ਆਉ ਜਰਾ ਪੜ੍ਹੀਏ ਕੇ ਕੌਣ ਸਨ ਭਾਈ ਨਰਾਇਣ ਸਿੰਘ ਚੌੜਾ..- ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ

ਆਉ ਜਰਾ ਪੜ੍ਹੀਏ ਕੇ ਕੌਣ ਸਨ ਭਾਈ ਨਰਾਇਣ ਸਿੰਘ ਚੌੜਾ..- ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ

68ਵਰਿਆਂ ਦੇ ਭਾਈ ਨਰਾਇਣ ਸਿੰਘ ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਚੌੜਾ ਦੇ ਵਸਨੀਕ ਹਨ ਜੋ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਐਨ ਨਜ਼ਦੀਕ ਪੈਂਦਾ ਹੈ।ਉਹ ਸਧਾਰਨ ਕਿਸਮ ਦੇ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਹਨ।ਇਹ ਪਰਿਵਾਰ ਆਰਥਿਕ ਤੌਰ ਤੇ ਕੋਈ ਖੁਸ਼ਹਾਲ ਪਰਿਵਾਰ ਨਹੀਂ ਸੀ ।ਇਸ ਲਈ ਭਾਈ ਨਰਾਇਣ ਸਿੰਘ ਕਾਲਜ ਤੱਕ ਕਦੇ ਵੀ ਨਹੀਂ ਪਹੁੰਚ ਸਕੇ ਪਰ ਉਹਨਾਂ ਦੇ ਅੰਦਰ ਉੱਚੀਆਂ ਡਿਗਰੀਆਂ ਹਾਸਲ ਕਰਨ ਦੀ ਤਮੰਨਾ  ਸ਼ੁਰੂ ਤੋਂ ਹੀ ਸੀ।ਇਸ ਲਈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੇ ਐਮਏ ਪੋਲੀਟੀਕਲ ਸਾਇੰਸ ਅਤੇ ਐਮਏ ਪੰਜਾਬੀ ਦੀ ਪੜ੍ਹਾਈ ਪ੍ਰਾਈਵੇਟ ਰਹਿ ਕੇ ਹਾਸਲ ਕੀਤੀ। ਉਹਨਾਂ ਨੇ ਗਿਆਨੀ ਵੀ ਪਾਸ ਕੀਤੀ ਅਤੇ ਦਿਲਚਸਪ ਗੱਲ ਹੈ ਇਹ ਹੈ ਕਿ ਉਹਨਾਂ ਦਾ ਖੇਤੀ ਦੇ ਕਿੱਤੇ ਵਿੱਚ ਵੀ ਇਨਾ ਸ਼ੌਕ ਸੀ ਕਿ ਇਹ ਸ਼ੌਕ ਉਹਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੈ ਕੇ ਚਲਾ ਗਿਆ ਜਿੱਥੇ ਉਹਨਾਂ ਨੇ ਖੇਤੀਬਾੜੀ ਦਾ ਡਿਪਲੋਮਾ ਵੀ ਹਾਸਿਲ ਕੀਤਾ। ਖੇਤੀਬਾੜੀ ਦੀ ਉਨਾਂ ਨੂੰ ਬੜੀ ਡੂੰਘੀ ਸਮਝ ਹੈ ਅਤੇ ਉਹ ਅਜੇ ਤੱਕ ਵੀ ਖੁਦ ਖੇਤੀ ਆਪ ਕਰਦੇ ਹਨ।

ਭਾਈ ਨਰਾਇਣ ਸਿੰਘ ਦੀ ਬਚਪਨ ਤੋਂ ਹੀ ਸਿੱਖ ਧਰਮ ਨਾਲ ਗੂੜੀ ਸਾਂਝ ਸੀ ।ਅਸਲ ਵਿੱਚ ਨਾ ਕੇਵਲ ਉਹਨਾਂ ਦਾ ਆਪਣਾ ਪਰਿਵਾਰ ਸਗੋਂ ਦੂਰ ਦੂਰ ਤੱਕ ਉਹਨਾਂ ਦੇ ਛੋਟੇ ਵੱਡੇ ਰਿਸ਼ਤੇਦਾਰਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਹੈ।

ਧਰਮ ਬਾਰੇ ਡੂੰਘੀ ਜਾਣਕਾਰੀ ਹਾਸਲ ਕਰਨ ਦੀ ਤਮੰਨਾ ਉਹਨਾਂ ਨੂੰ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵੱਲ ਲੈ ਗਈ ਜਿੱਥੇ ਉਹਨਾਂ ਨੇ ਗੁਰਬਾਣੀ ਦਾ ਵਿਸ਼ਾਲ ਮੁਤਾਲਿਆ ਕੀਤਾ ਅਤੇ ਲੈਕਚਰ ਕਰਨ ਦੀਆਂ ਜੁਗਤਾਂ ਸਿੱਖੀਆਂ। ਉਹ ਬਹੁਤ ਵਧੀਆ ਲੈਕਚਰ ਕਰਦੇ ਹਨ ਜਿਸ ਵਿੱਚ ਸਹਿਜ ਤੇ ਗਰਜ ਦਾ ਸੁਮੇਲ ਹੁੰਦਾ ਹੈ।ਦਿਲਚਸਪ ਗੱਲ ਇਹ ਹੈ ਕਿ ਜਦੋਂ ਉਹ ਅੰਮ੍ਰਿਤਸਰ ਜੇਲ ਵਿੱਚ ਸਨ ਤਾਂ ਉੱਥੇ ਵੀ ਗੁਰਦੁਆਰਾ ਸਾਹਿਬ ਵਿੱਚ ਉਹ ਰੋਜ਼ਾਨਾ ਕਥਾ ਕਰਿਆ ਕਰਦੇ ਸਨ ਅਤੇ ਬਹੁਤ ਸਾਰੇ ਕੈਦੀ ਵੀ ਉਹਨਾਂ ਦੀ ਸ਼ਖਸ਼ੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਨਿਤਨੇਮ ਦੀਆਂ ਬਾਣੀਆਂ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਗਈਆਂ। ਭਾਈ ਨਰਾਇਣ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਕੁਝ ਸਾਲ ਵਿੱਚ ਪ੍ਰਚਾਰਕ ਦੇ ਰੂਪ ਵਿੱਚ ਸੇਵਾ ਕੀਤੀ।

ਭਾਈ ਨਰਾਇਣ ਸਿੰਘ ਚੌੜਾ ਨੇ ਅਕਾਲ ਤਖਤ,ਗੁਰਮਤਾ,ਜਥੇਦਾਰ ਅਤੇ ਸਰਬੱਤ ਖਾਲਸਾ ਦੀਆਂ ਸੰਸਥਾਵਾਂ ਬਾਰੇ ਵੀ ਬੜਾ ਗਹਿਰ ਗੰਭੀਰ ਮੁਤਾਲਿਆ ਕੀਤਾ ਅਤੇ ਅੱਜ ਦੀਆਂ ਹਾਲਤਾਂ ਮੁਤਾਬਕ ਅਕਾਲ ਤਖਤ ਦਾ ਰੋਲ ਕੀ ਹੋਵੇ,ਇਸ ਬਾਰੇ ਕਈ ਲੇਖ ਤੇ ਪੈਂਫਲਟ ਲਿਖੇ ਅਤੇ ਸੈਮੀਨਾਰਾਂ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਖਿਆਲ ਨੂੰ ਸਿਧਾਂਤਕ ਰੂਪ ਦੇਣ ਲਈ ਉਹਨਾਂ ਨੇ ਅਕਾਲ ਫੈਡਰੇਸ਼ਨ ਨਾਂ ਦੀ ਸੰਸਥਾ ਵੀ ਕਾਇਮ ਕੀਤੀ ਜਿਸ ਦੇ ਉਹ ਕਨਵੀਨਰ ਵੀ ਸਨ।ਇਹ ਗੱਲਾਂ 1978 ਤੋਂ ਪਹਿਲਾਂ ਦੀਆਂ ਹਨ ।

13 ਅਪ੍ਰੈਲ 19 78 ਨੂੰ ਵਿਸਾਖੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ 13 ਸਿੰਘਾਂ ਦੀ ਸ਼ਹਾਦਤ ਦੇ ਵੱਡੇ ਸਾਕੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ।ਉਸ ਸਮੇਂ ਉਹਨਾਂ ਦੀ ਉਮਰ ਕੇਵਲ 32 ਵਰਿਆਂ ਦੀ ਸੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਪੰਥ ਵਿੱਚ ਉਭਰ ਕੇ ਸਾਹਮਣੇ ਆਏ।ਉਹ ਸੰਤ ਜਰਨੈਲ ਸਿੰਘ ਦੇ ਵੀ ਕਰੀਬ ਰਹੇ ਅਤੇ ਦਰਬਾਰ ਸਾਹਿਬ ਦੀਆਂ ਉਹਨਾਂ ਦਿਨਾਂ ਦੀਆਂ ਸਰਗਰਮੀਆਂ ਵਿੱਚ ਉਹਨਾਂ ਦਾ ਅਹਿਮ ਰੋਲ ਹੁੰਦਾ ਸੀ। ਉਸ ਦੌਰ ਵਿੱਚ ਪੱਤਰਕਾਰੀ ਕਰਦਿਆਂ ਜਦੋਂ ਮੈਂ ਦਰਬਾਰ ਸਾਹਿਬ ਅਕਸਰ ਹੀ ਜਾਇਆ ਕਰਦਾ ਸੀ, ਉਦੋਂ ਉਹਨਾਂ ਨਾਲ ਮੇਰਾ ਮੇਲ ਹੋਇਆ ।

ਜਦੋਂ ਜੁਝਾਰੂ ਲਹਿਰ ਇੱਕ ਤਰ੍ਹਾਂ ਨਾਲ ਸਮਾਪਤੀ ਦੇ ਦੌਰ ਵੱਲ ਜਾ ਰਹੀ ਸੀ ਤਾਂ ਅਸਾਂ ਦੋਵਾਂ ਨੇ ਵਿਚਾਰ ਕੀਤਾ ਕਿ ਜੁਝਾਰੂ ਲਹਿਰ ਨੂੰ ਜਗਦਾ ਤੇ ਜਿਉਂਦਾ ਰੱਖਣ ਲਈ ਲਹਿਰ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਉੱਤੇ ਅਧਾਰਤ ਕਿਤਾਬ ਦੀ ਸੰਪਾਦਨਾ ਕੀਤੀ ਜਾਏ।ਸਾਨੂੰ ਡਰ ਸੀ ਕਿ ਇਤਿਹਾਸ ਦੇ ਇਸ ਮਹਾਨ ਦੌਰ ਨੂੰ ਜੇਕਰ ਸਾਂਭਿਆ ਨਾ ਗਿਆ ਤਾਂ ਹਜ਼ਾਰਾਂ ਸ਼ਹਾਦਤਾਂ ਨੂੰ ਦੁਸ਼ਮਣ ਤਾਕਤਾਂ ਆਪਣੇ ਬਿਰਤਾਂਤ ਅਤੇ ਚਤੁਰ ਚਲਾਕੀਆਂ ਨਾਲ ਨਾਲ ਮਿੱਟੀ ਵਿੱਚ ਰੋਲ ਕੇ ਰੱਖ ਦੇਣਗੀਆਂ। ਭਾਈ ਨਰਾਇਣ ਸਿੰਘ ਇਤਿਹਾਸ ਦੇ ਚੇਤਨ ਤੇ ਗੰਭੀਰ ਵਿਦਿਆਰਥੀ ਹੋਣ ਕਰਕੇ ਉਹਨਾਂ ਨੇ ਬਹੁਤ ਸਾਰੇ ਦਸਤਾਵੇਜ਼ ਸਾਂਭ ਕੇ ਰੱਖੇ ਹੋਏ ਸਨ ਅਤੇ ਮੇਰੇ ਕੋਲ ਵੀ ਬਹੁਤ ਸਾਰੇ ਦਸਤਾਵੇਜ਼ ਸਨ।ਅਸਾਂ ਦੋਵਾਂ ਨੇ ਰਲ ਕੇ ਕਰੀਬ 600 ਪੰਨਿਆਂ ਉੱਤੇ ਅਧਾਰਤ ਪੰਥਕ ਦਸਤਾਵੇਜ਼ ਨਾਂ ਦੀ ਕਿਤਾਬ ਸੰਗਤਾਂ ਦੇ ਸਾਹਮਣੇ ਲਿਆਂਦੀ ਜਿਸ ਦੀਆਂ ਦੋ ਅਡੀਸ਼ਨਾਂ ਛੱਪ ਵੀ ਚੁੱਕੀਆਂ ਹਨ।

ਜਿਵੇਂ ਮੈਂ ਭਾਈ ਨਰਾਇਣ ਸਿੰਘ ਨੂੰ ਜਾਨਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ,ਉਸ ਮੁਤਾਬਕ ਉਹ ਕਲਮ ਤੇ ਵਿਚਾਰ ਦਾ ਧਨੀ ਤਾਂ ਹੈ ਹੀ ਪਰ ਇਸ ਮਹਾਨ ਗੁਣ ਨੂੰ ਉਹ “ਐਕਸ਼ਨ” ਨਾਲ ਜੋੜ ਕੇ ਵੇਖਦਾ ਤੇ ਮੁਕੰਮਲ ਕਰਦਾ ਹੈ।ਇਹਨਾਂ ਦੋਹਾਂ ਗੁਣਾਂ ਦਾ ਸੁਮੇਲ ਜੁਝਾਰੂ ਲਹਿਰ ਵਿੱਚ ਉਸ ਤੋਂ ਸਵਾ ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ। ਐਕਸ਼ਨ ਦੌਰਾਨ ਉੱਚੇ ਸੁੱਚੇ ਕਿਰਦਾਰ ਦਾ ਸਫਰ ਉਸਦੇ ਨਾਲ ਨਾਲ ਚੱਲਦਾ ਹੈ ਤੇ ਉਸਦਾ ਸਦਾ ਹਮਸਫਰ ਰਿਹਾ ਹੈ ।ਇਸ ਗੁਣ ਦਾ ਉਸਨੇ ਮੁੱਲ ਵੀ ਤਾਰਿਆ ਹੈ।ਇਕ ਮੁਲਾਕਾਤ ਵਿੱਚ ਉਸਨੇ ਦੱਸਿਆ ਕਿ ਕਿਵੇਂ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਉਸ ਨੂੰ ਖੁਦ ਟਾਰਚਰ ਕਰਦਾ ਸੀ ਅਤੇ ਤਰ੍ਹਾਂ ਤਰ੍ਹਾਂ ਦਾ ਟਾਰਚਰ ਸਾਰਾ ਸਾਰਾ ਦਿਨ ਲਗਾਤਾਰ ਚਲਦਾ ਰਹਿੰਦਾ ਸੀ। ਉਸ ਦਾ ਕਹਿਣਾ ਸੀ ਕਿ ਹਰ ਸਮੇਂ ਗੁਰੂ- ਸਿਧਾਂਤ ਮੇਰੇ ਨਾਲ ਅੰਗਸੰਗ ਰਿਹਾ ਸੀ ਅਤੇ ਹਰ ਮੁਸ਼ਕਲ ਵਿੱਚ ਮੈਂ ਗੁਰੂ ਦੀ ਕਿਰਪਾ ਨਾਲ ਅਡੋਲ ਰਿਹਾ।

ਭਾਈ ਨਰਾਇਣ ਸਿੰਘ ਬਹੁਤੀ ਵਾਰ ਆਪਣੇ ਦਿਲ ਦੀ ਗੱਲ ਆਪਣੇ ਦਿਲ ਤੱਕ ਹੀ ਰੱਖਦੇ ਹਨ । ਬੜੈਲ ਜੇਲ ਦੀ ਘਟਨਾ ਬਹੁਤ ਵੱਡੀ ਸੀ। ਇਹ ਘਟਨਾ ਦੁਨੀਆਂ ਦੀਆਂ ਵੱਡੀਆਂ ਜੇਲ ਬਰੇਕਾਂ ਦੇ ਵਰਗ ਵਿੱਚ ਆਉਂਦੀ ਹੈ।ਇਸ ਬਾਰੇ ਉਹ ਬਹੁਤ ਕੁਝ ਜਾਣਦੇ ਸਨ ਤੇ ਜਾਣਦੇ ਹਨ ।ਮੈਂ ਖੋਜੀ ਪੱਤਰਕਾਰ ਵਾਂਗ ਇਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਪਰ ਉਹ ਸਦਾ ਟਾਲ ਮਟੋਲ ਕਰਦਾ ਰਿਹਾ।ਮੈਂ ਉਸਨੂੰ 1962 ਦੀ ਅਲਕੇਟਰਸ ਜੇਲ ਬਰੇਕ ਦੀ ਯਾਦ ਦਵਾਈ ਜਿਸ ਵਿੱਚ 3 ਅਪਰਾਧੀ ਜੇਲ ਤੋੜ ਕੇ ਭੱਜੇ,ਪਰ ਅਜੇ ਤੱਕ ਐਫਬੀਆਈ ਨੂੰ ਵੀ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਗਏ, ਮਰ ਗਏ ਜਾ ਮਾਰ ਦਿੱਤੇ ਗਏ।1973 ਵਿੱਚ ਆਇਰਲੈਂਡ ਦੇ ਤਿੰਨ ਇਨਕਲਾਬੀ ਮਾਊਂਟ ਜਾਏ ਜੇਲ ਵਿੱਚੋਂ ਭੱਜੇ,ਪਰ ਨਰਾਇਣ ਸਿੰਘ ਨੇ ਬੜੈਲ ਜੇਲ ਬਾਰੇ ਕਦੇ ਕੁਛ ਨਹੀਂ ਲਿਖਿਆ। ਸ਼ਾਇਦ ਅੱਜ ਕੱਲ ਉਹ ਇਸ ਬਾਰੇ ਕੁਝ ਲਿਖ ਵੀ ਰਹੇ ਸਨ। ਮੈਂ ਕਈ ਵਾਰ ਉਹਨਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੀ ਸਵੈ ਜੀਵਨੀ ਲਿਖੇ, ਕਿਉਂਕਿ ਸਿੱਖ ਪੰਥ ਵਿੱਚ ਵਨ ਸਵੰਨੇ ਸੰਘਰਸ਼ਾਂ ਦਾ ਉਹ ਚਸ਼ਮਦੀਦ ਗਵਾਹ ਹੈ ਜਿਸ ਵਿੱਚ ਉਹ ਆਪ ਵੀ ਇਹਨਾਂ ਕਈ ਸੰਘਰਸ਼ਾਂ ਵਿੱਚ ਹਿੱਸੇਦਾਰ ਰਿਹਾ ਹੈ ਅਤੇ ਇਹ ਦੌਰ 60 ਸਾਲ ਤੱਕ ਚੱਲਦਾ ਹੈ। ਉਸ ਨੂੰ ਜੁਝਾਰੂ ਲਹਿਰ ਦੇ ਬੜੇ ਡੂੰਘੇ ਰਾਜ਼ ਪਤਾ ਹਨ ਜਿਨਾਂ ਬਾਰੇ ਉਹ ਕਈ ਕਾਰਨਾਂ ਕਰਕੇ ਦੱਸਣ ਤੋਂ ਅਕਸਰ ਹੀ ਗੁਰੇਜ਼ ਕਰਦੇ ਹਨ।ਭਾਈ ਨਰਾਇਣ ਸਿੰਘ ਦੀ ਸ਼ਖਸ਼ੀਅਤ

ਇੱਕ ਬੁਝਾਰਤ ਦੀ ਤਰਾਂ ਹੈ ਅਤੇ ਉਸ ਦੀ ਵਿਆਖਿਆ ਸਿਰਫ ਡੂੰਘੇ ਮਨੋਵਿਗਿਆਨੀ ਹੀ ਕਰ ਸਕਦੇ ਹਨ। ਉਸ ਦੇ ਅੰਦਰ ਰੋਸ,ਕ੍ਰੋਧ ਤੇ ਗੁੱਸਾ ਉਸ ਸਮੇਂ ਉਬਾਲੇ ਖਾਂਦਾ ਪ੍ਰਤੀਤ ਹੁੰਦਾ ਹੈ

ਜਦੋਂ ਉਹ ਇਹ ਵੇਖਦਾ ਸੀ ਕਿ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਕੇ ਜਿਵੇਂ ਮਾਰਿਆ ਗਿਆ ਤੇ ਜਿਵੇਂ ਮਾਰਨ ਵਾਲੇ ਸਵਰਨ ਘੋਟਨੇ ਨੂੰ ਬਾਦਲਾਂ ਨੇ ਆਪਣੀ ਸੁਰੱਖਿਆ ਲਈ ਵਿਸ਼ੇਸ਼ ਰੂਪ ਵਿੱਚ ਸ਼ਿੰਗਾਰ ਕੇ ਰੱਖਿਆ,ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਸਾਧਾਰਨ ਜਾਂ ਮਮੂਲੀ ਜਿਹੀ ਸਮਝ ਕੇ ਉਲਟਾ ਬੇਅਦਬੀ ਕਰਨ ਵਾਲਿਆਂ ਦੀ ਰੱਖਿਆ ਕੀਤੀ, ਉਹਨਾਂ ਨੂੰ ਬਿਨਾਂ ਮੰਗੇ ਤੋਂ ਮਾਫੀ ਦਿੱਤੀ ਤੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਵੀ ਨਾ ਕੀਤਾ ਸਗੋਂ ਉਹਨਾਂ ਦਾ ਵਿਰੋਧ ਕੀਤਾ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਖੁਦ ਆਪ ਕਰਵਾਏ

,ਸਾਡੀਆਂ ਸਿੱਖ ਸੰਸਥਾਵਾਂ ਉੱਤੇ ਕਬਜ਼ਾ ਕਰਕੇ ਸਿੱਖੀ ਸਿਧਾਂਤਾਂ ਦਾ ਆਪ ਘਾਣ ਕੀਤਾ। ਉਹ ਇਨਾ ਜ਼ੁਲਮਾਂ ਨੂੰ ਬਾਦਲਾਂ ਵੱਲੋਂ ਕੀਤੇ ਵੱਡੇ ਪਾਪ ਸਮਝਦਾ ਹੈ। ਇਹ ਪੀੜ ਉਸਦੇ ਅੰਦਰ ਹੀ ਪਈ ਰਹਿੰਦੀ ਹੈ ਅਤੇ ਉਹ ਇਸ ਪੀੜ ਨੂੰ ਇਕੱਲਾ ਹੀ ਹੰਢਾਉਂਦਾ ਹੈ।

ਭਾਈ ਨਰਾਇਣ ਸਿੰਘ ਨੇ ਹੁਣ ਤੱਕ ਕਰੀਬ 15 ਕਿਤਾਬਾਂ ਲਿਖੀਆਂ ਹਨ। ਕਵਿਤਾਵਾਂ ਦੀਆਂ ਕਿਤਾਬਾਂ ਵਿੱਚ ਆਜ਼ਾਦੀ ਦਾ ਜਜ਼ਬਾ ਤੇ ਗਰਜਵਾਂ ਨਾਦ ਹਰ ਸਤਰ ਵਿੱਚ ਮਿਲਦਾ ਹੈ ।ਖਾਲਿਸਤਾਨ ਬਾਰੇ ਤਾਂ ਉਹਨਾਂ ਨੇ ਇੱਕ ਨਾਵਲ ਵੀ ਲਿਖਿਆ। ਉਹਨਾਂ ਦੀ ਤਾਜ਼ਾ ਕਿਤਾਬ ਦਾ  ਨਾਂ “ਖਾਲਿਸਤਾਨ ਵਿਰੁੱਧ ਸਾਜਿਸ਼”ਹੈ ਜੋ ਸਾਬਕਾ ਰਾਅ ਅਧਿਕਾਰੀ ਜੀ ਬੀ ਐਸ ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦਾ ਠੋਸ, ਤੱਥਾਂ ,ਦਲੀਲਾਂ ਅਤੇ ਸਬੂਤਾਂ ਸਹਿਤ ਠੋਕਵਾਂ ਤੇ ਢੁਕਵਾਂ ਜਵਾਬ ਹੈ।400ਪੰਨਿਆਂ ਦੀ ਇਸ ਕਿਤਾਬ ਦੀ ਭੂਮਿਕਾ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿਲੋਂ ਨੇ ਲਿਖੀ ਹੈ ।ਉਹਨਾਂ ਦਾ ਸਿੱਖਾਂ ਦੇ ਉੱਘੇ ਦਾਨਸ਼ਵਰਾਂ,ਸਿੱਖ ਜਥੇਬੰਦੀਆਂ ਤੇ ਜਥੇਦਾਰਾਂ ਨਾਲ ਮੇਲ ਜੋਲ ਤੇ ਬਕਾਇਦਾ ਸੰਪਰਕ ਰਿਹਾ ਹੈ ਤੇ ਕਈ ਵਾਰ ਉਹਨਾਂ ਨੂੰ ਉਹਨਾਂ ਦੀਆਂ ਪੰਥਕ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ। ਹੋ ਸਕਦਾ ਇਹ ਦਾਨਸ਼ਵਰ ਹੁਣ ਦੱਬੀ ਜ਼ੁਬਾਨ ਵਿੱਚ ਚੁੱਪ ਰਹਿਣਗੇ,ਪਰ ਇਹ ਵੀ ਸੱਚ ਹੈ ਕਿ ਕਈ ਬੁੱਧੀਜੀਵੀ ਕਿਸੇ ਡਰ ਕਾਰਨ ਉਹਨਾਂ ਤੋਂ ਦੂਰੀ ਵੀ ਬਣਾ ਕੇ ਰੱਖਦੇ ਸਨ ਤਾਂ ਜੋ ਉਹਨਾਂ ਨੂੰ ਕਿਸੇ ਔਖੇ ਸਮੇਂ ਕਿਸੇ ਪਰੇਸ਼ਾਨੀ ਜਾਂ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਭਾਈ ਨਰਾਇਣ ਸਿੰਘ ਨੇ ਕਾਨੂੰਨ ਦਾ ਰਸਮੀ ਕੋਰਸ ਭਾਵੇਂ ਪਾਸ ਨਹੀਂ ਕੀਤਾ ਪਰ ਕਾਨੂੰਨ ਦੀਆਂ ਕਈ ਬਰੀਕੀਆਂ ਨੂੰ ਉਹ ਵਕੀਲਾਂ ਤੋਂ ਵੀ ਵੱਧ ਜਾਣਦੇ ਹਨ ਅਤੇ ਕਈ ਵਾਰੀ ਵਕੀਲਾਂ ਨੂੰ ਵੀ ਗਾਈਡ ਕਰਦੇ ਰਹੇ। ਉਹ ਇੱਕ ਤਰ੍ਹਾਂ ਨਾਲ ਆਪਣੇ ਕੇਸ ਆਪ ਵੀ ਲੜਿਆ ਕਰਦੇ ਸਨ। ਉਹਨਾਂ ਦੇ ਪੁੱਤਰ ਸਰਦਾਰ ਜਗਜੀਤ ਸਿੰਘ ਨੇ ਲਾਅ ਕੀਤਾ ਹੋਇਆ ਹੈ ਅਤੇ ਆਪਣੇ ਸਾਥੀਆਂ ਨਾਲ ਰਲ ਕੇ ਕਰੀਬ 10 ਹਜ਼ਾਰ ਖਾੜਕੂ ਸ਼ਹੀਦਾਂ ਦੀ ਖੋਜ ਕਰਕੇ ਜਾਣਕਾਰੀ ਹਾਸਿਲ ਕੀਤੀ ਤੇ ਅਦਾਲਤ ਵਿੱਚ ਕੇਸ ਵੀ ਪਾਇਆ। ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਵੱਡੀਆਂ ਸਜ਼ਾਵਾਂ ਵੀ ਦਵਾਈਆਂ ।

ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਭਾਈ ਨਰਾਇਣ ਸਿੰਘ ਦੇ ਧੁਰ ਅੰਦਰਲੇ ਨੂੰ ਫਰੋਲਣਾ ਇਨਾ ਆਸਾਨ ਨਹੀਂ ਹੈ।ਉਸ ਦੇ ਅੰਦਰ “ਵਿਦਵਤਾ” ਤੇ “ਐਕਸ਼ਨ” ਦੀ ਸਿਧਾਂਤਕ ਨਦੀ ਹਰ ਵੇਲੇ ਵਗਦੀ ਰਹਿੰਦੀ ਹੈ।ਕਦੇ ਇਹ ਨਦੀ ਖਾਮੋਸ਼,ਚੁੱਪ ਚੁਪੀਤੇ ਡੀਲੇ ਘਾਹ ਵਾਂਗ ਵੱਧਦੀ ਅਤੇ ਵਗਦੀ ਹੈ ਅਤੇ ਕਦੇ ਇਹ ਕੰਢਿਆਂ ਨੂੰ ਤੋੜਦੀ ਹੋਈ ਸ਼ੂਕਦੀ ਨਦੀ ਦਾ ਰੂਪ ਧਾਰਨ ਕਰ ਲੈਂਦੀ ਹੈ।

ਭਾਈ ਨਰਾਇਣ ਸਿੰਘ ਸਾਦਗੀ ਵਿੱਚ ਜੀਵਨ ਬਤੀਤ ਕਰਦੇ ਹਨ। ਸ਼ਹੀਦ ਖਾੜਕੂਆਂ ਦੇ ਭੋਗਾਂ ਤੇ ਜਾਂਦੇ ਹਨ।ਬਹੁਤੀ ਵਾਰ ਬੱਸਾਂ ਵਿੱਚ ਹੀ ਸਫਰ ਕਰਦੇ ਹਨ।ਬਹੁਤੇ ਸਾਬਕਾ ਖਾੜਕੂਆਂ ਵਾਂਗ ਉਹਨਾਂ ਕੋਲ ਵੱਡੀਆਂ ਗੱਡੀਆਂ ਵੀ ਨਹੀਂ ਹਨ। ਕਿੰਨੇ ਸਾਲਾਂ ਤੋਂ ਉਹ ਇਹ ਕੋਸ਼ਿਸ਼ ਕਰ ਲਏ ਸਨ ਕਿ ਖੇਤੀ ਤੋਂ ਮਿਲਣ ਵਾਲਾ ਮੁਨਾਫੇ ਨਾਲ ਉਹ ਕਾਰ ਲੈਣ, ਪਰ ਅਜੇ ਤੱਕ ਉਹ ਸਫਲ ਨਹੀਂ ਹੋ ਸਕੇ। ਕਈ ਕਈ ਮੀਲ ਪੈਦਲ ਵੀ ਚਲਦੇ ਹਨ, ਚਾਹ ਤੱਕ ਨਹੀਂ ਪੀਂਦੇ। ਥੋੜੇ ਦਿਨ ਪਹਿਲਾਂ ਝੋਨਾ ਵੇਚਣ ਤੋਂ ਪਿੱਛੋਂ ਕਣਕ ਦੀ ਬਜਾਈ ਵੀ ਉਹਨਾਂ ਨੇ ਖੁਦ ਕੀਤੀ ਹੈ। ਸਫਰ ਵਿੱਚ ਹਰ ਸਮੇਂ ਇੱਕ ਲੈਪਟਾਪ ਉਹਨਾਂ ਦਾ ਸਾਥੀ ਹੁੰਦਾ ਹੈ,ਜਿਸ ਵਿੱਚ ਉਹ ਆਪਣੇ ਅਨੁਭਵ ,ਆਪਣੀਆਂ ਯਾਦਾਂ,ਆਪਣੇ ਤਜਰਬੇ ਤੇ ਆਰਟੀਕਲ ਲਿਖਦੇ ਰਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਦਰਜਨਾਂ ਸਹਿਜ ਪਾਠ ਉਹਨਾਂ ਨੇ ਕੀਤੇ ਹਨ। ਗੁਰਬਾਣੀ,ਸਿੱਖ ਇਤਿਹਾਸ ਤੇ ਜੁਝਾਰੂ ਲਹਿਰ ਉਹਨਾਂ ਦੀ ਜਿੰਦ ਜਾਨ ਹੈ। ਗੁਰਬਾਣੀ ਦੀ ਇੱਕ ਪਾਵਨ ਸਤਰ ਉਹਨਾਂ ਦੀ ਹਰ ਸਮੇਂ ਅਗਵਾਈ ਕਰਦੀ ਹੈ:

ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝਹਿ ਚਿਤਾਰੈ।ਉਹਨਾਂ ਦਾ ਯਕੀਨ ਹੈ ਕਿ ਖਾਲਸਾ ਪੰਥ ਦੀ ਯਾਦ ਨੂੰ ਚਿਤਵਣਾ ਹੀ ਰੱਬ ਦੀ ਯਾਦ ਦਾ ਦੂਜਾ ਰੂਪ ਹੈ।

ਬੁੱਧਵਾਰ ਵਾਲੇ ਦਿਨ ਪਤਾ ਨਹੀਂ ਕਦੋਂ 68 ਸਾਲਾਂ ਦੇ ਨਰਾਇਣ ਸਿੰਘ ਅੰਦਰ ਬੁੱਢੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲੇ ਦੀ ਰੂਹ ਆ ਗਈ ਜਾਂ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਪਹਿਰਾ ਦੇ ਗਿਆ ਕਿ ਸਿੱਖ ਪੰਥ ਤੇ ਹੋਏ ਹੋ ਰਹੇ ਅਣਗਿਣਤ ਜ਼ੁਲਮ ਉਸ ਦੇ ਸਾਰੇ ਜਿਸਮ ਅੰਦਰ ਇੱਕ ਥਾਂ ਤੇ ਇਕੱਠੇ ਹੋ ਗਏ ਅਤੇ ਉਸ ਨੂੰ ਇਉਂ ਮਹਿਸੂਸ ਹੋਇਆ ਕਿ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲੇ ਵਿਅਕਤੀ ਨੂੰ ਉਹ ਸਜ਼ਾ ਅਸਲ ਵਿੱਚ ਨਹੀਂ ਮਿਲੀ ਜਿਸ ਦਾ ਉਹ ਹੱਕਦਾਰ ਸੀ ਤੇ ਇਸੇ ਲਈ ਹੀ ਉਸਦੇ ਬੌਧਿਕ ਜਜ਼ਬਿਆਂ ਨਾਲ ਲੱਦੇ ਕਦਮ ਸੁਖਬੀਰ ਬਾਦਲ ਵੱਲ ਹੋ ਤੁਰੇ।

ਹੁਣ ਵਿਦਵਾਨ ਅਤੇ ਸਿਆਸਤਦਾਨ ਉਸ ਦੀ ਕਾਰਵਾਈ ਦਾ ਇੱਕ  ਬਿਰਤਾਂਤ ਘੜਨਗੇ,ਘੜ ਵੀ ਰਹੇ ਹਨ ।ਇੱਕ ਸਾਂਝਾ ਬਿਰਤਾਂਤ ਸਾਡੇ ਸਾਹਮਣੇ ਆਵੇਗਾ ਜਾਂ ਇੰਝ ਕਹਿ ਲਵੋ ਕਿ ਵਨ ਸਵੰਨੇ ਝੂਠ ਇੱਕ ਥਾਂ ਤੇ ਇਕੱਠੇ ਹੋ ਜਾਣਗੇ ਜਾਂ ਦੂਜੇ ਲਫਜ਼ਾਂ ਵਿੱਚ ਸਮਕਾਲੀ ਰਾਜਨੀਤਿਕ ਪੰਛੀ ਇੱਕੋ ਟਾਹਣ ਤੇ ਬੈਠੇ ਨਜ਼ਰ ਆਉਣਗੇ।ਇਹ ਉਹ ਪਲ ਹੁੰਦੇ ਹਨ ਜਦੋਂ ਦਾਨੇ ਸੌ ਜਾਂਦੇ ਹਨ ਪਰ ਦੀਵਾਨੇ ਹੀ ਜਾਗਦੇ ਹਨ।

ਪਰ ਇੱਕ ਬਿਰਤਾਂਤ ਆਉਣ ਵਾਲੇ ਕੱਲ ਦੇ ਇਤਿਹਾਸਕਾਰ ਤੇ ਬੁੱਧੀਜੀਵੀ ਪੇਸ਼ ਕਰਨਗੇ ਜੋ ਅੱਜ ਦੇ ਬਿਰਤਾਂਤ ਨਾਲੋਂ ਵੱਖਰਾ ਵੀ ਹੋਵੇਗਾ ਤੇ ਸ਼ਾਇਦ ਉਲਟ ਵੀ। ਉਦੋਂ ਤੱਕ ਸਭ ਕਿਸਮ ਦੀਆਂ ਸਮਕਾਲੀ ਈਰਖਾਵਾਂ,ਲੋਭ, ਲਾਲਚ,ਸੱਤਾ ਦੀਆਂ ਭੁੱਖਾਂ,ਡਰ,ਖਤਰੇ ਮੁਰਝਾ ਜਾਂਦੇ ਹਨ ਤੇ ਸੱਚ ਨਿਖਰ ਕੇ ਸਾਹਮਣੇ ਆ ਜਾਂਦਾ ਹੈ।ਸੱਚ ਤੱਕ ਪੁੱਜਣ ਦੇ ਸਫਰ ਬਹੁਤ ਵਿੰਗ ਤੜਿੰਗੇ ਤੇ ਟੇਢੇ ਮੇਢੇ ਹੁੰਦੇ ਹਨ।ਇਤਿਹਾਸ ਹੀ ਇਹੋ ਜਿਹੇ ਡਾਂਡੇ ਮੀਡੇ ਰਾਹਾਂ ਦਾ ਮੁਸਾਫਰ ਬਣ ਕੇ ਸੱਚ ਦਾ ਹਾਣੀ ਸਿੱਧ ਹੁੰਦਾ ਹੈ।

ਗੁਰਬਾਣੀ ਦਾ ਐਲਾਨ ਹੈ: ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ||

22 Views

Leave a Reply