India National News Political Punjab Punjabi Social

1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹ ਤੇ ਵਕੀਲ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ

ਫੋਟੋ ਕੈਪਸ਼ਨ: ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਗਵਾਹਾਂ ਤੇ ਵਕੀਲਾਂ ਨੂੰ ਸਨਮਾਨਿਤ ਕਰਦੇ ਹੋਏ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ. ਸੁਖਬੀਰ ਸਿੰਘ ਬਾਦਲ, ਸ. ਗੁਰਬਚਨ ਸਿੰਘ ਕਰਮੂੰਵਾਲਾ, ਬੀਬੀ ਜਗੀਰ ਕੌਰ ਤੇ ਹੋਰ।

ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ -ਭਾਈ ਲੌਂਗੋਵਾਲ

ਰਾਜੀਵ ਗਾਂਧੀ ਮੁੱਖ ਦੋਸ਼ੀ, ਉਸ ਖਿਲਾਫ ਵੀ ਹੋਵੇ ਪਰਚਾ ਦਰਜ਼ -ਸ. ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ, 26 ਜਨਵਰੀ- ਹਰਭਜਨ ਸਿੰਘ : 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤੇ ਗਏ ਇਕ ਵਿਸ਼ੇਸ਼ ਤੇ ਭਰਵੇਂ ਸਮਾਗਮ ਦੌਰਾਨ ਉਚੇਚੇ ਤੌਰ ‘ਤੇ ਸਨਮਾਨਤ ਕੀਤਾ ਗਿਆ। ਸਨਮਾਨਿਤ ਕੀਤੇ ਗਏ 7 ਗਵਾਹਾਂ ਵਿਚ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ, ਸ. ਜਗਸ਼ੇਰ ਸਿੰਘ, ਸ. ਕੁਲਦੀਪ ਸਿੰਘ, ਸ. ਸੰਤੋਖ ਸਿੰਘ, ਸ. ਸੰਗਤ ਸਿੰਘ ਤੇ ਸ. ਸੁਰਜੀਤ ਸਿੰਘ ਸ਼ਾਮਲ ਸਨ, ਜਦਕਿ ਵਕੀਲਾਂ ਵਿਚ ਸ. ਆਰ.ਐਸ. ਚੀਮਾ, ਸ. ਹਰਵਿੰਦਰ ਸਿੰਘ ਫੂਲਕਾ, ਸ. ਡੀ.ਪੀ. ਸਿੰਘ, ਬੀਬੀ ਤਰੰਨੁਮ ਚੀਮਾ, ਸ. ਗੁਰਬਖਸ਼ ਸਿੰਘ, ਸ. ਜਸਵਿੰਦਰ ਸਿੰਘ ਤੇ ਬੀਬੀ ਕਾਮਨਾ ਵੋਹਰਾ ਸ਼ਾਮਲ ਸਨ। ਇਨਾਂ ਸਨਮਾਨਿਤ ਸ਼ਖਸੀਅਤਾਂ ਨੂੰ ਸਨਮਾਨ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਬਖਸ਼ਿਸ਼ ਸਿਰੋਪਾਓ, ਸ੍ਰੀ ਸਾਹਿਬ, ਚਾਂਦੀ ਦੀ ਤਸ਼ਤਰੀ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਦਿੱਤੇ ਗਏ। ਸਨਮਾਨ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਮੌਜੂਦ ਰਹੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸੰਬੋਧਨ ਦੌਰਾਨ 1984 ਦੀ ਸਿੱਖ ਨਸਲਕੁਸ਼ੀ ਨੂੰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਅਣਮਨੁੱਖੀ ਕਹਿਰ ਦੱਸਿਆ। ਉਨਾਂ ਆਖਿਆ ਕਿ ਸਿੱਖ ਕੌਮ ਨੇ ਹਮੇਸ਼ਾ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਦੇ ਕੇ ਮਿਸਾਲੀ ਇਤਿਹਾਸ ਸਿਰਜਿਆ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ ਜੂਨ ਅਤੇ ਨਵੰਬਰ 84 ਦੌਰਾਨ ਸਿੱਖਾਂ ਨੂੰ ਖਤਮ ਕਰਨ ਲਈ ਕੇਂਦਰੀ ਹਕੂਮਤ ਨੇ ਸਾਰੇ ਹੱਦਾਂ ਬੰਨੇ ਟੱਪ ਦਿੱਤੇ। ਭਾਈ ਲੌਂਗੋਵਾਲ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਗਵਾਹਾਂ ਦੀ ਹਿੰਮਤ ਅਤੇ ਦਲੇਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਨਾਂ ਗਵਾਹਾਂ ਨੇ ਆਪਣੀਆਂ ਜਾਂਨਾਂ ਦੀ ਪ੍ਰਵਾਹ ਕੀਤੇ ਬਗ਼ੈਰ ਨਿਰੰਤਰ ਸੰਘਰਸ਼ ਜਾਰੀ ਰੱਖਿਆ। ਉਨਾਂ ਵਕੀਲਾਂ ਵੱਲੋਂ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਲੜੀ ਕਾਨੂੰਨੀ ਲੜਾਈ ਨੂੰ ਵੀ ਮਹੱਤਵਪੂਰਨ ਕਿਹਾ। ਭਾਈ ਲੌਂਗੋਵਾਲ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੱਕ ਸਿੱਖ ਕੌਮ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਹਰ ਤਰਾਂ ਪੀੜਤਾਂ ਦੇ ਨਾਲ ਖੜੇਗੀ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਵਿਚ ਕੀਤਾ ਗਿਆ ਸਿੱਖ ਕਤਲੇਆਮ ਵਕਤ ਦੀ ਕਾਂਗਰਸ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਸੀ ਅਤੇ ਇਸ ਦੇ ਮੁੱਖ ਦੋਸ਼ੀ ਰਾਜੀਵ ਗਾਂਧੀ ਸਨ। ਇਸ ਲਈ ਰਾਜੀਵ ਗਾਂਧੀ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ 34 ਸਾਲ ਬਾਅਦ ਸੱਜਣ ਕੁਮਾਰ ਤੇ ਦੋ ਹੋਰਾਂ ਨੂੰ ਸਜ਼ਾ ਮਿਲਣ ਨਾਲ ਪੀੜਤਾਂ ਦਾ ਸੰਘਰਸ਼ ਕੁਝ ਸਫਲ ਜ਼ਰੂਰ ਹੋਇਆ ਹੈ ਪਰੰਤੂ ਅਜੇ ਵੀ ਜਗਦੀਸ਼ ਟਾਈਟਲਰ ਵਰਗੇ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਬਾਕੀ ਹੈ। ਉਨਾਂ ਕਿਹਾ ਕਿ ਗਵਾਹਾਂ ਨੇ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਤਿੰਨ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ ਜਿਸ ਲਈ ਗਵਾਹਾਂ ਦੀ ਹਿੰਮਤ ਅੱਗੇ ਉਨਾਂ ਦਾ ਸਿਰ ਝੁਕਦਾ ਹੈ। ਉਨਾਂ ਸ਼੍ਰੋਮਣੀ ਕਮੇਟੀ ਵੱਲੋਂ ਗਵਾਹਾਂ ਤੇ ਵਕੀਲਾਂ ਦੇ ਸਨਮਾਨ ਨੂੰ ਸਮੁੱਚੀ ਸਿੱਖ ਕੌਮ ਵੱਲੋਂ ਕੀਤਾ ਗਿਆ ਸਨਮਾਨ ਕਿਹਾ ਅਤੇ 1984 ਦੇ ਪੀੜਤਾਂ ਨਾਲ ਖੜਨ ਦੀ ਵਚਨਬੱਧਤਾ ਦੁਹਰਾਈ।

ਇਸ ਮੌਕੇ 1984 ਕਤਲੇਆਮ ਦੀ ਪੀੜਤ ਬੀਬੀ ਜਗਦੀਸ਼ ਕੌਰ ਭਾਵੁਕ ਹੁੰਦਿਆਂ ਕਿਹਾ ਕਿ ਬੀਤੇ 34 ਸਾਲਾਂ ਅੰਦਰ ਉਹ ਡੂੰਘੀ ਮਾਨਸਿਕ ਪੀੜਾ ‘ਚੋਂ ਲੰਘੇ ਹਨ। ਇਸ ਦੌਰਾਨ ਉਨਾਂ ਨੂੰ ਡਰਾਉਣ ਧਮਕਾਉਣ ਤੇ ਖਰੀਦਣ ਲਈ ਦੋਸ਼ੀਆਂ ਵੱਲੋਂ ਹਰ ਹੀਲਾ ਵਰਤਿਆ ਗਿਆ ਪਰੰਤੂ ਉਨਾਂ ਨੇ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰੱਖਣ ਦੀ ਕਸਮ ਨਿਭਾਈ ਹੈ। ਉਨਾਂ ਆਖਿਆ ਕਿ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ। ਬੀਬੀ ਜਗਦੀਸ਼ ਕੌਰ ਨੇ ਵੀ ਰਾਜੀਵ ਗਾਂਧੀ ਖਿਲਾਫ ਪਰਚਾ ਦਰਜ ਕਰਨ ਅਤੇ ਭਾਰਤ ਰਤਨ ਵੀ ਵਾਪਸ ਲੈਣ ਦੀ ਮੰਗ ਕੀਤੀ। ਇਸ ਸਮੇਂ ਸਟੇਜ ਦੀ ਸੇਵਾ ਭਾਈ ਅਮਰਜੀਤ ਸਿੰਘ ਚਾਵਲਾ ਨੇ ਨਿਭਾਈ।

ਇਸ ਮੌਕੇ ਬੀਬੀ ਜਗੀਰ ਕੌਰ, ਸ. ਬਿੱਕਰ ਸਿੰਘ ਚੰਨੂ, ਜਥੇ. ਗੁਰਬਚਨ ਸਿੰਘ ਕਰਮੂੰਵਾਲਾ, ਭਾਈ ਮਨਜੀਤ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ, ਸ. ਸ਼ਿੰਗਾਰਾ ਸਿੰਘ ਲੋਹੀਆਂ, ਸ. ਜਰਨੈਲ ਸਿੰਘ ਕਰਤਾਰਪੁਰ, ਬੀਬੀ ਜਸਬੀਰ ਕੌਰ ਜਫਰਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ, ਸ. ਬਲਦੇਵ ਸਿੰਘ ਚੂੰਘਾ, ਸ. ਵੀਰ ਸਿੰਘ ਲੋਪੋਕੇ, ਸ. ਮਨਜਿੰਦਰ ਸਿੰਘ ਸਿਰਸਾ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਅਵਤਾਰ ਸਿੰਘ ਵਣਵਾਲਾ, ਸ. ਭਗਵੰਤ ਸਿੰਘ ਸਿਆਲਕਾ, ਸ. ਰਤਨ ਸਿੰਘ ਜਫਰਵਾਲ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਗੁਰਤੇਜ ਸਿੰਘ ਢੱਡੇ, ਸ. ਬਲਜੀਤ ਸਿੰਘ ਜਲਾਲਉਸਮਾਂ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਪਰਮਜੀਤ ਸਿੰਘ ਰਾਏਪੁਰ, ਸ. ਰਣਜੀਤ ਸਿੰਘ ਕਾਹਲੋਂ, ਸ. ਰਵਿੰਦਰ ਸਿੰਘ ਖਾਲਸਾ, ਸ. ਬਲਦੇਵ ਸਿੰਘ ਕਲਿਆਣਾ, ਸ. ਗੁਰਨਾਮ ਸਿੰਘ ਜੱਸਲ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਕੁਲਦੀਪ ਸਿੰਘ ਤੇੜਾ, ਸ. ਸੁਖਵਿੰਦਰ ਸਿੰਘ ਅਗਵਾਨ, ਬੀਬੀ ਜੋਗਿੰਦਰ ਕੌਰ ਬਠਿੰਡਾ, ਬੀਬੀ ਸਵਰਨ ਕੌਰ ਤੇੜਾ, ਸ. ਕੁਲਦੀਪ ਸਿੰਘ ਤੇੜਾ, ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਇੰਜੀ. ਸੁਖਮਿੰਦਰ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਪਰਮਜੀਤ ਸਿੰਘ ਸਰੋਆ, ਸ. ਸਿਮਰਜੀਤ ਸਿੰਘ ਕੰਗ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਗੁਰਿੰਦਰ ਸਿੰਘ ਮਥਰੇਵਾਲ ਆਦਿ ਮੌਜੂਦ ਸਨ।

Related posts

ਰਾਜਪੁਰਾ ਸਰਾਏ ਕਿਲੇ ਵਿੱਚ ਬਣੀ ਦਰਗਾਹ ਤੇ ਮੱਥਾ ਟੇਕਣ ਪਹੁੰਚੀ ਪੰਜਾਬ ਦੀ ਸਿਖਿਆ ਮੰਤਰੀ

INP1012

ਮੁੱਲਾਂ ਤੇ ਮਿਸ਼ਾਲਚੀ ਦੋਵੇਂ ਇੱਕੋ ਚਿੱਤ

INP1012

ਔਰਤਾਂ ਨਾਲ ਅੱਜ ਵੀ ਜਾਨਵਰਾਂ ਵਾਂਗ ਵਤੀਰਾ – ਸਤਵਿੰਦਰ ਕੌਰ ਸੱਤੀ (ਕੈਲਗਰੀ)

INP1012

Leave a Comment