ਜਦ 6 ਜੂਨ ਆਉਂਦਾ ਫੇਰ 31 ਅਕਤੂਬਰ ਜਰੂਰ ਆਉਂਦਾ ….
ਜਿਸ ਸਰਦਲ ਤੇ ਸਿਜਦੇ ਵੇਲੇ ਸੰਸਾਰ ਦੇ ਲੋਕ ਆਪਣਾ ਧਰਮ ਨਹੀਂ ਵੇਖਦੇ , ਜਿਸ ਦੇ ਅੰਮ੍ਰਿਤ ਪਾਣੀਆਂ ਦੀ ਤਾਕਤ ਕਾਵਾਂ ਤੋਂ ਹੰਸ ਕਰਦੀ ,ਜਿਥੋਂ ਦੀ ਹਵਾ ਗੁਰਬਾਣੀ ਕੀਰਤਨ ਦੀ ਰੂਹਾਨੀ ਖੁਸ਼ਬੋ ਵਿਚ ਰੰਗੀ ਹੋਈ ਰੂਹਾਂ ਨਛਿਆਉਂਦੀ ਹੈ,ਜਿਥੋਂ ਦੀ ਧਰਤ ਦੇ ਜ਼ੱਰੇ ਜ਼ੱਰੇ ਵਿਚ ਮਨੁੱਖਤਾ ਦੇ ਭਲੇ ਖਾਤਰ ਸ਼ਹੀਦ ਹੋਏ ਯੋਧਿਆਂ ਦਾ ਲਹੂ ਹੈ , ਜਿਥੇ ਅੱਠੋ ਪਹਿਰ ਸਰਬੱਤ ਦੇ ਭਲੇ ਦਾ ਜੈਕਾਰ ਗੂੰਜਦਾ ਹੈ, ਜਿਥੇ ਹਰ ਤਰਾਂ ਦੀ ਮਨੁੱਖੀ ਵੰਡ ਤਿਆਗ ਕੇ ਇਕੋ ਬਰਾਬਰ ਬੈਠ ਕੇ ਭੋਜਨ ਛੱਕਦੀ ਹੋਈ ਮਨੁੱਖਤਾ ਦੇ ਸਾਂਝੇ ਅਹਿਸਾਸਾਂ ਦਾ ਸੁਨੇਹਾਂ ਦੇਂਦੀ ਪੰਗਤ ਹੈ, ਅਕਾਲ ਪੁਰਖ ਦੀ ਪ੍ਰੀਤ ਵਿਚ ਭਿਝੇ ਦਿਲਾਂ,ਪ੍ਰਮਾਤਮਾਂ ਦੇ ਬਿਰਹਾ ਵਿਚ ਛਲਕਦੀਆਂ ਅੱਖਾਂ, ਪਰਮੇਸ਼ਰ ਦੇ ਝਰੋਖੇ ਦੀ ਆਸ ਵਿਚ ਤੜਪਦੀਆਂ ਰੂਹਾਂ ਲਈ ਸਿਦਕ ਦਾ ਸਾਗਰ ਪਵਿੱਤਰ ਹਰਮੰਦਰ ਸਾਹਿਬ ਹੈ, ਉਸ ਅਦਬ ਦੀ ਪਾਵਨ ਚਾਦਰ ਨੂੰ ਆਪਣੀ ਹਕੂਮਤ ਬਚਾਉਣ ਖਾਤਰ ਤਾਰ ਤਾਰ ਕਾਰਨ ਦੀ ਕੋਸ਼ਿਸ਼ ਵਿਚ ਹਿੰਦ ਦੀ ਪਟਰਾਣੀ ਬੀਬੀ ਇੰਦਰਾ ਇਹ ਭੁੱਲ ਹੀ ਜਾਂਦੀ ਹੈ ਕੇ ਪਾਵਨ ਹਰਿਮੰਦਰ ਸਾਹਿਬ ਦੇ ਸਨਮੁਖ ਛੇਵੀਂ ਪਾਤਸ਼ਾਹੀ ਦੇ ਹੱਥਾਂ ਦਾ ਬਣਿਆਂ ਇਕ ਥੜਾ ਵੀ ਹੈ ,ਜਿਸ ਨੂੰ ਅਕਾਲ ਤਖ਼ਤ ਕਿਹਾ ਜਾਂਦਾ ਹੈ ਇਹ ਤਖ਼ਤ ਸਾਜ ਕੇ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਹੁਕਮ ਕੀਤਾ ਸੀ ਕਿ ਰਹਿੰਦੀ ਦੁਨੀਆਂ ਤਕ ਜੇ ਕਿਸੇ ਵੀ ਦੇਸ਼ ਦਾ ਤਖ਼ਤ ਕਿਸੇ ਲੋੜਵੰਦ ਦੁਖਿਆਰੇ ਨਿਮਾਣੇ ਨਿਤਾਣੇ ਨੂੰ ਇਨਸਾਫ ਨਾ ਦੇ ਸਕੇ ਤਾਂ ਅਕਾਲ ਦੇ ਤਖ਼ਤ ਵਲੋਂ ਗੁਰੂ ਗਰੰਥ ਸਾਹਿਬ ਦੇ ਵਿਧਾਨ ਅਨੂੰਸਾਰ ਸਿੱਖ ਆਪ ਇਥੋਂ ਇਨਸਾਫ ਦੇਣਗੇ | ਇੰਦਰਾ ਵਲੋਂ ਇਹ ਸਾਜਿਸ਼ ਰਚਣ ਵੇਲੇ ਅਕਾਲ ਤਖ਼ਤ ਸਾਹਿਬ ਦੀ ਤਾਕਤ ਅਤੇ ਸਿਧਾਂਤ ਨੂੰ ਸਿਰਫ ਇਕ ਗੁਰਦੁਆਰਾ ਸਮਝਣ ਵਿਚ ਗ਼ਲਤੀ ਹੋ ਗਈ |
ਘਟ ਗਿਣਤੀ ਸਿੱਖਾਂ ਨੂੰ ਮਾਰ ਕੇ ਬਹੁਗਿਣਤੀ ਵੋਟਬੈਂਕ ਨੂੰ ਖੁਸ਼ ਕਰਨ ਦੀ ਇਸ ਸਾਜਿਸ਼ ਦਾ ਅੰਤਮ ਅੰਜ਼ਾਮ ਕੀ ਹੋਵੇਗਾ ਇਹ ਇੰਦਰਾ ਨੇ ਸ਼ਾਇਦ ਤੋਪਾਂ ਅਤੇ ਟੈਂਕਾਂ ਦੇ ਹਮਲੇ ਤੋਂ ਪਹਿਲਾਂ ਨਹੀਂ ਵਿਚਾਰਿਆ , 6 ਜੂਨ ਵਾਲੇ ਦਿਨ ਸ਼ਾਂਤੀ ਦੇ ਸੋਮੇਂ ਉੱਤੇ ਟੈਂਕਾਂ ਦੇ ਗੋਲਿਆਂ ਦਾ ਜੋ ਮੀਂਹ ਵਰ੍ਹਿਆ ਅੱਤ ਦਾ ਸਿਖਰ ਸੀ,ਜਿਸ ਨੂੰ 31 ਅਕਤੂਬਰ ਨੂੰ ਅੱਤ ਦੇ ਅੰਤ ਤਕ ਪਹੁੰਚਾਇਆ ਗਿਆ | 6 ਜੂਨ ਨੂੰ ਹਕੂਮਤ ਦੇ ਨਸ਼ੇ ਵਿਚ ਚੂਰ ਹੋਕੇ, ਇਕ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਉੱਤੇ ਜ਼ੁਲਮਾਂ ਦੀ ਸਿਖਰ ਕੀਤੀ ਜਾਂਦੀ ਹੈ, ਫਿਰ 31 ਅਕਤੂਬਰ ਇਕ ਜਿਉਂਦੀ ਕੌਮ ਦੇ ਚੱਲਦੇ ਸਾਹਾਂ ਦੀ ਮਿਸਾਲ ਪੇਸ਼ ਕੀਤੀ ਜਾਂਦੀ ਹੈ, ਕੌਮ ਦੇ ਜਿੰਦਾ ਵਜੂਦ ਦਾ ਸੁਨੇਹਾਂ ਤੇ ਅਗਾਹਾਂ ਦੀ ਤਾੜਨਾ ਕੀਤੀ ਜਾਂਦੀ ਹੈ | ਜਦੋਂ 6 ਜੂਨ ਨੂੰ ਇੰਦਰਾ ਦੇ ਹੁਕਮ ਉੱਤੇ ਦੇਸ਼ ਦੀਆਂ 5 ਤਰਾਂ ਦੀਆਂ ਫੌਜਾਂ, ਟੈਂਕ ਤੇ ਤੋਪਖਾਨੇ ਨਾਲ ਲੈਸ ਹੋਕੇ 250 ਸਿੱਖ ਜੰਗਝੂ ਰਾਖਿਆਂ ਤੇ ਹਮਲਾ ਕਰਦੀਆਂ ਹਨ ਤੇ ਕੌਮ ਦਾ ਜਰਨੈਲ ਸ਼ਹੀਦ ਕਰ ਦੇਂਦੀਆਂ ਹਨ ਤਾਂ 31 ਅਕਤੂਬਰ ਨੂੰ ਇੱਸੇ ਜੰਗ ਦੇ ਇਕ ਵਾਰ ਵਿਚ ਹਿੰਦ ਹਕੂਮਤ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ …… ਕਈ ਬੁਦੂਜੀਵੀ ਸਿਆਣਿਆਂ ਨੂੰ ਜੰਗ ਦਾ ਇਹ ਵਾਰ ਅਸਾਵਾਂ ਲੱਗਦਾ ਕਿਉਂਕਿ ਇੰਦਰਾ ਨਿਹੱਥੀ ਸੀ, ਪਰ ਕੌਣ ਜਵਾਬ ਦੇਉਗਾ ਕਿ ਗੁਰਬਾਣੀ ਪ੍ਰਚਾਰ ਵਿਚ ਰੁਝੀ ਕੌਮ ਨੂੰ ਕੁਰਸੀ ਖਾਤਰ ਜੰਗ ਦੀ ਭੱਠੀ ਵਿਚ ਝੋਕ ਦਿੱਤਾ ਗਿਆ, ਮਾਮੂਲੀ ਹਥਿਆਰਾਂ ਨਾਲ ਲੜਦੇ ਸਿੰਘਾ ਉੱਤੇ ਸੰਸਾਰ ਦੀ ਚੋਥੀ ਜੰਗੀ ਤਾਕਤ ਵਲੋਂ ਸਾਰੀ ਤਾਕਤ ਲਾ ਕੇ ਤੋਪਾਂ,ਟੈਂਕ, ਜ਼ਹਿਰੀਲੇ ਕੈਮੀਕਲ ਦੀ ਵਰਤੋਂ ਕੀਤੀ ਗਈ ਇਹ ਵੀ ਤਾਂ ਅਸਾਵੀਂ ਹੀ ਸੀ | 6 ਜੂਨ ਨੂੰ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਨੇ ਹੀ ਸਾਰੇ ਕਾਨੂੰਨ ਤੋੜ ਕੇ ਦੇਸ਼ ਦਾ ਸੰਵਿਧਾਨ ਮਿਟੀ ਕਰ ਦਿੱਤਾ ਫਿਰ 31 ਅਕਤੂਬਰ ਨੂੰ ਇਸ ਕਰਨੀ ਦਾ ਫ਼ਲ ਤਾਂ ਮਿਲਣਾ ਹੀ ਸੀ |
ਸੋ ਜੇ 6 ਜੂਨ ਆਵੇਗਾ ਤਾਂ ਕੁਝ ਸਮੇਂ ਮਗਰੋਂ 31 ਅਕਤੂਬਰ ਵੀ ਆਵੇਗੀ |ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ,ਭਾਈ ਕੇਹਰ ਸਿੰਘ ਦੀ ਕੌਮੀਂ ਵਜੂਦ ਖਾਤਰ ਕੀਤੀ ਘਾਲਣਾ ਨੂੰ ਕੇਸਰੀ ਪ੍ਰਨਾਮ : ਪਰਮਪਾਲ ਸਿੰਘ ਸਭਰਾਅ