ਅਮਰੀਕਾ ਦੀ ਯੂਟਾ ਸਟੇਟ ਤੋਂ, ਵਰਲਡ ਸਿੱਖ ਪਾਰਲੀਮੈਂਟ ਦੇ ਯਤਨਾਂ ਸਦਕਾ ਸਿੱਖ ਕੌਮ ਲਈ ਆਈ ਵੱਡੀ ਖੁਸ਼ਖਬਰੀ
-ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦੇਣ ਲਈ ਯੂਟਾ ਦੇ ਗਵਰਨਰ ਵਲੋਂ ਘੋਸ਼ਣਾ ਪੱਤਰ ਜਾਰੀ, ਅਤੇ ਵਿਧਾਨ ਸਭਾ ਵਲੋਂ ਸਾਂਝਾ ਮਤਾ ਕੀਤਾ ਗਿਆ ਪਾਸ
18 ਅਪ੍ਰੈਲ 2023: ਅੱਜ ਦੁਨੀਆ ਭਰ ਵਿਚ ਵਸਦੇ ਸਿਖਾਂ ਲਈ ਅਮਰੀਕਾ ਤੋਂ ਇਕ ਹੋਰ ਮਾਣ ਵਧਾਉਣ ਵਾਲੀ ਖੁਸ਼ੀ ਦੀ ਖ਼ਬਰ ਆਈ ਜਦੋਂ ਯੂਟਾ ਸਟੇਟ ਦੀ ਸੈਨੇਟ ਅਤੇ ਅਸੰਬਲੀ ਨੇ ਇਕ ਸਾਂਝਾ ਮਤਾ ਪਾਸ ਕਰਕੇ ਹਰ ਸਾਲ 14 ਅਪ੍ਰੈਲ ਨੂੰ ਸਿੱਖ ਡੇ ਵਜੋਂ ਮਾਨਤਾ ਦਿਤੀ। ਇਸੇ ਤਰਾਂ ਯੂਟਾ ਦੇ ਗਵਰਨਰ ਸਪੈਂਸਰ ਜੇ ਕੋਕਸ ਨੇ ਵਿਸਾਖੀ ਨੂੰ ਸਿੱਖ ਡੇ ਦਾ ਐਲਾਨ ਕਰਦਿਆਂ ਘੋਸ਼ਣਾ ਪੱਤਰ ਜਾਰੀ ਕੀਤਾ।
ਇਸ ਸੰਬੰਧੀ ਯੂਟਾ ਸਟੇਟ ਦੀ ਵਿਧਾਨ ਸਭਾ ਵਿਚ ਇਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਥੇ ਕੇ ਪਾਸ ਕੀਤੇ ਗਏ ਦੋਵਾਂ ਮਤਿਆਂ ਵਿਚ ਕਿਹਾ ਗਿਆ ਹੈ ਕੇ ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਜਿਸ ਦੇ 30 ਮਿਲੀਅਨ ਲੋਕਾਂ ਵਿਚੋਂ ੫ ਲੱਖ ਤੋਂ ਵੱਧ ਅਮਰੀਕਾ ਵਿਚ ਰਹਿੰਦੇ ਹਨ, ਅਤੇ ਵਿਸਾਖੀ ਸਿਖਾਂ ਦੇ ਸਭ ਤੋਂ ਮਹੱਤਵਪੂਰਨ ਤਿਓਹਾਰਾਂ ਵਿਚੋਂ ਇਕ ਹੈ। ਇਸ ਸਾਲ 2023 ਵਿਚ ਜਦੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ 554 ਵਾਂ ਪ੍ਰਕਾਸ਼ ਦਿਹਾੜਾ ਹੈ ਜੋ ਕੇ ਦੁਨੀਆ ਭਰ ਵਿਚ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਇਸ ਤੋਂ ਅੱਗੇ ਸਿਖਾਂ ਵਲੋਂ ਸਮਾਜਿਕ, ਸੱਭਿਆਚਾਰਕ, ਆਰਥਿਕ ਖੇਤਰਾਂ ਵਿਚ ਪਾਏ ਯੋਗਦਾਨ ਨੂੰ ਦਰਸਾਉਂਦਿਆਂ ਨਾਲ ਹੀ ਸਿੱਖਾਂ ਵਲੋਂ ਅਮਰੀਕੀ ਫੌਜ, ਟੈਕਨੋਲੋਜੀ, ਖੇਤੀਬਾੜੀ, ਵਪਾਰ, ਟਰੱਕਿੰਗ, ਸਿਹਤ ਸੇਵਾਵਾਂ ਵਿਚ ਵੱਧ ਚੜ੍ਹ ਕੇ ਪਾਏ ਯੋਗਦਾਨ ਦੀ ਸਰਾਹਨਾ ਕੀਤੀ ਗਈ ਹੈ ।
ਸਿੱਖ ਫਲਸਫੇ ਵਿਚ ਮਨੁੱਖਤਾ ਨਾਲ ਪਿਆਰ, ਬਰਾਬਰੀ, ਸਹਿਣਸ਼ੀਲਤਾ ਬਾਰੇ ਗੱਲ ਕਰਦਿਆਂ, ਅਮਰੀਕੀ ਸੰਵਿਧਾਨ ਅਧੀਨ ਯੂਟਾ ਸਟੇਟ ਵਿਚ ਧਾਰਮਿਕ ਬਰਾਬਰਤਾ, ਤੇ ਸਹਿਣਸ਼ੀਲਤਾ ਅਤੇ ਸੱਭਿਆਚਾਰਕ ਸਾਂਝ ਦਾ ਹਵਾਲਾ ਦਿੰਦਿਆਂ ਯੂਟਾ ਸਟੇਟ ਵਲੋਂ ਸਿਖਾਂ ਵਲੋਂ ਹਰ ਖੇਤਰ ਵਿਚ ਪਾਏ ਯੋਗਦਾਨ ਨੂੰ ਸਰਾਹੁੰਦਿਆਂ 14 ਅਪ੍ਰੈਲ ਨੂੰ ਸਿੱਖ ਡੇ ਵਜੋਂ ਮਾਨਤਾ ਦਿਤੀ ਗਈ ਹੈ ।
ਇਸ ਸਬੰਧੀ ਹੋਏ ਵਿਸ਼ੇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਤੀਨਿਧੀ ਐਂਜਲਾ ਰੋਮੇਰੋ ਨੇ ਕੀਤੀ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ। ਸਟੇਟ ਸੈਨੇਟਰ ਲੂਜ਼ ਐਸਕੈਮਿਲਾ ਨੇ ਵਿਧਾਨ ਸਭਾ ਵਿਚ ਸਾਂਝਾ ਮਤਾ ਪੇਸ਼ ਕੀਤਾ। ਪ੍ਰਤੀਨਿਧੀ ਚੇਰੀਲ ਐਕਟੇਨ ਨੇ ਗਵਰਨਰ ਵਲੋਂ ਐਲਾਨ ਦਾ ਘੋਸ਼ਣਾ ਪੱਤਰ ਜਾਰੀ ਕੀਤਾ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਯੂਟਾ ਸਟੇਟ ਦੇ ਗਵਰਨਰ ਅਤੇ ਸਾਰੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ। ਅਤੇ ਅੰਤ ਵਿਚ ਪ੍ਰਤੀਨਿਧੀ ਰੋਮੇਰੋ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਲਈ ਖੁਸ਼ੀ ਦਾ ਇਜਹਾਰ ਕੀਤਾ।
ਸਮਾਗਮ ਵਿਚ ਖਾਸ ਤੌਰ ਤੇ ਸ਼ਾਮਿਲ ਹੋਣ ਵਾਲਿਆਂ ਵਿਚ: ਅਮਰੀਕੀ ਸੈਨੇਟਰ ਮਾਈਕ ਲੀ; ਸਾਲਟ ਲੇਕ ਕਾਉਂਟੀ ਰਿਪਬਲਿਕਨ ਪਾਰਟੀ ਦੇ ਚੇਅਰਮੈਨ ਕ੍ਰਿਸ ਨੱਲ; ਯੂਟਾ ਸਟੇਟ ਦੇ ਪ੍ਰਤੀਨਿਧੀ ਟਿਮ ਜਿਮੇਨੇਜ਼, ਜੂਡੀ ਵੀਕਸ ਰਹੋਨੇਰ, ਕੁਇੰਨ ਕੋਟਰ, ਐਂਥੋਨੀ ਲੁਬੇਟ; ਯੂਟਾ ਕਾਂਗਰਸਮੈਨ ਬੁਰਗੇਸ ਓਵੇਨਸ; ਵੇਸ੍ਟ ਜਾਰਡਨ ਦੇ ਮੇਅਰ ਡਰ੍ਕ ਬਰਟਨ; ਯੂਟਾ ਸਟੇਟ ਰਿਪਬਲਿਕਨ ਚੇਅਰਮੈਨ ਰਾਬਰਟ ਐਕਸਨ; ਯੂਟਾ ਸਟੇਟ ਸਕੂਲ ਬੋਰਡ ਤੋਂ ਕ੍ਰਿਸ੍ਟਿਨਾ ਬੋਗੇਸ; ਨਿਊ ਲੈਂਡਰਸ ਆਫ ਅਮਰੀਕਾ ਦੇ ਪ੍ਰਧਾਨ ਕਾਰਲੋਸ ਮੋਰੇਨੋ; ਯੂਟਾ ਕਾਉਂਟੀ ਕਮਿਸ਼ਨਰ ਅਮੇਲਿਆ ਪੋਵੈਰਸ ਗਾਰਡਨਰ; ਯੂਟਾ ਸਟੇਟ ਸੈਨੇਟਰ ਡੈਨ ਮੈੱਕੇ; ਰਿਵਰਟਨ ਸਿਟੀ ਕਾਉਂਸਿਲਵੂਮਨ ਟਾਵਨੀ ਮੈੱਕੇ; ਈਗਲਜ਼ ਫੋਰਮ ਤੋਂ ਵ੍ਹਾਈਟ ਕੁੱਕ; ਅਮੇਰਿਕਨ ਫ਼ਾਰ ਪ੍ਰੋਸਪੇਰਿਟੀ ਤੋਂ ਹਾਈਦੀ ਬਲਡਰੀ; ਯੂਨੀਫਾਈਡ ਪੁਲਿਸ ਡਿਪਾਰਟਮੈਂਟ ਤੋਂ ਸਾਰਜੰਟ ਨਿਕ ਰਾਬਰਟ (ਸ਼ੈਰਿਫ ਦੇ ਉਮੀਦਵਾਰ) ਸਮੇਤ ਅਮਰੀਕਾ ਅਤੇ ਯੂਟਾ ਸਟੇਟ ਦੇ ਸਿਰਕੱਢ ਪਾਲਿਟਿਕਲ ਲੀਡਰ ਸ਼ਾਮਿਲ ਸਨ।
ਵਰਲਡ ਸਿੱਖ ਪਾਰਲੀਮੈਂਟ ਦੁਆਰਾ ਯੂਟਾ ਸਟੇਟ ਅਤੇ ਹੋਰ ਸਟੇਟਾਂ ਵਿਚ ਸਿੱਖ ਕੌਮ ਦੇ ਇਨਾਂ ਮਹੱਤਵਪੂਰਨ ਕੰਮਾਂ ਨੂੰ ਅਗੇ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਚਾਰੇ ਪਾਸਿਓਂ ਭਰਪੂਰ ਸ਼ਲਾਘਾ ਹੋ ਰਹੀ ਹੈ, ਅਤੇ ਖਾਸ ਤੌਰ ਤੇ ਨੈਸ਼ਨਲ ਸਿੱਖ ਡੇ ਨੂੰ ਮਾਨਤਾ ਦਿਵਾਉਣ ਵਾਲੇ ਇਨ੍ਹਾਂ ਮਤਿਆਂ ਲਈ ਵਧਾਈਆਂ ਦੇਣ ਵਾਲਿਆਂ ਵਿਚਃ ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਸ. ਜੋਗਾ ਸਿੰਘ; ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ: ਪ੍ਰਿਤਪਾਲ ਸਿੰਘ ਅਤੇ ਸ. ਜਸਵੰਤ ਸਿੰਘ ਹੋਠੀ; ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸ: ਹਰਜਿੰਦਰ ਸਿੰਘ ਅਤੇ ਸ. ਜੁਗਰਾਜ ਸਿੰਘ ਅਤੇ ਹੋਰ ਵੀ ਸਿੱਖ ਲੀਡਰਾਂ ਨੇ ਬਹੁਤ ਖੁਸ਼ੀ ਦਾ ਇਜਹਾਰ ਕੀਤਾ ।
ਇਸ ਕਾਰਜ ਨੂੰ ਨੇਪਰੇ ਚਾੜਨ ਅਤੇ ਸਮਾਗਮ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਸਕੱਤਰ ਬੀਬੀ ਹਰਮਨ ਕੌਰ ਨੇ ਭਰਪੂਰ ਯੋਗਦਾਨ ਪਾਇਆ। ਪ੍ਰੋਗਰਾਮ ਵਿੱਚ ਸਿੱਖ ਕਮਿਊਨਟੀ ਵਲੋਂ ਖਾਸ ਤੌਰ ਤੇ ਸ. ਹਰਜਿੰਦਰ ਸਿੰਘ, ਸ ਬਲਵਿੰਦਰ ਸਿੰਘ, ਸ. ਗੁਰਚਰਨਜੀਤ ਸਿੰਘ, ਸਿੱਖ ਗੁਰਦੁਆਰਾ ਨਾਨਕ ਦਰਬਾਰ ਵੇਸ੍ਟ ਜਾਰਡਨ ਦੇ ਪ੍ਰਧਾਨ ਗੁਰਮੀਤ ਸਿੰਘ, ਸ. ਬੂਟਾ ਸਿੰਘ, ਸ. ਅਰਸ਼ਦੀਪ ਸਿੰਘ, ਸ. ਜਰਮਲਜੀਤ ਸਿੰਘ, ਅਤੇ ਨਿਊਯਾਰ੍ਕ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਸ. ਬਲਜੀਤ ਸਿੰਘ ਸ਼ਾਮਿਲ ਹੋਏ।
ਗਵਰਨਰ ਸਪੈਂਸਰ ਜੇ ਕੋਕਸ ਨੇ ਵਿਸਾਖੀ ਨੂੰ ਸਿੱਖ ਡੇ ਦਾ ਐਲਾਨ ਕਰਦਿਆਂ ਘੋਸ਼ਣਾ ਪੱਤਰ ਜਾਰੀ ਕੀਤਾ।
Thanks From Punjab Channel