ਸਿੱਖ ਰਿਲੀਫ ਵੱਲੋਂ ਮਲੇਸ਼ੀਆ ਤੋਂ ਡਿਪੋਰਟ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਤਰਨਬੀਰ ਸਿੰਘ ਦੀ ਮਾਲੀ ਮਦਦ ਕੀਤੀ ਜਾ ਰਹੀ ਹੈ
22 ਸਾਲਾਂ ਦੀ ਉਮਰ ਵਿੱਚ ਕਮਾਉਣ ਦੀ ਮਨਸ਼ਾ ਨਾਲ ਮਲੇਸ਼ੀਆ ਗਏ ਤਰਨਬੀਰ ਸਿੰਘ ਨੂੰ ਜੂਨ 2019 ਨੂੰ ਮਲੇਸ਼ੀਆ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਸੀ । ਮਲੇਸ਼ੀਆ ਪੁਲਿਸ ਵੱਲੋਂ 14 ਦਿਨ ਹਿਰਾਸਤ ਵਿੱਚ ਰੱਖਕੇ ਪੁਛਗਿਛ ਕੀਤੀ ਗਈ । ਸਿਰਫ ਇਮੀਗਰੇਸ਼ਨ ਕਾਨੂੰਨਾਂ ਦੇ ਉਲੰਘਣ ਹੋਣ ਕਰਕੇ ਮਲੇਸ਼ੀਆ ਪੁਲਿਸ ਨੇ ਤਰਨਬੀਰ ਸਿੰਘ ਨੂੰ ਇਮੀਗਰੇਸ਼ਨ ਪੁਲਿਸ ਦੇ ਹਵਾਲੇ ਕਰ ਦਿੱਤਾ । ਇੱਥੇ 45 ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਤਰਨਬੀਰ ਸਿੰਘ ਨੂੰ ਭਾਰਤ ਡਿਪੋਰਟ ਕਰ ਦਿੱਤਾ ।
ਭਾਰਤ ਡਿਪੋਰਟ ਹੋਣ ਤੇ ਤਰਨਬੀਰ ਸਿੰਘ ਦੀ ਪਹਿਲਾਂ ਦਿੱਲੀ ਏਅਰਪੋਰਟ ਉੱਤੇ ਪੁੱਛਗਿੱਛ ਕੀਤੀ ਗਈ ਤੇ ਫਿਰ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ।
ਪੰਜਾਬ ਪੁਲਿਸ ਵੱਲੋਂ ਤਰਨਬੀਰ ਸਿੰਘ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਅਤੇ ਹਥਿਆਰ ਰੱਖਣ ਦੇ ਐਕਟ ਅਧੀਨ ਕੇਸ ਪਾ ਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ । 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿੱਥੇ ਕਿ ਉਹ ਅੱਜ ਤੱਕ ਨਜ਼ਰਬੰਦ ਹੈ ।
ਸਿੱਖ ਰਿਲੀਫ ਵੱਲੋਂ ਬੰਦੀ ਸਿੰਘਾਂ ਦੀ ਜੇਲ੍ਹਾਂ ਵਿੱਚ ਕੀਤੀ ਜਾਂਦੀ ਮਦਦ ਦੇ ਪ੍ਰੋਗਰਾਮ ਤਹਿਤ ਤਰਨਬੀਰ ਸਿੰਘ ਦੀ ਮਦਦ ਕੀਤੀ ਜਾ ਰਹੀ ਹੈ ।