ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ  ਪੰਜਾਬ ਹਰਿਆਣਾ ਅਤੇ ਰਾਜਸਥਾਨ ਚ ਲੜੇਗਾ ਲੋਕ ਸਭਾ ਚੋਣਾਂ ਸੱਤ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ : ਸਰਦਾਰ ਸਿਮਰਨਜੀਤ ਸਿੰਘ ਮਾਨ

ਸੀਨੀ. ਆਗੂ ਡਾ. ਹਰਜਿੰਦਰ ਸਿੰਘ ਜਖੂ  ਬਾਦਲ ਦਲ ਨੂੰ ਛੱਡ ਕੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚ ਹੋਇਆ ਸ਼ਾਮਿਲ…

ਚੰਡੀਗੜ੍ਹ 28 ਮਾਰਚ (ਮੰਗਤ ਸਿੰਘ ਸੈਦਪੁਰ) : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਵੱਡੇ ਪੱਧਰ ਤੇ ਹਲਚਲ ਮੱਚੀ ਹੋਈ ਹੈ। ਵੱਡੇ ਵੱਡੇ ਸਿਆਸੀ ਲੀਡਰ ਆਪਣੇ ਸਿਆਸੀ ਭਵਿੱਖ ਨੂੰ ਮਜਬੂਤ ਬਣਾਉਣ ਲਈ ਘਸੀਆਂ ਪਿੱਟੀਆਂ ਸਿਆਸੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਦਲ ਬਦਲ ਰਹੇ ਹਨ। ਤਾਂ ਕਿ ਰਾਜ ਸਭਾ ਚੋਣਾਂ ਵਿੱਚ ਉਹਨਾਂ ਨੂੰ ਸੌਖਿਆਂ ਟਿਕਟ ਮਿਲ ਸਕੇ ਅਤੇ ਜਿੱਤ ਕੇ ਰਾਜ ਸਭਾ ਵਿੱਚ ਪਹੁੰਚ ਸਕਣ। ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਅੱਜ ਉਸ ਵੇਲੇ ਵੱਡੇ ਪੱਧਰ ‘ਤੇ ਮਜਬੂਤੀ ਮਿਲੀ ਜਦੋਂ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਅਤ ਨਜ਼ਦੀਕੀ ਅਤੇ ਸੀਨੀਅਰ ਆਗੂ ਡਾਕਟਰ ਹਰਜਿੰਦਰ ਸਿੰਘ ਜਖੂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਬਿਨਾਂ ਸ਼ਰਤ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਹਰਜਿੰਦਰ ਸਿੰਘ ਜਖੂ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਆਪਣੀ ਸਰਕਾਰ ਵੇਲੇ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੱਤੀਆਂ। ਕਿਉਂਕਿ ਬੇਅਦਬੀ ਕਰਨ ਵਾਲੇ ਸੌਦਾ ਸਾਧ ਰਾਮ ਰਹੀਮ ਦੇ ਚੇਲੇ ਸਨ ਅਤੇ ਬਾਦਲ ਦਲ ਦਾ ਸੌਦਾ ਸਾਧ ਰਾਮ ਰਹੀਮ ਵੋਟ ਬੈਂਕ ਸੀ ਇਸ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇੱਕ ਵੀ ਦੋਸ਼ੀ ਨੂੰ ਬਾਦਲ ਸਰਕਾਰ ਨੇ ਸਜ਼ਾਵਾਂ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਬਾਦਲ ਸਰਕਾਰ ਵੇਲੇ ਸੌਦਾ ਸਾਧ ਰਾਮ ਰਹੀਮ ਨੇ ਬਣਾਈ ਫਿਲਮ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਥੀਏਟਰਾਂ ‘ਚ ਫਿਲਮ ਚੋਂ ਚਲਾਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸਿਕਿਉਰਟੀ ਵਜੋਂ ਲਾ ਕੇ ਰਾਮ ਰਹੀਮ ਦੀ ਫਿਲਮ ਪੰਜਾਬ ਵਿੱਚ ਚਲਾਈ ਗਈ। ਇਥੋਂ ਤੱਕ ਕਿ ਆਪਣੇ ਕੋਲੋਂ ਝੂਠ ਹੀ ਲੈਟਰ ਲਿਖ ਕੇ ਬਾਦਲ ਦਲ ਨੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਕਿ ਸੌਦਾ ਸਾਧ ਰਾਮ ਰਹੀਮ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਮੁਆਫੀ ਮੰਗੀ ਹੈ। ਇਸ ਨੂੰ ਸੱਚ ਸਾਬਤ ਕਰਨ ਲਈ ਬਾਦਲ ਦਲ ਨੇ 90 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ ਆਪਣੇ ਚਹੇਤੇ ਅਖਬਾਰਾਂ ਨੂੰ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸੌਦਾ ਸਾਧ ਰਾਮ ਰਹੀਮ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗੀ ਹੈ। ਪ੍ਰੰਤੂ ਰਾਮ ਰਹੀਮ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਇਹ ਸਾਰਾ ਕੁਝ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਾਹਮਣੇ ਆ ਚੁੱਕਾ ਹੈ। ਉਹਨਾਂ ਕਿਹਾ ਕਿ ਬਾਦਲ ਦਲ ਨੇ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਗਏ ਸਾਰੇ ਸਿੱਖ ਸਿਧਾਂਤਾਂ ਅਤੇ ਰਹਿਤ ਮਰਿਆਦਾ ਨੂੰ ਛੱਡ ਕੇ ਜਗੀਰਦਾਰੀ ਸੋਚ ਅਪਣਾਇਆ ਲਈ ਹੈ। ਪੰਜਾਬ ਅਤੇ ਪੰਥ ਦੇ ਹਿੱਤਾਂ ਨੂੰ ਛੱਡ ਕੇ ਆਰਐਸਐਸ ਮੋਦੀ ਸਰਕਾਰ ਦਿੱਲੀ ਦੀ ਅਧੀਨਗੀ ਸਵੀਕਾਰ ਕਰ ਲਈ ਹੈ। ਉਹਨਾਂ ਕਿਹਾ ਕਿ ਸ. ਸਿਮਰਜੀਤ ਸਿੰਘ ਮਾਨ ਨੇ ਹਮੇਸ਼ਾ ਪੰਜਾਬ ਪੰਥ ਦਲਿਤਾਂ ਅਤੇ ਕਿਸਾਨਾਂ ਦੀ ਹਿਮਾਇਤ ਕੀਤੀ ਹੈ ਅਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਹਨ। ਇਸੇ ਸੰਬੰਧ ਵਿੱਚ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਡਾਕਟਰ ਹਰਜਿੰਦਰ ਸਿੰਘ ਜਖੂ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਅੰਮ੍ਰਿਤਸਰ ਦੀ ਰਾਜਸੀ ਸ਼ਕਤੀ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਡਾਕਟਰ ਜਖੂ ਵਿਦਿਆਰਥੀ ਜੀਵਨ ਤੋਂ ਹੀ ਹਰ ਪੱਖੋਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਡਾਕਟਰ ਹਰਜਿੰਦਰ ਸਿੰਘ ਜਖੂ ਨੂੰ ਪਾਰਟੀ ਦਾ ਮੀਤ ਪ੍ਰਧਾਨ ਤੇ ਮੁੱਖ ਬੁਲਾਰਾ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ. ਸਿਮਰਨਜੀਤ ਸਿੰਘ ਜੀ ਮਾਨ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਦੇ ਦੀ ਚੋਣ ਲੜੇਗੀ। ਉਹਨਾਂ ਨੇ ਅੱਜ ਲੋਕ ਸਭਾ ਚੋਣਾਂ ਲਈ ਪਹਿਲੀ ਸੱਤ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸੰਗਰੂਰ ਲੋਕ ਸਭਾ ਚੋਣ ਤੋਂ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰ ਸਿੰਘ, ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ, ਸ਼੍ਰੀ ਅਨੰਦਪੁਰ ਸਾਹਿਬ ਤੋਂ ਇੰਜਨੀਅਰ ਸ. ਕੁਸ਼ਲਪਾਲ ਸਿੰਘ ਮਾਨ, ਕਰਨਾਲ ਤੋਂ ਹਰਜੀਤ ਸਿੰਘ ਬਿਰਕ ਅਤੇ ਕੁਰਕਸ਼ੇਤਰ ਤੋਂ ਖਜਾਨ ਸਿੰਘ ਉਮੀਦਵਾਰ ਹੋਣਗੇ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਕਿਸਾਨਾਂ, ਮਜ਼ਦੂਰਾਂ, ਘੱਟ ਗਿਣਤੀ ਵਰਗਾਂ ਅਤੇ ਦਲਿਤਾਂ ਦੇ ਹੱਕ ਦੀ ਰੱਖਿਆ ਆਮ ਲੋਕਾਂ ਲਈ ਬਰਾਬਰ ਦੀਆਂ ਸਿਹਤ ਸੇਵਾਵਾਂ ਅਤੇ ਵਿਦਿਅਕ ਸਹੂਲਤਾਂਵਾ ਅਤੇ ਸੁਚਾਰੂ ਪ੍ਰਬੰਧਾਂ ਦੇ ਮੁੱਦਿਆਂ ‘ਤੇ ਲੜੀ ਜਾਵੇਗੀ। ਉਹਨਾਂ ਕਿਹਾ ਕਿ ਲੋਕ ਇਸ ਵਾਰ ਪੰਜਾਬ ਦੇ ਸੂਝਵਾਨ ਵੋਟਰ ਖੱਬੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਲੋਕਾਂ ਦੇ ਹਿੱਤਾਂ ਨਾਲ ਖੜਨ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਉਹਨਾਂ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਜਲਦੀ ਹੀ ਦੂਸਰੀ ਲਿਸਟ ਜਾਰੀ ਕਰਕੇ ਸਾਰੇ ਉਮੀਦਵਾਰਾਂ ਦਾ ਐਲਾਨ ਕਰੇਗੀ। ਇਸ ਮੌਕੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਸੰਧੂ, ਸੀਨੀਅਰ ਆਗੂ ਡਾ. ਹਰਜਿੰਦਰ ਸਿੰਘ ਜਖੂ, ਗੋਪਾਲ ਸਿੰਘ ਸਿੱਧੂ, ਕੁਸ਼ਲਪਾਲ ਸਿੰਘ ਮਾਨ, ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ, ਗੁਰਜੰਟ ਸਿੰਘ ਕੱਟੂ, ਮਨਮੋਹਨ ਸਿੰਘ ਚੰਡੀਗੜ੍ਹ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਜਥੇਦਾਰ ਬਲਕਾਰ ਸਿੰਘ ਭੁੱਲਰ, ਬਲਦੇਵ ਸਿੰਘ ਗਗੜਾ ਆਦਿ ਸੀਨੀਅਰ ਆਗੂ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

13 Views