ਚੰਡੀਗੜ੍ਹ ‘ਚ ਆਈਏਐਸ ਅਧਿਕਾਰੀ ਵਰੁਣ ਰੂਜਮ ਦੇ ਘਰ ਬਾਕਰਪੁਰ ਅਮਰੂਦ ਬਾਗ ਘੁਟਾਲੇ ਸਬੰਧੀ ਈਡੀ ਨੇ ਮਾਰਿਆ ਛਾਪਾ 

ਅੱਠ ਘੰਟੇ ਚੱਲੀ ਜਾਂਚ ਖਿੜਕੀ ਰਾਹੀਂ ਅੰਦਰੋਂ ਕਈ ਕਾਗਜ ਸੁੱਟੇ ਮਿਲੇ ਬਾਹਰ

ਚੰਡੀਗੜ੍ਹ 28 ਮਾਰਚ (ਮੰਗਤ ਸਿੰਘ ਸੈਦਪੁਰ) :  ਆਈਐਸਐਸ ਅਧਿਕਾਰੀ ਵਰੁਣ ਰੁਜਮ ਦੇ ਚੰਡੀਗੜ੍ਹ ਦੇ ਸੈਕਟਰ 20 ਵਿੱਚ ਸਥਿਤ ਘਰ ਉੱਤੇ ਈਡੀ ਦੀ ਟੀਮ ਛਾਪਾ ਮਾਰਿਆ ਹੈ।  ਖਾਸ ਗੱਲ ਇਹ ਹੈ ਕਿ ਪਿੰਡ ਬਾਕਰਪੁਰ ਵਿੱਚ ਹੋਏ ਅਮਰੂਦ ਦੇ ਬਾਗ ਘੁਟਾਲੇ ਨਾਲ ਜੁੜੇ ਮਾਮਲਾ ਸਬੰਧੀ ਅੱਠ ਘੰਟੇ ਜਾਂਚ ਚੱਲੀ ਹੈ।  ਜਾਣਕਾਰੀ ਅਨੁਸਾਰ ਆਈਏਐਸ ਅਧਿਕਾਰੀ ਵਰੁਣ ਰੂਜਮ ਦਾ ਘਰ ਚੰਡੀਗੜ੍ਹ ਦੇ ਸੈਕਟਰ 20 ਵਿੱਚ ਹੈ। ਬੁੱਧਵਾਰ ਨੂੰ ਜਦੋਂ ਈਡੀ ਦੀ ਟੀਮ ਉਸ ਦੇ ਘਰ ਪਹੁੰਚੀ ਤਾਂ ਡਰ ਦੇ ਮਾਰੇ ਘਰ ਦੇ ਅੰਦਰੋਂ ਕਈ ਕਾਗਜ਼ ਖਿੜਕੀ ਰਾਹੀਂ ਸੁੱਟ ਦਿੱਤੇ। ਬਾਅਦ ਵਿੱਚ ਘੁਟਾਲੇ ਦੇ ਦਸਤਾਵੇਜ਼ ਫਟੇ ਹੋਏ ਮਿਲੇ। ਮੀਡੀਆ ਰਿਪੋਰਟਾਂ ਅਨੁਸਾਰਆਈਏਐਸ ਅਧਿਕਾਰੀ ਵਰੁਣ ਰੂਜ਼ਮ ਦੇ ਘਰ ਦੇ ਅੰਦਰ ਈਡੀ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਵਰੁਣ ਰੂਜਮ ਦੇ ਘਰ ਦੇ ਕੋਲ ਖਿੜਕੀ ਦੇ ਹੇਠਾਂ ਬਹੁਤ ਸਾਰੇ ਫਟੇ ਹੋਏ ਕਾਗਜ਼ ਮਿਲੇ ਹਨ। ਇਨ੍ਹਾਂ ਕਾਗਜ਼ਾਂ ਵਿੱਚ ਮੋਹਾਲੀ ਦੇ ਪਿੰਡ ਬਾਕਰਪੁਰ ਦਾ ਜ਼ਿਕਰ ਹੈ। ਉਥੋਂ ਦੇ ਕੁਝ ਲੋਕਾਂ ਦਾ ਜ਼ਿਕਰ ਹੈ। ਇਨ੍ਹਾਂ ਕਾਗਜ਼ਾਂ ਵਿੱਚ ਕੁਝ ਪੈਸਿਆਂ ਦੇ ਲੈਣ-ਦੇਣ ਦਾ ਵੀ ਜਿਕਰ ਹੈ। ਇਹ ਸਾਰੇ ਦਸਤਾਵੇਜ਼ ਅਮਰੂਦ ਦੇ ਬਾਗ ਘੁਟਾਲੇ ਨਾਲ ਸਬੰਧਤ ਦੱਸੇ ਜਾਂਦੇ ਹਨ। ਈਡੀ ਦੇ ਡਰ ਕਾਰਨ ਸਾਰੇ ਸਬੂਤ ਨਸ਼ਟ ਕਰਨ ਲਈ ਕਾਗਜ਼ ਪਾੜ ਕੇ ਖਿੜਕੀ ਤੋਂ ਬਾਹਰ ਸੁੱਟੇ ਜਾਣ ਦੀ ਸੰਭਾਵਨਾ ਹੈ। ਵੀਡੀਓ ਟੀਮ ਵਿੱਚ ਸ਼ਾਮਿਲ ਮੁਲਾਜ਼ਮ ਖਿੜਕੀ ਦੇ ਕੋਲ ਪਏ ਸਾਰੇ ਦਸਤਾਵੇਜ਼ ਇਕੱਠੇ ਕਰਕੇ ਅੰਦਰ ਲੈ ਗਏ। ਫਿਲਹਾਲ ਸਵੇਰੇ 7 ਵਜੇ ਤੋਂ ਈਡੀ ਦੀ ਛਾਪੇਮਾਰੀ ਜਾਰੀ ਹੈ। ਟੀਮ ਦੁਪਹਿਰ 3 ਵਜੇ ਤੱਕ ਘਰ ਦੇ ਅੰਦਰ ਜਾ ਕੇ ਜਾਂਚ ਕਰ ਰਹੀ ਸੀ। ਖਾਸ ਗੱਲ ਇਹ ਹੈ ਕਿ ਇਹ ਘਪਲਾ ਪੰਜਾਬ ਦੇ ਮੋਹਾਲੀ ਨੇੜੇ ਸਥਿਤ ਪਿੰਡ ਬਾਕਰਪੁਰ ਵਿੱਚ ਹੋਇਆ ਹੈ। ਅਮਰੂਦ ਦੇ ਬਾਗ ਘੁਟਾਲੇ ਵਿੱਚ 130 ਕਰੋੜ ਰੁਪਏ ਦਾ ਗਬਨ ਕੀਤਾ ਗਿਆ ਹੈ। ਦੋਸ਼ ਹੈ ਕਿ ਵੱਧ ਮੁਆਵਜ਼ਾ ਲੈਣ ਲਈ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਐਕੁਆਇਰ ਕੀਤੀ ਜ਼ਮੀਨ ‘ਤੇ ਜ਼ਿਆਦਾ ਘਣਤਾ ਵਾਲੇ ਅਮਰੂਦ ਦੇ ਦਰੱਖਤ ਲਗਾਏ ਸਨ। ਤਾਂ ਜੋ ਵੱਧ ਮੁਆਵਜ਼ਾ ਦਿੱਤਾ ਜਾ ਸਕੇ। ਇਨਫੋਰਸਮੈਂਟ ਡਾਇਰੈਕਟੋਰੇਟ ਇਸ ਘਪਲੇ ‘ਤੇ ਪਹਿਲਾਂ ਹੀ ਛਾਪੇਮਾਰੀ ਕਰ ਚੁੱਕਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ 106 ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਈਡੀ ਨੇ ਪੰਜਾਬ ਵਿੱਚ 31 ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਸਬੰਧੀ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ। ਕਿਉਂਕਿ ਇਸ ਮਾਮਲੇ ਵਿੱਚ ਵੱਡੇ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਹਨ। ਖਾਸ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਈੜੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੋਰ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ।।

13 Views