1️⃣9️⃣ ਸਤੰਬਰ,2022
ਸਲਾਨਾ ਜੋੜ ਮੇਲਾ ਭਾਈ ਬਹਿਲੋ ਜ਼ੀ ਪਿੰਡ ਫਫੜੇ ਭਾਈ ਕੇ ਜ਼ਿਲਾ ਮਾਨਸਾ
ਮਹਾਂਪੁਰਖ ਸਭਨਾ ਦੇ ਸਾਂਝੇ ਹੁੰਦੇ ਹਨ ਤੇ ਓਹਨਾ ਦਾ ਉਪਦੇਸ਼ ਵੀ ਸਰਬ ਸਾਂਝਾ ਹੁੰਦਾ ਹੈ। ਮਹਾਂਪੁਰਖਾਂ ਦੇ ਚਰਨਾ ਦੀ ਧੂੜ ਵੀ ਅਤਿ-ਪਵਿਤਰ ਹੁੰਦੀ ਹੈ।
ਐਸੇ ਹੀ ਇੱਕ ਮਹਾਂ ਪੁਰਖ ਹਨ ਭਾਈ ਬਹਿਲੋ ਜੀ ਜਿਨਾ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਤੋਂ ਗੁਰਸਿਖੀ ਦੀ ਦਾਤ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ ਵਿਚ ਨਾਮ ਦੇ ਛਿੱਟੇ ਦਿਤੇ ,ਸਾਂਝਾ ਉਪਦੇਸ਼ ਦਿੱਤਾ ਤੇ ਇਲਾਕੇ ਨੂੰ ਸਖੀ ਸਰਵਰ ਦੇ ਪ੍ਰਭਾਵ ਤੋਂ ਮੁਕਤ ਕਰਵਾਇਆ।
ਮਾਲਵੇ ਦੇ ਜਿਲਾ ਮਾਨਸਾ ਦਾ ਪਿੰਡ ਫਫੜੇ ਭਾਈ ਕੇ ਪਹਿਲਾਂ ਪਟਿਆਲਾ ਰਿਆਸਤ ਵਿਚ ਸੀ।ਇਸ ਪਿੰਡ ਵਿਚ ਚੋਧਰੀ ਅੱਲਾ ਦਿੱਤਾ ਸਿੱਧੂ ਦੇ ਘਰ 1610 ਸੰਮਤ ਨੂੰ ਭਾਈ ਬਹਿਲੋ ਜੀ ਦਾ ਜਨਮ ਹੋਇਆ।
ਭਾਈ ਬਹਿਲੋ ਜੀ ਦਾ ਪਰਿਵਾਰ ਇੱਕ ਮੁਸਲਿਮ ਪੀਰ ਸਖੀ ਸਰਵਰ ਦਾ ਉਪਾਸ਼ਕ ਸੀ। ਸੁਰੂ-ਸੁਰੂ ਵਿਚ ਆਪ ਜੀ ਵੀ ਓਹਨਾਂ ਤੋ ਬਹੁਤ ਪ੍ਰਭਾਵਿਤ ਸਨ। ਪਰ ਜਦੋ ਸੰਮਤ 1640 ਵਿਚ ਆਪ ਜੀ ਸ੍ਰੀ ਅਮ੍ਰਿੰਤਸਰ ਸਾਹਿਬ ਗਏ,ਤਾਂ ਓਥੇ ਆਪ ਜੀ ਦਾ ਮਿਲਾਪ ਸ਼੍ਰੀ ਗੁਰੂ ਅਰਜੁਨ ਦੇਵ ਜੀ ਨਾਲ ਹੋਇਆ।
ਗੁਰੂ ਜੀ ਓਸ ਸਮੇਂ ਰਾਮਦਾਸ ਸਰੋਵਰ ਦੀ ਸੇਵਾ ਕਰਵਾ ਰਹੇ ਸੀ।
ਗੁਰੂ ਜੀ ਦੇ ਦਰਸ਼ਨ ਕਰ ਕੇ ਆਪ ਦੇ ਮਨ ਦੇ ਡੂੰਘਾ ਪ੍ਰਭਾਵ ਪਿਆ।ਗੁਰੂ ਜੀ ਦੇ ਦਰਸ਼ਨਾ ਚੋ ਆਪ ਜੀ ਨੂੰ ਪ੍ਰਤਖ ਹਰਿ ਦੇ ਦਰਸ਼ਨ ਹੋਏ। ਆਪ ਜੀ ਨੇ ਜੀਵਨ ਦੇ ਸਾਰੇ ਸੁਖ ਤਿਆਗ ਕੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਜੀਵਨ ਜੀਊਣ ਦਾ ਸੰਕਲਪ ਲਿਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਆਪ ਜੀ ਸਰੋਵਰ ਦੀ ਸੇਵਾ ਵਿਚ ਜੁਟ ਗਏ ਅਤੇ ਨਾਲ-ਨਾਲ ਗੁਰੂ ਜੀ ਦੇ ਦਰਸ਼ਨਾਂ ਦੀ ਵੀ ਮੌਜ ਮਾਣਦੇ ਰਹੇ।
ਫਿਰ ਸਰੋਵਰ ਲਈ ਇੱਟਾਂ ਦੀ ਜਰੂਰਤ ਪਈ ਤੇ ਆਪ ਜੀ ਆਵੇਆਂ ਦੀ ਸੇਵਾ ਵਿਚ ਜੁਟ ਗਏ। ਇੱਟਾਂ ਦੀ ਸੇਵਾ ਕਰਦੇ-ਕਰਦੇ ਆਪ ਜੀ ਨੂੰ ਇੱਕ ਘੁਮਿਆਰ ਨੇ ਦੱਸਿਆ ਕੇ ਜੇਕਰ ਆਵੇ ਵਿਚ ਕੂੜਾ-ਕਰਕਟ ਤੇ ‘ਗੰਦਾ ਮੈਲਾ’ ਪਾਇਆ ਜਾਵੇ ਤਾਂ ਇੱਟਾਂ ਵਧੀਆ ਪੱਕਦੀਆਂ ਹਨ। ਆਪ ਜੀ ਨੇ ਪੂਰੇ ਸ਼ਹਿਰ ਵਿਚੋਂ ਕੂੜਾ-ਕਰਕਟ ਆਦਿ ਇੱਕਠਾ ਕਰ ਕੇ ਗੱਡੇ ਨਾਲ ਢੋ ਕੇ ਆਵੇ ਵਿਚ ਪਾਇਆ। ਜਦੋਂ ਗੁਰੂ ਜੀ ਦੀ ਹਾਜਰੀ ਵਿਚ ਆਵਾ ਖੋਲਿਆ ਗਿਆ ਤਾਂ ਲਾਲਾਂ ਵਰਗੀਆਂ ਲਾਲ ਇੱਟਾਂ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ।
ਗੁਰੂ ਜੀ ਨੇ ਆਪ ਜ਼ੀ ਨੂੰ ਆਪਣੇ ਕੋਲ ਬੁਲਾਇਆ ਤੇ ਆਪਨੇ ਮੁਖਰ-ਬਿੰਦ ਤੋ ਫਰਮਾਇਆ……
ਕਬਹੁੰ ਤੁਮਰੋ ਬਚਨ ਨ ਟਲੇ।
ਭਾਈ ਬਹਿਲੋ ! ਤੇਰੀ ਘਾਲ ਥਾਏ ਪਈ ਹੈ ।
ਭਾਈ ਬਹਿਲੋ ! ਤੂੰ ਬੜੀ ਗਾਖੜੀ ਕਾਰ ਕਮਾਈ ਹੈ ।
ਭਾਈ ਬਹਿਲੋ ! ਤੂੰ ਮੇਰੇ ਮਨ ਨੂ ਮੋਹ ਲਿਆ ਹੈ ।
ਭਾਈ ਬਹਿਲੋ !ਤੂੰ ਮੇਰਾ ਹੋਇਆ ਹੈ ਤੇ ਮੈਂ ਤੇਰਾ ਹੋਇਆ ਹਾਂ।
ਇਸਤੋਂ ਬਾਅਦ ਆਪ ਜੀ ਗੁਰੂ ਸਾਹਿਬ ਜੀ ਦੀ ਨਿਰੰਤਰ ਸੇਵਾ ਕਰਦੇ ਰਹੇ।ਇੱਕ ਦਿਨ ਗੁਰੂ ਜੀ ਨੇ ਆਪ ਜੀ ਨੂੰ ਕੋਲ ਬੁਲਾਇਆ ਤੇ ਕਿਹਾ ਭਾਈ ਬਹਿਲੋ ਤੇਰੀ ਸੇਵਾ ਪਰਵਾਨ ਹੈ, ਤੇ ਹੁਣ ਤੂੰ ਆਪਨੇ ਪਿੰਡ ਫਫੜੇ ਜਾ ਕੇ ਮਾਲਵੇ ਇਲਾਕੇ ‘ਚ ਸਿੱਖੀ ਦਾ ਪਰਚਾਰ ਕਰੋ।
ਗੁਰੂ ਜੀ ਨੇ ਆਪ ਜ਼ੀ ਨੂੰ ”ਭਾਈ” ਦਾ ਪਦ ਦਿੱਤਾ ਤੇ ਮਾਲਵੇ ਦਾ ਮੁਖੀਆ ਬਣਾ ਕੇ ਰਵਾਨਾ ਕੀਤਾ। ਗੁਰੂ ਜੀ ਦੇ ਬਚਨਾਂ ਅਨੁਸਾਰ ਆਪ ਆਪਣੇ ਪਿੰਡ ਫਫੜੇ ਆਏ ਤੇ ਇੱਕ ਪਲੰਘ ਤੇ ਬਿਰਾਜਮਾਨ ਹੋਏ।(ਇਹ ਪਲੰਘ ਅੱਜ ਵੀ ਫਫੜੇ ਭਾਈਕੇ ਵਿਖੇ ਸ਼ੁਸ਼ੋਭਤ ਹੈ।)
ਇਥੋ ਹੀ ਆਪ ਜੀ ਨੇ ਸਿਖੀ ਦਾ ਪ੍ਰਚਾਰ ਆਰੰਭ ਕੀਤਾ ਤੇ ਲੋਕਾਂ ਨੂੰ ਗੁਰੂ-ਚਰਨਾਂ ਨਾਲ ਜੋੜਿਆ।ਆਪ ਜੀ ਦੇ ਪ੍ਰਭਾਵ ਸਦਕਾ ਲੋਕ ਕਬਰਾਂ ਪੂਜਣੀਆ ਛੱਡ ਕੇ ਗੁਰਸਿੱਖ ਹੋਏ। ਆਪ ਜੀ ਨੇ ਵਰਤਮਾਨ ਮਾਨਸਾ, ਫਰੀਦਕੋਟ ਤੇ ਨਾਭਾ ਆਦਿ ਚ ਸਿਖੀ ਦਾ ਪ੍ਰਚਾਰ ਕੀਤਾ।
ਮੁਗਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਅਸਿਹ ਤੇ ਅਕਿਹ ਕਸ਼ਟ ਦੇ ਕੇ 1606 ਚ ਸ਼ਹੀਦ ਕਰ ਦਿੱਤਾ।
ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸ਼ਾਹਿਬ ਜੀ ਗੁਰਗੱਦੀ ਤੇ ਬਿਰਾਜ਼ਮਾਨ ਹੋਏ । ਆਪ ਜੀ ਪਹਿਲਾਂ ਵਾਂਗ ਹੀ ਗੁਰੂ ਜ਼ੀ ਦੇ ਦਰਸ਼ਨਾ ਲਈ ਆਓਂਦੇ ਅਤੇ ਮਾਲਵੇ ਤੋਂ ਮਾਇਆ ਤੇ ਰਸ਼ਦ ਇਕਠੀ ਕਰ ਲੈ ਆਓਦੇ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੀ ਸਿਖ਼ਾ ਦੀ ਸੂਚੀ ਵਿਚ ਆਪ ਜ਼ੀ ਦਾ ਨਾਮ 56 ਨੰਬਰ ਤੇ ਸੀ।ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀ ਗਈ ਤੀਸਰੀ ਜੰਗ (ਮਹਿਰਾਜ਼, ਬਠਿੰਡਾ)ਵੇਲੇ ਰਸ਼ਦ ਪਹੁੰਚਾਉਣ ਦੀ ਸਾਰੀ ਜੁੰਮੇਵਾਰੀ ਆਪ ਜੀ ਨਿਭਾਈ।
ਆਪ ਜੀ ਇੱਕ ਚੰਗੇ ਵਿਦਵਾਨ ਅਤੇ ਕਵਿ-ਰਸੀਆ ਹੋਣ ਕਰਕੇ ਚੰਗੇ ਕਵੀ ਵੀ ਸਨ।ਭਾਈ ਬਹਿਲੋ ਨੇ ਜੀ ਨੇ ਲੱਗਭਗ 90 ਸਾਲ ਦੀ ਉਮਰ ਭੋਗੀ।
30 ਸਾਲ ਚ ਆਪ ਗੁਰੂ ਜ਼ੀ ਦੇ ਸਿਖ ਬਣਕੇ ਬਾਕੀ ਦੇ 60 ਸਾਲ ਸੇਵਾ-ਸਿਮਰਨ ਤੇ ਗੁਰਮਿਤ ਪ੍ਰਚਾਰ ਵਿਚ ਲੱਗੇ ਰਹੇ।ਆਪ ਜੀ ਨੇ ਬਹੁਤ ਸਾਰੇ ਲੋਕਾਂ ਨੂ ਗੁਰੂ ਚਰਨਾਂ ਨਾਲ ਜੋੜਿਆ।ਇਸ ਤਰਾਂ ਆਪ ਨਾਮ ਦੇ ਰਸੀਏ ਤੇ ਪੁਰਾਨ ਗੁਰਸਿਖ ਸੰਮਤ 1700 ਚ ਪ੍ਰਭੂ ਚਰਨਾ ‘ਚ ਜਾ ਬਿਰਾਜੇ।
ਅਜਕਲ ਆਪ ਜੀ ਦੀ ਸੰਤਾਨ ਇਹਨਾ ਪਿੰਡਾ ਵਿਚ ਵਸਦੀ ਹੈ :-
1.ਚੱਕ ਭਾਈ ਕਾ, ਰਾਇਕੋਟ (ਲੁਧਿਆਣਾ )
2.ਫਫੜੇ ਭਾਈ ਕੇ,ਮਾਨਸਾ
3.ਸੇਲਬਰਾਹ,ਬਠਿੰਡਾ
4.ਭਾਈ ਦੇਸਾ,ਜਿਲਾ ਮਾਨਸਾ
5.ਕੋਟ ਦੁੰਨਾ, ਬਰਨਾਲਾ
6.ਭਾਈ ਭਗਤਾ,ਬਠਿੰਡਾ
7.ਭਾਈ ਬੰਬੀਹਾ,ਮੋਗਾ
8.ਗੁਲਾਬੋ ਕੀ ਮੰਡੀ,ਬਠਿੰਡਾ
9.ਸੰਗਤਪੁਰਾ ਭਾਈ ਕਾ,ਲੁਧਿਆਣਾ
10.ਬਣ ਵਾਲਾ,ਫਰੀਦਕੋਟ
11.ਜਗਜੀਤ ਨਗਰ,ਜਿਲਾ ਸਿਰਸਾ,ਹਰਿਆਣਾ
12.ਝੋਟਿਆ ਵਾਲੀ,ਫਿਰੋਜਪੁਰ
13.ਮਲਕੋ ਮਾਜਰਾ,ਸਰਹਿੰਦ, ਫਤਿਹਗੜ੍ਹ ਸਾਹਿਬ
14.ਦਿਆਲਪੁਰਾ ਭਾਈ ਕਾ ਬਠਿੰਡਾ
15.ਡਰੋਲੀ ਭਾਈ ਕੀ,ਮੋਗਾ ਆਦਿ ( ਜਿਹਨਾ ਪਿੰਡਾ ਦੇ ਨਾਮ ਦੇ ਅੱਗੇ ਜਾ ਪਿਛੇ ਭਾਈਕਾ ਲੱਗਦਾ ਹੈ)
ਆਪ ਜ਼ੀ ਦੀ ਯਾਦ ਚ ਹਰ ਸਾਲ ਪਿੰਡ ਫਫੜੇ ਭਾਈ ਕੇ ਜ਼ਿਲਾ ਮਾਨਸਾ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ,ਜੋ ਇਸ ਵਾਰ 17,18,19 ਸਤੰਬਰ,2022 ਨੂੰ ਮਨਾਇਆ ਜਾ ਰਿਹਾ ਹੈ ਪਰ ਕਰੋਨਾ ਮਹਾਮਰੀ ਕਾਰਨ ਪਿਛਲੀ ਵਾਰ ਇਕਠ ਦੇ ਰੂਪ ਚ ਨਹੀ ਮਨਾਇਆ ਗਿਆ ਸੀ, ਸੰਗਤ ਇਕਠੀ ਨਹੀ ਕੀਤੀ ਗਈ ਸੀ।
ਗੁਰੂ ਕੇ ਮਹਾਨ ਸਿਖ ਨੂੰ ਪ੍ਰਣਾਮ ਹੈ ਜ਼ੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।