ਜਨਮ ਦਿਹਾੜਾ ਸਮਾਗਮ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ)

0️⃣5️⃣ ਸਤੰਬਰ,2022 ਅਨੁਸਾਰ

ਜਨਮ ਦਿਹਾੜਾ ਸਮਾਗਮ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ)

ਜਨਮ:-13 ਦਸੰਬਰ ਜਾਂ 2 ਨਵੰਬਰ, 30 ਨਵੰਬਰ,1649 ( ਹੁਣ 5 ਸਤੰਬਰ,2022 ਅਨੁਸਾਰ)

ਸ਼ਹੀਦੀ:-22 ਦਸੰਬਰ,1704 (7 ਪੋਹ,554 ਅਨੁਸਾਰ) ਸਰਸਾ ਨਦੀ ਕੰਡੇ ਪਰਿਵਾਰ ਵਿਛੋੜਾ ਸਾਹਿਬ

ਪਿਤਾ/ਮਾਤਾ:-ਭਾਈ ਸਦਾ ਨੰਦ ਜੀ/ਪ੍ਰੇਮੋ ਜੀ

ਭਾਈ ਜੈਤਾ ਜੀ ਦੇ ਵੰਸ਼ ਦੇ ਮੋਢੀ, ਭਾਈ “ਰਾਇ ਕਲਿਆਣ” ਕੱਥੂਨੰਗਲ ਦੇ ਹੀ ਰਹਿਣ ਵਾਲੇ ਸਨ ਅਤੇ ਇੱਥੇ ਹੀ ਉਨ੍ਹਾਂ ਦੀ ਮੌਤ ਹੋਈ।

ਰਾਇ ਕਲਿਆਣ ਦੇ ਪੁੱਤਰ ਸ੍ਰੀ ਰਾਮ ਜਸ ਭਾਨ,ਕੱਥੂਨੰਗਲ ਨੂੰ ਛੱਡਕੇ,ਗੱਗੋਮਾਹਲ (ਸ੍ਰੀ ਅੰਮ੍ਰਿਤਸਰ) ਵਿਖੇ ਆ ਕੇ ਵੱਸ ਗਏ ਸਨ।

ਪਿੰਡ (ਰਮਦਾਸ) ਵਿਖੇ ਹੀ ਸ੍ਰੀ ਰਾਮਜਸ ਭਾਨ ਦੇ ਪੁੱਤਰ ਭਾਈ ਸਦਾ ਨੰਦ ਜੀ ਦੇ ਮਾਤਾ ਪ੍ਰੇਮੋ ਦੀ ਕੁੱਖੋਂ, ਭਾਈ ਜਾਗੂ ਜੀ ਦਾ ਜਨਮ ਹੋਇਆ। ਜੋ ਬਾਅਦ ਵਿੱਚ ਭਾਈ ਜੈਤਾ ਜੀ,ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ।

ਵਿਆਹ:-1688 ਚ ਬੀਬੀ ਰਾਜ ਕੌਰ ਨਾਲ

ਸਪੁੱਤਰ:-ਭਾਈ ਗੁਰਦਿਆਲ ਸਿੰਘ,ਭਾਈ ਗੁਲਜ਼ਾਰ ਸਿੰਘ,ਭਾਈ ਸੁੱਖਾ ਸਿੰਘ,ਭਾਈ ਸੇਵਾ ਸਿੰਘ।

ਸਿੱਖ ਇਤਿਹਾਸ ਵਿਚ ਅਨੇਕਾਂ ਹੀ ਮਹਾਨ ਸੂਰਬੀਰ ਯੋਧੇ ਹੋਏ ਹਨ, ਜਿਨ੍ਹਾਂ ਵਿਚ ਭਾਈ ਜੈਤਾ ਜੀ ਵਿਲੱਖਣ ਸੂਰਬੀਰ ਯੋਧੇ ਹੋਏ,  ਜੋ ਸਮੇਂ ਦੀ ਜ਼ਾਲਮ ਮੁਗਲ ਸਲਤਨਤ ਦੀਆਂ ਫੌਜਾਂ ਦੇ ਸਖ਼ਤ ਪਹਿਰੇ ਦੀ ਪ੍ਰਵਾਹ ਨਾ ਕਰਦਿਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸੀਸ ਦਿੱਲੀ ਚਾਂਦਨੀ ਚੌਕ ਤੋਂ ਚੁੱਕ ਕੇ ਬਿਖੜੇ ਪੈਂਡੇ ਤੈਅ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪਹੁਚੇ।

ਵਿਦਵਾਨਾਂ ਦੇ ਵਿਚਾਰ ਹਨ ਕਿ ਯੋਧੇ ਦੀ ਸੂਰਬੀਰਤਾ ਨੂੰ ਸਿਰਫ਼ ਇਸ ਪੈਮਾਨੇ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ ਕਿ ਉਸ ਯੋਧੇ ਨੇ ਬਹਾਦਰੀ ਦੀਆਂ ਕਿੰਨੀਆਂ ਲੰਬੀਆਂ ਮੰਜ਼ਿਲਾਂ ਤਹਿ ਕੀਤੀਆਂ ਬਲਕਿ ਇਸ ਪੈਮਾਨੇ ਨਾਲ ਮਾਪਿਆ ਜਾਣਾ ਜ਼ਰੂਰੀ ਹੈ ਕਿ ਇਹ ਮੰਜ਼ਿਲਾਂ ਤਹਿ ਕਰਨ ਲਈ ਉਸ ਨੂੰ ਕਿੰਨੀਆਂ ਰੁਕਾਵਟਾਂ ਪਾਰ ਕਰਨੀਆਂ ਤੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਹ ਕਥਨ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ, ਦਸਮੇਸ਼ ਗੁਰੂ ਦੀਆਂ ਫ਼ੌਜਾਂ ਦੇ ਮੁੱਖ ਜਰਨੈਲ ਤੇ ਅਨਿਨ ਸੇਵਕ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜੀਵਨ ‘ਤੇ ਸਹੀ ਢੁੱਕਦੇ ਹਨ।

ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦੇ ਬਜ਼ੁਰਗ ਭਾਈ ਕਲਿਆਣਾ ਜੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਕੱਥੂ ਨੰਗਲ ਤੋਂ ਸ਼ੁਰੂ ਕੀਤੀ ਗਈ ਸੇਵਾ ਬੇਦਾਗ਼ ਤੇ ਅਟੁੱਟ ਚੱਲਦੀ ਹੋਈ 21 ਦਸੰਬਰ,1704 ਨੂੰ ਲਾਮਿਸਾਲ ਸ਼ਹਾਦਤਾਂ ਨਾਲ ਸਿਰੇ ਚੜ੍ਹੀ। ਇਹ ਕਰੀਬ 235-36 ਸਾਲ ਦਾ ਲੰਬਾ ਅਰਸਾ ਬਣਦਾ ਹੈ।

ਇਸ ਤੋਂ ਇਲਾਵਾ ਭਾਈ ਜੈਤਾ ਜੀ ਨੇ ਗੁਰੂ ਆਸ਼ੇ ਦੀ ਪੂਰਤੀ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ ਤੇ ਆਪਣੀ ਕੁਰਬਾਨੀ ਵੀ ਦਿੱਤੀ।

ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਕੰਕਣ ‘ਸੰਖੇਪ 10 ਗੁਰੂ ਕਥਾ’ ਵਿਚ ਬਿਆਨ ਕਰਦੇ ਹਨ ਕਿ ਜਦੋਂ 11 ਨਵੰਬਰ,1675 ਨੂੰ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਚਾਂਦਨੀ ਚੌਕ ਵਿਖੇ ਕੈਦ ਵੇਲੇ 9 ਸਾਲ ਦੇ ਗੁਰੂ ਗੋਬਿੰਦ ਰਾਏ ਜੀ ਅਨੰਦਪੁਰ ਸਾਹਿਬ ਵਿਚ ਸੰਗਤਾਂ ਦੇ ਭਰੇ ਇਕੱਠ ਵਿੱਚੋਂ ਕੋਈ ਐਸਾ ਸੁਰਮਾ ਨਿਤਰਣ ਦੀ ਮੰਗ ਕਰਦੇ ਹਨ, ਜੋ ਸ਼ਹਾਦਤ ਉਪਰੰਤ ਗੁਰੂ ਪਿਤਾ ਜੀ ਦਾ ਸੀਸ ਚੁੱਕ ਕੇ ਲਿਆ ਸਕੇ ਤਾਂ ਉਦੋਂ ਭਾਈ ਜੈਤਾ ਜੀ ਨੇ ਉਠ ਕੇ ਕਿਹਾ ਸੀ ਕਿ ‘ਇਹ ਸੀਸ ਮੈਂ ਲਿਆਵਾਂਗਾ।’

ਭਾਈ ਜੈਤਾ ਜੀ ਦੇ ਪਰਿਵਾਰ ਦੀ ਲੰਬੀ ਬੇਦਾਗ਼ ਸੇਵਾ ਤੇ ਵਫ਼ਾਦਾਰੀ ਕਾਰਨ ਰੰਘਰੇਟੇ ਸਿੰਘਾਂ ਦੀ ਬਹਾਦਰੀ ਤੇ ਭਰੋਸੇਯੋਗਤਾ ‘ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਭਰੋਸਾ ਸੀ। 11 ਨਵਬੰਰ,1675 ਨੂੰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਭਾਈ ਜੈਤਾ ਜੀ ਨੇ ਆਪਣੇ ਪਿਤਾ ਭਾਈ ਸਦਾਨੰਦ ਦੇ ਸੀਸ ਦੀ ਕੁਰਬਾਨੀ ਦੇ ਕੇ ਉਸੇ ਰਾਤ ਗੁਰੂ ਜੀ ਦਾ ਪਾਵਨ ਸੀਸ ਚੁੱਕ ਕੇ ਕਠਿਨ ਜੰਗਲੀ ਪੈਂਡਾ ਤਹਿ ਕਰਦੇ ਹੋਏ 14 ਨਵੰਬਰ,1675 ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਸੀਸ ਅਨੰਦਪੁਰ ਸਾਹਿਬ ਵਿਖੇ ਪਹੁਚੇ।

ਭਾਈ ਜੈਤਾ ਜੀ ਦੀ ਇਸ ਮਹਾਨ ਕੁਰਬਾਨੀ ਤੇ ਵਫ਼ਾਦਾਰੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਫਖ਼ਰ ਤੇ ਸੰਤੁਸ਼ਟੀ ਹੋਈ, ਗੁਰੂ ਜੀ ਨੇ ਸੀਸ ਦੇ ਸੰਸਕਾਰ ਉਪਰੰਤ ਸੰਗਤ ਵਿਚ ਭਾਈ ਜੈਤਾ ਜੀ ਨੂੰ ਪਿਆਰ ਨਾਲ ਗਲਵਕੜੀ ‘ਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਤੇ ‘ਸਿੱਖੀ ਦੇ ਰਾਖੇ’ ਜਿਹੇ ਮਾਣ ਭਰੇ ਸ਼ਬਦਾਂ ਨਾਲ ਨਿਵਾਜਿਆ ਸੀ।

ਇਸੇ ਵਫ਼ਾਦਾਰੀ ਕਾਰਨ ਬਾਅਦ ‘ਚ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਫ਼ੌਜ ਦੇ ਮੁੱਖ ਜਰਨੈਲ, ਮੁੱਖ ਨਗਾਰਚੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਤੇ ਅਨੰਦਗੜ੍ਹ ਕਿਲ੍ਹੇ ਵਿਚ ਗੁਰੂ ਜੀ ਨੇ ਭਾਈ ਜੈਤਾ ਜੀ ਦੀ ਰਿਹਾਇਸ਼ ਵੀ ਆਪਣੇ ਨੇੜੇ ਹੀ ਰੱਖੀ ਸੀ।

1699 ਦੀ ਵਿਸਾਖੀ ਵੇਲੇ ਗੁਰੂ ਸਾਹਿਬ ਨੇ ਚਾਰ ਸਾਹਿਬਜ਼ਾਦਿਆਂ ਸਮੇਤ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾ ਕੇ ਜੈਤਾ ਤੋਂ ਜੀਵਨ ਸਿੰਘ ਨਾਂ ਰੱਖਿਆ। ਜ਼ੁਲਮ ਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜਾਂ ਅਤੇ ਕਿਲ੍ਹਿਆਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਤੇ ਪਹਿਲੀ ਵਾਰ 10 ਹਜਾਰ ਖਾਲਸਾ ਫੌਜ ਬਾਬਾ ਜੀਵਨ ਸਿੰਘ ਦੀ ਕਮਾਨ ਥੱਲੇ ਤਿਆਰ ਕੀਤੀ, ਜਿਸ ਦਾ ਸੈਨਾਪਤੀ ਵੀ ਬਾਬਾ ਜੀਵਨ ਸਿੰਘ ਜੀ ਨੂੰ ਥਾਪਿਆ। ਇਸ ਮਹਾਨ ਸੂਰਬੀਰ ਅਤੇ ਦਲੇਰ ਬਾਬਾ ਜੀਵਨ ਸਿੰਘ ਜੀ ਨੇ ਸਿੱਖੀ ਸਿਦਕ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ।

ਇਸ ਪਰਿਵਾਰ ਦੀਆਂ ਸ਼ਹਾਦਤਾਂ ਦੀ ਲੜੀ ਦਿੱਲੀ ਚਾਂਦਨੀ ਚੌਕ ਤੋਂ ਸ਼ੁਰੂ ਹੋ ਕੇ ਅਨੰਦਗੜ੍ਹ ਕਿਲ੍ਹਾ, ਸਿਰਸਾ ਦੀ ਜੰਗ ਤੋਂ ਹੁੰਦੀ ਹੋਈ ਚਮਕੌਰ ਦੀ ਗੜ੍ਹੀ ‘ਚ ਜਾ ਕੇ ਸੰਪੂਰਨ ਹੋਈ।

ਜੈਤਾ ਜੀ ਦੇ ਪਿਤਾ ਭਾਈ ਸਦਾਨੰਦ ਵੱਲੋਂ ਆਪਣੇ ਸੀਸ ਦੀ ਕੁਰਬਾਨੀ, ਤਾਇਆ ਆਗਿਆ ਰਾਮ ਨੂੰ ਨੌਵੇਂ ਪਾਤਸ਼ਾਹ ਦਾ ਸੀਸ ਚੁੱਕਣ ‘ਚ ਸਹਿਯੋਗ ਲਈ ਔਰੰਗਜ਼ੇਬ ਵੱਲੋਂ ਕਤਲ ਕਰ ਦੇਣਾ, 21-22 ਦਸੰਬਰ 1704 ਦੀ ਰਾਤ ਨੂੰ ਅਨੰਦਗੜ੍ਹ ਕਿਲ੍ਹਾ ਖ਼ਾਲੀ ਕਰਨ ਉਪਰੰਤ ਦਸਮੇਸ਼ ਗੁਰੂ ਜੀ ਦੇ ਪਰਿਵਾਰ ਸਮੇਤ 40 ਸਿੰਘਾਂ ਤੇ ਮੁਗ਼ਲ ਫ਼ੌਜਾਂ ਵਿਚਾਲੇ ਸਿਰਸਾ ਨਦੀ ਕੰਢੇ ਹੋਏ ਯੁੱਧ ‘ਚ ਬਾਬਾ ਜੀਵਨ ਸਿੰਘ ਜੀ ਦੇ ਮਾਤਾ ਪ੍ਰੇਮੋ ਜੀ, ਦੋ ਛੋਟੇ ਪੁੱਤਰ ਸ਼ਹੀਦ ਹੋਏ ਤੇ ਧਰਮ ਪਤਨੀ ਬੀਬੀ ਰਾਜ ਕੌਰ ਵਿੱਛੜ ਗਏ।

ਇਹ ਇਤਿਹਾਸ ਵੀ ਵਿਸ਼ੇਸ ਫਖ਼ਰ ਵਾਲਾ ਹੈ ਕਿ ਜਦੋਂ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜ ਵੱਲੋਂ 8-9 ਮਹੀਨੇ ਘੇਰਾ ਪਾਈ ਰੱਖਣ ਕਾਰਨ ਕਿਲ੍ਹੇ ਅੰਦਰ ਰਾਸ਼ਨ-ਪਾਣੀ ਖ਼ਤਮ ਹੋਣ ‘ਤੇ ਮਾਝੇ ਦੇ 40 ਸਿੰਘ (ਜੋ ਬਾਅਦ ‘ਚ ਮਾਈ ਭਾਗੋ ਜੀ ਦੀ ਅਗਵਾਹੀ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਜੰਗ ‘ਚ ਸ਼ਹੀਦ ਹੋਏ ਤੇ 40 ਮੁਕਤੇ ਅਖਵਾਏ) ਭੁੱਖ ਨਾ ਸਹਾਰਦੇ ਹੋਏ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਛੱਡ ਗਏ ਸਨ ਤਾਂ ਬਾਬਾ ਜੀਵਨ ਸਿੰਘ ਜੀ ਸਮੁੱਚੇ ਪਰਿਵਾਰ ਤੇ ਹੋਰ ਸਿੰਘਾਂ ਸਮੇਤ ਭੁੱਖੇ-ਪਿਆਸੇ ਗੁਰੂ ਜੀ ਦੇ ਪਰਿਵਾਰ ਨਾਲ ਅਖ਼ੀਰ ਤਕ ਡਟੇ ਰਹੇ।

ਸਿਰਸਾ ਨਦੀ ਦੇ ਯੁੱਧ ਤੋਂ ਚੱਲਦੇ ਹੋਏ ਗੁਰੂ ਜੀ ਰੋਪੜ ਵੱਲ ਚਲੇ ਗਏ ਤੇ ਚਮਕੌਰੇ ਦੀ ਕੱਚੀ ਹਵੇਲੀ, ਜਿਸ ਦਾ ਇਤਿਹਾਸਕ ਨਾਮ ‘ਚਮਕੌਰ ਦੀ ਗੜ੍ਹੀ’ ਹੈ ਵਿਚ 22 ਦਸੰਬਰ ਦੀ ਰਾਤ ਨੂੰ ਸਿੰਘਾਂ ਸਮੇਤ ਡੇਰੇ ਲਾ ਲਏ, ਜਿੱਥੇ ਫਿਰ ਮੁਗ਼ਲ ਫ਼ੌਜ ਨੇ ਘੇਰਾ ਪਾ ਲਿਆ।

23 ਦਸੰਬਰ,1704 ਦੀ ਸਵੇਰ ਨੂੰ 40 ਸਿੰਘਾਂ ਤੇ ਲੱਖਾਂ ਦੀ ਮੁਗ਼ਲ ਫ਼ੌਜ ਦਰਮਿਆਨ ਯੁੱਧ ਵਿਚ ਬਾਬਾ ਜੀ ਦੇ ਦੋ ਵੱਡੇ ਸਪੁੱਤਰ, ਸਹੁਰਾ ਭਾਈ ਖਜ਼ਾਨ ਸਿੰਘ ਤੇ ਛੋਟੇ ਭਰਾ ਸੰਗਤ ਸਿੰਘ ਜੀ ਸ਼ਹੀਦ ਹੋ ਗਏ।

ਗੜ੍ਹੀ ਵਿਚ 23 ਦਸੰਬਰ,1704 ਨੂੰ ਜਦੋਂ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਵੀ ਹੋਰ ਸਿੰਘਾਂ ਸਮੇਤ ਜੁਝਦੇ ਹੋਏ ਸ਼ਹੀਦ ਹੋ ਗਏ ਤੇ ਗੜ੍ਹੀ ‘ਚ ਕੇਵਲ 11 ਸਿੰਘ ਰਹਿ ਗਏ ਸਨ ਤਾਂ ਗੁਰੂ ਜੀ ਦੀ ਸੁਰੱਖਿਆ ਤੇ ਸਿੱਖ ਕੌਮ ਦੇ ਭਵਿੱਖ ਦਾ ਵਾਸਤਾ ਪਾਉਂਦੇ ਹੋਏ ਪੰਜ ਸਿੰਘਾਂ/ਪਿਆਰਿਆਂ  ਨੇ ਗੁਰੂ ਜੀ ਨੂੰ ਗੜ੍ਹੀ ‘ਚੋਂ ਸੁਰੱਖਿਅਤ ਨਿਕਲ ਜਾਣ ਦੀ ਸਲਾਹ/ ਹੁਕਮ ਕੀਤਾ।

ਗੁਰੂ ਜੀ ਨੇ 23 ਦਸੰਬਰ ਦੀ ਰਾਤ ਨੂੰ ਗੜ੍ਹੀ ਛੱਡਣ ਤੋਂ ਪਹਿਲਾਂ ਯੁੱਧ ਨੀਤੀ ਦੇ ਨਿਪੁੰਨ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਕਲਗੀ ਤੇ ਪੁਸ਼ਾਕਾ ਸੌਂਪਦੇ ਹੋਏ ਗੜ੍ਹੀ ਦੀ ਮੰਮਟੀ ‘ਤੇ ਬਿਠਾਇਆ।

ਬਾਬਾ ਜੀ ਯੁੱਧ ਨੀਤੀ ‘ਚ ਇੰਨੇ ਨਿਪੁੰਨ ਸਨ ਕਿ ਉਹ ਦੋਹਾਂ ਹੱਥਾਂ ਨਾਲ ਇੱਕੋ ਵੇਲੇ ਦੋ ਬੰਦੂਕਾਂ ਚਲਾ ਸਕਦੇ ਸਨ ਤੇ ਘੋੜੇ ਤੇ ਸਵਾਰ ਹੋ ਕੇ ਲਗਾਮਾਂ ਮੂੰਹ ‘ਚ ਫੜ ਕੇ ਦੋ ਤਲਵਾਰਾਂ ਦੋਹਾਂ ਹੱਥਾਂ ਨਾਲ ਚਲਾ ਸਕਦੇ ਸਨ। ਇਸ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ ਬੜੀ ਨਿਪੁੰਨਤਾ ਨਾਲ ਆਪਣੀ ਨਾਗਣੀ ਤੇ ਬਾਗਨੀ ਬੰਦੂਕਾਂ ਤੇ ਤੀਰ ਚਲਾ ਕੇ ਨਿਭਾਇਆ।

ਗੁਰੂ ਜੀ ਤਿੰਨ ਸਿੰਘਾਂ ਸਮੇਤ ਰਾਤ ਨੂੰ ਗੜ੍ਹੀ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ। ਬਾਬਾ ਜੀਵਨ ਸਿੰਘ ਜੀ ਨੇ ਇਕ ਮਹਾਨ ਗ੍ਰੰਥ ‘ਸ੍ਰੀ ਗੁਰੂ ਕਥਾ ਗ੍ਰੰਥ’ ਦੀ ਵੀ ਰਚਨਾ ਕੀਤੀ, ਜਿਸ ‘ਚ ਉਨ੍ਹਾਂ ਨੇ 9ਵੇਂ ਤੇ ਦਸਮੇਸ਼ ਗੁਰੂ ਜੀ ਨਾਲ ਬਿਤਾਈ ਆਪਣੀ ਹੱਡਬੀਤੀ, ਗੁਰੂ ਸਾਹਿਬਾਨ ਦੇ ਗੁਣਾਂ, ਰਣਨੀਤੀ, ਧਾਰਮਿਕ, ਸਮਾਜਿਕ ਤੇ ਰਾਜਸੀ ਗੁਣਾਂ ਦਾ ਜ਼ਿਕਰ ਕੀਤਾ ਹੈ।

ਬਾਬਾ ਜੀਵਨ ਸਿੰਘ ਜੀ 22 ਦਸੰਬਰ ਦੀ ਰਾਤ ਨੂੰ ਗੜ੍ਹੀ ਦੀ ਮੰਮਟੀ ‘ਤੇ ਬੈਠ ਕੇ ਬਹਾਦਰੀ ਨਾਲ ਬੰਦੂਕਾਂ ਤੇ ਤੀਰ ਚਲਾਉਂਦੇ ਰਹੇ ਤੇ ਵਿਚ-ਵਿਚ ਨਗਾਰਾ ਵੀ ਵਜਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਭੁਲੇਖਾ ਪਵੇ ਕਿ ਗੁਰੂ ਜੀ ਅੰਦਰ ਹੀ ਹਨ।

23 ਦਸੰਬਰ ਨੂੰ ਸਵੇਰੇ ਬਾਕੀ ਰਹਿੰਦੇ ਸਿੰਘ ਵੀ ਜੂਝਦੇ ਹੋਏ ਸ਼ਹੀਦ ਹੋ ਗਏ ਤੇ ਬਾਬਾ ਜੀਵਨ ਸਿੰਘ ਜੀ ਕੋਲੋਂ ਵੀ ਗੋਲੀ ਸਿੱਕਾ ਖ਼ਤਮ ਹੋ ਗਿਆ ਤਾਂ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਆਪ ਦੋਹਾਂ ਹੱਥਾਂ ‘ਚ ਤਲਵਾਰਾਂ ਲੈ ਕੇ ਬਾਹਰ ਆਏ ਤੇ ਦੁਸ਼ਮਣ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।

ਉਨ੍ਹਾਂ ਦੀ ਸ਼ਹੀਦੀ ਉਪਰੰਤ ਜਦੋਂ ਉਨ੍ਹਾਂ ਦੇ ਸੀਸ ਨੂੰ ਦੁਸ਼ਮਣ ਫ਼ੌਜ ਵੱਲੋਂ ਔਰੰਗਜ਼ੇਬ ਪਾਸ ਲਿਜਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਦਿੱਲੀ ਪਹੁੰਚ ਕੇ ਪਤਾ ਲੱਗਾ ਕਿ ਇਹ ਸੀਸ ਬਾਬਾ ਜੀਵਨ ਸਿੰਘ ਜੀ ਦਾ ਹੈ।

ਇਸ ਸੂਰਬੀਰ ਸਿੰਘ ਸੂਰਮੇ ਦਾ ਪੁਰਾਤਨ ਘਰ ਕਿਲ੍ਹਾ ਅਨੰਦਗੜ੍ਹ ਦੇ ਨਜ਼ਦੀਕ ਹੈ, ਜਿਥੇ ਉਨ੍ਹਾਂ ਦੇ ਵੰਸ਼ ਵਿਚੋਂ ਸੰਤ ਬਾਬਾ ਕਿਰਪਾਲ ਸਿੰਘ ਜੀ ਜੱਦੀ-ਪੁਸ਼ਤੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਤਪ ਅਸਥਾਨ ਸਾਹਿਬ ਦੀ ਸੇਵਾ ਕਰਵਾ ਰਹੇ ਹਨ। ਜਿੱਥੇ ਪੁਰਾਤਨ ਨਿਸ਼ਾਨੀਆਂ, ਤੋਸ਼ਾਖ਼ਾਨਾ, ਰਿਹਾਇਸ਼ੀ ਕਮਰਾ, ਪੁਰਾਤਨ ਪੌੜੀਆਂ ਅਸਲੀ ਰੂਪ ‘ਚ ਅੱਜ ਵੀ ਮੌਜੂਦ ਹਨ। ਇਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇਸ ਮਹਾਨ ਸ਼ਹੀਦ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਉਂਦੇ ਹਨ, ਉੱਥੇ ਹੀ ਸੰਗਤਾਂ ਪੁੁੁਰਾਤਨ 84 ਪੌੜੀਆਂ ਦੇ ਵੀ ਦਰਸ਼ਨ ਕਰਦੀਆਂ ਹਨ।

ਸੰਤ ਬਾਬਾ ਕਿਰਪਾਲ ਸਿੰਘ ਨੇ ਸਾਰੀ ਜ਼ਿੰਦਗੀ ਇਸ ਅਸਥਾਨ ਦੀ ਸੇਵਾ ਵਿਚ ਲਗਾਈ ਅਤੇ ਹੁਣ ਵੀ ਉਹ ਭਾਵੇਂ ਬਿਰਧ ਅਵਸਥਾ ਵਿਚ ਹਨ, ਫਿਰ ਵੀ ਸੰਗਤਾਂ ਦੀ ਸੇਵਾ ਵਿਚ ਰਹਿੰਦੇ ਹਨ। ਇਸ ਅਸਥਾਨ ਦੇ ਜੱਦੀ-ਪੁਸ਼ਤੀ ਸੰਤ ਬਾਬਾ ਕਿਰਪਾਲ ਸਿੰਘ ਦੇ ਸਪੁੱਤਰ ਬਾਬਾ ਤੀਰਥ ਸਿੰਘ ਲੰਮੇ ਅਰਸੇ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਭਾਈ ਜੈਤਾ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ।

ਹਰ ਸਾਲ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਅਤੇ ਤੀਜੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਹੁੰਦੇ ਹਨ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ, ਪੰਥ ਪ੍ਰਸਿੱਧ ਕੀਰਤਨੀਏ, ਕਥਾ ਵਾਚਕ, ਢਾਡੀ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਦੀਆਂ ਹਨ।ਕਰੋਨਾ ਮਹਾਂਮਾਰੀ ਕਾਰਨ ਕੁਝ ਸਾਲ ਸਮਾਗਮ ਨਹੀ ਹੋ ਸਕੇ।

ਇਸ ਮਹਾਨ ਸੂਰਬੀਰ ਤੇ ਦਲੇਰ ਬਾਬਾ ਜੀਵਨ ਸਿੰਘ ਜੀ ਨੇ ਸਿੱਖੀ ਸਿਦਕ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ ਦਾ ਝੰਡਾ ਬੁਲੰਦ ਰੱਖਿਆ।

*ਇਸ ਮਹਾਨ ਸਿੱਖ ਯੋਧੇ ਦਾ ਜਨਮ ਦਿਹਾੜਾ 5 ਸਤੰਬਰ ਨੂੰ ਸਿੱਖ ਕੌਮ ਵਲੋਂ ਹਰ ਸਾਲ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

ਜਨਮ ਦਿਨ ਸਮਾਗਮ ਤੇ ਮੁਬਾਰਕਾਂ।

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।ਭੁਲਾਂ ਦੀ ਖਿਮਾ ਬਖਸ਼ੋ ਜੀ।

248 Views