ਭਾਈ ਤਾਰੂ ਸਿੰਘ ਜੀ ਦੇ ਵਾਰਸ ਅਨੋਖੇ ਸ਼ਹੀਦ ਭਾਈ ਸਾਹਿਬ ਅਨੋਖ ਸਿੰਘ ਜੀ ਬੱਬਰ  ਸ਼ਹਾਦਤ 30 ਅਗਸਤ 1987

ਭਾਈ ਤਾਰੂ ਸਿੰਘ ਜੀ ਦੇ ਵਾਰਸ ਅਨੋਖੇ ਸ਼ਹੀਦ ਭਾਈ ਸਾਹਿਬ ਅਨੋਖ ਸਿੰਘ ਜੀ ਬੱਬਰ  ਸ਼ਹਾਦਤ 30 ਅਗਸਤ 1987

ਗੁਰਸਿੱਖੀ ਦੀ ਮੂਰਤ ਭਾਈ ਅਨੋਖ ਸਿੰਘ ਬੱਬਰ ਦੀ ਇਹ ਤਸਵੀਰ ਪੁਰਾਤਨ ਅਤੇ ਨਵੀਨ ਇਤਿਹਾਸ ਦਾ ਬੇਮਿਸਾਲ ਜੋੜ ਕਰਦੀ ਹੈ । ਇਹ ਤਸਵੀਰ ਨਾਮਵਰ ਚਿੱਤਰਕਾਰ ਸ੍ਰ ਗੁਰਪ੍ਰੀਤ ਸਿੰਘ ਬਠਿੰਡਾ ਵੱਲੋਂ ਬਣਾਈ ਗਈ ਹੈ ।

17ਵੀ ਸਦੀ ਦੇ ਸ਼ਹੀਦਾਂ ਉੱਪਰ ਹੋਏ ਅਣਮਨੁੱਖੀ ਤਸ਼ੱਦਦ ਅਤੇ ਸਾਡੇ ਪੁਰਖਿਆਂ ਵੱਲੋਂ ਹੱਸ ਹੱਸ ਕੇ ਸ਼ਹਾਦਤਾਂ ਪਾਉਣ ਬਾਰੇ ਪੜ੍ਹਦੇ ਹੋਇਆਂ ਅਕਸਰ ਨੌਜਵਾਨ ਸਵਾਲ ਕਰਦੇ ਹਨ, ਕੀ ਇਹ ਸਭ ਸੰਭਵ ਹੈ ? ਕਿਸੇ ਦੀ ਖੋਪਰੀ ਲਾਹ ਦਿੱਤੀ ਜਾਵੇ … ਜਿਓੰਦੇ ਸਾੜ ਦਿੱਤਾ ਜਾਵੇ … ਬੰਦ ਬੰਦ ਕੱਟਿਆ ਜਾਵੇ …ਜਿਓੰਦਿਆਂ ਸਰੀਰ ਦੀ ਖੱਲ ਲਾਹ ਦਿੱਤੀ ਜਾਵੇ … ਇਤਨਾ ਦਰਦ ਕਿਵੇਂ ਸਹਿਣ ਕੀਤਾ ਜਾ ਸਕਦਾ ਹੈ ? ਜੇ ਸੰਭਵ ਹੈ ਤਾਂ ਕੀ ਅੱਜ ਵੀ ਐਸੇ ਸਿੰਘ ਹਨ ? ਤਾਂ ਇਹਨਾਂ ਸਵਾਲਾਂ ਦੇ ਜਵਾਬ ਮੌਜੂਦਾ ਸਿੱਖ ਸੰਘਰਸ਼ ਦੌਰਾਨ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਦੇ ਰਹੀਆਂ ਹਨ ।

ਇਹ ਕੋਈ ਬਹੁਤ ਪੁਰਾਣਿਆਂ ਗੱਲਾਂ ਨਹੀਂ, ਦੋ ਤਿੰਨ ਦਹਾਕੇ ਪਹਿਲਾਂ ਹੋਈਆਂ ਕੁਰਬਾਨੀਆਂ ਹਨ । ਜਦ ਭਾਈ ਦਿਆਲਾ ਜੀ ਦੇ ਵਾਰਸ ਭਾਈ ਗੁਰਦੇਵ ਸਿੰਘ ਦੇਬੂ ਨੂੰ ਜਿਓੰਦੇ ਪਾਣੀ ਵਿਚ ਉਬਾਲਿਆ ਗਿਆ । ਭਾਈ ਜੈ ਸਿੰਘ ਜੀ ਦੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਬੱਬਰ ਭਾਈ ਰਣਜੀਤ ਸਿੰਘ ਤਰਸਿੱਕਾ ਨੇ ਆਪਣੀ ਖੱਲ ਲੁਹਾ ਲਈ ਅਤੇ ਬਾਣੀ ਪੜ੍ਹਦੇ ਰਹੇ । ਇਵੇਂ ਹੀ ਭਾਈ ਤਾਰੂ ਸਿੰਘ ਜੀ ਦੇ ਵਾਰਿਸ ਭਾਈ ਅਨੋਖ ਸਿੰਘ ਬੱਬਰ ਦੀ ਖੋਪੜੀ ਲਾਹ ਦਿੱਤੀ ਗਈ ਅਤੇ ਉਹ ਅਡੋਲ ਚਿੱਤ ਸਿਮਰਨ ਕਰਦੇ ਰਹੇ ਅਤੇ ਜ਼ਖਮੀ ਹਾਲਤ ਵਿਚ ਵੀ ਸੋਦਰ ਦਾ ਨਿਤਨੇਮ ਕੀਤਾ ।
ਭਾਈ ਅਨੋਖ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੇ ਅਨੇਕਾਂ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ ਹੈ । ਅੱਜ ਵੀ ਜਦ ਭਾਈ ਸਾਹਿਬ ਦੀ ਸ਼ਹਾਦਤ ਦਾ ਸੀਨ ਅੱਖਾਂ ਸਾਹਵੇਂ ਆ ਜਾਂਦਾ ਹੈ ਤਾਂ ਗੁਰਸਿਖਾਂ ਦੀਆਂ ਰਹਿਰਾਸ ਸਾਹਿਬ ਦਾ ਪਾਠ ਕਰਨ ਵੇਲੇ ਅੱਖਾਂ ਨਮ ਹੋ ਜਾਂਦੀਆਂ ਹਨ ।
ਭਾਈ ਸਾਹਿਬ ਦੀ ਸ਼ਹਾਦਤ ਵਾਲੇ ਦਿਨ ਭਾਈ ਅਨੋਖ ਸਿੰਘ ਜੀ ਉੱਤੇ ਸਾਰਾ ਦਿਨ ਤਸ਼ੱਦਦ ਕੀਤਾ ਗਿਆ ਅੱਖਾਂ ਕੱਢ ਦਿੱਤੀਆਂ, ਘੋਟਣਾ ਫੇਰ ਫੇਰ ਕੇ ਲੱਤਾਂ ਬਾਹਵਾਂ ਰੂੰ ਵਾਂਗ ਪਿੰਝ ਦਿੱਤੀਆਂ । ਉਸ ਦਿਨ ਭਾਈ ਸਾਹਿਬ ਦੀ ਜਥੇਦਾਰ ਸੁਖਦੇਵ ਸਿੰਘ ਬੱਬਰ ਅਤੇ ਭਾਈ ਮਹਿਲ ਸਿੰਘ ਬੱਬਰ ਹੁਣਾ ਨਾਲ ਮੁਲਾਕਾਤ ਤੈਅ ਸੀ ਅਤੇ ਉਹ ਮਿੱਥੇ ਸਮੇਂ ਤੇ ਪਹੁੰਚੇ ਹੋਏ ਸਨ ਪਰ ਲੱਖ ਕੋਸ਼ਿਸ਼ ਅਤੇ ਅਣਮਨੁੱਖੀ ਤਸ਼ੱਦਦ ਕਰਕੇ ਵੀ ਪੁਲਿਸ ਭਾਈ ਸਾਹਿਬ ਤੋਂ ਉਸ ਘਰ ਦਾ ਪਤਾ ਨਾ ਪੁੱਛ ਸਕੀ । ਅਖੀਰ ਭਾਈ ਸਾਹਿਬ ਦੀ ਖੋਪਰੀ ਵੀ ਚਾਕ ਕਰ ਦਿੱਤੀ ਗਈ ।
ਤਸ਼ੱਦਦ ਦਾ ਦੌਰ ਚਲਦੇ ਚਲਦੇ ਆਖਿਰ ਦਿਨ ਤੋਂ ਸ਼ਾਮ ਢਲ ਗਈ … ਭਾਈ ਅਨੋਖ ਸਿੰਘ ਜੀ ਦੇ ਸਰੀਰ ਦਾ ਅੰਗ ਅੰਗ ਟੁੱਟ ਗਿਆ … ਪੁਲਿਸ ਵਾਲੇ ਥੱਕ ਗਏ .. ਜਾਲਮਾਂ ਦਾ ਜਬਰ ਮੁੱਕ ਗਿਆ ਪਰ ਸੂਰਮੇ ਦਲੇਰ ਦਾ ਸਬਰ ਨਾ ਤੋੜਿਆ ਜਾ ਸਕਿਆ । ਪੁਲਿਸ ਨੇ ਹਰ ਹਥਕੰਡਾ ਵਰਤਿਆ ਸੀ ਪਰ ਭਾਈ ਸਾਹਿਬ ਨਾਮ ਰੂਪੀ ਖੰਡਾ “ਵਾਹਿਗੁਰੂ…ਵਾਹਿਗੁਰੂ …ਵਾਹਿਗੁਰੂ” ਉਚੀ ਉਚੀ ਖੜਕਾਉਂਦੇ ਰਹੇ ।

ਅਖੀਰ ਜਦ ਭਾਈ ਸਾਹਿਬ ਦੇ ਸਰੀਰ ਨੂੰ ਨਿਢਾਲ ਸੁੱਟ ਕੇ ਪੁਲਿਸ ਅਫਸਰ ਪਾਸੇ ਹੋਏ ਤਾਂ ਅੱਖਾਂ ਕੱਢੀਆਂ ਹੋਣ ਕਰਕੇ ਭਾਈ ਸਾਹਿਬ ਨੇ ਪੈਰਾਂ ਦੀ ਬਿੜਕ ਸੁਣਕੇ ਸੰਤਰੀ ਤੋਂ ਸਮਾਂ ਪੁੱਛਿਆ । ਰਹਿਰਾਸ ਸਾਹਿਬ ਦਾ ਸਮਾਂ ਜਾਣਕੇ ਉਹਨਾਂ ਨੇ ਸਿਪਾਹੀ ਨੂੰ ਕਿਹਾ ਕਿ ਮੈਨੂੰ ਕੰਧ ਨਾਲ ਢਾਸਣਾ ਲਗਾ ਕੇ ਬਿਠਾ ਦੇ ਕਿਓਂਕਿ ਓਹਨਾਂ ਦੇ ਲੱਕ ਦੀ ਹੱਡੀ ਵੀ ਟੁੱਟ ਚੁੱਕੀ ਸੀ ।

ਹੈਰਾਨੀ ਦੀ ਗੱਲ ਹੈ ਕਿ ਥੋੜ੍ਹਾ ਬਹੁਤ ਵੀ ਸਰੀਰ ਢਿੱਲਾ ਹੋਣ ਤੇ ਕੁਝ ਸੱਜਣ ਨਿਤਨੇਮ ਤੋਂ ਘੇਸ ਮਾਰ ਜਾਂਦੇ ਹਨ ਪਰ ਕਦੇ ਸੋਚਕੇ ਵੇਖੀਏ ਕਿ ਭਾਈ ਅਨੋਖ ਸਿੰਘ ਜੀ ਦੇ ਸਰੀਰ ਦਾ ਇੱਕ ਇੱਕ ਅੰਗ ਟੁੱਟਿਆ ਹੈ, ਅੱਖਾਂ ਨਿਕਲੀਆਂ ਹਨ, ਰੀੜ ਦੀ ਹੱਡੀ ਟੁੱਟ ਚੁੱਕੀ ਹੈ, ਕੰਧ ਦੇ ਸਹਾਰੇ ਬੈਠੇ ਹਨ, ਖੋਪਰੀ ਅੱਗੋਂ ਲਥੀ ਹੈ, ਕੰਧ ਨਾਲ ਕੇਸ ਚਿਪਕੇ ਹਨ, ਸਿਰ ਵਿਚੋਂ ਖੂਨ ਚੋ ਚੋਕੇ ਦਾਹੜਾ ਲਹੂ ਰੰਗਾ ਹੋ ਗਿਆ ਹੈ ਅਤੇ ਅਜਿਹੇ ਹਾਲਾਤ ਵਿਚ ਵੀ ਓਹਨਾਂ ਨੇ ਰਹਿਰਾਸ ਸਾਹਿਬ ਦੇ ਪਾਠ ਦਾ ਸਮਾਂ ਨਹੀਂ ਖੁੰਝਣ ਦਿੱਤਾ ।
ਇਤਨੀ ਦ੍ਰਿੜਤਾ !
ਇਤਨਾ ਗੁਰਸਿੱਖੀ ਪ੍ਰੇਮ !
ਇਤਨੀ ਨਿਤਨੇਮ ਦੀ ਮਰਿਆਦਾ !
ਇਹ ਹੈ ਸਤਿਗੁਰਾਂ ਦੇ ਸਿੱਖੀ ਹੁਕਮਾਂ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਣਾ ।
ਉਹ ਕੈਸਾ ਦ੍ਰਿਸ਼ ਹੋਵੇਗਾ ਜਦ ਭਾਈ ਅਨੋਖ ਸਿੰਘ ਜੀ ਨੇ ਲਹੂ ਵਿੱਚ ਭਿੱਜੇ ਸਰੀਰ ਦੀ ਪਰਵਾਹ ਨਾ ਕਰਦੇ ਹੋਏ ਪ੍ਰੇਮ ਵਿਚ ਭਿੱਜ ਕੇ ਇਹ ਪਾਠ ਅਰੰਭ ਕੀਤਾ ਹੋਵੇਗਾ –
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ……
……..
ਕਿਸ ਵਜ਼ਦ ਵਿਚ ਆਣ ਸਰੀਰਕ ਦੁਖ ਭੁਲਾ ਕੇ ਦਸ਼ਮੇਸ਼ ਪਿਤਾ ਦੀ ਗੋਦ ਦਾ ਸੁੱਖ ਮਾਣਦੇ ਹੋਏ ਇਹ ਆਖਰੀ ਤੁਕਾਂ ਪੜੀਆਂ ਹੋਣਗੀਆਂ ।
ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ।।

ਭਾਈ ਸਾਹਿਬ ਦਾ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਂਦੀ ਇਹ ਤਸਵੀਰ ਆਉਣ ਵਾਲੀਆਂ ਪੀੜੀਆਂ ਨੂੰ ਖੰਡੇ ਦੀ ਧਾਰ ਤੇ ਚੱਲਣ ਲਈ ਪ੍ਰੇਰਿਤ ਕਰਦੀ ਰਹੇਗੀ ।
ਦਾਸਰਾ – ਮੋਹਨ ਸਿੰਘ ਦਾਸੂਵਾਲ

265 Views