Artical Punjab Punjabi

ਗੁਰਬਾਣੀ ਚਾਨਣ ਚ ਕੁਦਰਤ — ਅਵਤਾਰ ਸਿੰਘ ਮਿਸ਼ਨਰੀ

ਕੁਦਰਤਿ ਅਰਬੀ ਦਾ ਲਫਜ਼ ਤੇ ਅਰਥ ਹਨ ਬਲ, ਤਾਕਤ, ਸ਼ਕਤੀ, ਮਾਇਆ, ਰਚਨਾ, ਪ੍ਰਕਾਸ਼ ਅਤੇ ਕਰਤਾਰ। ਕੁਦਰਤ ਕਾਦਰ ਦਾ ਹੀ ਪ੍ਰਕਾਸ਼ ਹੈ। ਕਾਦਰ ਨੂੰ ਅਸੀਂ ਕੁਦਰਤਿ ਵਿੱਚ ਹੀ ਦੇਖ ਸਕਦੇ ਹਾਂ। ਕਾਦਰ (ਰੱਬ) ਕੀ ਹੈ? ਜਿਵੇਂ ਇੱਕ ਦਰੱਖਤ ਹੈ ਉਸ ਦੀਆਂ ਜੜਾਂ, ਤਣੇ, ਛਿੱਲ, ਟਾਹਣੀਆਂ, ਪੱਤੇ ਅਤੇ ਫੁੱਲ ਫਲ ਹਨ ਇਨਾਂ ਸਾਰਿਆਂ ਨੂੰ ਸਮੁੱਚੇ ਰੂਪ ਚ ਦਰੱਖਤ ਕਿਹਾ ਜਾਂਦਾ ਹੈ ਇਵੇਂ ਕਾਦਰ ਦੀ ਕੁਦਰਤ ਦਾ ਸਾਰਾ ਪਸਾਰਾ ਹੀ ਰੱਬ ਹੈ।  ਉਹ ਕਾਦਰ ਕੁਰਦਤ ਕਰਕੇ ਹੀ ਸਰਬਨਿਵਾਸੀ ਘਟਿ ਘਟਿ ਵਾਸੀ ਹੈ-ਕੁਦਰਤਿ ਕਰਕੈ ਵਸਿਆ ਸੋਇ॥(੮੪) ਉਹ ਨਿਰਗੁਣ ਤੇ ਸਰਗੁਣ ਰੂਪ ‘ਚ ਆਪ ਹੀ ਹੈ-ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ॥(੮੮) ਅਵਲਿ ਅਲਹ ਨੂਰੁ ਉਪਾਇਆ ਕੁਰਦਤਿ ਕੇ ਸਭ ਬੰਦੇ॥(੧੩੪੯) ਗੁਰੂ ਨਾਨਕ ਸਾਹਿਬ ਨੇ ਕੁਰਦਤ ਪਸਾਰੇ ਦਾ ਵਰਨਨ ਇਉਂ ਕੀਤਾ ਹੈ-

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ॥ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥(੪੬੪)

ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ। ਇਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ। ਰੋਮੋ ਰੋਮਿ ਵਿਚਿ ਰਖਿਓਨਿ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ॥ (ਵਾਰ-੧ ਪੌੜੀ-੪) ਕਾਦਰ ਕੁਦਰਤ ਅੰਦਰ ਹੀ ਦਿਸਦੈ ਕਿਉਂਕਿ ਉਹ ਕੁਰਦਤ ਰੂਪ ਹੈ-ਕਾਦਰੁ ਮਨਹੁੰ ਵਿਸਾਰਿਆ, ਕੁਰਦਤਿ ਅੰਦਰਿ ਕਾਦਰੁ ਦਿਸੈ॥(ਵਾਰ-੧ ਪੌੜੀ-੧੪) ਭਾ ਨੰਦ ਲਾਲ ਜੀ ਵੀ ਫੁਰਮਾਂਦੇ ਹਨ ਕਿ ਸਰਬ ਸ਼ਕਤੀਮਾਨ ਆਪਣੀ ਰਚਨਾ ਤੋਂ ਪ੍ਰਗਟ ਹੁੰਦਾ ਤੇ ਉਹ ਆਪਣੀ ਰਚਨਾ ਚ ਸਮਾਇਆ ਹੋਇਆ ਹੈ-ਕਾਦਿਰਿ ਮੁਤਲਕ ਬ-ਕੁਦਰ ਜ਼ਾਹਿਰ ਅਸਤ। ਦਰਮਿਆਨੇ ਕੁਦਰਤੇ ਖੁਦ ਕਾਦਿਰ ਅਸਤ॥੩੦੩॥ (ਜਿੰਦਗੀ ਨਾਮਹ ਭਾ ਨੰਦ ਲਾਲ ਜੀ) 

ਦੇਖੋ! ਕੁਦਰਤ ਨੇ ਸਾਨੂੰ ਕਈ ਨਿਆਮਤਾ ਨਾਲ ਨਿਵਾਜਿਆ ਹੈ ਜਿਵੇਂ ਹਵਾ,ਪਾਣੀ,ਊਰਜਾ,ਪੰਛੀ,ਰੁੱਖ,ਭੋਜਨ,ਨਿਵਾਸ,ਜਮੀਨ ਆਦਿ। ਸੰਸਾਰ ਦੇ ਸਾਰੇ ਜੀਵ ਜੰਤੂ ਕੁਦਰਤ ਦੇ ਨਿਯਮ ‘ਚ ਬੱਝੇ ਹੋਏ ਆ ਪਰ ਮਨੁੱਖ ਨੇ ਇਸ ਨਿਯਮ ਨੂੰ ਤੋੜਨ ਦਾ ਯਤਨ ਕੀਤਾ ਜਿਸ ਦੇ ਨਤੀਜੇ ਉਸ ਦੇ ਸਾਹਮਣੇ ਹਨ। ਜਰਾ ਧਿਆਨ ਦਿਓ,ਕੁਦਰਤ ‘ਚ ਵਿਗਾੜ ਇਕੱਲਾ ਵਿਅਕਤੀ ਵਿਸੇਸ ਨਹੀਂ ਲਿਆ ਸਕਦਾ ਜਦ ਪੂਰੀ ਮਾਨਵ ਜਾਤੀ ਹੀ ਕੁਦਰਤੀ ਨਿਯਮਾਂ ਤੋ ਉਲਟ ਕੰਮ ਕਰੇ ਤਦ ਹੀ ਇਸ ਵਿੱਚ ਵਿਗਾੜ ਆਉਦਾ ਹੈ। ਜਦ ਵੀ ਕੁਦਰਤ ‘ਚ ਵਿਗਾੜ ਆਉਦਾ ਹੈ ਇਸ ਦਾ ਸਿੱਟਾ ਸਭ ਜਾਤੀਆਂ ਨੂੰ ਭੁਗਤਣਾ ਪੈਂਦੈ, ਕਿਤੇ ਸੋਕਾ ਕਿਤੇ ਹੜ੍ਹ ਆ ਜਾਂਦੇ ਤੇ ਕਿਤੇ ਸੁਨਾਮੀ ਆ ਜਾਦੀ ਹੈ। ਜੇਕਰ ਮਨੁੱਖ ਜਾਤੀ ਕੁਦਰਤ ਦੇ ਨਿਯਮ ਅਨੁਸਾਰ ਚੱਲੇ ਤਾ ਉਹ ਕੁਦਰਤ ਦੇ ਵਿਨਾਸ਼ ਤੋ ਬਚ ਸਕਦੀ ਹੈ। ਮਨੁੱਖ ਕੁਦਰਤ ਨਾਲ ਜੁੜ ਕੇ ਹੀ ਬਹੁਤ ਕੁਝ ਚੰਗਾ ਪ੍ਰਾਪਤ ਕਰ ਸਕਦਾ ਹੈ। ਕੁਦਰਤ ਦੀਆ ਰਹਿਮਤਾ ਤਾਂ ਹੀ ਹੋਣਗੀਆ ਜੇ ਅਸੀਂ ਸਾਰੇ ਕੁਦਰਤ ਦੇ ਗੁੱਝੇ ਭੇਦਾਂ ਦਾ ਅਨੰਦ ਮਾਣੀਏ ਤੇ ਕੁਦਰਤ ਨੂੰ ਸਮਝਦੇ, ਉਸ ਨਾਲ ਛੇੜ ਛਾੜ ਨਾਂ ਕਰੀਏ।

ਸਾਨੂੰ ਰੱਬ ਤੇ ਕੁਦਰਤ ਵਾਲੇ ਝਗੜੇ ‘ਚ ਵੀ ਨਹੀਂ ਪੈਣਾ ਚਾਹੀਦਾ ਕਿਉਂਕਿ ਰੱਬ ਹੀ ਕੁਦਰਤ ਤੇ ਕੁਦਰਤ ਹੀ ਰੱਬ ਹੈ। ਸਾਨੂੰ ਤਾਂ ਰੱਬੀ ਨਿਯਮਾਂ ਦੀ ਹੀ ਪਾਲਣਾ ਕਰਨੀ ਚਾਹੀਦੀ ਹੈ। ਭਲਿਓ ਸਾਨੂੰ ਜੋ ਕੁਝ ਵੀ ਅੱਖਾਂ ਨਾਲ ਦਿਸਦੈ, ਉਹ ਹੀ ਕਾਦਰ ਤੇ ਉਹ ਹੀ ਕੁਦਰਤਿ ਹੈ। ਜਿਵੇਂ ਬੁੱਲ੍ਹੇ ਸ਼ਾਹ ਵੀ ਕਹਿੰਦੇ ਹਨ ਕਿ-ਬੁੱਲਿਆ ਰੱਬ ਤੈਥੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਕੁਦਰਤ ਦਾ ਪਸਾਰਾ ਬਹੁਤ ਵੱਡਾ ਹੈ ਅਸੀਂ ਇਸ ਦਾ ਅੰਤ ਤਾਂ ਨਹੀਂ ਪਾ ਸਕਦੇ ਪਰ ਬੇਅੰਤ ਚੋਂ ਉਸ ਦੇ ਰੱਬੀ (ਕੁਦਰਤੀ) ਨਿਯਮਾਂ ਦੀ ਖੋਜ ਕਰਕੇ, ਆਪਣਾ ਜੀਵਨ ਸੁਹੇਲਾ ਕਰ ਸਕਦੇ ਹਾਂ। ਕੁਦਰਤ ਦੇ ਵਿਰੁੱਧ ਚੱਲਣਾ ਮਨੁੱਖਤਾ ਦੀ ਤਬਾਹੀ ਤੇ ਅਨੁਸਾਰੀ ਹੋ ਖੋਜੀ ਹੋਣਾ ਉਸ ਦੀਆਂ ਨਿਆਮਤਾਂ ਦੇ ਭੰਡਾਰ ਭਰਣਾ ਹੈ। ਕੁਦਰਤ ਨਿਤ ਨਵੀਆਂ ਪੁਲਾਘਾਂ ਪੁੱਟਦੀ ਹੈ। ਇਸ ਲਈ ਸਾਨੂੰ ਵੀ ਕੁਰਤ ਦੇ ਕਦਮ ‘ਚ ਕਦਮ ਰੱਖ ਕੇ ਜਿੰਦਗੀ ਚਾਲ ਚਲਣਾ ਚਾਹੀਦਾ ਹੈ। ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜਿੰਦਗੀ ਸੁਹਣੀ ਬਣ ਜਾਂਦੀ ਅਤੇ ਕੁਦਰਤੀ ਨਿਆਮਤਾਂ ਨਾਲ ਫਲੀਭੂਤ ਹੋ ਜਾਂਦੀ ਹੈ।

Related posts

ਭਾਰਤੀ ਚੋਣ ਕਮਿਸਨ ਨੇ ਪੰਜਾਬ ਦੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਕਰਨ ਦੀ ਦਿੱਤੀ ਪ੍ਰਵਾਨਗੀ

INP1012

੯3.60 ਫੀਸਦੀ ਨੰਬਰ ਲੈ ਕੇ ਪਿੰਡ ਚੱਕ ਖੁਰਦ ਦਾ ਮਾਣ ਬਣੀ ਸਿਮਰਜੋਤ ਕੌਰ

INP1012

ਸ਼ਾਬਕਾ ਫੋਜੀਆਂ ਨਾਲ ਭਿਖਾਰੀਆਂ ਵਾਲਾ ਸਲੂਕ ਕਰ ਰਹੀ ਹੈ ਮੋਦੀ ਸਰਕਾਰ –ਚੇਅਰਮੈਨ ਪੰਨੂ

INP1012

Leave a Comment