ਲੋਕ ਸਭਾ ਚੋਣਾਂ ‘ਚ ਜਿੱਤਣ ਦੇ ਲਾਲਚ ‘ਚ ਬਾਦਲ ਦਲ ਨੂੰ ਛੱਡਣ ਵਾਲੇ ਆਗੂ ਸਵਾਰਥਾਂ ਹਿੱਤ ਪੁੱਤਰਾਂ ਨੂੰ ਜਿਤਾਉਣ ਲਈ ਮੁੜ ਹੋ ਰਹੇ ਸ਼ਾਮਿਲ..

…ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਦੀ ਪ੍ਰਧਾਨਗੀ ਨਾ ਕਬੂਲਿਆਂ ਅਹੁਦਿਆਂ ਤੋਂ ਦਿੱਤਾ ਸੀ ਅਸਤੀਫ਼ਾ…

…ਬਾਦਲ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬੀਬੀ ਜਗੀਰ ਕੌਰ ਨੂੰ ਪਾਰਟੀ ‘ਚੋਂ ਬਾਹਰ ਕੱਢਿਆ ਸੀ ਬਾਹਰ…

ਚੰਡੀਗੜ੍ਹ  (ਮੰਗਤ ਸਿੰਘ ਸੈਦਪੁਰ) : ਪੰਜਾਬ ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸੀ ਪਾਰਟੀਆਂ ਵੱਲੋਂ ਉਹੀ ਆਪਣਾ ਪੁਰਾਣਾ ਅਤੇ ਰਵਾਇਤੀ ਸੁਭਾਅ ਅਨੁਸਾਰ ਗਠਜੋੜ ਕਰਨ ਦੀਆਂ ਕਾਰਵਾਈਆਂ ਆਰੰਭੀਆਂ ਹੋਈਆਂ ਹਨ ਅਤੇ ਰੁੱਸੇ ਹੋਏ ਸਿਆਸੀ ਅਤੇ ਸਵਾਰਥੀ ਲੀਡਰਾਂ ਨੂੰ ਮੁੜ ਆਪਣੇ ਸਿਆਸੀ ਰਾਜਨੀਤਿਕ ਪਾਰਟੀਆਂ ਵਿੱਚ ਸ਼ਾਮਿਲ ਕਰਨ ਲਈ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਸਾਹਮਣੇ ਆ ਰਹੀਆਂ ਹਨ। ਇਸੇ ਸੰਬੰਧ ਵਿੱਚ ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਆਗੂਆਂ ਦੀ ‘ਘਰ ਵਾਪਸੀ’ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪਹਿਲਾਂ ਦਿੱਲੀ ਦੇ ਸਿੱਖ ਆਗੂ ਮਨਜੀਤ ਸਿੰਘ ਜੀਕੇ, ਫਿਰ ਸੁਖਦੇਵ ਸਿੰਘ ਢੀਂਡਸਾ ਅਤੇ ਹੁਣ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਕੀਤਾ ਹੈ।ਇਹ ਆਗੂ ਕੁਝ ਅਰਸਾ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਕਈ ਤਰ੍ਹਾਂ ਦੀ ਇਲਜ਼ਾਮ-ਤਰਾਸ਼ੀ ਕਰਨ ਤੋਂ ਬਾਅਦ ਪਾਰਟੀ ਤੋਂ ਬਾਹਰ ਚਲੇ ਗਏ ਸਨ। ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਕਥਿਤ ਤੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ। ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਇਸ ਹਾਰ ਤੋਂ ਬਾਅਦ ਹੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਜਾਣ ਲੱਗੀ ਸੀ। ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੁਖਦੇਵ ਸਿੰਘ ਢੀਂਡਸਾ ਨੂੰ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਤੋਂ ਸੀਨੀਅਰ ਆਗੂ ਮੰਨਿਆ ਜਾਂਦਾ ਰਿਹਾ ਹੈ। ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਿਹਾ ਸੀ, ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ।ਪਰਮਿੰਦਰ ਸਿੰਘ ਢੀਂਡਸਾ ਅਕਾਲੀ-ਭਾਜਪਾ ਗਠਜੋੜ ਦੀ ਹਕੂਮਤ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਹਨ। ਢੀਂਡਸਾ ਪਰਿਵਾਰ ਦਾ ਜਨ-ਆਧਾਰ ਜ਼ਿਲਾ ਸੰਗਰੂਰ ਅਤੇ ਜ਼ਿਲਾ ਬਰਨਾਲਾ ਵਿੱਚ ਮੰਨਿਆ ਜਾਂਦਾ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਹਮਾਇਤੀਆਂ ਨਾਲ ਮਿਲ ਕੇ ਇੱਕ ਵੱਖਰੇ ਅਕਾਲੀ ਦਲ ਦਾ ਗਠਨ ਕਰ ਦਿੱਤਾ ਗਿਆ ਸੀ। ਸੁਖਦੇਵ ਸਿੰਘ ਢੀਂਡਸਾ ਸਾਲ 2000 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੈਬਿਨਟ ਮੰਤਰੀ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਸਿਆਸੀ ਝਟਕਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੱਗਿਆ ਸੀ, ਜਦੋਂ ਅਕਾਲੀ ਦਲ ਨੂੰ ਦੋ ਅਤੇ ਉਸ ਦੀ ਸਹਿਯੋਗੀ ਬਹੁਜਨ ਸਮਾਜ ਪਾਰਟੀ ਨੂੰ ਸਿਰਫ਼ ਇੱਕ ਸੀਟ ਮਿਲੀ ਸੀ। ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਹ ਸਭ ਤੋਂ ਵੱਡੀ ਸਿਆਸੀ ਹਾਰ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਢੀਂਡਸਾ ਪਰਿਵਾਰ ਦੇ ਗੜ੍ਹ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਆਪਣੇ ਤੌਰ ‘ਤੇ ਲੜੀ ਸੀ ਤਾਂ ਅਕਾਲੀ ਦਲ ਪੰਜਵੇਂ ਸਥਾਨ ਉੱਪਰ ਰਿਹਾ ਸੀ। ਹੁਣ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਰਲੇਵਾਂ ਕਰ ਲਿਆ ਹੈ। ਢੀਂਡਸਾ ਦੀ ਘਰ ਵਾਪਸੀ ਤੋਂ ਬਾਅਦ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲਣ ਲੱਗੀ ਹੈ। 18 ਦਸੰਬਰ 2019 ਨੂੰ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਵਿਖੇ ਆਪਣੇ ਘਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, “ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਅਕਾਲੀ ਲੀਡਰਸ਼ਿਪ ਨਾਲ ਕੋਈ ਰਾਬਤਾ ਨਹੀਂ ਰੱਖਿਆ ਜਾ ਰਿਹਾ, ਜਿਸ ਦਾ ਨੁਕਸਾਨ ਪਾਰਟੀ ਨੂੰ ਪਹੁੰਚਿਆ ਹੈ”। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਸੀ, “ਬੇਅਦਬੀ ਦੇ ਮਾਮਲਿਆਂ ਵਿੱਚ ਵੀ ਅਕਾਲੀ ਸਰਕਾਰ ਸਮੇਂ ਕੋਈ ਠੋਸ ਕਾਰਵਾਈ ਨਹੀਂ ਹੋਈ ਸੀ। ਸਾਲ 2015 ਵਿੱਚ ਜ਼ਿਲਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਸਫਾਂ ਵਿੱਚ ਕਾਫੀ ਨਮੋਸ਼ੀ ਝੱਲਣੀ ਪਈ ਸੀ। ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪੇਂਡੂ ਖੇਤਰ ਦੇ ਲੋਕ ਵੀ ਅਕਾਲੀ ਦਲ ਨਾਲ ਨਾਰਾਜ਼ ਹੋ ਗਏ ਸਨ। ਇਸ ਸਥਿਤੀ ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਰਾਣੇ ਅਕਾਲੀ ਆਗੂਆਂ ਦੇ ਘਰਾਂ ਵਿੱਚ ਜਾ ਕੇ ਉਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਇਸੇ ਤਰ੍ਹਾਂ ਪਿਛਲੇ ਕਿਸਾਨ ਸੰਘਰਸ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਖਤਮ ਕਰ ਦਿੱਤੀ ਗਈ ਸੀ। ਇਸ ਘਟਨਾਕ੍ਰਮ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਸ਼ਹਿਰਾਂ ਵਿੱਚ ਵੀ ਢਿੱਲੀ ਪੈ ਗਈ ਸੀ।ਇਸ ਤੋਂ ਇਲਾਵਾ ਉਸ ਵੇਲੇ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਚੁਣਨ ਦੇ ਤਰੀਕੇ ਉੱਪਰ ਵੀ ਸਵਾਲ ਚੁੱਕੇ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਮੁੜ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਇੱਕੋ ਹੀ ਕਥਨ ਹੈ ਕਿ ਪੰਥਕ ਏਕਤਾ ਸਮੇਂ ਦੀ ਜ਼ਰੂਰਤ ਹੈ। ਰਵਿੰਦਰ ਸਿੰਘ ਰਵੀ ਗਰੇਵਾਲ ਸੀਨੀਅਰ ਵਕੀਲ ਹਨ ਅਤੇ ਚਲੰਤ ਸਿਆਸੀ ਮਾਮਲਿਆਂ ਦੇ ਮਾਹਰ ਹਨ। ਅਕਾਲੀ ਆਗੂਆਂ ਦੀ ‘ਘਰ ਵਾਪਸੀ’ ਦੇ ਸਵਾਲ ਉੱਪਰ ਉਹ ਕਹਿੰਦੇ ਹਨ, “ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣ ਵਾਲੇ ਆਗੂ ਅਸਲ ਵਿੱਚ ਪੰਥਕ ਚਿਹਰੇ ਵਜੋਂ ਜਾਣੇ ਜਾਂਦੇ ਹਨ। ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਅਤੇ ਮਨਜੀਤ ਸਿੰਘ ਜੀਕੇ ਦਾ ਨਾਂ ਅਜਿਹੇ ਆਗੂਆਂ ਵਿੱਚ ਸ਼ੁਮਾਰ ਹੈ”। ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਕੁਝ ਪੰਥਕ ਆਗੂਆਂ ਨੇ ਭਾਵੇਂ ਆਪਣੇ ਦਲ ਬਣਾਏ ਪਰ ਆਮ ਲੋਕਾਂ ਦੀ ਕਚਹਿਰੀ ਵਿੱਚ ਉਨਾਂ ਦੇ ਦਲਾਂ ਨੂੰ ਕੋਈ ਵੱਡਾ ਸਿਆਸੀ ਹੁੰਗਾਰਾ ਨਹੀਂ ਮਿਲਿਆ ਸੀ”। ਅਜਿਹੇ ਵਿੱਚ ਇਹਨਾਂ ਆਗੂਆਂ ਕੋਲ ਕਿਸੇ ਹੋਰ ਦਲ ਵਿੱਚ ਸ਼ਾਮਲ ਹੋਣ ਦੀ ਗੁੰਜਾਇਸ਼ ਨਹੀਂ ਰਹੀ ਸੀ। ਸੁਖਦੇਵ ਸਿੰਘ ਢੀਂਡਸਾ ਅਤੇ ਮਨਜੀਤ ਸਿੰਘ ਜੀਕੇ ਆਪਣੇ ਦਲਾਂ ਨੂੰ ਭੰਗ ਕਰਕੇ ਨਾ ਤਾਂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਸਨ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਵਿੱਚ।”ਸਿਆਸੀ ਮਾਹਰ ਮੰਨਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਬੀਬੀ ਜਗੀਰ ਕੌਰ ਦਾ ਮਾਮਲਾ ਸੁਖਦੇਵ ਸਿੰਘ ਢੀਂਡਸਾ ਤੇ ਹੋਰਨਾਂ ਆਗੂਆਂ ਤੋਂ ਵੱਖਰੇ ਹਨ। ਜਗੀਰ ਕੌਰ ਪਾਰਟੀ ਛੱਡਣ ਵਾਲਿਆਂ ਵਿੱਚੋਂ ਨਹੀਂ ਹਨ ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਉਹਨਾਂ ਨੂੰ ਸਾਲ 2022 ਵਿੱਚ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਨਵੰਬਰ 2022 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਐਨ ਪਹਿਲਾਂ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕੀਤਾ ਸੀ। ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜਗੀਰ ਕੌਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨਹੀਂ ਲੜਨਗੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਕਾਲੀ ਦਲ ਨੇ ਜਗੀਰ ਕੌਰ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਦਿਆਂ ਉਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਜਗੀਰ ਕੌਰ ਨੇ ਕਿਹਾ ਸੀ, “ਪੰਜਾਬ ਦੇ ਲੋਕਾਂ ਨੇ ਜਿਨਾਂ ਨੂੰ ਪਹਿਲਾਂ ਹੀ ਬਾਹਰ ਕੀਤਾ ਹੋਇਆ ਹੈ ਉਹ ਮੈਨੂੰ ਕੀ ਬਾਹਰ ਕਰਨਗੇ। ਰਾਜਨੀਤਕ ਸਮਝ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਗਰਾਫ਼ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ।

ਰਵਿੰਦਰ ਸਿੰਘ ਰਵੀ ਗਰੇਵਾਲ ਕਹਿੰਦੇ ਹਨ ਕਿ ਬੀਬੀ ਜਗੀਰ ਕੌਰ ਇਸ ਹਾਲਾਤ ਵਿੱਚ ਆਪਣੀ ਗੱਲ ਰੱਖ ਸਕਦੇ ਹਨ ਕਿ ਉਨਾਂ ਨੇ ਅਕਾਲੀ ਦਲ ਨੂੰ ਛੱਡਿਆ ਹੀ ਨਹੀਂ ਸੀ।”

“ਅਸਲ ਵਿੱਚ ਅਕਾਲੀ ਦਲ  ਸਮੇਂ ਦੀ ਲੋੜ ਨੂੰ ਸਮਝ ਰਿਹਾ ਹੈ। ਆਪਣੀ ਸਿਆਸੀ ਹੋਂਦ ਨੂੰ ਬਰਕਰਾਰ ਰੱਖਣ ਲਈ ਸੁਖਬੀਰ ਸਿੰਘ ਬਾਦਲ ਨੂੰ ਰੁੱਸੇ ਅਕਾਲੀ ਆਗੂਆਂ ਨੂੰ ਵਾਪਸ ਪਾਰਟੀ ਵਿੱਚ ਲਿਆਉਣਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਉੱਪਰ ਕਿਹਾ ਕਥਿਤ ਤੌਰ ‘ਤੇ ਪਰਿਵਾਰਪ੍ਰਸਤੀ ਹੀ ਆਗੂਆਂ ਦੇ ਅਕਾਲੀ ਦਲ ‘ਚ ਰਲੇਵੇਂ ਦਾ ਕਾਰਨ ਬਣ ਰਹੀ ਹੈ। ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਚੋਣ ਜਿੱਤ ਜਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਫਾਡੀ ਰਹਿਣ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਦੀ ਚਿੰਤਾ ਵਧੀ ਸੀ”। ਅਕਾਲੀ ਆਗੂ ਦਾ ਕਹਿਣਾ ਸੀ ਕਿ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਆਪਣੀ ਵੱਧਦੀ ਉਮਰ ਕਾਰਨ ਘਰ ਬੈਠ ਗਏ ਸਨ। ਇਸ ਮਗਰੋਂ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਰਹੇ ਸੀਨੀਅਰ ਅਕਾਲੀ ਲੀਡਰਸ਼ਿਪ ਅਣਗੌਲਿਆ ਮਹਿਸੂਸ ਕਰਨ ਲੱਗੀ ਸੀ। ਉਹ ਦੱਸਦੇ ਹਨ, “ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਅਤੇ ਫਿਰ ਢੀਂਡਸਾ, ਮਨਜੀਤ ਸਿੰਘ ਜੀਕੇ ਅਤੇ ਬੀਬੀ ਜਗੀਰ ਕੌਰ ਨੇ ਪਾਰਟੀ ਨੂੰ ਮੁੜ ਪੈਰਾਂ ਸਿਰ ਖੜ੍ਹੇ ਕਰਨ ਲਈ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਸਨ। ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਿਹੇ ਸਮੁੱਚੇ ਸੁਝਾਅ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹੀ ਮੁੱਖ ਕਾਰਨ ਸੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਲੈ ਕੇ ਕਈ ਸੀਨੀਅਰ ਆਗੂ ਅਕਾਲੀ ਦਲ ਤੋਂ ਬਾਹਰ ਚਲੇ ਗਏ ਸਨ। ਘਰ ਵਾਪਸੀ ਦੇ ਸਮੁੱਚੇ ਘਟਨਾਕ੍ਰਮ ਵਿੱਚ ਇਹ ਗੱਲ ਵੀ ਸਾਫ਼ ਹੈ ਕਿ ਜਦੋਂ ਪਾਰਟੀ ਛੱਡ ਕੇ ਗਏ ਸੀਨੀਅਰ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕੇ ਉਨਾਂ ਦੇ ਪੁੱਤਰ ਆਪਣੇ ਬਲਬੂਤੇ ‘ਤੇ ਚੋਣ ਨਹੀਂ ਜਿੱਤ ਸਕਦੇ। ਮਾਲਦੀਪ ਸਿੰਘ ਸਿੱਧੂ ਇਤਿਹਾਸ ਅਤੇ ਰਾਜਨੀਤਕ ਸ਼ਾਸਤਰ ਦੀ ਐਮਏ ਹਨ। ਉਹ ਪੰਜਾਬ ਹਰਿਆਣਾ ਸਰਹੱਦ ਉੱਪਰ ਵਸੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਵਸਨੀਕ ਹਨ। ਅਕਾਲੀ ਦਲ ਤੋਂ ਵੱਖ ਹੋਏ ਸੀਨੀਅਰ ਅਕਾਲੀ ਆਗੂਆਂ ਦੇ ਮੁੜ ਪਾਰਟੀ ਵਿੱਚ ਸ਼ਾਮਲ ਹੋਣ ਉੱਪਰ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਉਹ ਕਹਿੰਦੇ ਹਨ, “ਅਸਲ ਵਿੱਚ ਸਾਲ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਧਰਮ ਕੇਂਦਰਤ ਸਿਆਸਤ ਚਲਾਉਣ ਲਈ ਕੀਤੀ ਗਈ ਸੀ”। ਜਦੋਂ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਧਰਮ ਨੂੰ ਆਪਣੇ ਢੰਗ ਨਾਲ ਵਰਤ ਕੇ ਪਰਿਵਾਰਵਾਦ ਨੂੰ ਉਤਸਾਹਿਤ ਕਰਨਾ ਸ਼ੁਰੂ ਕੀਤਾ ਤਾਂ ਮੂਲ ਪੰਥਕ ਵਰਗ ਅਕਾਲੀ ਦਲ ਤੋਂ ਪਿੱਛੇ ਹੋਣਾ ਸ਼ੁਰੂ ਹੋ ਗਿਆ”। ਆਪਣੀ ਗੱਲ ਜਾਰੀ ਰੱਖਦੇ ਹੋਏ ਮਾਲਦੀਪ ਸਿੰਘ ਸੰਧੂ ਕਹਿੰਦੇ ਹਨ, “ਮੌਜੂਦਾ ਨੌਜਵਾਨ ਪੀੜ੍ਹੀ ਰਾਜਨੀਤਕ ਤੌਰ ‘ਤੇ ਪਹਿਲਾਂ ਨਾਲੋਂ ਕਾਫੀ ਸੁਚੇਤ ਹੈ। ਮੇਰਾ ਮੰਨਣਾ ਹੈ ਕਿ ਸਿੱਖ ਧਰਮ ਦੀਆਂ ਧਾਰਮਿਕ ਪਦਵੀਆਂ ਨੂੰ ਆਪਣੇ ਰਾਜਨੀਤਕ ਹਿਤਾਂ ਲਈ ਵਰਤਣਾ ਅਕਾਲੀ ਦਲ ਲਈ ਘਾਤਕ ਸਾਬਤ ਹੋਇਆ ਹੈ। ਸੂਬੇ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਇਹ ਗੱਲ ਆਮ ਚੱਲ ਰਹੀ ਹੈ ਕੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦਾ ਹੋਣ ਵਾਲਾ ਸੰਭਾਵੀ ਗੱਠਜੋੜ ਵੀ ਘਰ ਵਾਪਸੀ ਦਾ ‘ਸਬੱਬ’ ਬਣ ਰਿਹਾ ਹੈ। ਲੰਘੇ ਦਿਨ ‘ਪੰਜਾਬ ਬਚਾਓ ਯਾਤਰਾ’ ਦੌਰਾਨ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਸਮਾਧ ਭਾਈ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਸੀ ਕੇ ਪੰਜਾਬ ਦੇ ਹਿੱਤਾਂ ਲਈ ਪੰਥਕ ਏਕਤਾ ਜ਼ਰੂਰੀ ਹੈ। ਪੰਜਾਬ ਦੀ ਬਿਹਤਰੀ ਲਈ ਮੈਂ ਸਿਰਤੋੜ ਯਤਨ ਕਰਾਂਗਾ ਕੇ ਪੰਜਾਬ ਤੇ ਪੰਥ ਹਤੇਸ਼ੀ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਝੰਡੇ ਹੇਠ ਕੀਤਾ ਜਾ ਸਕੇ। ਖਾਸ ਗੱਲ ਇਹ ਹੈ ਕਿ ਜਦੋਂ ਬਾਦਲ ਅਤੇ ਬੀਜੇਪੀ ਗਠ ਜੋੜ ਦੀ ਸਰਕਾਰ ਸੀ ਤਾਂ ਉਦੋਂ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆਂ ਬੇਅਦਬੀਆਂ ਲਈ ਜਿੰਮੇਵਾਰ ਸੌਦਾ ਸਾਧ ਰਾਮ ਰਹੀਮ ਅਤੇ ਉਹਨਾਂ ਦੇ ਚੇਲਿਆਂ ਵਿਰੁੱਧ ਬਾਦਲ ਸਰਕਾਰ ਨੇ ਕੀ ਕਾਰਵਾਈ ਕੀਤੀ ਲੋਕ ਪੰਜਾਬ ਦੇ ਲੋਕ ਇਸ ਦਾ ਜਵਾਬ ਮੰਗਦੇ ਹਨ ਇਸ ਤੋਂ ਇਲਾਵਾ ਸ਼ਾਂਤਮਿਲ ਢੰਗ ਨਾਲ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਪੰਜਾਬ ਦੇ ਲੋਕਾਂ ਵੱਲੋਂ ਲਾਏ ਗਏ ਧਰਨੇ ਦੌਰਾਨ ਗੋਲੀਆਂ ਦਾ ਸ਼ਿਕਾਰ ਬਣਾਈ ਗਈ ਸੰਗਤ ਦੇ ਹੋਏ ਜਾਨੀ ਨੁਕਸਾਨ ਦਾ ਇਨਸਾਫ ਬਾਦਲ ਅਤੇ ਬੀਜੇਪੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਬਾਦਲ ਅਤੇ ਬੀਜੇਪੀ ਦੇ ਉਮੀਦਵਾਰਾਂ ਨੂੰ 2022 ਚ ਹੋਈਆਂ ਚੋਣਾਂ ਦੌਰਾਨ ਖੂੰਜੇ ਲਾਇਆ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਜੇਪੀ ਦੇ ਹੋਰ ਇਹ ਗਠਜੋੜ ਨੂੰ ਖੂੰਜੇ ਲਾਉਣ ਲਈ ਤਿਆਰ ਬਰ ਤਿਆਰ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬਾਦਲ ਦਲ ਆਪਣੇ ਭਵਿੱਖ ਨੂੰ ਸਿਆਸੀ ਪੱਖੋਂ ਬਿਲਕੁਲ ਜੀਰੋ ਲੈਵਲ ਤੇ ਸਮਝਣ ਜਦੋਂ ਤੱਕ ਬੇਇਨਸਾਫੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀਆਂ ਸਜਾਵਾਂ ਨੂੰ ਬਾਦਲ ਅਕਾਲੀ ਦਲ ਨਹੀਂ ਭੁਗਤ ਲੈਂਦਾ ਉਦੋਂ ਤੱਕ ਆਪਣੇ ਸਿਆਸੀ ਭਵਿੱਖ ਨੂੰ ਮਜਬੂਤ ਸਮਝਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਬੀਜੇਪੀ ਦੀ ਬਹੁਤ ਵੱਡੀ ਗਲਤ ਫਹਿਮੀ ਖਾਸ ਕਰਕੇ ਪੰਜਾਬ ਦੇ ਵਿੱਚ ਹੋਵੇਗੀ।

 

39 Views