨਹੀਂ ਕਰੇਗਾ। ਸਿਆਸੀ ਵਿਅਕਤੀ ਭਾਸ਼ਣ ਬਿਲਕੁਲ ਹੀ ਨਹੀਂ ਕਰੇਗਾ। 2003 ਤੋਂ ਲਗਾਤਾਰ ਇਹ ਸਮਾਗਮ ਹੁੰਦਾ ਆ ਰਿਹਾ ਹੈ। ਇਕ ਕਿਸਮ ਨਾਲ ਇਹ ਪਰੰਪਰਾ ਬਣ ਗਈ। ਪਿਛਲੇ ਕੁਝ ਸਾਲਾਂ ਤੋਂ ਪੰਥਕ ਧੜਿਆਂ ਵਿਚ ਆਪਸੀ ਟਕਰਾਅ ਦੀ ਸਥਿਤੀ ਬਣੀ ਰਹਿੰਦੀ ਆ ਰਹੀ ਹੈ। ਲੜਾਈਆਂ ਝਗੜੇ ਅਤੇ ਇਥੋਂ ਤੱਕ ਕਿ ਤਲਵਾਰਾਂ ਅਤੇ ਡਾਂਗਾਂ ਵੀ ਚਲਦੀਆਂ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੀ ਤਾਕਤ ਦੀ ਵਰਤੋਂ ਕਰਦੀ ਸੀ। ਸ਼ਰਧਾਲੂਆਂ ਵਿਚ ਡਰ ਪੈਦਾ ਹੁੰਦਾ ਸੀ। ਪਤਾ ਨਹੀਂ ਕੁਝ ਪੰਥਕ ਜਥੇਬੰਦੀਆਂ ਅਜਿਹੇ ਟਕਰਾਅ ਪੈਦਾ ਕਰਕੇ ਸੰਸਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀਆਂ ਸਨ। ਪੰਥਕ ਮਰਿਆਦਾ ਦੀ ਉਲੰਘਣਾ ਸਿੱਖ ਜਗਤ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਜੇਕਰ ਸਿੱਖ ਖੁਦ ਅਜਿਹਾ ਕਰਦੇ ਹਨ ਤਾਂ ਉਹ ਆਪਣੇ ਧਰਮ ਦੀਆਂ ਪਰੰਪਰਾਵਾਂ ਦੀ ਅਣਵੇਖੀ ਕਰ ਰਹੇ ਹਨ। ਅਜਿਹੀਆਂ ਕਾਰਵਾਈਆਂ ਨਾਲ ਸਿੱਖ ਧਰਮ ਦੇ ਵਿਰੋਧੀਆਂ ਨੂੰ ਸਿੱਖ ਧਰਮ ਨੂੰ ਬਦਨਾਮ ਕਰਨ ਦਾ ਮੌਕਾ ਮਿਲਦਾ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਹੁਣ ਸਿੱਖ ਸੰਗਤ ਨੂੰ ਬਲਿਊ ਸਟਾਰ ਅਪ੍ਰੇਸ਼ਨ ਸਮੇਂ ਵਾਪਰੀਆਂ ਘਟਨਾਵਾਂ ਨੂੰ ਭੁਲ ਜਾਣਾ ਚਾਹੀਦਾ ਹੈ, ਇੰਜ ਕਹਿਣਾ ਸੌਖਾ ਹੈ ਭੁਲਣਾ ਅਸੰਭਵ ਹੈ। ਸਿੱਖਾਂ ਦੇ ਵਲੂੰਧਰੇ ਦਿਲਾਂ ਨੂੰ ਧਰਵਾਸਾ ਦੇਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਸ਼ਰਧਾਲੂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਵ ਤੇ ਅਕੀਦਤ ਦੇ ਫੁਲ ਭੇਂਟ ਕਰਨ ਲਈ ਗਏ ਸਨ। ਉਹ ਸ਼ਰਧਾਲੂ ਖ਼ੁਦ ਸ਼ਹੀਦ ਹੋ ਗਏ, ਇਹ ਉਨਾਂ ਦੇ ਚਿਤ ਚੇਤੇ ਵਿਚ ਵੀ ਨਹੀਂ ਸੀ ਕਿ ਅਜ਼ਾਦ ਦੇਸ਼ ਵਿਚ ਜਿਥੋਂ ਦੀ ਸਰਕਾਰ ਧਰਮ ਨਿਰਪੱਖ ਕਹਾਉਂਦੀ ਹੋਵੇ ਤੇ ਉਹ ਉਨਾਂ ਦੇ ਸਭ ਤੋਂ ਪਵਿਤਰ ਅਤੇ ਮੁਕੱਦਸ ਧਾਰਮਿਕ ਸਥਾਨ ਤੇ ਹਮਲਾ ਕਰ ਦੇਵੇਗੀ। ਦੁਨੀਆਂ ਦੇ ਭਾਵੇਂ ਕਿਸੇ ਵੀ ਕੋਨੇ ਵਿਚ ਕੋਈ ਵੀ ਸਿੱਖ ਬੈਠਾ ਹੈ, ਉਹ ਇਸ ਅਨਹੋਣੀ ਵਾਪਰਨ ਉਪਰ ਮਾਨਸਿਕ ਤੌਰ ਤੇ ਝੰਜੋੜਿਆ ਗਿਆ। ਸਿੱਖ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਹ ਖੁਲ•ੇ ਤੌਰ ਤੇ ਆਪਣੀਆਂ ਸਿਆਸੀ ਮਜ਼ਬੂਰੀਆਂ ਕਰਕੇ ਬੋਲੇ ਭਾਵੇਂ ਨਾ ਬੋਲੇ ਪ੍ਰੰਤੂ ਉਸਦੀ ਆਤਮਾ ਜ਼ਖ਼ਮੀ ਹੋਈ ਹੈ। ਉਹ ਇਸ ਤ੍ਰਾਸਦੀ ਨੂੰ ਭੁਲਾ ਨਹੀਂ ਸਕਦਾ। ਕਾਂਗਰਸੀ ਸਿੱਖ ਵੀ ਬੁਝੇ ਮਨ ਨਾਲ ਨਿਰਾਸ਼ ਹਨ।  ਇਸ ਕਰਕੇ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਹ ਸਾਰਾ ਕੁਝ ਮਹਿਸੂਸ ਕਰਨ ਦੇ ਬਾਵਜੂਦ ਵੀ ਸਿੱਖ ਸਿਆਣਪ ਤੋਂ ਕੰਮ ਨਹੀਂ ਲੈ ਰਹੇ। ਘਲੂਘਾਰਾ ਦਿਵਸ ਦੇ ਮੌਕੇ ਤੇ ਉਨਾਂ ਨੇ ਇਕਾ ਦੁਕਾ ਘਟਨਾਵਾਂ ਨੂੰ ਛੱਡਕੇ ਸ਼ਾਂਤੀਪੂਰਵਕ ਢੰਗ ਨਾਲ ਅਰਦਾਸ ਕਰਕੇ ਆਪਣੀ ਅਕੀਦਤ ਦੇ ਫੁਲ ਭੇਂਟ ਕੀਤੇ ਹਨ। ਵਿਛੜੇ ਸ਼ਰਧਾਲੂਆਂ, ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀ ਆਤਮਕ ਸ਼ਾਂਤੀ ਲਈ ਅਕਾਲੀ ਦਲ ਅਤੇ ਪੰਥਕ ਜਥੇਬੰਦੀਆਂ ਨੇ ਆਪਸੀ ਸਹਿਯੋਗ ਨਾਲ ਧੜੇਬੰਦੀ ਤੋਂ ਉਪਰ ਉਠਕੇ ਸਮਾਗਮ ਕੀਤਾ। ਰਾਜਨੀਤੀ ਅਜਿਹੇ ਸਮਾਗਮ ਵਿਚ ਨਹੀਂ ਹੋਣੀ ਚਾਹੀਦੀ। ਗਿਆਨੀ ਗੁਰਬਚਨ ਸਿੰਘ ਵੱਲੋਂ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਨੂੰ ਮੁਆਫ਼ ਕਰਨ ਦੇ ਮੁੱਦੇ ਕਰਕੇ ਮਤਵਾਜੀ ਜਥੇਦਾਰ ਉਸਨੂੰ ਕੌਮ ਦੇ ਨਾਮ ਸੰਦੇਸ਼ ਦੇਣ ਤੋਂ ਰੋਕ ਰਹੇ ਸਨ। ਚਾਹੀਦਾ ਤਾਂ ਇਹ ਸੀ ਕਿ ਸਿੱਖ ਕੌਮ ਦਾ ਵਕਾਰ ਬਣਿਆਂ ਰਹੇ। ਕਿਸੇ ਕਿਸਮ ਦਾ ਕੋਈ ਵਾਦਵਿਵਾਦ ਨਾ ਹੋਵੇ ਪ੍ਰੰਤੂ ਕੁਝ ਲੋਕਾਂ ਵੱਲੋਂ ਇਤਰਾਜਯੋਗ  ਨਾਅਰੇ ਲਾ ਕੇ ਜਾਣ ਬੁਝ ਕੇ ਵਾਦਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਤਵਾਜੀ ਜਥੇਦਾਰਾਂ ਨੇ ਵੀ ਪਰਕਰਮਾ ਵਿਚ ਬਰਾਬਰ ਬਿਆਨ ਦੇ ਕੇ ਦਿੱਤਾ। ਸਿੱਖ ਧਰਮ ਦੇ ਪੈਰੋਕਾਰਾਂ ਦੀ ਫੁੱਟ ਹੀ ਧਰਮ ਨੂੰ ਕਮਜ਼ੋਰ ਕਰਨ ਵਿਚ ਯੋਗਦਾਨ ਪਾ ਰਹੀ ਹੈ। ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਦੋਹਾਂ ਜਥੇਦਾਰਾਂ ਵੱਲੋਂ ਵੱਖ-ਵੱਖ ਸੰਦੇਸ਼ਾਂ ਵਿਚ ਪੰਥਕ ਸੰਸਥਾਵਾਂ ਨੂੰ ਇੱਕਮੁਠ ਹੋ ਕੇ ਸਿੱਖ ਮਸਲਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ ਪ੍ਰੰਤੂ ਉਹ ਆਪ ਇਕੱਠੇ ਨਹੀਂ ਹੋਏ। ਪਰਕਰਮਾ ਵਿਚ ਸ੍ਰ.ਸਿਮਰਨਜੀਤ ਸਿੰਘ ਮਾਨ ਨੇ ਵੀ ਭਾਸ਼ਣ ਦਿੱਤਾ ਜੋ ਕਿ ਅਕਾਲ ਤਖ਼ਤ ਤੇ ਫਰਵਰੀ 2002 ਵਿਚ ਆਯੋਜਤ ਸਮਾਗਮ ਦੇ ਫ਼ੈਸਲੇ ਦੇ ਵਿਰੁਧ ਹੈ। ਜਿਹੜੀ ਥੋੜੀ ਬਹੁਤੀ ਹੁਲੜਬਾਜੀ ਹੋਈ ਹੈ ਇਹ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸਲ ਵਿਚ ਉਨਾਂ ਦਾ ਦੁਸ਼ਮਣ ਕੌਣ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੌਣ ਕੋਸ਼ਿਸ ਕਰ ਰਿਹਾ ਹੈ। ਪੰਥ ਨੂੰ ਅੰਦਰੂਨੀ ਅਤੇ ਬੈਰੂਨੀ ਵਿਰੋਧੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਸ਼ਰਧਾਂਜਲੀ ਸਮਾਗਮ ਸ਼ਾਂਤਮਈ ਰਿਹਾ ਹੈ। ਇਸ ਦਾ ਸਿਹਰਾ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਜਾਂਦਾ ਹੈ, ਜਿਸਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਵਿਚ ਲੈ ਕੇ ਆਪਸੀ ਸਹਿਯੋਗ ਦਾ ਢੰਗ ਅਪਣਾਇਆ ਹੈ। ਸ੍ਰ.ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ ਦੇ ਕੇਸ ਵਿਚ ਮੌਤ ਦੀ ਸਜਾ ਕੱਟ ਰਹੇ ਭਾਈ ਬਲਵੰਤ ਸਿੰਘ ਨੇ ਵੀ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਸ਼ਾਂਤੀਪੂਰਬਕ ਸਮਾਗਮ ਕੀਤਾ ਜਾਵੇ। ਇਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਜੇਕਰ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੀ ਤਰਾਂ ਸੱਚੇ ਦਿਲੋਂ ਮਿਲਵਰਤਣ ਦੀ ਕੋਸ਼ਿਸ ਕੀਤੀ ਜਾਵੇ ਤਾਂ ਉਹ ਸਫਲ ਹੁੰਦੀ ਹੈ ਜਿਸ ਕਰਕੇ ਉਸਦੇ ਉਦਮ ਨੂੰ ਬੂਰ ਪਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪ੍ਰੋ. ਬਡੂੰਗਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲਣ ਦੀ ਕੋਸ਼ਿਸ ਵਿਚ ਹਨ। ਨਵੇਂ ਜਥੇਦਾਰ ਦੀ ਤਲਾਸ਼ ਜ਼ਾਰੀ ਹੈ। ਵੇਖਣ ਵਾਲੀ ਗੱਲ ਹੈ ਕਿ ਉਹ ਕਿਤਨਾ ਕੁ ਸਫਲ ਹੁੰਦੇ ਹਨ। ਅਸਲ ਵਿਚ ਉਹ ਸਿੱਖ ਸੰਸਥਾਵਾਂ ਦਾ ਟਕਰਾਓ ਖ਼ਤਮ ਕਰਨ ਦੇ ਇੱਛਕ ਹਨ। ਇਸ ਸਮਾਗਮ ਦੀ ਸਫਲਤਾ ਤੋਂ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਸੰਸਥਾਵਾਂ ਨੇ ਸਿੱਖਾਂ ਦੇ ਵਕਾਰ ਨੂੰ ਮੁੜ ਸਥਾਪਤ ਕਰਨ ਦਾ ਤਹੱਈਆ ਕਰ ਲਿਆ ਹੈ। ਆਉਣ ਵਾਲੇ ਸਮੇਂ ਵਿਚ ਇਹ ਟਕਰਾਓ ਖ਼ਤਮ ਹੋ ਸਕਦਾ ਹੈ ਜੇਕਰ ਇਸੇ ਤਰਾਂ ਮਿਲਵਰਤਣ ਅਤੇ ਸਹਿਯੋਗ ਦਾ ਪੱਲਾ ਫੜਿਆ ਜਾਵੇ। ਇਸ ਸਮਾਗਮ ਨੂੰ ਸਿੱਖ ਸੰਸਥਾਵਾਂ ਵਿਚ ਤਾਲਮੇਲ ਦੀ ਸੰਭਾਵਨਾ ਲਈ ਸ਼ੁਭ ਸੰਕੇਤ ਸਮਝਿਆ ਜਾ ਰਿਹਾ ਹੈ।

 

Related posts

ਹਿੰਮਤੇ ਮਰਦਾਂ ਮੱਦਦੇ ਖੁਦਾ ;ਅਧਿਆਪਕ ਜੀ.ਐੱਸ. ਗੁਰਦਿੱਤ

INP1012

ਘਰ ਪਰਿਵਾਰ – ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

INP1012

ਖੂਨਦਾਨ ਜਾਗਰੂਕਤਾ ਕੈਂਪ ਦਾ ਆਯੋਜਨ

INP1012

Leave a Comment