“ 25,000 ਲਾਵਾਰਿਸ ਲਾਸ਼ਾਂ ਦੇ ਵਾਰਿਸ “- ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ”
ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ” ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ .. ( ਕਵਿਤਾ )
🙏💐🙏💐🙏💐🙏💐🙏💐🙏
6 ਸਤੰਬਰ, 1995
ਜਦੋਂ ਜਬਰ’ ਦਾ ਘੋਰ ਹਨ੍ਹੇਰਾ ਸੀ
ਜ਼ੁਲਮਾਂ ਦੇ ਝੱਖੜ” ਝੁੱਲਦੇ ਸੀ ।
ਹਰ ਮੋੜ, ਗਲੀ, ਪਿੰਡ ਵੈਣ ਪੈਂਦੇ
ਲਹੂ ਬੇਦੋਸ਼ਾਂ ਦੇ ਨਿੱਤ ਡੁੱਲ੍ਹਦੇ ਸੀ ।
ਪੁੱਤਰ ਬਾਂਕੇ ਸ਼ੀਂਹਣੀਆਂ ਮਾਂਵਾਂ ਦੇ
ਜੇਲ੍ਹਾਂ ਅੰਦਰ ਪਏ ਕਈ ਰੁਲ਼ਦੇ ਸੀ ।
ਸਿੰਘ ਸੂਰਮੇ ਕੌਮ ਦੇ ਯੋਧੇ ਕਈ
ਫਾਂਸੀ ਕੋਠੀਆਂ ਅੰਦਰ ਤਾੜ’ ਦਿੱਤੇ ।
ਮੋਢੇ ਤੇ ਫ਼ੀਤੀਆਂ ਲੁਆਉਣ ਲਈ
ਆਖ ਪੁਲਿਸ ਮੁਕਾਬਲੇ ਮਾਰ ਦਿੱਤੇ ।
ਲਾਵਾਰਸ” ਲਾਸ਼ਾਂ ਕਹਿ ਕਹਿ ਕੇ
ਸ਼ਮਸ਼ਾਨਾਂ ਵਿੱਚ ਸਿੱਖ ਸਾੜ’ ਦਿੱਤੇ ।
ਹਰੀਕੇ-ਸਤਲੁਜ’ ਦਰਿਆਵਾਂ ਵਿੱਚ
ਟੋਟੇ ਕਰ ਕਰ ਪੁਲਿਸ ਨੇ ਪਾ ਦਿੱਤੇ ।
ਸੋਹਲੇ ਗੁਰਸਿੱਖ ਬਾਂਕੇ ਜੁਆਨ ਕਈ
ਮੱਛੀਆਂ ਦੇ ਲਈ ਮਾਸ’ ਬਣਾ ਦਿੱਤੇ ।
ਓਹ ਵੀ ਲਾਡਲੇ ਪੁੱਤਰ ਸੀ ਮਾਂਵਾਂ ਦੇ
ਜਿਨ੍ਹਾਂ ਘਰੀਂ ਸੀ ਸੱਥਰ ਵਿਛਾ ਦਿੱਤੇ ।
ਓਹਨਾਂ ਸਭਨਾਂ ਦੇ ਇਨਸਾਫ਼ ਲਈ
ਤੂੰਹੀ! ਸੱਚ ਦੀ ਆਵਾਜ਼’ ਉਠਾਈ ਸੀ ।
ਮਨੁੱਖੀ ਅਧਿਕਾਰਾਂ ਦੀ ਲਹਿਰ ਚਲਾ
ਗੱਲ ਦੁਨੀਆ ਦੇ ਤਾਈਂ ਪੁਚਾਈ ਸੀ ।
ਓਸ ਜ਼ੁਲਮ ਦੇ ਘੋਰ ਹਨ੍ਹੇਰੇ’ ਵਿੱਚ
ਕਿਰਨ ਆਸ ਦੀ ਤੂੰਹੀ ਜਗਾਈ ਸੀ ।
ਬੁੱਚੜ ਗਿੱਲ, ਅਜੀਤ ਸੰਧੂ ਦੇ ਜ਼ੁਲਮਾਂ ਤੋ਼
ਤੂੰ ਡਰਿਆ ਨਹੀ, ਤੂੰ ਝੁਕਿਆ ਨਹੀਂ ।
ਸਰਕਾਰੀ ਜ਼ੁਲਮਾਂ ਦਾ ਪਰਦਾਫਾਸ਼ ਕੀਤਾ
ਤੂੰ ਟੁੱਟਿਆ ਨਹੀਂ, ਤੂੰ ਰੁਕਿਆ ਨਹੀ ।
ਹੱਕ ਸੱਚ ਦੀ ਏਸ ਲ਼ੜਾਈ ਦੇ ਵਿੱਚ
ਤੂੰ ਹਾਰਿਆ ਨਹੀਂ, ਤੂੰ ਥੱਕਿਆ ਨਹੀਂ ।
ਪੰਜਾਬ ਪੁਲਿਸ ਦੇ ਜ਼ੁਲਮੀ ਚਿਹਰੇ ਦਾ
ਦੁਨੀਆਂ ਨੂੰ ਸੱਚ ਦਿਖਾ ਚੱਲਿਓਂ ।
ਲਹੂ ਆਪਣਾ ਡੋਲ੍ਹ ਕੇ ‘ਖਾਲੜਾ’ ਜੀ
ਹਾਕਮ ਦੀ ਪਿਆਸ ਬੁਝਾ ਚੱਲਿਓਂ ।
ਸਿੱਖੀ ਮਾਰਗ ਚੱਲ ਕੁਰਬਾਨ ਹੋਇਓਂ
ਨੀਂਹਾਂ ਵਿੱਚ, ਸੀਸ” ਲਗਾ ਚੱਲਿਓਂ ।
ਤੇਰੀ ਲਾਸਾਨੀ ਇਸ ਕੁਰਬਾਨੀ ਨੂੰ
ਸਿੱਖ ਕੌਮ ਨਹੀਂ ਕਦੇ ਭੁਲਾ ਸਕਦੀ ।
ਤੇਰੀ ਸੋਚ ਸਾਗਰ’ ਤੋਂ ਗਹਿਰੀ ਦਾ
ਕਦੇ ਥਾਹ ਨਹੀਂ ਯੋਧਿਆ ਪਾ ਸਕਦੀ ।
ਜਿਸ ਕੌਮ ਚ, ਤੇਰੇ ਜਿਹੇ ਹੋਣ ਹੀਰੇ’
ਕਦੇ ਢਹਿੰਦੀ ਕਲਾ ਨਹੀਂ ਜਾ ਸਕਦੀ ।
ਪੰਝੀ ਹਜ਼ਾਰ, ਲਾਵਾਰਸ” ਲਾਸ਼ਾਂ ਦਾ
ਵਾਰਿਸ ਬਣ, ਤੂੰ ਫ਼ਰਜ਼ ਨਿਭਾ ਚੱਲਿਓਂ ।
ਤਨ ਮਨ ਸਭ ਸਉਂਪ ਕੇ ਗੁਰ ਚਰਨੀ
ਤੂੰ ਸੱਚ ਦੀ ਅਲਖ਼’ ਜਗਾ ਚੱਲਿਓਂ ।
ਸ਼ਹਾਦਤ! ਦਾਤ ਗੁਰੂ ਤੋਂ ਮੰਗਦਾ ਸੀ
ਸਿਰ ਦੇ ਕੇ ਬਚਨ’ ਨਿਭਾ ਚੱਲਿਓਂ ।
ਗੁਰਜੀਤ ਸਿੰਘ ਖਾਲਸਾ
ਐਡਮਿੰਟਨ ਸਿੱਖਜ਼, ਅਲਬਰਟਾ – ਕੈਨੇਡਾ