ਸ. ਗੁਜਿੰਦਰ ਸਿੰਘ ਹੁਣਾਂ ਦੀ ਚਾਰ ਕੁ ਮਹੀਨੇ ਪਹਿਲਾਂ ਦੀ ਇਹ ਲਿਖਤ ਪੜ੍ਹਿਓ। ਸਬਰ, ਸਿਦਕ, ਸੰਘਰਸ਼, ਤਿਆਗ, ਜਲਾਵਤਨੀ ਕੀ ਹੁੰਦੀ ਐ ਕੱਲਾ ਕੱਲਾ ਸ਼ਬਦ ਮਹਿਸੂਸ ਕਰਿਓ।

ਸ. ਗੁਜਿੰਦਰ ਸਿੰਘ ਹੁਣਾਂ ਦੀ ਚਾਰ ਕੁ ਮਹੀਨੇ ਪਹਿਲਾਂ ਦੀ ਇਹ ਲਿਖਤ ਪੜ੍ਹਿਓ। ਸਬਰ, ਸਿਦਕ, ਸੰਘਰਸ਼, ਤਿਆਗ, ਜਲਾਵਤਨੀ ਕੀ ਹੁੰਦੀ ਐ ਕੱਲਾ ਕੱਲਾ  ਸ਼ਬਦ ਮਹਿਸੂਸ ਕਰਿਓ।

ਉਹ ਵੀ ਤੇਰੀ ਧੀ ਸੀ ਜੋ ਧੱਕੇ ਖਾਂਦੀ ਰਹੀ

ਕੁੱਝ ਦਿਨ ਪਹਿਲਾਂ ਮੈਂ ਆਪਣੀ ਜੀਵਨ ਸਾਥਣ ਅਤੇ ਬੇਟੀ ਦੀ ਗੁਰਦਵਾਰਾ ਡੇਹਰਾ ਸਾਹਿਬ ਵਿਚਲੀ ਤਸਵੀਰ ਸਾਂਝੀ ਕੀਤੀ ਸੀ, ਤਾਂ ਕਈ ਦੋਸਤਾਂ ਨੇ ਪਰਿਵਾਰ ਬਾਰੇ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਸੀ ।

ਇਸੇ ਸਿਲਸਿਲੇ ਵਿੱਚ ਅੱਜ ਇਹ ਪੋਸਟ ਲਿੱਖ ਰਿਹਾ ਹਾਂ ।

ਲਹੋਰ, ਗੁਰਦਵਾਰਾ ਡੇਹਰਾ ਸਾਹਿਬ ਰਹਿੰਦੇ, ਮੇਰੀ ਜੀਵਨ ਸਾਥਣ ਨੂੰ ਦਿੱਲ ਦੀ ਪ੍ਰਾਬਲਮ ਹੋ ਗਈ ਸੀ । ਲਹੋਰ ਵਿੱਚ ਦਿੱਲ ਦੇ ਮਰਜ਼ਾਂ ਦਾ ਇੱਕ ਹਸਪਤਾਲ ਹੈ, ਪੰਜਾਬ ਕਾਰਡਿਆਲੋਜੀ, ਇਸ ਵਿੱਚ ਉਹ ਚੈਕ-ਅਪ ਤੇ ਇਲਾਜ ਲਈ ਜਾਂਦੀ ਰਹੀ । ਡਾਕਟਰ ਅਪਰੇਸ਼ਨ ਕਰਵਾਣ ਲਈ ਕਹਿ ਰਹੇ ਸਨ ।

ਕੁੱਝ ਹਮਸਫਰ ਜੋ ਉਸ ਵੇਲੇ ਲਹੋਰ ਹੀ, ਜੇਲ੍ਹ ਤੋਂ ਬਾਹਰ ਰਹਿ ਰਹੇ ਸਨ, ਉਹਨਾਂ ਮੇਰੀ ਸਿੰਘਣੀ ਨੂੰ ਸੱਲਾਹ ਦਿੱਤੀ ਕਿ ਤੁਸੀਂ ਇੱਥੇ ਅਪਰੇਸ਼ਨ ਨਾ ਕਰਵਾਉ, ਬਲਕਿ ਬਾਹਰ ਚਲੇ ਜਾਓ, ਤੇ ਉਥੇ ਜਾ ਕੇ ਇਲਾਜ ਕਰਵਾ ਲੈਣਾ । ਕਾਫੀ ਵਿਚਾਰ ਵਟਾਂਦਰੇ ਤੋਂ ਬਾਦ ਅਖੀਰ ਫੈਸਲਾ ਹੋਇਆ ਕਿ ਉਹਨਾਂ ਨੂੰ ਅਮਰੀਕਾ ਭੇਜ ਦਿੱਤਾ ਜਾਵੇ । ਅਖੀਰ ਭਾਈ ਦਲਜੀਤ ਸਿੰਘ ਬਿੱਟੂ ਹੁਰਾਂ ਨੇ ਆਪਣੀ ਜੱਥੇਬੰਦੀ ਦੇ ਸਿੰਘਾਂ ਨੂੰ ਕਹਿ ਕੇ ਉਹਨਾਂ ਨੂੰ ਅਮਰੀਕਾ ਭੇਜਣ ਦਾ ਇੰਤਜ਼ਾਮ ਕਰਵਾ ਦਿੱਤਾ । ਇਸ ਫੈਸਲੇ ਤੋਂ ਅਮਲ ਤੱਕ ਬਹੁਤ ਸਾਰੀਆਂ ਪਰੇਸ਼ਾਨੀਆਂ ਪੇਸ਼ ਆਈਆਂ, ਜਿਨ੍ਹਾਂ ਦਾ ਮੈਂ ਇੱਥੇ ਜ਼ਿਕਰ ਨਹੀਂ ਕਰਾਂਗਾ । ਬਸ ਇੰਨਾ ਹੀ ਜ਼ਿਕਰ ਕਰਾਂਗਾ, ਕਿ ਇੱਕ ਦਿਨ ਜੇਲ੍ਹ ਮੁਲਾਕਾਤ ਆਈ ਨੇ ਦਸਿਆ ਕਿ ਕੱਲ ਮੇਰੀ ਫਲਾਈਟ ਹੈ । ਇਸ ਤੋਂ ਕਾਫੀ ਦੇਰ ਬਾਦ ਇੱਕ ਚਿੱਠੀ ਰਾਹੀਂ ਪਤਾ ਲੱਗਾ ਕਿ ਮਾਂ ਧੀ ਅਮਰੀਕਾ ਪਹੁੰਚ ਗਈਆਂ ਹਨ ।

ਅਮਰੀਕਾ ਪਹੁੰਚਣ ਬਾਦ ਸਾਡੇ ਇੱਕ ਪੁਰਾਣੇ ਸਾਥੀ ਪ੍ਰਿਤਪਾਲ ਸਿੰਘ ਖਾਲਸਾ, ਗੁਰਦਾਸਪੁਰ ਵਾਲਿਆਂ ਨੇ, ਜੋ ਨਿਊ ਜਰਸੀ ਰਹਿੰਦੇ ਸਨ, ਕੁੱਝ ਹੋਰ ਸਿੰਘਾਂ ਦੇ ਸਹਿਯੋਗ ਨਾਲ ਰਹਿਣ ਸਹਿਣ ਦਾ ਕੁੱਝ ਇੰਤਜ਼ਾਮ ਕੀਤਾ ।

ਪੰਜ ਛੇ ਮਹੀਨੇ ਅਮਰੀਕਾ ਰਹਿਣ ਬਾਦ ਜਦੋਂ ਇਹ ਪਤਾ ਲੱਗਾ ਕਿ ਅਮਰੀਕਾ ਇਲਾਜ ਬਹੁਤ ਮਹਿੰਗਾ ਹੈ, ਤੇ ਕਨੇਡਾ ਫਰੀ ਮੈਡੀਕਲ ਹੈ, ਕੁੱਝ ਦੋਸਤਾਂ ਦੇ ਮਸ਼ਵਰੇ ਨਾਲ, ਉਹ ਇੱਕ ਦੋਸਤ ਦੇ ਟਰੱਕ ਵਿੱਚ ਬੈਠ ਕੇ ਹੀ ਕਨੇਡਾ ਪਹੁੰਚ ਗਈਆਂ ।

ਕਨੇਡਾ ਪਹੁੰਚ ਕੇ ਪੱਨਾਹ ਦਾ ਕੇਸ ਕੀਤਾ, ਬੱਚੀ ਦੀ ਪੜ੍ਹਾਈ, ਤੇ ਆਪਣਾ ਇਲਾਜ ਸ਼ੁਰੂ ਕਰਵਾਇਆ । ਕਨੇਡਾ ਵਿੱਚ ਪੱਨਾਹ ਦੀ ਦਰਖਾਸਤ ਦੇਣ ਬਾਦ ਸਰਕਾਰ ਲੋੜੀਂਦਾ ਖਰਚਾ ਵੀ ਦਿੰਦੀ ਸੀ । ਉਹ ਸ਼ੁਰੂ ਤੋਂ ਹੀ ਕਿਸੇ ਉਤੇ ਬੋਝ ਬਣਨੋ ਬੱਚਣਾ ਚਾਹੁੰਦੀ ਸੀ, ਸੋ ਕਨੇਡਾ ਪਹੁੰਚ ਕੇ ਉਸ ਦੀ ਇਹ ਇੱਛਾ ਪੂਰੀ ਹੋ ਗਈ । ਮੈਨੂੰ ਇਹ ਸਾਰਾ ਕੁੱਝ ਜੇਲ੍ਹ ਪਹੁੰਚੀਆਂ ਚਿੱਠੀਆਂ ਰਾਹੀਂ ਕਾਫੀ ਸਮੇਂ ਬਾਦ ਪਤਾ ਲੱਗਾ ਸੀ ।

ਕਨੇਡਾ ਵਿੱਚ ਪੱਨਾਹ ਦਾ ਕੇਸ ਤਿੰਨ ਕੂ ਸਾਲ ਚੱਲਣ ਬਾਦ ਆਖਰ ਉਸ ਨੂੰ ਇੱਕ ‘ਵੱਡੇ ਅਤਿਵਾਦੀ ਦੀ ਮਦਦਗਾਰ ਪਤਨੀ’ ਗਰਦਾਨ ਕੇ ਡਿਪੋਰਟ ਕਰਨ ਦਾ ਫੈਸਲਾ ਹੋ ਗਿਆ । ਮੈਂ ਇਸ ਵੇਲੇ ਤੱਕ ਕੋਟ ਲਖਪੱਤ ਜੇਲ੍ਹ ਤੋਂ ਰਿਹਾ ਹੋ ਚੁੱਕਾ ਸਾਂ ।

ਇਸ ਤੋਂ ਬਾਦ ਹਮਦਰਦੀ ਰੱਖਣ ਵਾਲੇ ਸਿੰਘਾਂ ਨੇ ਉਹਨਾਂ ਨੂੰ ਮੁੜ੍ਹ ਅਮਰੀਕਾ ਭੇਜਣ, ਤੇ ਉਥੇ ਪੱਨਾਹ ਦਾ ਕੇਸ ਦਰਜ ਕਰਵਾਣ ਲਈ, ਅਮਰੀਕਾ ਭੇਜ ਦਿੱਤਾ । ਮਾਂ ਧੀ ਦੇ ਅਮਰੀਕਾ ਪਹੁੰਚਣ ਦੀ ਕਹਾਣੀ ਕਾਫੀ ਲੰਮੀ ਹੈ, ਪਰ ਮੈਂ ਉਹ ਨਹੀਂ ਲਿਖਣੀ ਚਾਹਾਂਗਾ । ਇੰਨਾ ਹੀ ਕਾਫੀ ਹੈ, ਕਿ ਵਾਪਿਸ ਅਮਰੀਕਾ ਪਹੁੰਚ ਗਈਆਂ, ਤੇ ਕਈ ਮਹੀਨੇ ਦੀ ਭਟਕਣ ਬਾਦ ਕੈਲੀਫੋਨੀਆਂ ਵਿੱਚ ਪੱਨਾਹ ਦੀ ਦਰਖਾਸਤ ਦਰਜ ਕਰਵਾਈ । ਬੇਟੀ ਦੀ ਪੜ੍ਹਾਈ ਦਾ ਸਿਲਸਿਲਾ ਇੱਕ ਵਾਰ ਫਿਰ ਟੁੱਟਣ ਬਾਦ ਜੁੜਿਆ ਤੇ ਜ਼ਿੰਦਗੀ ਸ਼ੁਰੂ ਹੋਈ । ਇੱਥੇ ਵੀ ਕੁੱਝ ਹਮਦਰਦ ਤੇ ਪਿਆਰ ਕਰਨ ਵਾਲੇ ਸਿੰਘਾਂ ਨੇ ਉਹਨਾਂ ਦੀ ਸਾਂਭ ਸੰਭਾਲ ਕੀਤੀ । ਚਾਰ ਪੰਜ ਸਾਲ ਬਾਦ ਜਦੋਂ ਬੇਟੀ ਨੇ ਸਕੂਲ ਗਰੈਜੂਏਸ਼ਨ ਬੜ੍ਹੇ ਹਾਈ ਗਰੇਡ ਨਾਲ ਕਰ ਲਈ ਸੀ, ਤੇ ਅਗਲੀ ਡਾਕਟਰੀ ਦੀ ਪੜ੍ਹਾਈ ਲਈ ਵਜ਼ੀਫਾ ਵੀ ਮਨਜ਼ੂਰ ਹੋ ਗਿਆ ਸੀ, ਮੇਰੀ ਸਿੰਘਣੀ ਨੂੰ ਕੋਰਟ ਵੱਲੋਂ ਡਿਪੋਰਟ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ ।

ਦੋਸਤਾਂ ਮਿੱਤਰਾਂ ਦੇ ਮਸ਼ਵਰੇ ਤੇ ਲੰਮੀ ਸੋਚ ਵਿਚਾਰ ਬਾਦ ਫੈਸਲਾ ਹੋਇਆ ਕਿ ਉਹਨਾਂ ਨੂੰ ਮੇਰੇ ਕੋਲ ਭੇਜ ਦਿੱਤਾ ਜਾਵੇ, ਤੇ ਬੇਟੀ ਨੂੰ ਪੜਾਈ ਦੀ ਬੁਨਿਆਦ ਉਤੇ ਅਮਰੀਕਾ ਹੀ ਰਹਿਣ ਦਿੱਤਾ ਜਾਵੇ, ਜਿਸ ਦੀ ਇਜਾਜ਼ਤ ਦੀ ਯਕੀਨ ਦਹਾਨੀ ਵਕੀਲ ਸੇਖੋਂ ਸਾਹਿਬ ਨੇ ਕਰਵਾਈ ਸੀ ।

ਅਖੀਰ ਇੱਕ ਦਿਨ ਉਹ ਬੇਟੀ ਬਿਕਰਮ ਨੂੰ ਅਮਰੀਕਾ ਇੱਕ ਹਮਦਰਦ ਦੋਸਤ ਜਸਜੀਤ ਸਿੰਘ ਤੇ ਉਹਨਾਂ ਦੀ ਮਿਸਿਜ਼ ਦੀ ਨਿਗਰਾਨੀ ਵਿਚ ਛੱਡ ਕੇ ਮੇਰੇ ਜਲਾਵਤਨ ਟਿਕਾਣੇ ਉਤੇ ਮੇਰੇ ਕੋਲ ਪਹੁੰਚ ਗਈ । ਬੇਟੀ ਬਿਕਰਮ ਆਪਣੀ ਮਾਂ ਦੀ ਡਿਪੋਰਟੇਸ਼ਨ ਤੋਂ ਬਾਦ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੀ, ਤੇ ਉਸ ਨੂੰ ਜ਼ਿੰਦਗੀ ਚੱਲਦੀ ਰਖਣ ਲਈ ਨੌਕਰੀ ਕਰਨੀ ਪੈ ਗਈ । ਬੇਟੀ ਨੂੰ ਅੱਛੀ ਪੜਾਈ ਕਰਾਉਣ ਦਾ ਮੇਰਾ ਸੁਪਨਾ ਇੰਝ ਬਿਖਰ ਕੇ ਰਹਿ ਗਿਆ ।

ਜੀਵਨ ਸਾਥਣ ਦਾ ਮੇਰੇ ਕੋਲ ਆਉਣਾ ਯਕੀਨਨ ਵੱਡੀ ਖੁਸ਼ੀ ਦੀ ਗੱਲ ਸੀ, ਪਰ ਮੇਰੇ ਕੋਲ ਰਹਿੰਦੇ ਵੀ ਬਿਮਾਰੀਆਂ ਨੇ ਉਸ ਦਾ ਖਹਿੜਾ ਨਾ ਛਡਿਆ । ਛੇ/ਸੱਤ ਮਹੀਨੇ ਕੱਠੇ ਰਹਿਣ ਬਾਦ ਜਦੋਂ ਇਹ ਮਹਿਸੂਸ ਹੋਇਆ ਕਿ ਉਸ ਦਾ ਆਪਣੀਆਂ ਬਿਮਾਰੀਆਂ ਨਾਲ ਹੋਰ ਇੱਥੇ ਰਹਿਣਾ ਲਗਾਤਾਰ ਤਕਲੀਫ-ਦੇਹ ਬਣਦਾ ਜਾ ਰਿਹਾ ਹੈ, ਤਾਂ ਜਰਮਨ ਵਾਲੇ ਕੁੱਝ ਦੋਸਤਾਂ ਨੇ ਉਹਨਾਂ ਵੱਲ ਭੇਜ ਦੇਣ ਦਾ ਮਸ਼ਵਰਾ ਦਿੱਤਾ । ਦੋਸਤਾਂ ਦੀ ਰਾਏ ਮੁਤਾਬਕ ਜਰਮਨ ਭੇਜਣ ਦਾ ਇੰਤਜ਼ਾਮ ਕੀਤਾ ……। ਕਾਫੀ ਰਿਸਕੀ ਸਫਰ ਤਹਿ ਕਰ ਕੇ ਉਹ ਜਰਮਨ ਪਹੁੰਚਣ ਵਿੱਚ ਕਾਮਯਾਬ ਹੋ ਗਈ । ਜਰਮਨ ਵਿੱਚ ਪੱਨਾਹ ਦਾ ਕੇਸ ਦਰਜ ਹੋਇਆ, ਫਿਰ ਇੱਥੇ ਵੀ ਇਨਕਾਰ ਹੋਇਆ, ਪਰ ਇਲਾਜ ਮੁਲਾਹਜੇ ਪੱਖੋਂ ਜਰਮਨ ਬਹੁਤ ਵਧੀਆ ਮੁਲਕ ਸਾਬਤ ਹੋਇਆ । ਇਸ ਮੁਲਕ ਨੇ ਅੱਛੀ ਮੈਡੀਕਲ ਟਰੀਟਮੈਂਟ ਦਿੱਤੀ, ਤੇ ਅਖੀਰ ਡਾਕਟਰਾਂ ਦੀ ਹਮਾਇਤ ਨਾਲ ਹੀ ਉਹਨਾਂ ਨੂੰ ਉਥੇ ਮੈਡੀਕਲ ਗਰਾਉਂਡ ਉਤੇ ਰਹਿਣ ਦੀ ਇਜਾਜ਼ਤ ਮਿਲੀ ਤੇ ਇੱਕ ਟਰੈਵਲ ਡਾਕੂਮੈਂਟ ਵੀ ਮਿਲਿਆ । ਪੰਜ ਸਾਲ ਪਹਿਲਾਂ ਜਰਮਨ ਤੋਂ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਉਸ ਨੇ ਮੇਰੇ ਕੋਲ ਤਿੰਨ/ਚਾਰ ਚੱਕਰ ਵੀ ਲਾਏ । ਸਿੰਘਣੀ ਦੇ ਜਰਮਨ ਵਿੱਚ ਰਹਿੰਦੇ ਹੀ, ਬੇਟੀ ਬਿਕਰਮਜੀਤ ਕੌਰ ਦਾ ਯੂਕੇ ਦੇ ਸਰਦਾਰ ਮੰਗਲ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਨਾਲ ਰਿਸ਼ਤਾ ਤਹਿ ਹੋਇਆ, ਤੇ ਅਮਰੀਕਾ ਤੋਂ ਸਿੱਦੀ ਯੂਕੇ ਪਹੁੰਚੀ ।

ਨਜ਼ਦੀਕੀ ਦੋਸਤਾਂ ਸਰਦਾਰ ਕੇਸਰ ਸਿੰਘ ਮੰਡ ਅਤੇ ਮਨਮੋਹਨ ਨੇ ਰੱਲ ਮਿਲ ਕੇ ਬਿਕਰਮ ਦਾ ਆਨੰਦ ਕਾਰਜ ਕਰਵਾਇਆ ਤੇ ਹੁਣ ਉਹ ਆਪਣੇ ਪਤੀ ਅਤੇ ਦੋ ਬਚਿਆਂ ਨਾਲ ਰਾਜ਼ੀ ਖੁਸ਼ੀ ਰਹਿ ਰਹੀ ਹੈ । ਉਸ ਦੇ ਆਨੰਦ ਕਾਰਜ ਉਤੇ ਨਾ ਮੈਂ ਜਾ ਸਕਿਆ ਸਾਂ, ਤੇ ਨਾ ਉਸ ਦੀ ਮਾਂ ਨੂੰ ਇਜਾਜ਼ਤ ਮਿਲੀ ਸੀ ।

ਜਰਮਨ ਰਹਿਣ ਦੌਰਾਨ ਉਸ ਦਾ ਖਿਆਲ, ਉਸ ਦੀ ਦੇਖ ਭਾਲ ਬਹੁਤਾ ਬੇਟੀ ਜਸਪਾਲ ਕੌਰ ਨੇ ਕੀਤੀ ।

ਮੇਰੀ ਜੀਵਨ ਸਾਥਣ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਨਕਲੀ ਪਾਸਪੋਰਟਾਂ ਉਤੇ ਧੱਕੇ ਖਾਂਦੀ ਰਹੀ, ਪਰ ਕਿਤੇ ਉਸ ਦੇ ਪੈਰ ਨਾ ਲੱਗੇ, ਕਿਤੇ ਉਹ ਟਿੱਕ ਨਾ ਸਕੀ, ਤੇ ਅਖੀਰ 23 ਜਨਵਰੀ 2019 ਨੂੰ ਆਪਣੇ ਸਾਰੇ ਦੁੱਖ ਤਕਲੀਫਾਂ ਨੂੰ ਸਮੇਟ ਕੇ ਇਸ ਦੁਨੀਆਂ ਤੋਂ ਵਿਦਾ ਹੋ ਗਈ ।

ਪੰਜ ਸਾਲ ਪਹਿਲਾਂ ਜਦੋਂ ਮੇਰੀ ਸਿੰਘਣੀ ਦਾ ਅਕਾਲ ਚਲਾਣਾ ਹੋਇਆ, ਮੈਂ ਆਪਣੇ ਜਲਾਵਤਨ ਟਿਕਾਣੇ ਉਤੇ ਸਾਂ, ਤੇ ਉਸ ਦੇ ਆਖਰੀ ਸਫਰ ਦੀਆਂ ਬਸ ਤਸਵੀਰਾਂ ਹੀ ਦੇਖ ਸਕਿਆ ਸਾਂ ।

ਗਜਿੰਦਰ ਸਿੰਘ, ਦਲ ਖਾਲਸਾ ।

4.3.2024

…………

ਇਸ ਪੋਸਟ ਨਾਲ ਜੋ ਤਸਵੀਰ ਸਾਂਝੀ ਕਰ ਰਿਹਾ ਹਾਂ, ਉਹ ਮੇਰੀ ਤੇ ਸਿੰਘਣੀ ਦੀ ਸ਼ਾਇਦ 99 ਦੀ ਹੈ, ਜਦੋਂ ਉਹ ਅਮਰੀਕਾ ਤੋਂ ਡਿਪੋਰਟ ਹੋ ਕੇ ਮੇਰੇ ਕੋਲ ਆਈ ਸੀ ਤੇ ਸਾਨੂੰ ਗੁਰਦਵਾਰਾ ਪੰਜਾ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਸੀ ।

117 Views