ਪ੍ਰਸ਼ਾਸਨ ਦੀ ਚੁੱਪੀ ਦਰਸਾ ਰਹੀ ਉਨਾਂ ਦੀ ਅਸਫਲਤਾ
ਪੰਜਾਬ ‘ਚ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਵਿੱਚ ਅਫ਼ੀਮ ਤੇ ਉਸ ਤੋਂ ਬਣਨ ਵਾਲੇ ਹੋਰ ਨਸ਼ੀਲੇ ਪਦਾਰਥ ਵਧੇਰੇ ਪ੍ਰਚਲਿਤ ਹਨ। ਅਫ਼ੀਮ ਤੋਂ ਬਾਅਦ ਦੂਜਾ ਨੰਬਰ ਤਮਾਕੂ ਦਾ ਹੈ। ਇਹ ਪ੍ਰਗਟਾਵਾ ਚੰਡੀਗੜ ਸਥਿਤ ਪੀਜੀਆਈ-ਐੱਮਈਆਰ ਵੱਲੋਂ ਕੀਤੇ ਇੱਕ ਅਧਿਐਨ ‘ਚ ਕੀਤਾ ਗਿਆ ਹੈ। ਇਸ ਅਧਿਐਨ ਮੁਤਾਬਿਕ ਨਸ਼ਿਆਂ ਦੀ ਲਤ ਦੇ ਸ਼ਿਕਾਰ 91.5% ਵਿਅਕਤੀ ਅਫ਼ੀਮ ਤੋਂ ਬਣਨ ਵਾਲੇ ਨਸ਼ੀਲੇ ਪਦਾਰਥ ਵੱਧ ਲੈਂਦੇ ਹਨ; ਜਿਨਾਂ ‘ਚੋਂ ਹੈਰੋਇਨ ਦਾ ਨਸ਼ਾ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਅਧਿਐਨ ਦੇ ਨਤੀਜੇ ‘ਦਿ ਏਸ਼ੀਅਨ ਜਰਨਲ ਆਫ਼ ਸਾਇਕਿਆਟ੍ਰੀ’ ‘ਚ ਪ੍ਰਕਾਸ਼ਿਤ ਹੋਏ ਹਨ।ਪੀਜੀਆਈ ਤੇ ਪੰਜਾਬ ਦੇ ਹੋਰ ਸਰਕਾਰੀ ਹਸਪਤਾਲਾਂ ਦੇ ਮਾਹਿਰ ਇਸ ਅਧਿਐਨ ਵਿੱਚ ਸ਼ਾਮਲ ਸਨ। ਉਨਾਂ ਮੁਤਾਬਿਕ ਸੂਬੇ ‘ਚ ਨਸ਼ੇ ਤੋਂ ਪ੍ਰਭਾਵਿਤ 2.5% ਵਿਅਕਤੀ ਅਫ਼ੀਮ ਤੋਂ ਬਣਨ ਵਾਲੇ ਨਸ਼ੀਲੇ ਪਦਾਰਥ ਵੱਧ ਲੈਂਦੇ ਹਨ ਤੇ ਇਹ ਪ੍ਰਤੀਸ਼ਤਤਾ ਰਾਸ਼ਟਰੀ ਪ੍ਰਤੀਸ਼ਤਤਾ 0.7% ਤੋਂ ਕਿਤੇ ਵੱਧ ਹੈ।ਰਾਸ਼ਟਰੀ ਪੱਧਰ ਦੇ ਸਰਵੇਖਣ 2004 ਅਤੇ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ 2016 ‘ਚ ਹੋਏ ਸਨ। ਇਨਾਂ ਸਰਵੇਖਣਾਂ ਦੌਰਾਨ ਦੋ ਮਾਮਲਿਆਂ ‘ਤੇ ਧਿਆਨ ਕੇਦ੍ਰਿਤ ਕੀਤਾ ਗਿਆ ਸੀ – ਇੱਕ ਤਾਂ ਤੀਬਰ ਮੁਲਾਂਕਣ ਸਰਵੇਖਣ ਸੀ, ਜਿਸ ਅਧੀਨ ਨਸ਼ਿਆਂ ਤੋਂ ਪੀੜਤ ਅਜਿਹੇ ਵਿਅਕਤੀਆਂ ਦੇ ਨਾਂਅ ਦਰਜ ਕੀਤੇ ਗਏ ਸਨ, ਜਿਹੜੇ ਇਲਾਜ ਨਹੀਂ ਕਰਵਾਉਣਾ ਚਾਹੁੰਦੇ ਅਤੇ ਦੂਜਾ ਸੀ ਅਜਿਹੇ ਨਸ਼ਾ-ਪੀੜਤਾਂ ਨੂੰ ਲੱਭਣਾ, ਜਿਨਾਂ ਦੇ ਨਾਂਅ ਨਸ਼ਾ-ਛੁਡਾਊ ਕੇਂਦਰਾਂ ‘ਚ ਇਲਾਜ ਲਈ ਦਾਖ਼ਲ ਕੀਤੇ ਜਾਣੇ ਸਨ।ਇਹ ਦੋਵੇਂ ਵੱਖਰੀਆਂ ਪਹੁੰਚਾਂ ਹਨ। ਪਹਿਲੀ ਪਹੁੰਚ ਦੇਸ਼ ਜਾਂ ਸੂਬੇ ਵਿੱਚ ਨਸ਼ਿਆਂ ਦੀ ਗ਼ੈਰ-ਕਾਨੂੰਨੀ ਵਰਤੋਂ ਨੂੰ ਬਿਆਨਦੀ ਹੈ, ਜਦ ਕਿ ਦੂਜੀ ਨਸ਼ਿਆਂ ਦੀ ਵਰਤੋਂ ਦੀ ਪੱਧਤੀ ਬਾਰੇ ਜਾਣਕਾਰੀ ਦਿੰਦੀ ਹੈ।ਤੀਬਰ ਮੁਲਾਂਕਣ ਸਰਵੇਖਣ ਅਧੀਨ 6,600 ਨਸ਼ਾ-ਪੀੜਤਾਂ ਦੇ ਨਾਂਅ ਲਿਖੇ ਗਏ ਸਨ। ਜਿਨਾਂ ਵਿੱਚੋਂ 70% ਨੇ ਜੀਵਨ-ਭਰ ਦੋ ਜਾਂ ਵਧੇਰੇ ਨਸ਼ਿਆਂ ਦੀ ਵਰਤੋਂ ਕੀਤੀ ਹੇ। 70% ਪੀੜਤਾਂ ਨੇ ਕਿਹਾ ਕਿ ਉਨਾਂ ਨੇ ਨਸ਼ਿਆਂ ਦੀ ਵਰਤੋਂ ਸਿਰਫ਼ ਮਜ਼ਾ ਲੈਣ ਲਈ ਸ਼ੁਰੂ ਕੀਤੀ ਸੀ; ਜਦ ਕਿ 43% ਨੇ ਕਿਹਾ ਕਿ ਉਨਾਂ ਨੇ ਅਜਿਹਾ ਹਮਉਮਰ ਸਾਥੀਆਂ ਦੇ ਦਬਾਅ ਕਰਕੇ ਨਸ਼ੇ ਲੈਣੇ ਸ਼ੁਰੂ ਕੀਤੇ ਸਨ।ਅਫ਼ੀਮ ਤੋਂ ਬਣਨ ਵਾਲੇ ਨਸ਼ੀਲੇ ਪਦਾਰਥ ਵਧੇਰੇ ਪ੍ਰਚਲਿਤ (57.9%) ਹਨ; ਜਦ ਕਿ ਅਫ਼ੀਮ ਤੋਂ ਬਣਨ ਵਾਲੀਆਂ ਦਵਾਈਆਂ (41.4%) ਅਤੇ ਅਜਿਹੇ ਇੰਜੈਕਸ਼ਨਾਂ (24.9%) ਨੂੰ ਨਸ਼ੇ ਵਜੋਂ ਵਰਤਿਆ ਜਾਂਦਾ ਹੈ।ਅਫ਼ੀਮ ਤੋਂ ਬਣਨ ਵਾਲੀਆਂ ਦਵਾਈਆਂ ‘ਚੋਂ ਸਭ ਤੋਂ ਵੱਧ ਟ੍ਰੈਮਾਡੌਲ (30.5%) ਪ੍ਰਸਿੱਧ ਹੈ; ਜਦ ਕਿ ਉਸ ਤੋਂ ਬਾਅਦ ਡਾਇਫ਼ਨੋਜ਼ਾਇਲੇਟ ਤੇ ਕੋਡੀਨ ਖੰਘ ਦੀ ਦਵਾਈ (ਕ੍ਰਮਵਾਰ 13% ਅਤੇ 11%) ਦੇ ਨੰਬਰ ਆਉਂਦੇ ਹਨ। ਅਫ਼ੀਮ ਤੋਂ ਬਣਨ ਵਾਲਾ ਸਭ ਤੋਂ ਵੱਧ ਪ੍ਰਚਲਿਤ ਨਸ਼ਾ ਹੈਰੋਇਨ (46.4%) ਹੈ; ਜਦ ਕਿ ਭੁੱਕੀ ਤੇ ਅਫ਼ੀਮ ਦੀ ਵਰਤੋਂ 27.4 ਪੀੜਤਾਂ ਵੱਲੋਂ ਕੀਤੀ ਜਾਂਦੀ ਹੈ।ਨਸ਼ਿਆਂ ਤੋਂ ਪੀੜਤ ਸਿਰਫ਼ 2.8 ਫ਼ੀ ਸਦੀ ਵਿਅਕਤੀ ਐੱਚਆਈਵੀ, 4.8 ਫ਼ੀ ਸਦੀ ਐੱਚਸੀਵੀ ਅਤੇ 2% ਹੈਪੇਟਾਇਟਿਸ ਬੀ ਤੋਂ ਪੀੜਤ ਪਾਏ ਗਏ।ਇਸ ਅਧਿਐਨ ਅਨੁਸਾਰ 67 ਫ਼ੀ ਸਦੀ ਨਸ਼ਾ-ਪੀੜਤਾਂ ਨੇ ਕਦੇ ਨਸ਼ਾ ਲੈਣਾ ਬੰਦ ਕਰਨ ਦਾ ਜਤਨ ਕੀਤਾ ਸੀ ਤੇ 49% ਨੂੰ ਕੁਝ ਹਮਾਇਤ ਵੀ ਮਿਲੀ ਸੀ। ਸਭ ਤੋਂ ਵੱਧ ਹਮਾਇਤ ਦੋਸਤਾਂ ਤੋਂ ਅਤੇ ਡਾਕਟਰਾਂ ਜਾਂ ਨਸ਼ਾ-ਛੁਡਾਊ ਕੇਂਦਰਾਂ (14%) ਤੋਂ ਮਿਲਦੀ ਹੈ।ਓਪੀਡੀ ਰਾਹੀਂ ਸਿਰਫ਼ 1.3% ਪੀੜਤ ਹੀ ਆ ਕੇ ਇਲਾਜ ਕਰਵਾਉਦੇ ਹਨ ਤੇ ਪਿਛਲੇ ਇੱਕ ਸਾਲ ਦੌਰਾਨ ਸਿਰਫ਼ 2.8% ਪੀੜਤ ਹੀ ਹਸਪਤਾਲ ‘ਚ ਆ ਕੇ ਦਾਖ਼ਲ ਹੋਏ ਸਨ।ਨਸ਼ਾ-ਛੁਡਾਊ ਕੇਂਦਰਾਂ ‘ਚ ਆਉਣ ਵਾਲੇ 83% ਪੀੜਤਾਂ ਨੂੰ ਅਫ਼ੀਮ ਤੋਂ ਬਣੇ ਨਸ਼ੀਲੇ ਪਦਾਰਥ ਲੈਣ ਦੀ ਆਦਤ ਹੁੰਦੀ ਹੈ ਤੇ ਉਨਾਂ ਵਿੱਚੋਂ ਸਭ ਤੋਂ ਵੱਧ 52% ਹੈਰੋਇਨ ਦਾ ਨਸ਼ਾ ਵਰਤਿਆ ਜਾਂਦਾ ਹੈ।
ਨਸ਼ਾ ਪੰਜਾਬ ਵਿਚ ਤੀਬਰ ਹੋ ਕੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਦਾ ਜਾ ਰਿਹਾ ਹੈ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਸੋ ਮੈਂ ਆਪਣੇ ਇਸ ਲੇਖ ਰਾਂਹੀ ਸਰਕਾਰ ਨੂੰ ਬੇਨਤੀ ਕਰਾਂਗਾ ਕੇ ਉਹ ਵੋਟਾਂ ਵੇਲੇ ਕੀਤੇ ਗਏ ਵਾਅਦਿਆਂ ਨੂੰ ਸਿਰਫ ਨਿਜੀ ਫਾਇਦੇ ਲਈ ਹੀ ਨਾ ਲੈਣ ਕਿਰਪਾ ਕਰ ਕੇ ਉਸ ਉਪਰ ਕੁਦਰਤ ਰੂਪੀ ਕਹਿਰ ਦੇ ਡਰ ਤੋਂ ਬਚਦੇ ਹੋਏ ਆਪਣੇ ਦੁਆਰਾ ਕੀਤੇ ਗਏ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ।