Poetry ਕਵਿਤਾਵਾਂ

ਬਾਣੀ ਨਾਨਕ ਦੀ – ਮਲਕੀਅਤ ‘ਸੁਹਲ’  

ਬਾਣੀ ਨਾਨਕ ਦੀ – ਮਲਕੀਅਤ ‘ਸੁਹਲ’

ਮੇਰੀ ਕਲਮ ‘ਚ ਨਹੀਂ ਇਹ ਤਾਕਤ,
ਕਿਵੇਂ ਕਰੇਗੀ ਬਾਬਾ  ਬਿਆਨ ਤੇਰਾ।
ਤੂੰ ਮੇਰੀ ਬੁੱਧ ਨੂੰ ਸ਼ੁੱਧ  ਜੇ ਕਰ ਦੇਵੇਂ,
ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ।
ਖਿੱਚ ਤੇਰੇ ਦੀਦਾਰ ਦੀ  ਮਨ ਅੰਦਰ,
ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ।
ਮਾਣ ਬਖ਼ਸ਼ਿਉ  ਮੇਰੀ ਕਲਮ ਤਾਈਂ,
ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ।

ਆਦਿ ਸਚ ਜੁਗਾਦਿ  ਵੀ ਸਚ ਹੋਸੀ,
ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ।
ਬਾਣੀ ਨਾਨਕ ਦੀ ਬੜੀ ਪਰਤੱਖ ਲੋਕੋ,
ਜੇ ਸੱਚਾ ਤਾਂ,ਬਾਣੀ ਦਾ ਅੱਦਬ ਸੱਚਾ।

ਘੋਰ ਪਾਪ ‘ਤੇ  ਕੂੜ ਨੇ  ਅੱਤ ਚੁੱਕੀ,
ਹਨੇਰੀ ਕਹਿਰ ਦੀ ਚੱੜ੍ਹੀ  ਹਰ ਪਾਸੇ।
ਮਨ ਮੈਲੇ, ਦਿਲਾਂ ‘ਚ ਦੂਜ ਵਧ ਗਈ,
ਬਾਬਰ ਬਾਣੀ ਪੜ੍ਹੀ ਗਈ  ਹਰ ਪਾਸੇ।
ਊਚ-ਨੀਚ ਦਾ  ਹਰ ਥਾਂ ਬੋਲ-ਬਾਲਾ,
ਝੁੱਰੀ ਫੜੀ ਕਿਸਾਈਆਂ  ਹਰ ਪਾਸੇ।
ਦੁੱਖ-ਦਰਦ ਨਾ ਕਿਸੇ ਦਾ ਕੋਈ ਜਾਣੇ,
ਨਫ਼ਰਤ ਦਿਲਾਂ ‘ਚ ਘੜੀ  ਹਰ ਪਾਸੇ।

ਰਾਇ ਭੋਇ ਤਲਵੰਡੀ ਦੀ ਜੂਹ ਅੰਦਰ,
ਤ੍ਰਿਪਤਾ ਮਾਤਾ ਨੇ,ਜੱਗ ਨੂੰ ਭਾਗ ਲਾਏ।
ਗੁਰੁ ਨਾਨਕ ਜੀ  ਪਰਗਟੇ ਜੱਗ ਅੰਦਰ,
ਅੰਬਰ ਵਿਚ, ਹਵਾਵਾਂ ਨੇ  ਰਾਗ ਗਾਏ।

ਭੈਣ ਨਾਨਕੀ  ਚਾਵਾਂ ‘ਚ  ਹੋਈ ਦੂਣੀ,
ਪਿਤਾ ਕਾਲੂ ਦੀ ਹੋਈ ਸੀ ਆਸ ਪੂਰੀ।
ਪਰੀਆਂ, ਦੇਵਤੇ, ਪੀਰ –ਪੈਗੰਬਰਾਂ ਦੀ,
ਵਾਹਿਗੁਰੂ ਨੇ ਕੀਤੀ  ਅਰਦਾਸ ਪੂਰੀ ।
ਤੇਰਾਂ-ਤੇਰਾਂ ਹੀ ਕਰ  ਉਹ ਤੋਲਦਾ ਸੀ,
ਗਰੀਬਾਂ ਵਾਸਤੇ ਹੋਈ ਸੀ ਰਾਸ ਪੂਰੀ।
ਬਾਬਰ ਬਾਣੀ ਦਾ ਭੋਗ ਸੀ ਪੈਣ ਲੱਗਾ,
ਲਿਤੜੇ ਲੋਕਾਂ ਦੀ ਹੋਈ,ਖ਼ਾਹਿਸ਼ ਪੂਰੀ।

ਚਾਨਣ ਪਰੇਮ ਦਾ, ਵੰਡਿਆ ਹਰ ਪਾਸੇ,
ਸਿੱਧੇ  ਰਾਹੇ ਸੀ, ਪਾਂਵਦੇ, ਭੁੱਲਿਆਂ ਨੂੰ।
ਭਾਈ ਲਾਲੋ  ਦੇ ਘਰ ਨੂੰ , ਭਾਗ ਲਾਏ,
ਛੱਡਕੇ ਮਲਕ ਦੇ ਖਾਣੇ,ਵਡਮੁਲਿਆਂ ਨੂੰ।

ਚੜ੍ਹਦੇ, ਲਹਿੰਦੇ ਤੇ ਦੱਖਣ-ਪਹਾੜ ਵੱਲੇ,
ਕਈ ਕੌਤਕ ਸੀ ਕਰਦਾ ਰਿਹਾ ਨਾਨਕ।
ਸੱਚਾ ਸੌਦਾ ਸੀ,ਭੁੱਖਿਆਂ ਸਾਧੂਆਂ ਲਈ
ਪੇਟ ਭੁੱਖਿਆਂ ਦੇ ਭਰਦਾ ਰਿਹਾ ਨਾਨਕ।
ਜ਼ਬਰ-ਜੁਲਮ ਦੀ ਚੱਕੀ ਨੂੰ ਪੀਸਦੇ ਰਹੇ,
ਜੋਖ਼ਮ ਜੇਹਲ ਦੇ ਜਰਦਾ ਰਿਹਾ ਨਾਨਕ।
ਹੰਕਾਰ ਵਲੀ ਕੰਧਾਰੀ ਦਾ ਤੋੜਿਆ ਸੀ,
ਸੱਚੀ ਸੋਚ ‘ਤੇ, ਖੜ੍ਹਦਾ ਰਿਹਾ ਨਾਨਕ।

ਚਾਰੇ ਕੂੰਟਾਂ ਦੀ ਯਾਤਰਾ, ਕਰਨ ਪਿਛੋਂ,
ਕਰਤਾਰਪੁਰ ਵਿਚ ਆ ਕੇ ਕਰੀ ਖੇਤੀ।
‘ਸੁਹਲ’ ਕਿਰਤ  ਕਮਾਈ  ਰਹੇ ਕਰਦੇ,
ਤਾਂ ਹੀ ਉਨ੍ਹਾਂ ਦੀ,ਸੀ ਹਰੀ-ਭਰੀ ਖੇਤੀ।

Related posts

ਵਤਨੋਂ ਦੂਰ ਹੈ ਸੱਜਣ ਮੇਰਾ–ਮਲਕੀਅਤ ਸਿੰਘ “ਸੁਹਲ”

INP1012

ਜਿੱਥੇ ਪੰਡਤ ਖਾਂਦੇ ਗਾਵਾਂ ਨੂੰ

INP1012

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)

INP1012

Leave a Comment