Artical Éducation India Punjab Punjabi Social Stories Story ਧਾਰਮਿਕ

ਵੱਡੇ ਸਾਕੇ ਵਰਤਾਉਣ ਵਾਲੀਆਂ ਬਹਾਦਰ ਜਿੰਦਾਂ ਲਈ ਸ਼ਰਧਾ ਦੇ ਫੁੱਲ!–ਅਵਤਾਰ ਸਿੰਘ ਮਿਸ਼ਨਰੀ

ਗੁਰਮਤਿ ਵਿੱਚ ਗਿਆਨਮਈ ਸ਼ਰਧਾ ਪ੍ਰਵਾਨ ਨਾ ਕਿ ਅੰਨ੍ਹੀ ਸ਼ਰਧਾ ਤੇ ਮਿਥ। ਸਾਹਿਬਜ਼ਾਦਿਆਂ ਨਾਲ ਵਾਪਰਿਆ ਸਾਕਾ ਯਥਾਰਥ ਤੇ ਇਤਿਹਾਸਕ ਹੈ। ਸਾਕਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਸ਼ਕ-ਸੰਮਤ ਅਤੇ ਸਾਕੇ ਬਹੁ ਵਚਨ ਸ਼ਬਦ ਹੈ। ਸਾਕਾ ਤੋਂ ਭਾਵ ਹੈ ਕਿ ਕੋਈ ਐਸਾ ਕਰਮ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ। ਸਿੱਖਾਂ ਤੋਂ ਪਹਿਲੇ ਵੀ ਸਾਕੇ ਵਰਤੇ, ਹਰੇਕ ਸੱਚ ਦੇ ਪੁਜਾਰੀ ਨਾਲ ਕੋਈ ਨਾਂ ਕੋਈ ਸਾਕਾ ਵਰਤਿਆ ਹੀ ਹੈ ਜਿਵੇਂ ਮਨਸੂਰ, ਸਰਮਦ ਅਤੇ ਗੇਲੀਲੀਓ ਵਰਗੇ ਉੱਚਕੋਟੀ ਦੇ ਸੂਫੀ ਅਤੇ ਵਿਗਿਆਨੀ ਇਸ ਦੀ ਢੁੱਕਵੀਂ ਮਿਸਾਲ ਹਨ। ਪਰ ਜੋ ਛੋਟੀ ਜਿਹੀ ਸਿੱਖ ਕੌਮ ਨੇ ਲਾਸਾਨੀ ਸਾਕੇ ਵਰਤਾਏ ਅਤੇ ਹੰਡਾਏ ਉਹ ਬੇਹੱਦ ਲਾਮਿਸਾਲ ਹਨ। ਸਿੱਖ ਧਰਮ ਦੇ ਬਾਨੀ ਗੁਰੂ ਬਾਬਾ ਨਾਨਕ ਜੀ ਨੇ ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ, ਅਖੌਤੀ ਰੀਤਾਂ ਰਸਮਾਂ, ਸਰਕਾਰੀ ਜ਼ੁਲਮ ਅਤੇ ਅਨਿਆਇਂ ਵਿਰੁੱਧ ਉੱਠ ਖੜੇ ਹੋਣ ਅਤੇ ਤਰਕਸ਼ੀਲ ਯਥਾਰਥ ਗਿਆਨ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ “ਸਭੇ ਸਾਂਝੀਵਾਲ ਸਦਾਇਨ” ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ, ਸਿੱਖ ਦੇਗਾਂ ਵਿੱਚ ਉਬਲੇ ਅਤੇ ਆਰਿਆਂ ਨਾਲ ਚੀਰੇ ਗਏ, ਇਉਂ ਸਾਕਿਆਂ ਦੀ ਲੜੀ ਚੱਲ ਪਈ। ਇਸੇ ਸਾਕਾ ਲੜੀ ਦੇ ਅਨਮੋਲ ਹੀਰੇ, ਗੁਰਮਤਿ ਗਾਨੇ ਦੇ ਸੱਚੇ ਸੁੱਚੇ ਮੋਤੀ, ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ ਜ਼ਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਚਾਰੇ ਸਾਹਿਬਜ਼ਾਦਿਆਂ ਨੇ ਕ੍ਰਮਵਾਰ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਲਾਮਿਸਾਲ ਸਾਕੇ ਵਰਤਾ, ਵਿਲੱਖਣ ਇਤਿਹਾਸ ਸਿਰਜ ਦਿੱਤਾ।

ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦੀ ਸੰਗਿਆ ਹੈ-ਬਾਦਸ਼ਾਹਜਾਦਹ, ਰਾਜਕੁਮਾਰ, ਸੁਆਮੀ ਦਾ ਬੇਟਾ ਅਤੇ ਸਿੱਖਾਂ ਵਿੱਚ ਗੁਰੂ ਸਪੁੱਤ੍ਰ ਹੈ। ਸਹਿਬਜ਼ਾਦੇ ਪੁੱਤਰਾਂ ਨੂੰ ਵੀ ਕਿਹਾ ਜਾਂਦਾ ਹੈ, ਕਈ ਵਾਰ ਸਿਆਣੇ ਲੋਕ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ ਸਮੇ ਕਹਿੰਦੇ ਹਨ ਤੁਹਾਡੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ? ਸੁੱਖ ਨਾਲ ਆਪ ਜੀ ਦੇ ਕਿੰਨ੍ਹੇ ਸਾਹਿਬਜ਼ਾਦੇ ਹਨ? ਪਰ ਆਂਮ ਤੌਰਤੇ ਸਾਹਿਬਜ਼ਾਦੇ ਲਕਬ ਗੁਰੂ ਸਪੁੱਤ੍ਰਾਂ ਲਈ ਹੀ ਢੁਕਵਾਂ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰ ਸਨ ਜਿਨ੍ਹਾਂ ਨੂੰ ਸਿੱਖ ਸੰਗਤਾਂ ਸਤਿਕਾਰ ਨਾਲ ਸਾਹਿਬਜ਼ਾਦੇ ਅਤੇ ਬਾਬਾ ਸ਼ਬਦਾਂ ਨਾਲ ਸੰਬੋਧਨ ਕਰਦੀਆਂ ਹਨ। ਚਾਰੇ ਸਾਹਿਜ਼ਾਦਿਆਂ ਦੀ ਮਾਂ ਮਾਤਾ ਜੀਤ ਕੌਰ ਹੀ ਹੈ ਜਿਨ੍ਹਾਂ ਨੂੰ ਸੁੰਦਰ ਸ਼ਕਲ ਹੋਣ ਕਰਕੇ ਮਾਤਾ ਸੁੰਦਰੀ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਪੁਰਾਣੇ ਸਮੇਂ ਜਦ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਸੀ ਤਾਂ ਸਹੁਰੇ ਉਸ ਦਾ ਨਵਾਂ ਨਾਂ ਰੱਖਦੇ ਸਨ। ਇਸ ਕਰਕੇ ਇਤਿਹਾਸਕਾਰਾਂ ਨੂੰ ਦੋ ਮਾਤਾਵਾਂ ਹੋਣ ਦਾ ਟਪਲਾ ਲੱਗਾ ਹੈ। ਵੈਸੇ ਵੀ ਗੁਰੂ ਘਰ ਵਿੱਚ ਇੱਕ ਨਾਰੀ ਨੂੰ ਹੀ ਮਾਨਤਾ ਹੈ-ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੈ॥ (ਭਾ.ਗੁ) ਬਹੁ ਪਤਨੀ  ਵਿਆਹ ਇਸਲਾਮ ਵਿੱਚ ਹੈ ਸਿੱਖ ਧਰਮ ਵਿੱਚ ਨਹੀਂ। ਫਿਰ ਗੁਰੂ ਸਾਹਿਬ ਕੋਈ ਕਾਮੀ ਪੁਰਖ ਨਹੀਂ ਸਨ ਜੋ ਬਹੁ ਪਤਨੀ ਵਿਆਹ ਕਰਦੇ। ਕਈ ਕਹਿੰਦੇ ਹਨ ਕਿ ਗਰੂ ਸਾਹਿਬ ਰਾਜਾ ਯੋਗੀ ਸਨ ਇਸ ਦਾ ਮਤਲਵ ਇਹ ਨਹੀਂ ਕਿ ਉਹ ਦੁਨਿਆਵੀ ਰਾਜਿਆਂ ਵਰਗੇ ਅਜਾਸ਼ ਸਨ? ਜੇ ਐਸਾ ਗੁਰਮਤਿ ਵਿੱਚ ਪ੍ਰਵਾਨ ਹੁੰਦਾ ਤਾਂ ਸਿੱਖਾਂ ਦੀਆਂ ਵੀ ਕਈ-ਕਈ ਪਤਨੀਆਂ ਹੁੰਦੀਆਂ। ਇਹ ਗਲਤੀ ਮਹਾਂਰਾਜਾ ਰਣਜੀਤ ਸਿੰਘ ਨੇ ਕੀਤੀ ਹੈ ਜਾਂ ਨਹੀਂ ਇਤਿਹਾਸ ਵਿੱਚ ਰਲਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਵੀ ਲਿਖਿਆ ਹੈ ਕਿ ਆਮ ਹਾਲਤਾਂ ਵਿੱਚ ਸਿੱਖ ਇੱਕ ਹੀ ਪਤਨੀ ਨਾਲ ਵਿਆਹ ਕਰੇ, ਹਾਂ ਜੇ ਕਿਸੇ ਖਾਸ ਹਾਲਤ ਵਿੱਚ ਪਹਿਲੀ ਪਤਨੀ ਚੜ੍ਹਾਈ ਕਰ ਜਾਵੇ ਜਾਂ ਸੰਤਾਨ ਨਾਂ ਹੋਵੇ ਤਾਂ ਕੁਲ ਜਾਰੀ ਰੱਖਣ ਵਾਸਤੇ ਦੂਜਾ ਵਿਆਹ ਕੀਤਾ ਜਾ ਸਕਦਾ ਹੈ ਨਾਂ ਕਿ ਐਸ਼ੋ-ਇਸ਼ਰਤ ਲਈ। ਗੁਰੂ ਸਾਹਿਬ ਜੋ ਉਪਦੇਸ਼ ਸਿੱਖਾਂ ਨੂੰ ਦਿੰਦੇ ਸਨ ਉਸਦੇ ਉਹ ਆਪ ਧਾਰਨੀ ਸਨ। ਆਪਾਂ ਗੁਰਬਾਣੀ ਸਿਧਾਂਤ ਨੂੰ ਮੁੱਖ ਰੱਖਣਾ ਹੈ ਨਾਂ ਕਿ ਸਾਖੀਆਂ ਜਾਂ ਸੁਣੀਆਂ ਸੁਣਾਈਆਂ ਗੱਲਾਂ ਨੂੰ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦਾ ਜੀਵਨ ਗੁਰਬਾਣੀ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਸਿੱਖ ਧਰਮ ਨਾਰੀ ਤੇ ਪੁਰਸ਼ ਨੂੰ ਬਰਾਬਰ ਮਾਨਤਾ ਦਿੰਦਾ ਹੈ। ਜੇ ਪੁਰਸ਼ ਵੱਧ ਵਿਆਹ ਕਰਵਾ ਸਕਦਾ ਹੈ ਤਾਂ ਫਿਰ ਨਾਰੀ ਕਿਉਂ ਨਹੀਂ? ਇਤਿਹਾਸ ਪੜ੍ਹਦੇ ਤੇ ਵਾਚਦੇ ਸਮੇਂ ਗੁਰਮਤਿ ਸਿਧਾਂਤਾਂ ਦੀ ਪਰਖ ਜਰੂਰੀ ਹੈ। ਜਿਵੇਂ ਸੁਨਿਆਰਾ ਸੋਨੇ ਦੀ ਪਰਖ ਕਰਕੇ ਖੋਟ ਪ੍ਰਵਾਨ ਨਹੀਂ ਕਰਦਾ, ਇਵੇਂ ਹੀ ਸਿੱਖ ਇਤਿਹਾਸ ਰੂਪੀ ਸੋਨੇ ਵਿੱਚ ਪੈ ਚੁੱਕੀ ਖੋਟ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਦੀ ਅਤਿਅੰਤ ਲੋੜ ਹੈ।

ਸਾਹਿਬਜ਼ਾਦਿਆਂ ਦੀ ਪਾਲਣਾ ਪੋਸ਼ਣਾ ਅਤੇ ਪੜ੍ਹਾਈ ਮਾਤਾ ਗੁਜਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਦੀ ਦੇਖ-ਰੇਖ ਵਿੱਚ ਹੋਈ। ਸਾਹਿਬਜ਼ਾਦਿਆਂ ਦਾ ਪਿਛੋਕੜ ਅਤੇ ਵਰਤਮਾਨ ਗੁਰੂ ਘਰ ਵਿੱਚ ਹੀ ਹੋਇਆ। ਜਿੱਥੇ ਬਾਕੀ ਗੁਰੂ ਸਹਿਬਾਨਾਂ ਦੇ ਕੁਝ ਸਾਹਿਬਜ਼ਾਦੇ ਗੁਰੂ ਘਰ ਤੋਂ ਬਾਗੀ ਵੀ ਰਹੇ ਓਥੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਣਹਾਰ ਸਪੁੱਤਰ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਹੀ ਅੱਣਖ ਦੀ ਜ਼ਿੰਦਗੀ ਜੀਏ ਅਤੇ ਜ਼ਾਲਮਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ। ਸਾਹਿਬਜ਼ਾਦਿਆਂ ਦੀ ਸਾਰੀ ਜਿੰਦਗੀ ਹੀ ਜੰਗਾਂ ਯੁੱਧਾਂ ਵਿੱਚ ਲੰਘੀ। ਉਹ ਆਮ ਬੱਚਿਆਂ ਵਾਂਗ ਸੁੱਖਾਂ ਤੇ ਲਾਡਾਂ ਭਰਿਆ ਬਚਪਨ ਨਹੀਂ ਮਾਨ ਸਕੇ। ਉਸ ਵੇਲੇ ਜ਼ਾਲਮ ਮੁਗਲਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਹਿੰਦੂ ਪਹਾੜੀ ਰਾਜਿਆਂ ਨਾਲ ਜੋ ਗੁਰੂ ਦੀ ਅਗਵਾਈ ਵਿੱਚ ਸਿੱਖਾਂ ਦੀਆਂ ਜੰਗਾਂ ਹੋਈਆਂ, ਉਹ ਉਨ੍ਹਾਂ ਨੇ ਆਪਣੀ ਅੱਖੀਂ ਦੇਖੀਆਂ ਤੇ ਹੰਡਾਈਆਂ। ਇਸ ਲਈ ਉਨ੍ਹਾਂ ਨੂੰ ਵਿਰਸੇ ਵਿੱਚ ਹੀ ਅਜਿਹੇ ਬੀਰ ਰਸੀ ਕਾਰਨਾਮਿਆਂ ਦੀ ਗੁੜ੍ਹਤੀ ਮਿਲਦੀ ਰਹੀ। ਜਿਵੇਂ ਸ਼ੇਰ ਦੇ ਬੱਚੇ ਸ਼ੇਰ ਹੀ ਹੁੰਦੇ ਹਨ ਓਵੇਂ ਸ਼ੇਰ-ਮਰਦ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਵੀ ਸ਼ੇਰ  ਸਨ।

ਪਾਠਕ ਜਨੋ! ਦੇਖੋ ਭਰ ਜਵਾਨੀ ਅਤੇ ਬਚਪਨ ਵਿੱਚ ਗੁਰੂ ਕੇ ਲਾਲ ਧਰਮ, ਅਣਖ ਅਤੇ ਇਜ਼ਤ ਆਬਰੂ ਖਾਤਰ ਗੁਰੂ ਪੰਥ ਦਾ ਕੌਮੀ ਮਹਿਲ ਉਸਾਰਨ ਲਈ ਹੱਸ-ਹੱਸ ਕੁਰਬਾਨ ਹੋ ਗਏ, ਜ਼ਾਲਮ ਮੁਗਲੀਆ ਸਰਕਾਰ ਦੀ ਈਂਨ ਨਹੀਂ ਮੰਨੀ ਪਰ ਅੱਜ ਦੇ ਨਕਲੀ ਬਾਬੇ, ਉਨ੍ਹਾਂ ਬੀਰ ਬਹਾਦਰ ਬਾਬਿਆਂ ਦੀਆਂ ਅਸਲੀ ਯਾਦਗਾਰਾਂ ਉੱਤੇ ਬਦਨੀਤੀ ਦਾ ਕੁਹਾੜਾ ਚਲਾ ਕੇ ਅਸਲੀ ਨਾਮੋਂ-ਨਿਸ਼ਾਨ ਹੀ ਮਿਟਾਈ ਜਾ ਰਹੇ ਹਨ। ਸਿੱਖ ਪੰਥ ਨੂੰ ਇਧਰ ਫੌਰੀ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਸਰਕਾਰਾਂ ਦੇ ਵੋਟ ਬੈਂਕ ਲਈ ਪ੍ਰਮੋਟ ਕੀਤੇ ਹੋਏ ਨਕਲੀ ਬਾਬੇ ਸ਼ਹੀਦਾਂ ਦੀਆਂ ਅਸਲੀ ਯਾਦਾਂ ਦਾ ਪੁਰਜਾ-ਪੁਰਜਾ ਕੱਟ ਦੇਣਗੇ ਅਤੇ ਸਿੱਖ ਸਿਧਾਂਤਾਂ ਨੂੰ ਬਦਨੀਤੀ ਦੀਆਂ ਨੀਹਾਂ ਵਿੱਚ ਚਿਣਦੇ ਹੋਏ ਉਨ੍ਹਾਂ ਉੱਪਰ ਬ੍ਰਾਹਮਣਵਾਦ, ਮਿਥਿਹਾਸ ਅਤੇ ਪਾਖੰਡਵਾਦ ਦਾ ਗਿਲਾਫ ਚੜ੍ਹਾ ਦੇਣਗੇ। ਜਰਾ ਸੋਚੋ! ਜੇ ਛੋਟੀ ਉੱਮਰ ਵਿੱਚ ਸਾਹਿਬਜ਼ਾਦੇ ਸੁਚੇਤ ਸਨ ਤਾਂ ਸਾਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਸਿਖਿਆ ਲੈ ਕੇ, ਅਜੋਕੇ ਬ੍ਰਾਹਮਣ ਅਤੇ ਸੰਤ-ਬਾਬਾਵਾਦ ਤੋਂ ਸੁਚੇਤ ਹੋਣਾ ਚਾਹੀਦਾ ਹੈ। ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਉਨ੍ਹਾਂ ਬੀਰ ਬਹਾਦਰ ਗੁਰੂ ਕੇ ਲਾਲਾਂ ਨੂੰ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਬੀਰ ਗਾਥਾਵਾਂ ਪੜ੍ਹਾ-ਸੁਣਾ ਕੇ ਯੂਨੀਵਰਸਲ ਸਿੱਖ ਧਰਮ ਦੇ ਵਿਰਸੇ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਵੀ ਸਿੱਖੀ ਸਿਧਾਂਤਾਂ ਦੇ ਧਾਰਨੀ, ਮਾਡਲ ਅਤੇ ਪ੍ਰਚਾਰਕ ਬਣ ਕੇ, ਸਿੱਖ ਕੌਮ ਦਾ ਸਿਰ ਉੱਚਾ ਕਰ ਸਕਣ। ਐਸੀਆਂ ਬੀਰ ਬਹਾਦਰ ਜਿੰਦਾਂ ਜਿੰਨ੍ਹਾਂ ਨੇ ਬਹੁਤ ਵੱਡੀ ਮੁਗਲੀਆ ਹਕੂਮਤ ਦੀ ਈਂਨ ਨਹੀਂ ਮੰਨੀ ਤੇ ਮੁਗਲਾਂ ਦੇ ਜ਼ਾਲਮ  ਰਾਜ ਦੀਆਂ ਜੜਾਂ ਪੰਜਾਬ ਤੇ ਭਾਰਤ ਚੋਂ ਪੁੱਟਦੇ ਹੋਏ, ਬੀਰ ਰਸੀ ਅੰਦਾਜ਼ ਵਿੱਚ ਸ਼ਹਦਤਾਂ ਦੇ ਜਾਮ ਪੀਤੇ ਅਜਿਹੇ ਹੋਣਹਾਰ ਪ੍ਰਵਾਨਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੋਟਿ ਕੋਟਿ ਪ੍ਰਨਾਮ!

 

Related posts

ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਖਰੀਦਣ ਦੇ ਚਾਹਵਾਨ ਵਿਅਕਤੀਆਂ ਨੂੰ 7 ਪ੍ਰਤੀਸ਼ਤ ‘ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ-ਚੇਅਰਮੈਨ ਜ਼ਿਲਾ ਯੋਜ਼ਨਾ ਬੋਰਡ

INP1012

ਲੇਖਕ ਸੁਭਾਸ਼ ਭਾਸਕਰ ਵੱਲੋਂ ਮੁੱਖ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਦੇ ਪਿਤਾ ਕੇਹਰ ਸਿੰਘ ਬਾਰੇ ਲਿਖੀ ਕਿਤਾਬ ‘ਦਾਸਤਾਨ’ ਦੀ ਘੁੰਡ ਚੁਕਾਈ

INP1012

ਕਰਨੈਲ ਸਿੰਘ ਸੈਣੀ ਪੰਜਾਬ ਸਿਵਲ ਸਕੱਤਰੇਤ ਪੀ ਐੱਸ ਐੱਸ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਭਾਟੀਆ ਜਨਰਲ ਸਕੱਤਰ ਚੁਣੇ ਗਏ

INP1012

Leave a Comment