ਵਰਲਡ ਸਿੱਖ ਪਾਰਲੀਮੈਂਟ ਵੱਲੋਂ ਚੌਥੇ ਗਲੋਬਲ ਸੈਸ਼ਨ ਵਿੱਚ, ਕੌਮ ਨੂੰ ਦਰਪੇਸ਼ ਚੁਣੌਤੀਆਂ ਅਤੇ ਅਗਲੇਰੀ ਰਣਨੀਤੀ ਸੰਬੰਧੀ ਹੋਈਆਂ ਖੁੱਲ ਕੇ ਵਿਚਾਰਾਂ।
ਨਿਊਯਾਰਕ, 9 ਅਕਤੂਬਰ, 2023
ਵਰਲਡ ਸਿੱਖ ਪਾਰਲੀਮੈਂਟ ਦਾ ਚੌਥਾ ਦੋ ਦਿਨਾਂ ਜਰਨਲ ਇਜਲਾਸ ਨਿਊਯਾਰਕ, USA ਵਿੱਚ ਹੋਇਆ।
ਦੁਨੀਆ ਭਰ ਤੋਂ ਮੈਂਬਰ ਇਸ ਇਜਲਾਸ ਵਿੱਚ ਸ਼ਾਮਲ ਹੋਏ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ ਹਿੰਮਤ ਸਿੰਘ ਨੇ ਇਸ ਮੌਕੇ ਕਿਹਾ ਕਿ, “ਵਰਲਡ ਸਿੱਖ ਪਾਰਲੀਮੈਂਟ ਨੇ 29 ਅਪ੍ਰੈਲ ਨੂੰ ਸਿੱਖ ਅਜ਼ਾਦੀ ਦੇ ਐਲਾਨਨਾਮੇ ਦਿਹਾੜੇ ਵਜੋਂ ਮਾਨਤਾ ਦੇਣ ਵਾਲੇ, ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਤਾ ਪਾਸ ਕਰਕੇ, 2015 ਵਿੱਚ ਹੋਏ ਸਰਬੱਤ ਖਾਲਸਾ ਦੇ ਗੁਰਮਤੇ ਨੂੰ ਹੋਰ ਫਿਰ ਤੋਂ ਮਜ਼ਬੂਤੀ ਨਾਲ ਦ੍ਰਿੜ ਕਰਵਾਇਆ ਹੈ। ਵਰਲਡ ਸਿੱਖ ਪਾਰਲੀਮੈਂਟ-ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਸੰਯੁਕਤ ਰਾਸ਼ਟਰ ਦੇ ਚਾਰਟਰ ਅਧੀਨ, ਸਿੱਖ ਪ੍ਰਭੂਸੱਤਾ ਲਈ ਸਵੈ-ਨਿਰਣੇ ਦੇ ਹੱਕ ਰਾਹੀਂ ਅਜ਼ਾਦ ਦੇਸ਼
ਖਾਲਿਸਤਾਨ ਦੀ ਸਥਾਪਤੀ ਤੱਕ ਮਜ਼ਬੂਤੀ ਨਾਲ ਪਹਿਰਾ ਦੇਣ ਲਈ ਵਚਨਬੱਧ ਹੈ ।
ਵਰਲਡ ਸਿੱਖ ਪਾਰਲੀਮੈਂਟ, ਜਿਸ ਵਿੱਚ ਵੱਖ-ਵੱਖ ਕੌਂਸਲਾਂ ਅਤੇ ਜਨਰਲ ਬਾਡੀ ਸ਼ਾਮਲ ਹਨ, ਨੇ ਆਪਣੀ ਚੌਥੀ ਜਨਰਲ ਇਜਲਾਸ ਦੀ ਮੀਟਿੰਗ 7 ਅਤੇ 8 ਅਕਤੂਬਰ, 2023 ਨੂੰ ਨਿਊਯਾਰਕ ਸਿਟੀ ਵਿੱਚ ਬੁਲਾਈ। ਇਸ ਸੈਸ਼ਨ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਵਿਚਾਰਾਂ ਤੋ ਬਾਅਦ ਮਤੇ ਪਾਸ ਕੀਤੇ ਗਏ।
ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ.ਅਮਰਜੀਤ ਸਿੰਘ ਨੇ ਕਿਹਾ, “ਭਾਰਤ ਨੂੰ ਹੋਰਨਾ ਦੇਸ਼ਾਂ ਵਿੱਚ ਅੰਤਰ-ਰਾਸ਼ਟਰੀ ਅੱਤਵਾਦ ਅਤੇ ਜਬਰ ਦੀਆਂ ਗਤੀਵਿਧੀਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਜਿੱਥੇ ਜਿੱਥੇ ਵੀ ਸਿੱਖ ਕੌਮ ਦੇ ਸਵੈ-ਨਿਰਣੇ ਲਈ ਕੰਮ ਕਰਨ ਵਾਲੇ ਸਿੱਖ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਯੂ.ਕੇ. ਵਿੱਚ ਭਾਈ ਅਵਤਾਰ ਸਿੰਘ ਖੰਡਾ ਅਤੇ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਸੰਬੰਧੀ ਪੂਰੀ ਜਾਂਚ ਹੋਣੀ ਚਾਹੀਦੀ ਹੈ।ਨਾਟੋ ਦੇਸ਼ਾਂ ਨੂੰ ਇਹਨਾਂ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ।ਭਾਰਤ ਵੱਲੋਂ ਨਾਟੋ ਦੇਸ਼ ਦੇ ਨਾਗਰਿਕ ਉੱਤੇ ਹਮਲਾ ਕਰਨਾ ਨਾਟੋ ਤੇ ਹਮਲਾ ਕਰ ਦੇਣ ਦੇ ਬਰਾਬਰ ਹੈ। ਭਾਰਤ ਨੂੰ ਇਸ ਦੇ ਸਿੱਟੇ ਭੁਗਤਾਉਣ ਲਈ ਇੰਨਾਂ ਦੇਸ਼ਾਂ ਨੂੰ ਹੁਣ ਪੇਸ਼ਕਦਮੀ ਕਰਨੀ ਚਾਹੀਦੀ ਹੈ।”
ਸੰਯੁਕਤ ਰਾਸ਼ਟਰ (ਯੂ.ਐਨ.) ਦੀ ਕੌਂਸਲ ਦੇ ਮੁਖੀ ਭਾਈ ਸਵਰਨਜੀਤ ਸਿੰਘ ਨੇ ਕਿਹਾ, “ਅਸੀਂ ਸੰਯੁਕਤ ਰਾਸ਼ਟਰ, ਇਸ ਦੀਆਂ ਸੰਸਥਾਵਾਂ, ਅੰਤਰਰਾਸ਼ਟਰੀ ਸੰਸਥਾਵਾਂ, ਚੁਣੇ ਹੋਏ ਅਧਿਕਾਰੀਆਂ ਅਤੇ ਕਾਨੂੰਨ ਘਾੜਿਆਂ ਨਾਲ ਉਨ੍ਹਾਂ ਦੇਸ਼ਾਂ ਵਿੱਚ ਸਵੈ-ਨਿਰਣੇ ਤੇ ਪ੍ਰਭੂਸੱਤਾ ਦੇ ਹੱਕਾਂ ਦੀ ਗੱਲ ਦੀ ਅਜ਼ਾਦੀ ਪ੍ਰਤੀ ਭਾਰਤ ਵੱਲੋਂ ਹੋ ਰਹੇ ਹਮਲਿਆਂ ਅਤੇ ਉਲੰਘਣਾਵਾਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਕਰਾਂਗੇ।”
ਵਰਲਡ ਸਿੱਖ ਪਾਰਲੀਮੈਂਟ ਯੂਕਰੇਨ, ਕਸ਼ਮੀਰ ਅਤੇ ਨਾਗਾਲੈਂਡ ਦੇ ਲੋਕਾਂ ਦੇ ਪ੍ਰਭੂਸੱਤਾ ਦੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਵੀ ਮਾਨਤਾ ਦਿੰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਇੱਕ ਮਤੇ ਵਿੱਚ ਭਾਰਤ ਵਿੱਚ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ, ਜਿਸ ਵਿੱਚ ਇਹ ਮੰਨਿਆ ਗਿਆ ਕਿ ਇਹ ਵਿਅਕਤੀ ਆਪਣੇ ਰਾਜਨੀਤਿਕ ਅਤੇ ਧਾਰਮਿਕ ਹੱਕਾਂ ਲਈ ਲੜਦੇ ਰਹੇ ਹਨ ਅਤੇ ਕਈਆਂ ਨੇ ਜੇਲ੍ਹਾਂ ਵਿੱਚ ਬੰਦ ਹੋ ਕੇ ਆਪਣੀਆਂ ਕੈਦਾਂ ਤੋਂ ਵੱਧ ਪੂਰੀਆਂ ਕਰ ਲਈਆਂ ਹਨ। 1984 ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਦੀ ਸਥਾਪਨਾ ਕਰਨ ਦੀ ਵੀ ਗੱਲ ਕੀਤੀ ਗਈ ਹੈ।
ਵਰਲਡ ਸਿੱਖ ਪਾਰਲੀਮੈਂਟ ਦੁਨੀਆਂ ਭਰ ਦੇ ਸਿੱਖਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੀ ਹੈ ਜੋ ਸਵੈ-ਨਿਰਣੇ ਦੇ ਕੌਮੀ ਅਧਿਕਾਰ ਦੀ ਵਕਾਲਤ ਕਰਦੇ ਹਨ ਅਤੇ ਪੰਜਾਬ ਵਿੱਚ ਸਪੱਸ਼ਟ ਤੌਰ ‘ਤੇ ਖਾਲਿਸਤਾਨ ਦੀ ਇੱਕ ਪ੍ਰਭੂਸੱਤਾ ਸੰਪੰਨ ਸੁਤੰਤਰ ਰਾਜ ਦੀ ਸਿਰਜਣਾ ਕਰਨ ਦੇ ਹਾਮੀ ਹਨ। 1986 ਅਤੇ ਫੇਰ 2015 ਦੇ ਸਰਬੱਤ ਖਾਲਸਾ ਇਕੱਠਾਂ ਦੁਆਰਾ ਖਾਲਿਸਤਾਨ ਦੀ ਪ੍ਰਾਪਤੀ ਲਈ ਗੁਰਮਤੇ ਕੀਤੇ ਗਏ ਸਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਧੀਨ ਹੁਣ ਸ਼ਾਂਤਮਈ ਢੰਗ ਰਾਹੀ ਭਾਰਤ-ਸਿੱਖ ਟਕਰਾਅ ਨੂੰ ਹੱਲ ਕਰਨ ਲਈ ਸ੍ਵੈ ਨਿਰਣੇ ਦਾ ਢੰਗ ਹੀ ਇੱਕੋ ਇੱਕ ਸਹੀ ਸਾਧਨ ਵਜੋਂ ਦੇਖਿਆ ਜਾ ਸਕਦਾ ਹੈ।
ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਹਕੀਕਤ ਨੂੰ ਪਛਾਣਨ ਅਤੇ ਸਿੱਖਾਂ ਦੇ ਸਵੈ ਨਿਰਣੇ ਸਬੰਧੀ ਇਸ ਹੱਕੀ, ਕਾਨੂੰਨੀ ਅਤੇ ਅਤਿ ਲੋੜੀਂਦੇ ਯਤਨਾਂ ਦਾ ਸਮਰਥਨ ਕਰਨ। ਸਿੱਖ ਕੌਮ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਜਿਨ੍ਹਾਂ ਨੇ ਇਸ ਉਦੇਸ਼ ਤੇ ਅਜ਼ਾਦ ਸਿੱਖ ਰਾਜ ਦੀ ਪ੍ਰਾਪਤੀ ਲਈ ਕੁਰਬਾਨੀਆਂ ਦਿੱਤੀਆਂ ਅਤੇ ਆਪਣੇ ਪ੍ਰਭੂਸੱਤਾ ਸੰਪੰਨ ਰਾਜ ਦੀ ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਪ੍ਰਣ ਕੀਤਾ ਹੋਇਆ ਹੈ।
ਹੋਰ ਮਤਿਆਂ ਵਿੱਚ ਡਾਇਸਪੋਰਾ ਸਿੱਖਾਂ ਨੂੰ ਆਪਣੇ ਪਿੰਡਾਂ ਨੂੰ ਸੁਰੱਖਿਅਤ ਰੱਖਣ ਅਤੇ ਵਿਦਿਅਕ ਸੰਸਥਾਵਾਂ ਦੇ ਵਿਕਾਸ ਲਈ ਪ੍ਰੋਜੈਕਟਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਭੁੱਲੇ ਵਿਸਰੇ ਹੋਏ ਸਿਕਲੀਘਰ ਅਤੇ ਵਣਜਾਰਾ ਸਿੱਖ ਭਾਈਚਾਰਿਆਂ ਨੂੰ ਗਲਵੱਕੜੀ ਵਿਚ ਲੈ ਕੇ ਉਨ੍ਹਾਂ ਨੂੰ ਆਪਣੀਆਂ ਮਾਨਵਤਾਵਾਦੀ ਲੋੜਾਂ ਦੇ ਹੱਲ ਲੱਭਣ ਲਈ ਉਤਸ਼ਾਹ ਪੂਰਵਕ ਯਤਨ ਕਰਨ ਲਈ ਕਿਹਾ ਗਿਆ ਹੈ।
ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਦੇ ਸਿੱਖਾਂ ਦੇ ਹੱਕਾਂ ਅਤੇ ਇੱਛਾਵਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਵਰਲਡ ਸਿੱਖ ਪਾਰਲੀਮੈਂਟ ਦੁਆਰਾ ਕੀਤੇ ਗਏ ਕੰਮ ਤੇ ਭਵਿੱਖ ਦੀ ਵਿਉਤਬੰਦੀ ਲਈ ਪਾਸ ਕੀਤੇ ਗਏ ਇਹ ਮਤੇ ਕੌਮ ਲਈ ਨਿਆਂ ਪ੍ਰਾਪਤੀ, ਸਵੈ-ਨਿਰਣੇ ਦੇ ਹੱਕ ਲਈ ਸੰਘਰਸ਼ ਅਤੇ ਸਿੱਖ ਵਿਰਾਸਤ ਦੀ ਸੰਭਾਲ ਪ੍ਰਤੀ ਸਮਰਪਣ ਨੂੰ ਦਰਸਾਉਂਦੇ ਹਨ।