ਚੰਡੀਗੜ੍ਹ (ਮੰਗਤ ਸਿੰਘ ਸੈਦਪੁਰ) : ਦੇਸ਼ ਪੰਜਾਬ ਅਤੇ ਇੰਡੀਅਨ ਸਟੇਟ ਹੀ ਨਹੀਂ ਸਗੋਂ ਖਾਲਸਾ ਪੰਥ/ਸਿੱਖ ਕੌਮ ਅਤੇ ਪੰਜਾਬੀ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਗੁਰਬਾਣੀ ਅਤੇ ਗੁਰੂ ਦੇ ਬਾਣੇ ਵਿਚ ਰਹਿਣ ਕਰਕੇ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ ਅਤੇ ਖਾਲਸਾ ਪੰਥ ਦੀਆਂ ਧੁਮਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਦੇਸ਼ਾਂ ਵਿਦੇਸ਼ਾਂ ਵਿੱਚ ਖਾਲਸਾ ਪੰਥ ਨਾਲ ਸੰਬੰਧਿਤ ਇਤਿਹਾਸਿਕ ਦਿਹਾੜੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਨਾਏ ਜਾਂਦੇ ਹਨ। ਇਸ ਸਬੰਧ ਵਿੱਚ ਖਾਲਸਾ ਪੰਥ ਦੇ ਜਨਮ ਦਿਹਾੜੇ ਵਿਸਾਖੀ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਯੂਰੋਪ ਅੰਦਰ ਬੈਲਜੀਅਮ ਦੇ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਤੋਂ ਸਜਾਇਆ ਗਿਆ। ਹੈੱਡ ਗ੍ਰੰਥੀ ਸਾਹਿਬ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਤੋਂ ਸ਼ਹਿਰ ਦੀ ਪਰਿਕਰਮਾ ਲਈ ਰਵਾਨਾ ਹੋਇਆ। ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ‘ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਸ਼ਬਦੀ ਜਥਿਆਂ ਵੱਲੋਂ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ। ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਵੱਖ-ਵੱਖ ਪੜਾਵਾਂ ‘ਤੇ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ ਉਪਰੰਤ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਸੈਂਟਰਮ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿਚ ਪਹਿਲੀ ਵਾਰ ਸੰਗਤਾਂ ਉਪਰ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਜੋ ਕਿ ਹਾਜ਼ਰੀਨ ਸੰਗਤਾਂ ਲਈ ਬਹੁਤ ਹੀ ਮਨਮੋਹਕ ਯਾਦਗਾਰ ਬਣ ਗਿਆ ਸੀ। ਇਸ ਮੌਕੇ ਯੂਰੋਪੀਅਨ ਪਾਰਲੀਮੈਂਟ ਮੈਂਬਰ ਹਿਲਡੇ ਵੈਟਮਨਸ ਦੇ ਨਾਲ ਮੇਅਰ ਇੰਗਰਿੱਡ ਕੈਮਪੈਨੀਅਰ ਨੇ ਵੀ ਉਚੇਚੇ ਤੌਰ ਤੇ ਹਾਜ਼ਿਰੀ ਭਰੀ ਸੀ । ਪਾਰਲੀਮੈਂਟ ਮੈਂਬਰ ਹਿਲਡੇ ਵੈਟਮਨਸ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਸਮੂਹ ਸਿੱਖ ਪੰਥ ਨੂੰ ਵਿਸਾਖੀ ਪੁਰਬ ਦੀ ਵਧਾਈ ਦੇਂਦੇ ਹਾਂ ਤੇ ਯੂਰੋਪ ਅੰਦਰ ਸਿੱਖਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਹਨ ਓਸ ਲਈ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਵਲੋਂ ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਦੇ ਕੀਤੇ ਜਾ ਰਹੇ ਜਤਨ ਦਾ ਅਸੀ ਪੂਰਾ ਸਾਥ ਦੇਵਾਂਗੇ । ਉਨ੍ਹਾਂ ਕਿਹਾ ਕਿ ਇਸੇ ਮਸਲੇ ਤੇ ਅਤੇ ਯੂਰੋਪੀਅਨ ਪਾਰਲੀਮੈਂਟ ਅੰਦਰ ਮਨਾਏ ਜਾ ਰਹੇ ਵਿਸਾਖੀ ਪੁਰਬ ਤੇ ਜੱਥੇਦਾਰ ਅਕਾਲ ਤਖਤ ਸਾਹਿਬ ਉਚੇਚੇ ਤੌਰ ਤੇ ਹਿੱਸਾ ਲੈਣ ਲਈ ਆ ਰਹੇ ਹਨ। ਅਸੀ ਉਨ੍ਹਾਂ ਨੂੰ ਜੀ ਆਇਆ ਆਖਦੇ ਹਾਂ। ਅੰਤ ਵਿਚ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸ. ਕਰਮ ਸਿੰਘ ਅਤੇ ਮੈਂਬਰਾਂ ਨੇ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕਰਣ ਦੇ ਨਾਲ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਦੇ ਮੁੱਖੀ ਸਰਦਾਰ ਬਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਇਸ ਨਗਰ ਕੀਰਤਨ ਨੂੰ ਯਾਦਗਾਰ ਬਣਾਉਣ ਵਿਚ ਬਹੁਤ ਮਿਹਨਤ ਕੀਤੀ ਸੀ। ਖਾਸ ਗੱਲ ਇਹ ਹੈ ਕਿ ਖਾਲਸਾ ਪੰਥ ਨਾਲ ਸੰਬੰਧਿਤ ਇਤਿਹਾਸਕ ਦਿਹਾੜੇ ਪੰਜਾਬ ਅਤੇ ਯੂਨੀਅਨ ਸਟੇਟ ਵਿੱਚ ਸਥਿਤ ਗੁਰੂ ਘਰਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ। ਇਸ ਸਬੰਧੀ ਸਿੱਖ ਕੌਮ/ਖਾਲਸਾ ਪੰਥ ਦੇ ਸੁਨਹਿਰੀ ਭਵਿੱਖ ਲਈ ਕੀ ਸੰਦੇਸ਼ ਸਪਸ਼ਟ ਹੋ ਰਿਹਾ ਹੈ। ਦੇਸ਼-ਵਿਦੇਸ਼ਾਂ ਦੇ ਗੁਰੂ ਨੂੰ ਸਮਰਪਿਤ ਸੰਗਤ ਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਜਰੂਰਤ ਹੈ ਅਤੇ ਗੁਰਸ ਗੁਰਸਿੱਖੀ ਜੀਵਨ ਜੀਣ ਲਈ ਆਪਣੇ ਆਪ ਨੂੰ ਤਿਆਰ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।