ਚੰਡੀਗੜ੍ਹ 18 ਅਕਤੂਬਰ (ਸਾਹਿਬ ਦੀਪ ਸਿੰਘ ਸੈਦਪੁਰ) : ਗੁਰਦੁਆਰਾ ਸਿੰਘ ਸਭਾ ਦਸੂਹਾ ਦੇ ਪ੍ਰਬੰਧਕਾਂ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਤੇ ਦੋਸ਼ ਲਗਾਏ ਹਨ ਕਿ ਉਹ ਗੁਰਦੁਆਰਾ ਸਾਹਿਬ ਉੱਤੇ ਆਪਣੇ ਚਹੇਤਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੇ ਹਨ।
ਗੁਰਦੁਆਰਾ ਸਿੰਘ ਦਸੂਹਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ ਅਤੇ ਹੋਰਨਾਂ ਅਹੁਦੇਦਾਰਾਂ ਨੇ ਦੱਸਿਆ ਕਿ ਬਾਦਲ ਦਲ ਨਾਲ ਸੰਬੰਧਿਤ ਕੁਝ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤੋਂ ਵਿੱਚ ਲਿਆਕੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਕਾਰਨ ਗੁਰਦੁਆਰਾ ਸਾਹਿਬ ਦੇ ਤਿੰਨ ਅਹੁਦੇਦਾਰਾਂ ਨੂੰ ਗਲਤ ਢੰਗ ਨਾਲ ਤਨਖਾਈਆ ਕਰਾਰ ਦੇ ਗੁਰੂਘਰ ਦੇ ਪ੍ਰਬੰਧ ਕਰਨ ਦੇ ਅਯੋਗ ਠਹਿਰਾ ਦਿੱਤਾ ਹੈ। ਸਚਾਈ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੱਖ ਸੁਣਨ ਵਾਸਤੇ ਉਨਾਂ ਨੂੰ ਇੱਕ ਵਾਰ ਵੀ ਬੁਲਾਇਆ ਨਹੀਂ ਗਿਆ ਜਦਕਿ ਐਸਜੀਪੀਸੀ ਦੀ ਤਰਫੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਅਤੇ ਉਹਨਾਂ ਆਪਣਾ ਪੱਖ ਰੱਖਿਆ ਸੀ ਕਿ ਉਹ ਅਕਾਲ ਤਖਤ ਸਾਹਿਬ ਨੂੰ ਹੀ ਜਵਾਬ ਦੇਹ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨਾਂ ਦੀ ਜਵਾਬਤਲਬੀ ਨਹੀਂ ਕਰ ਸਕਦੀ। ਇਹਨਾਂ ਅਹੁਦੇਦਾਰਾਂ ਨੇ ਕਿਹਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਕੇ ਆਪਣਾ ਪੱਖ ਰੱਖਣਾ ਚਾਹੁੰਦੇ ਹਨ। ਜੇਕਰ ਜਥੇਦਾਰ ਸਾਹਿਬ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹ ਪੰਥਕ ਧਿਰਾਂ ਨੂੰ ਨਾਲ ਲੈਕੇ ਅਗਲਾ ਉਲੀਕਣਗੇ।