8️⃣ਸਤੰਬਰ,2022
(23 ਭਾਦੋਂ ,ਨ.ਸ 554)
ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ
ਪ੍ਰਕਾਸ਼:11 ਅਕਤੂਬਰ,2022 ਅਨੁਸਾਰ (25 ਅੱਸੂ, ਨਾਨਕਸ਼ਾਹੀ 554) ਚੂਨਾ ਮੰਡੀ ਲਾਹੋਰ,ਪੰਜਾਬ(ਪਾਕਿਸਤਾਨ)
ਗੁਰਗੱਦੀ:- 08 ਸਤੰਬਰ,2022 ਅਨੁਸਾਰ (23 ਭਾਦੋਂ ,ਨ.ਸ 554)
ਜੋਤੀ ਜੋਤ:-30 ਅਗਸਤ,2022 ਅਨੁਸਾਰ (02-09-1581 ਅਨੁਸਾਰ) (14 ਭਾਦੋਂ, ਨਾਨਕਸ਼ਾਹੀ 554) ਸ੍ਰੀ ਗੋਇੰਦਵਾਲ ਸਾਹਿਬ
ਉਮਰ:-ਕਰੀਬ 46 ਸਾਲ
ਮਸ਼ਹੂਰ ਕਾਰਜ:-ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ
ਜੀਵਨ ਸਾਥੀ(ਸੁਪਤਨੀ):-ਬੀਬੀ ਭਾਨੀ ਜੀ
ਸਪੁੱਤਰ:-ਬਾਬਾ ਪ੍ਰਿਥੀ ਚੰਦ,ਬਾਬਾ ਮਹਾਂਦੇਵ, ਗੁਰੂ ਅਰਜਨ ਦੇਵ ਜੀ ਪਿਤਾ:- ਹਰਦਾਸ ਜੀ
ਮਾਤਾ:- ਦਇਆ ਜੀ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 11ਅਕਤੂਬਰ, 2022 ,(25 ਅੱਸੂ, ਨਾਨਕਸ਼ਾਹੀ 554) ਅਨੁਸਾਰ ਚੂਨਾ ਮੰਡੀ ਲਾਹੋਰ,ਪੰਜਾਬ(ਪਾਕਿਸਤਾਨ) ਵਿਖੇ ਹੋਇਆ।
ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ।ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੇ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ।ਕੁੱਝ ਸਾਲ ਪਿੰਡ ਬਾਸਕਰੇ ਰਹੇ।
ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤੇ ਭਾਈ ਜੇਠਾ ਜੀ,ਨਾਨੀ ਜੀ ਨਾਲ ਗੋਇੰਦਵਾਲ ਸਾਹਿਬ ਆ ਗਏ।
ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਬਾਉਲੀ ਸਾਹਿਬ ਤਿਆਰ ਕਰਵਾ ਰਹੇ ਸਨ,ਤਾਂ ਸੰਗਤ ਨਾਲ ਭਾਈ ਜੇਠਾ ਜੀ ਦੀ ਸੇਵਾ,ਨਿਮਰਤਾ ਵੇਖ ਕੇ ਉਨ੍ਹਾਂ ਵੱਲ ਖਿੱਚੇ ਗਏ ਤੇ ਬੀਬੀ ਭਾਨੀ ਨਾਲ ਸ਼ਾਦੀ ਕਰ ਦਿੱਤੀ। ਸ਼ਾਦੀ ਤੋਂ ਮਗਰੋਂ ਜੇਠਾ ਜੀ,ਗੁਰੂ ਜੀ ਕੋਲ ਹੀ ਰਹੇ।ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ।ਆਪ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ।
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ:-
ਗੁਰੂ ਕਾ ਚੱਕ, ਬਾਅਦ ਵਿੱਚ ਰਾਮਦਾਸ ਪੁਰ,ਜੋ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਹੈ,ਨਗਰ ਵਸਾਇਆ।
ਦੂਜੇ ਅਤੇ ਤੀਜੇ ਗੁਰੂ ਜੀ ਵਾਂਗ ਹੀ ਆਪ ਜੀ ਨੇ ਵੀ,ਗੁਰੂ ਜੀ ਦੀ ਏਨੀ ਸੇਵਾ ਕੀਤੀ ਕਿ 08 ਸਤੰਬਰ,2022 (23 ਭਾਦੋਂ ,ਨ.ਸ 554 ਅਨੁਸਾਰ) ਨੂੰ ਆਪ ਜੀ ਨੂੰ ਗੁਰਗੱਦੀ ਮਿਲੀ।*
ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ-
ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਤੇ(ਸ਼੍ਰੀ ਗੁਰੂ)ਅਰਜਨ ਦੇਵ ਜੀ।
ਇੱਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਤੋ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ। ਬੀਬੀ ਜੀ ਨੇ ਉਤਰ ਦਿੱਤਾ ਕਿ ਅੱਗੇ ਚੱਲ ਕੇ ਗੁਰਿਆਈ ਘਰ ਵਿੱਚ ਹੀ ਰਹੇ। ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਮਗਰੋਂ ਗੁਰਿਆਈ ਸੋਢੀ ਖਾਨਦਾਨ ਵਿੱਚ ਹੀ ਰਹੀ।
ਗੁਰਿਆਈ ਮਿਲਣ ਤੋਂ ਮਗਰੋਂ ਗੁਰੂ ਜੀ ਗੋਇੰਦਵਾਲ ਸਾਹਿਬ ਛੱਡ ਕੇ ਰਾਮਦਾਸ ਪੁਰ ਆ ਗਏ ਸਨ। ਏਥੇ ਆਪ ਨੇ 1577 ਵਿੱਚ 500 ਵਿਘੇ ਜਮੀਨ ਤੁੰਗ ਪਿੰਡ ਦੇ ਜਿਮੀਦਾਰਾ ਪਾਸੋ ਮੁਲ ਖਰੀਦੀ (ਕੁਝ ਇਤਿਹਾਸਕਾਰਾ ਅਨੁਸਾਰ ਗੁਰੂ ਸਾਹਿਬ ਨੂੰ ਅਕਬਰ ਨੇ 500 ਵਿਘੇ ਜਾਗੀਰ ਦਿੱਤੀ ਸੀ ਪਰ ਜ਼ਿਆਦਾ ਜ਼ਿਕਰ ਮੁਲ ਖਰੀਦੇ ਜਾਣ ਦਾ ਆਉਂਦਾ ਹੈ)। ਗੁਰੂ ਸਾਹਿਬ ਨੇ ਏਥੇ ਹੀ ਸਰੋਵਰ ਖੁਦਵਾਇਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਬੁਨਿਆਦ ਰੱਖੀ।(ਗੁਰੂ ਰਾਮਦਾਸ ਜੀ ਦੇ ਸਮੇਂ ਹੀ ਅੰਮ੍ਰਿਤ ਸਰੋਵਰ ਖੋਦਿਆ ਜਾ ਚੁੱਕਾ ਸੀ)।
*ਗੁਰੂ ਜੀ ਗੋਇੰਦਵਾਲ ਸਾਹਿਬ ਵਿਖੇ ਤਿੰਨ ਸਪੁੱਤਰਾ ਪ੍ਰਿਥੀ ਚੰਦ,ਮਹਾਂਦੇਵ ਜੀ ਤੇ(ਸ਼੍ਰੀ ਗੁਰੂ) ਅਰਜਨ ਦੇਵ ਜੀ ਚੋ ਸਭ ਤੋਂ ਛੋਟੇ(ਸ਼੍ਰੀ ਗੁਰੂ)ਅਰਜਨ ਦੇਵ ਜੀ ਨੂੰ ਯੋਗ ਸਮਝ ਕੇ ਗੁਰਗੱਦੀ ਦੇ ਕੇ 30 ਅਗਸਤ, 2022 (14 ਭਾਦੋਂ, ਨਾਨਕਸ਼ਾਹੀ 554) ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਜੋਤੀ ਜੋਤ ਸਮਾਏ।
ਗੁਰਬਾਣੀ ਗੁਰੂ ਰਾਮਦਾਸ ਜੀ ਵਲੋ ਰਚਿਤ ਬਾਣੀ ਵਿੱਚ ਗੁਰੂ ਤੇ ਪ੍ਰਭੂ ਲਈ ਅਥਾਂਹ ਸ਼ਰਧਾ ਤੇ ਪੇ੍ਮ ਹੈ।
ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿਚੋਂ 29 ਰਾਗਾਂ ਵਿੱਚ ਬਾਣੀ ਰਚੀ। ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਵਿਚੋਂ ਵਾਰਾਂ, ਘੋੜੀਆਂ,ਲਾਵਾਂ, ਕਰਹਲੇ,ਮਾਰੂ ਸੌਲਹੇ, ਵਣਜਾਰਾ ਤੇ ਛਕੇ ਛੰਤ ਵਿਸ਼ੇਸ਼ ਹਨ।
ਰਾਗ ਵਡਹੰਸ ਚ ਲੋਕ-ਕਾਵਿ ਰੂਪ ‘ਘੋੜੀਆਂ` ਵਿੱਚ ਬਾਣੀ ਦੀ ਰਚਨਾ ਕੀਤੀ, ਘੋੜੀਆਂ ਵਿਆਹ ਸਮੇਂ ਗਾਏ ਜਾਣ ਵਾਲੇ ਗੀਤ।
ਅੰਗ 773-774 ਤੇ ਸੂਹੀ ਰਾਗ ਵਿੱਚ ਹੀ ਲਾਵਾਂ ਦੇ ਚਾਰ ਛੰਤ ਆਉਂਦੇ ਹਨ।
ਲਾਵਾਂ ਵਿੱਚ ਗੁਰੂ ਜੀ ਨੇ ਗੁਰਮਤਿ ਦੇ ਪੂਰੇ ਭੇਦ ਅਤੇ ਜੀਵਨ ਦੇ 4 ਮਹੱਤਵਪੂਰਨ ਪੜਾਵਾਂ ਦਾ ਵਰਨਣ ਕੀਤਾ ਹੈ-
- ਪਹਿਲੀ ਲਾਂਵ ਵਿੱਚ ਮੂਲ ਅਵਸਥਾ,ਆਪਣੇ ਧਰਮ ਕਰਮ ਵਿੱਚ ਪੂਰੀ ਤਰ੍ਹਾਂ ਦ੍ਰਿੜ੍ਹ ਹੋਣ ਤੇ ਵਿਸ਼ਵਾਸ ਦੀ ਪਕਿਆਈ ਦੀ ਹੈ:-
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿਰਾਮ ਜੀਉ॥……. ਸਤਿਗੁਰੂ ਗੁਰੁ ਪੂਰਾ ਅਰਾਧਹੁ ਸਭਿ ਕਿਲ ਵਿਖ ਪਾਪ ਗਵਾਇਆ॥
- ਦੂਜੀ ਲਾਂਵ ਅਨੁਸਾਰ ਸਤਿਗੁਰੂ ਦੇ ਮਿਲਾਪ ਉਪਰੰਤ ਮਨ,ਹਰ ਪ੍ਰਕਾਰ ਦੇ ਭੈ ਤੇ ਵਿਸ਼ੇ ਵਿਕਾਰਾਂ ਤੋਂ ਵਿਮੁਕਤ ਹੋ ਜਾਂਦਾ ਹੈ ਤੇ ਹਉਮੈ ਦੀ ਮੈਲ ਲਹਿਣ ਉਪਰੰਤ ਚਾਰੇ ਪਾਸੇ ਆਨੰਦ ਹੀ ਆਨੰਦ ਉਤਪੰਨ ਹੋ ਜਾਂਦਾ ਹੈ:-
ਹਰਿ ਦੂਜੜੀ ਲਾਵ ਸਤਿਗੁਰੂ ਪੁਰਖ ਮਿਲਾਇਆ ਬਲਿਰਾਮ ਜੀਉ॥…….. ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ॥
- ਤੀਸਰੀ ਲਾਂਵ ਵਿੱਚ ਵੈਰਾਗ ਤੇ ਪਿਆਰ ਦੀ ਅਵਸਥਾ ਦਾ ਸੁੰਦਰ ਵਰਣਨ ਹੈ:-
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆਂ ਬਲਿਰਾਮੁ ਜੀਉ॥…… ਜਨੁ ਨਾਨਕੁ ਬੋਲੈ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗ ਜੀਉ॥
- ਚੌਥੀ ਲਾਂਵ ਵਿੱਚ ਪਹਿਲਾਂ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ,ਫਿਰ ਪਤੀ ਪਰਮਾਤਮਾ ਦੀ:
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿਰਾਮੁ ਜੀਉ॥…… ਜਨੁ ਨਾਨਕੁ ਬੋਲੈ ਚਉਥੀ ਲਾਵੇ ਹਰਿ ਪਾਇਆ ਪ੍ਰਭੁ ਅਵਿਨਾਸ਼ੀ॥
ਵਿਚਾਰਧਾਰਾ
√ਗੁਰੂ ਰਾਮਦਾਸ ਜੀ ਅਨੁਸਾਰ ਗੁਰੂ ਤੇ ਪ੍ਰਭੂ ਵਿੱਚ ਅੰਤਰ ਨਹੀਂ।
√ਗੁਰੂ ਰੱਬੀ ਗੁਣਾਂ ਨਾਲ ਸੰਚਾਰਿਤ ਹੁੰਦਾ ਹੈ।
√ਗੁਰੂ ਦਾ ਬਚਨ ਗੁਣਾਂ ਦਾ ਸਾਗਰ ਹੈ ਤੇ ਜੀਵ ਉਸ ਸਾਗਰ ਦੀ ਇਕ-ਇਕ ਗੁਣਾਂ ਰੂਪੀ ਬੰਦ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ।
√ਗੁਰੂ,ਭਗਤ ਦਾ ਅਜਿਹਾ ਰਿਸ਼ਤਾ ਹੈ ਜਿਥੇ ਬਾਕੀ ਰਿਸ਼ਤੇ ਨਿਰਾਰਥਕ ਅਨੁਭਵ ਹੋਣ ਲੱਗ ਜਾਂਦੇ ਹਨ। √ਗੁਰੂ ਜੀ ਨੇ ਬਾਣੀ ਵਿੱਚ ਪ੍ਰਭੂ ਦੀ ਮਹਿਮਾ ਹੀ ਕੀਤੀ ਹੈ।
ਗੁਰੂ ਜੀ ਅਨੁਸਾਰ,ਗੁਰੂ ਦਾ ਮਹੱਤਵ ਬਹੁ-ਪੱਖੀ ਹੈ।
√ਆਪ ਜੀ ਨੇ ਬਾਣੀ ਵਿੱਚ ਗੁਰੂ ਤੇ ਸਾਧ ਸੰਗਤ ਦੀ ਮਹਿਮਾ ਦੇ ਨਾਲ-ਨਾਲ ਹੋਰ ਪੱਖਾਂ ਨੂੰ ਵੀ ਉਜਾਗਰ ਕੀਤਾ ਹੈ।
√ਸਤਿਗੁਰੂ ਤੋਂ ਬੇਮੁੱਖ ਹੋ ਕੇ ਜੀਵ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਤੇ ਇਹ ਭਟਕਣ ਜਾਂ ਖੱਜਲ ਖੁਆਰੀ ਗੁਰੂ ਦੀ ਸ਼ਰਨੀ ਜਾਇਆ ਹੀ ਦੂਰ ਹੋ ਸਕਦੀ ਹੈ।
■ ਸਮੁੱਚੀ ਬਾਣੀ ਦਾ ਸਾਰ ਇਹ ਹੈ ਕਿ ਹਰ ਵਕਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੋਏ, ਹਉਮੈ ਤੇ ਹੋਰ ਵਿਕਾਰਾਂ ਦਾ ਤਿਆਗ, ਗੁਰੂ ਦੀ ਸ਼ਰਨ ਲੈ ਕੇ ਸਤਿਸੰਗ ਵਿੱਚ ਨਾਮ ਸਿਮਰਨ ਕਰਕੇ ਹੀ ਪ੍ਰਭੂ ਦੀ ਬਖਸ਼ਿਸ਼ ਸੰਭਵ ਹੈ। ਗੁਰੂ ਜੀ ਅਨੁਸਾਰ ਗੁਰਮੁਖ ਨੂੰ ਹਰੀ ਪ੍ਰਭੂ ਦੀ ਭੁੱਖ ਲਗਦੀ।
ਗੁਰਸਿਖ ਸਭ ਦਾ ਭਲਾ ਸੋਚਦਾ ਹੈ। ਉਸ ਅੰਦਰ ਪਰਾਈ ਤਾਤ ਨਹੀਂ, ਗੁਰੂ ਜੀ ਅਨੁਸਾਰ ਸੁਭ ਗੁਣ ਧਾਰਨ ਕਰਨ ਨਾਲ ਆਤਮਕ ਉਚਤਾ ਪ੍ਰਾਪਤ ਹੁੰਦੀ ਹੈ।
ਆਪ ਜੀ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਹੈ ਜੀ।
ਗੁਰਗੱਦੀ ਦਿਵਸ ਤੇ ਮੁਬਾਰਕਾਂ ਜੀ
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।
ਭੁੱਲਾਂ ਦੀ ਖਿਮਾ ਬਖਸ਼ੋ ਜੀ।