8ਵੀਂ ਨੈਸ਼ਨਲ ਸਿੱਖ ਡੇਅ-ਪਰੇਡ ਦੌਰਾਨ ਵਾਸ਼ਿੰਗਟਨ ਡੀ. ਸੀ. ਖਾਲਸਾਈ ਰੰਗ ਵਿੱਚ ਰੰਗਿਆ, ਸਿੱਖ ਸੰਗਤਾਂ ਦਾ ਹੋਇਆ ਰਿਕਾਰਡ ਇਕੱਠ
-ਨਿਊਯਾਰਕ ਸਟੇਟ ਵੱਲੋਂ 1984 ਸਿੱਖ ਨਸਲਕੁਸ਼ੀ ਬਿਲ, ਅਤੇ ਮੇਰੀਲੈਂਡ ਸਟੇਟ ਵੱਲੋਂ ਸਿੱਖ ਹੈਰੀਟੇਜ ਮੰਥ ਸਬੰਧੀ ਦਸਤਾਵੇਜ਼ ਆਗੂਆਂ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਸੰਗਤਾਂ ਨੂੰ ਸਮਰਪਿਤ-
-ਪੰਥਕ ਆਗੂਆਂ ਅਤੇ ਅਮਰੀਕਨ ਸਿਆਸਤ ਵਿੱਚ ਸ਼ਾਮਲ ਸ਼ਖ਼ਸੀਅਤਾਂ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਿੱਖ ਜਗਤ ਨੂੰ ਦਿੱਤੀ ਵਧਾਈ-
(ਵਾਸ਼ਿੰਗਟਨ ਡੀ.ਸੀ.): 5 ਅਪ੍ਰੈਲ 2025 ਨੂੰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ (SCCEC) ਵੱਲੋਂ ਹਰ ਸਾਲ ਦੀ ਤਰ੍ਹਾਂ ਅਪ੍ਰੈਲ ਦੇ ਪਹਿਲੇ ਹਫਤੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿੱਚ ਕੱਢੀ ਗਈ ਨੈਸ਼ਨਲ ਸਿੱਖ ਡੇਅ ਪਰੇਡ, ਇਸ ਵਾਰ ਸੰਗਤਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਅਤੇ ਵੱਖ-ਵੱਖ ਅਮਰੀਕਨ ਅਤੇ ਹੋਰ ਆਗੂਆਂ ਦੇ ਪਹੁੰਚਣ ਨਾਲ ਸਿਖਰਾਂ ਉੱਤੇ ਪਹੁੰਚ ਗਈ। ਅਮਰੀਕਾ ਭਰ ਤੋਂ ਅਤੇ ਖਾਸ ਤੌਰ ਤੇ ਈਸਟ-ਕੋਸਟ ਦੀਆਂ ਸਾਰੀਆਂ ਸਟੇਟਾਂ ਦੇ ਗੁਰਦੁਆਰਿਆਂ ਤੋਂ ਸੰਗਤਾਂ ਲਈ ਬੱਸਾਂ ਦੇ ਪ੍ਰਬੰਧ ਕੀਤੇ ਗਏ ਸਨ, ਅਤੇ ਪਰੇਡ ਵਿੱਚ ਸ਼ਾਮਲ ਸੰਗਤਾਂ ਦਾ ਉਤਸ਼ਾਹ ਇਸ ਵਾਰ ਵੇਖਿਆਂ ਹੀ ਬਣਦਾ ਸੀ ।
ਪਰੇਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਾਰਕ ਵਿੱਚ ਟੈਂਟ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਦੀਵਾਨ ਸਜਾਏ ਗਏ ਜਿਸ ਵਿੱਚ ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਜਥਿਆਂ ਨੇ ਹਾਜ਼ਰੀ ਲਵਾਈ। ਉਪਰੰਤ ਅਰਦਾਸ ਕਰਕੇ ਗੁਰੂ ਸਾਹਿਬ ਜੀ ਦੀ ਛਤਰਛਾਇਆ ਹੇਠ, ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਹੋਈ ਅੱਠਵੀਂ ਪਰੇਡ ਸਿੱਖ ਕੌਮ ਦੀ ਵੱਖਰੀ ਪਛਾਣ ਅਤੇ ਫਰੀਡਮ ਮਾਰਚ ਵਜੋਂ ਸਿੱਖ ਰਾਜ ਦਾ ਸੁਨੇਹਾ ਦੁਨੀਆ ਭਰ ਦੇ ਲੋਕਾਂ ਨੂੰ ਪਹੁੰਚਾਉਣ ਵਿੱਚ ਕਾਮਯਾਬ ਹੋਈ। ਇਸ ਦੌਰਾਨ ਸੰਗਤਾਂ ਅਤੇ ਜਥੇਬੰਦੀਆਂ ਨਿਸ਼ਾਨ ਸਾਹਿਬ, ਖਾਲਸਤਾਨ ਦੇ ਝੰਡੇ ਤੇ ਵੱਖ ਵੱਖ ਗੁਰਦੁਆਰਿਆਂ ਅਤੇ ਜਥੇਬੰਦੀਆਂ ਦੇ ਬੈਨਰ ਲੈ ਕੇ ਪਰੇਡ ਵਿੱਚ ਸ਼ਾਮਲ ਹੋਈਆਂ।
ਪਰੇਡ ਦੇ ਦੌਰਾਨ ਨਿਊਜਰਸੀ ਸਟੇਟ ਦੇ ਗਵਰਨਰ ਕੈਂਡੀਡੇਟ ਸਟੀਵ ਸਵੀਨੀ, ਜਿੰਨਾ ਦਾ ਕਈ ਸਿੱਖ ਬਿਲ ਪਾਸ ਕਰਾਉਣ ਵਿੱਚ ਵੱਡਾ ਯੋਗਦਾਨ ਰਿਹਾ, ਉਹ ਅੱਜ ਖਾਸ ਤੌਰ ਤੇ ਸ਼ਾਮਲ ਹੋਏ। ਨਾਲ ਹੀ ਕਨੈਕਟੀਕਟ ਸਟੇਟ ਦੇ ਨੌਰਵਿਚ ਸ਼ਹਿਰ ਦੇ ਮੇਅਰ ਕੈਂਡੀਡੇਟ ਸਵਰਨਜੀਤ ਸਿੰਘ ਖਾਲਸਾ ਵੀ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ (ਹੁਣ ਪਾਕਿਸਤਾਨ) ਤੋਂ ਸਾਬਕਾ ਸਿੱਖ ਅਸੈਂਬਲੀ ਮੈਂਬਰ ਸ. ਮਹਿੰਦਰਪਾਲ ਸਿੰਘ ਉਚੇਚੇ ਤੌਰ ਤੇ ਸੰਗਤ ਨਾਲ ਸਾਂਝ ਪਾਉਣ ਲਈ ਪਹੁੰਚੇ ਹੋਏ ਸਨ। ਨਿਊਯਾਰਕ ਸਿਟੀ ਕੌਂਸਲ ਦੀ ਚੋਣ ਲੜ ਰਹੇ ਜਪਨੀਤ ਸਿੰਘ ਨੇ ਵੀ ਹਾਜ਼ਰੀ ਲਗਵਾਈ। ਟੋਗੋ ਦੇ ਪ੍ਰੈਜ਼ੀਡੈਂਟ-ਇਨ-ਐਕਸਾਈਲ ਨੇ ਵੀ ਪਰੇਡ ਵਿਚ ਸ਼ਿਰਕਤ ਕੀਤੀ।
ਪਰੇਡ ਦੇ ਉਪਰੰਤ ਅਮਰੀਕੀ ਕੈਪੀਟਲ ਦੇ ਸਾਹਮਣੇ ਤਿੰਨ ਸਟ੍ਰੀਟ ਉੱਤੇ ਪਾਰਕ ਵਿੱਚ ਸਟੇਜ ਸਜਾਈ ਗਈ ਜਿੱਥੋਂ ਸਿੱਖ, ਅਮਰੀਕਨ ਅਤੇ ਅਫਰੀਕੀ ਨੁਮਾਇੰਦਿਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸ. ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ SCCEC ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੀਆਂ ਪ੍ਰਾਪਤੀਆਂ ਸੰਗਤਾਂ ਦੇ ਸਾਹਮਣੇ ਰੱਖੀਆਂ। ਸਟੇਜ ਦੀ ਸੇਵਾ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਬਾਖੂਬੀ ਨਿਭਾਈ ਜਿਨਾਂ ਨੇ ਕਿ ਵਿਦੇਸ਼ਾ ਵਿੱਚ ਸਿੱਖ ਕੌਮ ਦੀ ਪਛਾਣ ਅਤੇ ਪ੍ਰਾਪਤੀਆਂ ਅਤੇ ਪੰਜਾਬ ਵਿੱਚ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਗੱਲ ਤੇ ਜ਼ੋਰ ਦਿੱਤਾ। ਇਸ ਪਰੇਡ ਵਿਚ ਵਿਸ਼ੇਸ਼ ਤੌਰ ਤੇ ਡਾਂ ਅਮਰਜੀਤ ਸਿੰਘ ਨੇ ਹਮੇਸ਼ਾ ਵਾਂਗ ਸਿੱਖ ਰਾਜ ਦੇ ਸੰਕਲਪ ਤੇ ਖਾਲਿਸਤਾਨ ਦੇ ਸਬੰਧ ਵਿੱਚ ਵਿਸਥਾਰ ਨਾਲ ਗੱਲ ਕੀਤੀ। ਡਾ ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਤੌਰ ਤੇ ਪਰੇਡ ਵਿੱਚ ਸ਼ਾਮਲ ਹੋ ਕੇ ਸੰਗਤਾਂ ਨੂੰ ਸੰਬੋਧਨ ਹੋਏ। ਨਿਊਯਾਰਕ ਸਿਟੀ ਹਿਊਮੈਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਸ. ਗੁਰਦੇਵ ਸਿੰਘ ਕੰਗ ਨੇ ਵਿਸਾਖੀ ਦੇ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੱਤੀ। ਡਾ. ਹਰਦਮ ਸਿੰਘ ਅਜ਼ਾਦ ਨੇ ਅਮਰੀਕਾ ਵਿਚ ਪਿਛਲੇ ਚਾਰ ਦਹਾਕਿਆਂ ਦੇ ਸੰਘਰਸ਼ ਬਾਰੇ ਸਾਂਝ ਪਾਈ। ਨੌਰਵਾਕ ਬੋਰਡ ਆਫ਼ ਐਜੂਕੇਸ਼ਨ ਤੋਂ ਮਿਸਟਰ ਕੈਵਿਨ ਨੇ ਸਿੱਖ ਅਵੇਅਰਨੈਸ ਅਤੇ ਹਿਸਟਰੀ ਨੂੰ ਸਿਲੇਬਸ ਵਿੱਚ ਸ਼ਾਮਲ ਕਰਾਉਣ ਬਾਰੇ ਵਿਚਾਰ ਸਾਂਝੇ ਕੀਤੇ।
ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵਿੱਚ ਪਾਸ ਹੋਏ ਬਿੱਲ ਅਤੇ ਸਾਈਟੇਸ਼ਨ ਅਤੇ ਹੋਰ ਸੰਦੇਸ਼ ਸੰਗਤਾਂ ਨਾਲ ਨੂੰ ਸਮਰਪਿਤ ਕੀਤੇ ਗਏ। ਇਸ ਮੌਕੇ ਉੱਤੇ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਸਬੰਧੀ ਇੱਕ ਪ੍ਰਦਰਸ਼ਨੀ ਵੀ ਖਾਸ ਤੌਰ ਤੇ ਸਿੱਖ ਯੂਥ ਵੱਲੋਂ ਲਗਾਈ ਗਈ ਸੀ।
ਵਰਜੀਨੀਆਂ, ਮੇਰੀਲੈਂਡ ਤੋ ਲੈ ਕੇ ਨਿਊਯਾਰਕ, ਨਿਊਜਰਸੀ, ਪੈਨਸਲਵੇਨੀਆਂ, ਡੈਲਵੇਅਰ , ਕਨੈਕਟੀਕਟ, ਮੈਸਾਚਿਊਸਟਸ ਅਤੇ ਕੈਲੇਫੋਰਨੀਆ ਤੱਕ ਸਟੇਟਾਂ ਤੋਂ ਵੀ ਗੁਰਦੁਆਰਾ ਪ੍ਰਬੰਧਕ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਇਸ ਪਰੇਡ ਵਿੱਚ ਭਰਵੀਂ ਹਾਜਰੀ ਲਗਵਾਈ, ਇੰਨਾਂ ਵਿੱਚ ਸ. ਬਰਜਿੰਦਰ ਸਿੰਘ ਬਰਾੜ, ਸ. ਦਵਿੰਦਰ ਸਿੰਘ ਬੋਪਾਰਾਏ, ਸ. ਬੂਟਾ ਸਿੰਘ ਖੜੌਦ, ਸ. ਸੁਰਜੀਤ ਸਿੰਘ ਕੁਲਾਰ , ਸ. ਅਵਤਾਰ ਸਿੰਘ ਪੰਨੂ , ਡਾ. ਬਖਸ਼ੀਸ਼ ਸਿੰਘ, ਸ. ਭਗਤ ਸਿੰਘ, ਸ. ਦਵਿੰਦਰ ਸਿੰਘ ਦਿਓ, ਸ. ਸੰਤੋਖ ਸਿੰਘ, ਸ. ਗੁਰਦੇਵ ਸਿੰਘ ਮਿਸ਼ੀਗਨ, ਸ. ਇੰਦਰਜੀਤ ਸਿੰਘ, ਸ. ਅਮਰਦੀਪ ਸਿੰਘ, ਸ. ਰਜਿੰਦਰ ਸਿੰਘ, ਸ. ਜਸਬੀਰ ਸਿੰਘ, ਸ. ਬਲਵਿੰਦਰ ਸਿੰਘ ਚੱਠਾ, ਸ. ਨਰਿੰਦਰ ਸਿੰਘ, ਸ. ਹਰਮਿੰਦਰ ਸਿੰਘ ਆਹਲੂਵਾਲੀਆ, ਸ. ਜੁਗਰਾਜ ਸਿੰਘ, ਸ. ਬਲਾਕਾ ਸਿੰਘ, ਸ. ਜੱਸਾ ਸਿੰਘ, ਸ. ਊਧਮ ਸਿੰਘ, ਸ. ਨਵਤੇਜ ਸਿੰਘ ਤੇਜੀ , ਸ. ਹਰਚਰਨ ਸਿੰਘ, ਸ. ਸਰਬਜੀਤ ਸਿੰਘ, ਸ. ਪਵਨ ਸਿੰਘ, ਸ. ਕੇਵਲ ਸਿੰਘ, ਸ. ਤੇਜਪਾਲ ਸਿੰਘ, ਸ. ਬਲਵਿੰਦਰ ਸਿੰਘ, ਸ. ਗੁਰਦੇਵ ਸਿੰਘ ਧਾਲੀਵਾਲ, ਸ. ਸਪਿੰਦਰ ਸਿੰਘ, ਸ. ਪ੍ਰਦੀਪ ਸਿੰਘ, ਸ. ਬਲਜੀਤ ਸਿੰਘ, ਸ. ਜਿੰਦਰ ਸਿੰਘ, ਸ. ਕਰਮ ਸਿੰਘ, ਬੀਬੀ ਕੁਲਵਿੰਦਰ ਕੌਰ ਬੌਸਟਨ, ਬੀਬੀ ਰਾਜਵਿੰਦਰ ਕੌਰ ਨਿਊਯਾਰਕ, ਸ. ਮੱਖਣ ਸਿੰਘ, ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪਰੇਡ ਬਹੁਤ ਚੜਦੀ ਕਲਾ ਨਾਲ ਸੰਪੂਰਨ ਹੋਈ।
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟਕੋਸਟ ਵੱਲੋਂ ਸਾਰੇ ਗੁਰਦੁਆਰਾ ਪ੍ਰਬੰਧਕਾਂ, ਪੰਥਕ ਜਥੇਬੰਦੀਆਂ, ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।