India International News National News Punjab Punjabi Social ਧਾਰਮਿਕ

ਨਹੀਂ ਰਹੇ ਭਾਈ ਗਜਿੰਦਰ ਸਿੰਘ ਦੀ ਧਰਮ ਸੁਪਤਨੀ ਬੀਬੀ ਮਨਜੀਤ ਕੌਰ

ਪੰਥਕ ਤੇ ਸੰਘਰਸ਼ਸ਼ੀਲ ਸਫਾਂ ਵਿੱਚ ਸੋਗ ਦੀ ਲਹਿਰ

ਅੰਮ੍ਰਿਤਸਰ:੨੩ ਜਨਵਰੀ:ਨਰਿੰਦਰ ਪਾਲ ਸਿੰਘ:ਦੇਸ਼ ਵਿਦੇਸ਼ ਵਿਚ ਵਿਚਰ ਰਹੇ ਆਮ ਅਤੇ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਨਾਲ ਜੁੜੇ ਸਿੱਖਾਂ ਲਈ ਇਹ ਖਬਰ ਬੇਹੱਦ ਦੁਖਦਾਈ ਹੈ ਕਿ ਸਿੱਖਾਂ ਦੀ ਜੰਗੇ ਅਜਾਦੀ ਦੇ ਅਹਿਮ ਜਰਨੈਲ ਤੇ ਜਲਾਵਤਨ ਆਗੂ  ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ ਦੇ ਧਰਮਸੁਪੱਤਨੀ ਬੀਬੀ ਮਨਜੀਤ ਕੌਰ,ਅਕਾਲ ਪੁਰਖ ਵੱਲੋ ਮਿਲੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਨਿਵਾਜੇ ਹਨ।ਉਹ ਪਿਛਲੇ ਕਾਫੀ ਸਮੇਂ ਤੋਂ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ ਲੇਕਿਨ ਕੁਝ ਦਿਨ ਪਹਿਲਾਂ ਠੀਕ ਹੋਣ ਕਾਰਣ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।ਬੀਤੇ ਕੱਲ੍ਹ ਦਿੱਲ ਦੀ ਸਮੱਸਿਆ ਆਣ ਕਾਰਣ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਦਾਖਲ ਕਰਵਾਣਾ ਪਿਆ ਜਿਥੇ ਉਨ੍ਹਾਂ ਆਖਰੀ ਸਾਹ ਲਏ। ਬੀਬੀ ਜੀ ਦੇ ਅਕਾਲ ਚਲਾਣੇ ਦੀ ਖਬਰ ਨਸ਼ਰ ਹੁੰਦਿਆਂ ਹੀ ਭਾਈ ਗਜਿੰਦਰ ਸਿੰਘ ਨਾਲ ਜੁੜੇ ਅਤੇ ਉਨ੍ਹਾਂ ਦੀ ਸੰਘਰਸ਼ ਲਈ ਕੁਰਬਾਨੀ ਤੋਂ ਪ੍ਰੇਰਤ ਸਿੱਖਾਂ ਤੇ ਗੈਰ ਸਿੱਖਾਂ ਵਲੋਂ ਸ਼ੋਸ਼ਲ ਮੀਡੀਆ ਫੇਸ ਬੁੱਕ ਰਾਹੀਂ ਭਾਈ ਗਜਿੰਦਰ ਸਿੰਘ,ਉਨ੍ਹਾਂ ਦੀ ਬੇਟੀ ਬਿਕਰਮਜੀਤ ਕੌਰ ਤੇ ਦਾਮਾਦ ਗੁਰਪ੍ਰੀਤ ਸਿੰਘ ਨਾਲ ਦੁੱਖ ਦਾ ਇਜਹਾਰ ਕਰਨ ਵਾਲਿਆਂ ਦਾ ਤਾਂਤਾ ਲਗ ਗਿਆ।

ਆਪਣੀ ਧਰਮ ਪਤਨੀ ਦੇ ਗੁਰਪੁਰੀ ਪਿਆਨਾ ਕਰ ਜਾਣ ਤੇ ਸਨੇਹੀਆਂ ਵਲੋਂ ਮਿਲ ਰਹੇ ਸੁਨੇਹਿਆਂ ਦਾ ਜਿਕਰ ਕਰਦਿਆਂ ਭਾਈ ਗਜਿੰਦਰ ਸਿੰਘ ਨੇ ਆਪਣੀ ਫੇਸ ਬੁੱਕ ਤੇ ਅੰਕਿਤ ਕੀਤਾ ਹੈ

“ਸੱਭ ਦੋਸਤਾਂ, ਮਿੱਤਰਾਂ, ਸਾਥੀਆਂ ਤੇ ਪਿਆਰ ਕਰਨ ਵਾਲਿਆਂ ਦੀ ਜਾਣਕਾਰੀ ਲਈ ਹੁਣ ਤੋ ਕੋਈ ਢਾਈ ਕੂ ਘੰਟੇ ਪਹਿਲਾਂ ਮਿਲੀ ਦੁੱਖਦਾਈ ਵਿਛੋੜੇ ਦੀ ਖਬਰ ਸਾਂਝੀ ਕਰਦਾ ਹਾਂ, ਕਿ ਮੇਰੀ ਜੀਵਨ ਸਾਥਣ ਮਨਜੀਤ ਕੌਰ ਅਕਾਲ ਚਲਾਣਾ ਕਰ ਗਈ ਹੈ । ਵਾਹਿਗੁਰੂ ਮੇਹਰ ਕਰੇ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।

ਜੇਲ੍ਹ ਵਿੱਚ ਮੁਲਾਕਾਤ ਲਈ ਆਈ ਨੇ ਇੱਕ ਦਿਨ ਮੈਨੂੰ ਪੁਛਿਆ ਕਿ ਤੁਸੀਂ ਮੈਨੂੰ ਤੇ ਬੱਚੀ ਨੂੰ ਕਿਸ ਦੇ ਸਹਾਰੇ ਛੱਡ ਕੇ ਆਏ ਸੀ? ਮੈਂ ਕਿਹਾ, ਗੁਰੂ ਅਤੇ ਪੰਥ ਦੇ ।
ਗੁਰੂ ਦਾ ਲੱਖ ਲੱਖ ਸ਼ੁਕਰ ਹੈ, ਉਸ ਨੇ ਅੱਜ ਉਸ ਨੂੰ ਸਦਾ ਲਈ ਸਾਂਭ ਲਿਆ ਹੈ ।

ਗਜਿੰਦਰ ਸਿੰਘ, ਦਲ ਖਾਲਸਾ ।

੨੩.੧.੨੦੧੯

ਜਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ ਅਤੇ ਬੀਬੀ ਮਨਜੀਤ ਕੌਰ ਦੇ ਵਿਆਹ ਨੂੰ ਮਹਿਜ ਇੱਕ ਸਾਲ ਹੀ ਹੋਇਆ ਸੀ ਤੇ ਬੇਟੀ ਬਿਕਰਮਜੀਤ ਕੌਰ ਤਿੰਨ ਮਹੀਨਿਆਂ ਦੀ ਸੀ ਜਦੋਂ ਲਾਲਾ ਨਰਾਇਣ ਕਤਲ ਕਾਂਡ ਦੇ ਝੂਠੇ ਕੇਸ ਵਿੱਚ ਪੁਲਿਸ ਵਲੋਂ ਕੇਸ ਦਰਜ ਕਰਨ ਤੇ  ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ੨੧ਸਤੰਬਰ ੧੯੮੧ ਨੂੰ ਗ੍ਰਿਫਤਾਰੀ ਦਿੱਤੀ ਤਾਂ ਸਰਕਾਰ ਦੇ ਰਵਈਏ ਖਿਲਾਫ ਰੋਸ ਜਿਤਾਉਣ ਲਈ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਹਿਤ ਭਾਰਤੀ ਜਹਾਜ ਨੂੰ ਅਗਵਾ ਕੀਤਾ।ਨਤੀਜੇ ਵਜੋਂ ਭਾਈ ਗਜਿੰਦਰ ਸਿੰਘ ਕਦੇ ਵੀ  ਪ੍ਰੀਵਾਰ ਨਾਲ ਇੱਕਠੇ ਨਾ ਹੋ ਸਕੇ।ਵਿਦੇਸ਼ੀ ਵੀਜਾ ਨੀਤੀਆਂ ਕਾਰਣ ਬੀਬੀ ਮਨਜੀਤ ਕੌਰ ਆਪਣੀ ਬੇਟੀ ਪਾਸ ਵੀ ਨਾ ਰਹਿ ਸਕੇ।

ਸੰਤੋਖ ਦੀ ਮੂਰਤ-ਬੀਬੀ ਮਨਜੀਤ ਕੌਰ :ਡਾ ਉਦੋਕੇ
ਸੰਤੋਖ ਦੀ ਮੂਰਤ-ਬੀਬੀ ਮਨਜੀਤ ਕੌਰ ਸੁਪਤਨੀ ਸ: ਗਜਿੰਦਰ ਸਿੰਘ ਦਲ ਖ਼ਾਲਸਾ
ਅਕਸਰ ਉਹਨਾਂ ਨੂੰ ਬੀਜੀ ਕਹਿ ਕੇ ਹੀ ਸੰਬੋਧਿਤ ਹੁੰਦਾ ਸੀ… ਤੇ ਉਹ ਵੀ ਜਦੋਂ ਮਿਠੱੜੀ ਜਿਹੀ ਆਵਾਜ਼ ਵਿੱਚ ਸੁਖਪ੍ਰੀਤ ਆਖਦੇ ਤਾਂ ਮਾਖਿਓਂ ਮਿੱਠੇ ਆਪਣੇਪਨ ਦਾ ਅਹਿਸਾਸ ਸੁੱਤੇ ਸਿੱਧ ਹੀ ਉਪਜਦਾ ਸੀ।ਜਦੋਂ ਜਰਮਨ ਜਾਣਾ ਤਾਂ ਬੜੇ ਪਿਆਰ ਭਰੇ ਸ਼ਬਦਾਂ ਵਿੱਚ ਬੀਜੀ ਦਾ ਸੁਨੇਹਾ ਮਿਲਣਾ, ” ਸੁਖਪ੍ਰੀਤ.. ਬੇਟਾ ਮੇਰੇ ਤੇ ਗੋਡਿਆਂ ਮੋਢਿਆਂ ਹੁਣ ਜਵਾਬ ਦੇ ਦਿੱਤਾ… ਤੈਨੂੰ ਹੀ ਆ ਕੇ ਮਿਲਣ ਦੀ ਤਕਲੀਫ਼ ਕਰਨੀ ਪੈਣੀ।ਕੀ ਫਾਇਦਾ ਪੁੱਤ ਦੇ ਡਾਕਟਰ ਹੋਣ ਦਾ ਜੇ ਮਾਵਾਂ ਦੇ ਗੋਡੇ ਵੀ ਨਹੀਂ ਤੁਰਨੇ?”ਬੱਸ ਮੈਨੂੰ ਵੀ ਮਿਲਣੀ ਦਾ ਚਾਅ ਹੁੰਦਾ ਸੀ….ਕਈ ਵਾਰ ਦਵਾਈ ਵੀ ਭੇਜੀ ਪਰ ਬਿਮਾਰੀ ਅਗਲੇ ਪੜਾਅ ਉਪਰ ਸੀ।

ਲੋਹੇ ਵਰਗੇ ਦ੍ਰਿੜ ਅਤੇ ਕੋਮਲ ਹਿਰਦੇ ਦੇ ਮੁਜੱਸਮੇ ਸਨ ਬੀਜੀ।ਸ: ਗਜਿੰਦਰ ਸਿੰਘ ਦੀ ਜਲਾਵਤਨੀ ਦੇ ਸਮੇਂ ਨੂੰ ਸਿਰੜ ਵਾਲੀ ਅਜਿਹੀ ਸਤਵੰਤੀ ਦੇ ਰੂਪ ਵਿੱਚ ਹੰਢਾਇਆ ਕਿ ਮਨੁੱਖ ਦੇ ਸ਼ਬਦ ਇਸ ਸਬਰ ਦੀ ਮੂਰਤ ਦੇ ਹਾਣ ਪਰਵਾਨ ਦੇ ਨਹੀਂ। ਬੱਸ ਉਹਨਾਂ ਦੇ ਜੀਵਨ ਨੂੰ ਤੱਕ ਕੇ ਆਪ ਮੁਹਾਰੇ ਹੀ ਪਾਵਣ ਗੁਰਬਾਣੀ ਦੀ ਪੰਗਤੀ ਜ਼ੁਬਾਨ ‘ਤੇ ਆ ਜਾਂਦੀ ਹੈ, “ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ”।

ਜੁਝਾਰੂ ਤੋਂ ਵੱਧ ਜੂਝਣ ਵਾਲੀ ਉਸਦੀ ਸਾਥਣ :ਸਰਬਜੀਤ ਸਿੰਘ ਘੁਮਾਣ
ਇਹ ਦੁਨੀਆ ਦਾ ਇਕ ਸਦੀਵੀ ਸੱਚ ਹੈ। ਕਿਸੇ ਵੀ ਧੱਕੇਸ਼ਾਹੀ, ਜ਼ੁਲਮ, ਬੇਇਨਸਾਫੀ ਖਿਲਾਫ ਜਦੋਂ ਕਿਸੇ ਮਰਦ ਦੀ ਅਣਖ ਰਣ ਵਿਚ ਜੂਝਦੀ ਹੈ ਤਾਂ ਜੇ ਉਸ ਦੇ ਇਸ ਜੀਵਨ ਘੋਲ ਵਿਚ ਕੋਈ ਉਸ ਤੋਂ ਵੱਧ ਉਸ ਲਈ ਜੂਝ ਰਿਹਾ ਹੁੰਦਾ ਹੈ ਤਾਂ ਉਹ ਉਸਦੀ ਜੀਵਨ ਸਾਥਣ ਹੁੰਦੀ ਹੈ। ਔਰਤ ਦੇ ਹਿੱਸੇ ਵੱਡੀਆਂ ਮਹਾਨਤਾਵਾਂ ਆਈਆਂ ਹਨ। ਦੁਨੀਆ ਦੀਆਂ ਇਹਨਾਂ ਜੁਝਾਰੂ ਔਰਤਾਂ ਵਿਚੋਂ ਇਕ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਈ ਅੱਜ।
ਸਿੱਖ ਕੌਮ ਦੀ ਅਜ਼ਾਦੀ ਲਈ ਜੂਝਣ ਵਾਲੇ ਜੁਝਾਰੂ ਆਗੂ ਭਾਈ ਗਜਿੰਦਰ ਸਿੰਘ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਅਕਾਲ ਚਲਾਣਾ ਕਰ ਗਏ ਹਨ। ਇਹ ਪਰਿਵਾਰ ਸੰਘਰਸ਼ ਦੇ ਇਸ ਰਾਹ ਵਿਚ ਖੇਰੂੰ ਖੇਰੂੰ ਹੋ ਗਿਆ। ਜਿੱਥੇ ਭਾਈ ਗਜਿੰਦਰ ਸਿੰਘ ਦੀ ਪਾਕਿਸਤਾਨ ਵਿਚ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਉੱਥੇ ਬੀਬੀ ਮਨਜੀਤ ਕੌਰ ਜਰਮਨ ਵਿਚ ਸ਼ਰੀਰਕ ਰੋਗਤਾ ਨਾਲ ਜੂਝ ਰਹੇ ਸਨ। ਇਸ ਦੌਰਾਨ ਇਸ ਜੋੜੇ ਦੀ ਇਕਲੌਤੀ ਧੀ ਇੰਗਲੈਂਡ ਵਿਚ ਸੀ। ਇਹ ਪਰਿਵਾਰ ਚਾਅ ਨਾਲ ਨਹੀਂ ਬੇਘਰੀ ਕੌਮ ਦੇ ਜੁਝਾਰੂ ਹੋਣ ਕਾਰਨ ਮਜ਼ਬੂਰੀ ਵਸ ਦੂਰੋਂ ਦੂਰੋਂ ਇਕ ਦੂਜੇ ਦੇ ਦੁੱਖ ਨੂੰ ਮਹਿਸੂਸ ਕਰ ਰਿਹਾ ਸੀ। ਸਿੱਖਾਂ ਦੀ ਰਾਜਨੀਤਕ ਅਧੀਨਗੀ ਦਾ ਸਿੱਟਾ ਕਿ ਸਿੱਖ ਸੰਘਰਸ਼ ਨਾਲ ਜੁੜਿਆ ਇਹ ਪਰਿਵਾਰ ਬੀਬੀ ਮਨਜੀਤ ਕੌਰ ਦੇ ਆਖਰੀ ਸਵਾਸਾਂ ‘ਤੇ ਵੀ ਇਕ ਥਾਂ ਇਕੱਠਾ ਨਹੀਂ ਹੋ ਸਕਿਆ।ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਕਿ ਬੀਬੀ ਮਨਜੀਤ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਉਨ੍ਹਾਂ ਦੇ ਸੰਘਰਸ਼ ਨੂੰ ਫਲ ਲਾਉਣ। ਨਾਲ ਹੀ ਅਪੀਲ ਹੈ ਕਿ ਜੇ ਹੋ ਸਕਦਾ ਹੈ ਤਾਂ ਇਸ ਪਰਿਵਾਰ ਨੂੰ ਬੀਬੀ ਮਨਜੀਤ ਕੌਰ ਦੇ ਅੰਤਿਮ ਸੰਸਕਾਰ ਮੌਕੇ ਇਕ ਥਾਂ ਇਕੱਠੇ ਕਰਨ ਦਾ ਕੋਈ ੳਪਰਾਲਾ ਕੀਤਾ ਜਾਵੇ।

ਜੀਵਨ ਸਾਥੀ ਵਾਂਗ ਹੀ ਜਲਾਵਤਨੀ ਹੰਢਾਉਣ ਵਾਲੀ ਬੀਬੀ ਮਨਜੀਤ ਕੌਰ:ਪੰਜ ਪਿਆਰੇ ਸਿੰਘ

ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਦੀ ਧਰਮ ਸੁਪਤਨੀ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਨਾਲ ਜਿਥੇ ਭਾਈ ਗਜਿੰਦਰ ਸਿੰਘ ਦੇ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਵਿਸ਼ਵ ਭਰ ਵਿੱਚ ਸਿੱਖਾਂ ਦੇ ਹਿੱਤਾਂ ਤੇ ਅੱਡਰੀ ਨਿਆਰੀ ਪਹਿਚਾਣ ਲਈ ਜੂਝਣ ਵਾਲੇ ਸਿੰਘਾਂ ਨੂੰ ਵੀ ਗਹਿਰਾ ਦੁੱਖ ਮਹਿਸੂਸ ਹੋਇਆ ਹੈ ।ਅੰਮ੍ਰਿਤ ਸੰਚਾਰ ਜਥੇ ਦੇ ਪੰਜ ਪਿਆਰੇ ਸਿੰਘ ਇਹ ਮਹਿਸੂਸ ਕਰਦੇ ਹਨ ਕਿ ਬੀਬੀ ਮਨਜੀਤ ਕੌਰ ,ਸਬਰ ਸੰਤੋਖ ਨਾਲ ਭਰਪੂਰ,ਜੁਝਾਰੂ ਤੇ ਸਿਰੜੀ ਔਰਤ ਸਨ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਵਾਂਗ ਹੀ ਜਲਾਵਤਨੀ ਦਾ ਜੀਵਨ ਜੀਵਿਆ ਔਰ ਸਾਬਤ ਸੂਰਤ ਸਿੱਖੀ ਸਰੂਪ ਅਤੇ ਗੁਰੂ ਆਸ਼ੈ ਅਨੁਸਾਰ ਸੰਸਾਰ ਵਿੱਚ ਵਿਚਰਦਿਆਂ ਇੱਕ ਮਿਸਾਲ ਕਾਇਮ ਕੀਤੀ।

Related posts

ਆਗਾਮੀ ਚੋਣਾਂ ‘ਚ ਲੋਕ ਬਸਪਾ ਦਾ ਸਾਥ ਦੇਣ ਡਾ. ਮੱਖਣ ਸਿੰਘ

INP1012

ਵਾਰਦਾਤਾਂ ਨੂੰ ਰੋਕਣ’ਚ ਨਾਕਾਮ ਸਾਬਿਤ ਹੋਈ ਪੰਜਾਬ ਪੁਲਿਸ ਲੱਗੀ ਬਾਦਲਾਂ ਦੇ ਸ਼ਾਪਿੰਗ ਮਾਲ ਦੀ ਸੁਰੱਖਿਆ’ਚ-ਬੈਂਸ

INP1012

ਕੁੜੀਆਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ – ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

INP1012

Leave a Comment