ਨਿੰਦਕ-ਨਿੰਦਾ ਕਰਨ ਵਾਲਾ ਭਾਵ ਕਿਸੇ ਦੇ ਗੁਣਾਂ ਨੂੰ ਔਗੁਣ ਅਤੇ ਆਪਣੇ ਔਗੁਣਾਂ ਨੂੰ ਗੁਣ ਦੱਸਣ ਵਾਲਾ। ਭਾਵ ਵਧਾਹ ਚੜ੍ਹਾ ਕੇ ਗੱਲ ਕਰਨ ਵਾਲਾ, ਨਾ ਹੋਈ ਨੂੰ ਹੋਈ ਕਹਿਣ ਵਾਲਾ ਨਿੰਦਕ ਹੈ।ਇਸ ਦੇ ਉਲਟ ਸੱਚ ਕਹਿਣ ਵਾਲਾ ਨਿੰਦਕ ਨਹੀਂ।ਸੱਚੇ ਸੁੱਚੇ ਭਗਤਾਂ ਅਤੇ ਗੁਰੂਆਂ ਨੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਮੂੰਹ ਤੇ ਕਿਹਾ ਹੈ। ਬਾਬਰ ਨੂੰ ਜ਼ਾਬਰ ਅਤੇ ਭੇਖੀ ਸੰਤਾਂ ਨੂੰ ਠੱਗ, ਪਾਖੰਡੀਆਂ ਨੂੰ ਪਾਖੰਡੀ ਅਤੇ ਕਰਮਕਾਂਡੀਆਂ ਨੂੰ ਕਰਮਕਾਂਡੀ ਮੂੰਹ ਤੇ ਕਿਹਾ ਹੈ।ਪਰ ਅੱਜ ਕੱਲ ਗੁਰਬਾਣੀ ਨੂੰ ਨਾਂ ਸਮਝਣ ਵਾਲੇ ਭਾਵ ਗਿਣਤੀ-ਮਿਣਤੀ ਦੇ ਤੋਤਾ ਰਟਨੀ ਪਾਠ ਕਰਨ ਵਾਲੇ ਵੀਰ, ਗੋਲ ਪੱਗਾਂ, ਲੰਬੇ ਚੋਲਿਆਂ, ਹੱਥਾਂ ਵਿੱਚ ਵੱਡੀਆਂ-ਵੱਡੀਆਂ ਮਾਲਾਂ ਫੜੀ ਆਲ੍ਹੀਸ਼ਾਨ ਡੇਰਿਆਂ ਅਤੇ ਕਾਰਾਂ ਵਿੱਚ ਰਹਿਣ ਵਾਲੇ ਠੱਗਾਂ ਨੂੰ ਹੀ ਸੰਤ ਕਹੀ ਜਾਂਦੇ ਹਨ।ਹਾਂ ਜੇ ਕੋਈ ਗੁਰੂ ਪਿਆਰਾ ਇਨ੍ਹਾਂ ਪਾਖੰਡੀਆਂ ਬਾਰੇ ਅਸਲੀਅਤ ਦਸਦੈ ਤਾਂ ਇਹ ਅੰਧ ਵਿਸ਼ਵਾਸ਼ੀ ਲੋਕ ਇਸ ਨੂੰ ਸੰਤਾਂ ਦੀ ਨਿੰਦਿਆ ਕਰਨੀ ਸਮਝਦੇ ਹਨ। ਇਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਸੰਤ ਨਹੀਂ ਸਗੋਂ ਸਾਨ੍ਹ ਹਨ ਜੋ ਧਰਮ ਦਾ ਬੁਰਕਾ ਪਾ ਕੇ, ਗਰੀਬ ਲੋਕਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਲੁਟਦੇ ਹਨ। ਅਜਿਹੇ ਭੇਖੀ-ਪਾਖੰਡੀਆਂ ਨੂੰ ਬਲਾਤਕਾਰੀ ਕਹਿਣਾ ਨਿੰਦਿਆ ਨਹੀਂ ਸਗੋਂ ਸੱਚ ਹੈ।ਨਿੰਦਕ ਕਦੇ ਵੀ ਸੁਖੀ ਨਹੀਂ ਹੁੰਦਾ ਅਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਡੁਬਦਾ ਹੋਇਆ ਅਰੜੌਂਦਾ ਬਿਲਲੌਂਦਾ ਹੈ-ਅਰੜਾਵੈ ਬਿਲਲਾਵੈ ਨਿੰਦਕੁ॥ ਪਾਰਬ੍ਰਹਮੁ ਪਰਮੇਸਰੁ ਬਿਸਰਿਆ, ਆਪਣਾ ਕੀਤਾ ਪਾਵੈ ਨਿੰਦਕੁ॥ ਜੇ ਕੋਈ ਉਸ ਦਾ ਸੰਗੀ ਹੋਵੈ ਨਾਲੇ ਲੇ ਸਿਧਾਵੈ॥ ਅਣਹੋਂਦਾ ਅਜਗਰੁ ਭਾਰੁ ਉਠਾਏ, ਨਿੰਦਕ ਅਗਨੀ ਮਾਹਿ ਜਲਾਵੈ॥(੩੭੩)ਨਿੰਦਕ ਰਾਤ ਦਿਨ ਦੂਜਿਆਂ ਦੀ ਨਿੰਦਿਆ ਦਾ ਭਾਰ ਚੱਕੀ ਫਿਰਦਾ ਹੈ।ਨਿੰਦਕ ਦੂਜਿਆਂ ਦੀ ਨਿੰਦਿਆ ਕਰਕੇ ਮਾਨੋਂ ਉਨ੍ਹਾਂ ਦੇ ਕਪੜੇ ਧੋਂਦਾ ਹੈ। ਕਬੀਰ ਸਾਹਿਬ ਜੀ ਫੁਰਮਾਂਦੇ ਹਨ ਕਿ ਇਹ ਪਾਖੰਡੀ ਪੰਡਿਤ ਮੇਰੀ ਫਜ਼ੂਲ ਦੀ ਨਿੰਦਿਆ ਕਰਕੇ ਮੇਰੇ ਕਪੜੇ ਧੋਂਦੇ ਹਨ-ਹਮਰੇ ਕਪਰੇ ਨਿੰਦਕੁ ਧੋਇ॥(੩੩੯)ਨਿੰਦਿਆ ਕਰਨ ਵਾਲੇ ਦਾ ਮੂੰਹ ਲੋਕ-ਪ੍ਰਲੋਕ ਵਿਖੇ ਕਾਲਾ ਹੁੰਦੈ ਭਾਵ ਉਹ ਇਸ ਲੋਕ ਵਿੱਚ ਵੀ ਲੋਕਾਂ ਸਾਹਮਣੇ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਅਤੇ ਅੰਦਰੂਨੀ ਵੀ ਉਸ ਦੀ ਮੌਤ ਹੋ ਜਾਂਦੀ ਹੈ। ਨਿੰਦਕ ਸਦਾ ਦੁਸ਼ਟਾਂ ਨਾਲ ਦੋਸਤੀ ਅਤੇ ਸੰਤਾਂ (ਭਲੇ ਪੁਰਖਾਂ) ਨਾਲ ਵੈਰ ਰੱਖਦਾ ਹੈ-ਦੁਸਟਾਂ ਨਾਲਿ ਦੋਸਤੀ ਨਾਲਿ ਸੰਤਾਂ ਵੈਰੁ ਕਰੰਨਿ॥(੩੩੯)ਪਰਾਏ ਔਗੁਣ ਦੇਖ ਕੇ ਨਿੰਦਕ ਪ੍ਰਸੰਨ ਅਤੇ ਗੁਣ ਦੇਖ ਕੇ ਦੁਖੀ ਹੁੰਦਾ ਹੈ-ਜਉ ਦੇਖੈ ਛਿਦ੍ਰ (ਔਗੁਣ) ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥(੮੨੩)ਨਿੰਦਕ ਨੂੰ ਗੁਰਬਾਣੀ ਵਿਖੇ ਦੂਜਿਆਂ ਦਾ ਗੰਦ ਖਾਣ ਵਾਲਾ ਕਪਟੀ ਦਰਸਾਇਆ ਗਿਆ ਹੈ-ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓੁਹ ਮਲਭਖੁ ਮਾਇਆਧਾਰੀ॥(੫੦੭)
ਸੋ ਈਰਖਾ ਵੱਸ ਅਸਲੀਅਤ (ਸੱਚ) ਨੂੰ ਝੂਠ ਤੇ ਚਾਪਲੂਸੀ ਕਰਦੇ ਨਕਲ (ਝੂਠ) ਨੂੰ ਸੱਚ ਕਹਿਣਾ ਨਿੰਦਿਆ ਤੇ ਐਸਾ ਕਰਨ ਵਾਲਾ ਹੀ ਨਿੰਦਕ ਹੈ।