1️⃣5️⃣ ਸਤੰਬਰ, 2022 30 ਭਾਦੋਂ,554
ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ
ਸਿੱਖੀ ਦੀ ਕਠਿਨ ਪ੍ਰੀਖਿਆ ‘ਚੋਂ ਲੰਘ ਕੇ ਗੁਰਿਆਈ ਦੀ ਪਦਵੀ ਧਾਰਨ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਹਨ।
ਪ੍ਰਕਾਸ਼:-12 ਮਈ,1504 (18 ਵੈਸਾਖ,554 ਹੁਣ 01 ਮਈ,2022 ਅਨੁਸਾਰ )ਪਿੰਡ ‘ਮੱਤੇ ਦੀ ਸਰਾਂ'(ਸਰਾਏ ਨਾਗਾ)ਜਿਲ੍ਹਾ ਮੁਕਤਸਰ ਸਾਹਿਬ
ਗੁਰਗਦੀ/ਸਮਾ:-26 ਸਤੰਬਰ,1539(30 ਭਾਦੋਂ ,554 ਨਸ 15 ਸਤੰਬਰ,2022 ਅਨੁਸਾਰ) 35 ਸਾਲ ਦੀ ਉਮਰ ਚ 12 ਸਾਲ 9 ਮਹੀਨੇ
ਜੋਤੀ ਜੋਤ:-01 ਅਪ੍ਰੈਲ,1552 48 ਸਾਲ ਦੀ ਉਮਰ ਚ (23 ਚੇਤ ,554 5 ਅਪ੍ਰੈਲ,2022 ਅਨੁਸਾਰ) ) ਸ੍ਰੀ ਖਡੂਰ ਸਾਹਿਬ
ਪਿਤਾ:-ਭਾਈ ਫੇਰੂਮਾਲ ਜੀ
ਮਾਤਾ:-ਦਇਆ ਕੌਰ ਜੀ
ਸੁਪਤਨੀ:-ਬੀਬੀ ਖੀਵੀ ਜੀ ਪਿੰਡ ਸੰਘਰ 1519
ਸਪੁੱਤਰ:-ਸ੍ਰੀ ਦਾਤੂ ਜੀ ਤੇ ਸ੍ਰੀ ਦਾਸੂ ਜੀ
ਸਪੁੱਤਰੀਆਂ:-ਬੀਬੀ ਅਮਰੋ ਜੀ ਤੇ ਬੀਬੀ ਅਣੋਖੀ ਜੀ
ਬਾਣੀ:- 63 ਸਲੋਕ 10 ਵਾਰਾਂ ਵਿੱਚ
ਸਮਕਾਲੀ ਹੁਕਮਰਾਨ:- ਹਮਾਯੂੰ,ਸ਼ੇਰ ਸ਼ਾਹ ਸੂਰੀ,ਇਸਲਾਮ ਸ਼ਾਹ ਸੂਰੀ
ਆਪ ਜੀ ਨੇ 1539 ਈ. ਤੋਂ ਲੈ ਕੇ 1552 ਤੱਕ ਸਿੱਖ ਪੰਥ ਦੀ ਅਗਵਾਈ ਕੀਤੀ।ਉਸ ਵੇਲੇ ਭਾਰਤ ਤੇ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ।
ਗੁਰੂ ਜੀ ਨੇ:-
1.ਗੁਰਮੁੱਖੀ ਲਿਪੀ ਦੀ ਸਥਾਪਨਾ ਕੀਤੀ
2.ਲੰਗਰ ਪ੍ਰਥਾ ਚਲਾਈ ਤੇ
3.ਸੰਗਤ ਤੇ ਪੰਗਤ ਦੀ ਪ੍ਰਥਾ ਵੀ ਚਲਾਈ।
ਆਪ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਸੀ।
ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਹਿੱਸੇ ਬਣਦੇ ਹਨ:
1.ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ(1504 ਤੋਂ 1533)
2.ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿਚ ਗੁਜਰਿਆ(1533 ਤੋਂ 1534)
3.ਤੀਜਾ ਆਪ ਨੇ ਗੁਰਗਦੀ ਬਿਰਾਜਮਾਨ ਹੋ ਕੇ ਪ੍ਰਥਮ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ ਨੂੰ ਅਗੇ ਵਧਾਇਆ।
ਆਪ ਜੀ ਦੇ ਮਾਤਾ-ਪਿਤਾ ਚੰਗੇ ਗ੍ਰਹਿਸਥੀ,ਕਾਰੋਬਾਰੀ ਤੇ ਵੈਸ਼ਨੂੰ ਦੇਵੀ ਦੇ ਭਗਤ ਸਨ।ਮਾਪਿਆਂ ਨੇ ਆਪਣੇ ਪੁੱਤਰ ਦਾ ਨਾਂਅ ਲਹਿਣਾ ਰੱਖਿਆ।ਮਾਪਿਆਂ ਦੇ ਧਾਰਮਿਕ ਵਿਚਾਰਾਂ ਨੂੰ ਭਾਈ ਲਹਿਣਾ ਨੇ ਵੀ ਕਬੂਲ ਕੀਤਾ ਤੇ ਉਹ ਵੀ ਦੇਵੀ ਭਗਤ ਬਣ ਗਏ।
ਮੁਸਲਮਾਨ ਹਾਕਮਾਂ ਦੀ ਸਖ਼ਤੀ ਕਰਕੇ ਫੇਰੂ ਜੀ ਆਪਣਾ ਨਗਰ ਛੱਡ ਕੇ ਪਿੰਡ ਸ੍ਰੀ ਖਡੂਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਆ ਵਸੇ।
ਇਥੇ ਹੀ 1519 ਚ ਲਹਿਣਾ ਜੀ ਦੀ ਸ਼ਾਦੀ ਭਾਈ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਈ।
ਆਪ ਦੇ ਘਰ ਦੋ ਪੁੱਤਰਾਂ (ਭਾਈ ਦਾਤੂ ਤੇ ਭਾਈ ਦਾਸੂ) ਅਤੇ ਦੋ ਪੁੱਤਰੀਆਂ (ਬੀਬੀ ਅਮਰੋ ਤੇ ਬੀਬੀ ਅਨੋਖੀ) ਨੇ ਜਨਮ ਲਿਆ।
ਪਿਤਾ ਦੇ ਦਿਹਾਂਤ ਮਗਰੋਂ ਭਾਈ ਲਹਿਣਾ ਜੀ ਨੇ ਘਰ ਦਾ ਸਾਰਾ ਕੰਮ-ਕਾਜ ਸੰਭਾਲ ਲਿਆ।ਇਕ ਦਿਨ ਆਪ ਨੇ ਖਡੂਰ ਵਿਖੇ ਭਾਈ ਜੋਧਾ ਨਾਂਅ ਦੇ ਸਿੱਖ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ, ਜਿਸ ਤੋਂ ਆਪ ਨੂੰ ਕਾਫੀ ਸ਼ਾਂਤੀ ਮਿਲੀ ਤੇ ਉਹ ਗੁਰੂ ਦਰਸ਼ਨਾਂ ਦੀ ਤਾਂਘ ਕਰਨ ਲੱਗੇ।
ਇਕ ਵਾਰ ਦੇਵੀ ਭਗਤਾਂ ਦੀ ਮੰਡਲੀ ਨਾਲ ਉਹ ਕਰਤਾਰਪੁਰ ਕੋਲੋਂ ਲੰਘ ਰਹੇ ਸਨ ਕਿ ਅੱਗੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ।ਲਹਿਣਾ ਜੀ ਉਥੇ ਹੀ ਰੁਕ ਗਏ ਅਤੇ ਆਪਣਾ ਧਿਆਨ ਅਕਾਲ-ਪੁਰਖ ਦੀ ਭਗਤੀ ਅਤੇ ਸੇਵਾ ਵੱਲ ਲਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਆ ਕੇ ਲਹਿਣਾ ਜੀ ਨੂੰ ਅਨੁਭਵ ਹੋਇਆ ਕਿ ਉਨ੍ਹਾਂ ਨੂੰ ਪੂਰਨ ਪੁਰਖ ਮਿਲ ਗਏ ਹਨ। ਇਸ ਲਈ ਹੁਕਮ ਮੰਨਣ, ਨਿਸ਼ਕਾਮ ਸੇਵਾ ਅਤੇ ਗੁਰੂ ਭਗਤੀ ਵਿਚ ਆਪ ਨੂੰ ਬਹੁਤ ਅਨੰਦ ਆਇਆ।
ਗੁਰੂ ਨਾਨਕ ਦੇਵ ਜੀ ਗੁਰਿਆਈ ਲਈ ਜਾਨਸ਼ੀਨ ਦੀ ਭਾਲ ਵਿਚ ਸਨ। ਉਨ੍ਹਾਂ ਨੇ ਆਪਣੇ ਪੁੱਤਰਾਂ (ਸ੍ਰੀ ਚੰਦ ਤੇ ਲਖਮੀ ਦਾਸ) ਸਮੇਤ ਸਭ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲਈਆਂ ਸਾਰੀਆਂ (ਕਰੀਬ ਬਾਰਾਂ) ਪ੍ਰੀਖਿਆਵਾਂ ਵਿਚੋਂ ਸਫ਼ਲ ਹੋਏ। ਗੁਰੂ ਜੀ ਨੇ ਆਪ ਨੂੰ ਗਲਵਕੜੀ ਵਿਚ ਲੈ ਕੇ ਲਹਿਣੇ ਤੋਂ ਅੰਗਦ ਬਣਾ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਨਿਸ਼ਕਾਮ ਸੇਵਾ,ਹੁਕਮ ਮੰਨਣ ਦੀ ਭਾਵਨਾ,ਪਵਿੱਤਰ ਆਚਰਣ ਅਤੇ ਸਿੱਖੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਯੋਗ ਸਮਝ ਕੇ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਕੇ ਉਨ੍ਹਾਂ ਨੂੰ ਗੁਰਗੱਦੀ ਸੌਂਪ ਦਿੱਤੀ।
ਗੁਰਗਦੀ(26 ਸਤੰਬਰ,1539) ਹੁਣ 30 ਭਾਦੋਂ ,554 ਨਸ 15 ਸਤੰਬਰ,2022 ਅਨੁਸਾਰ 35 ਸਾਲ ਦੀ ਉਮਰ ਚ) ਪ੍ਰਾਪਤ ਕਰਨ ਪਿੱਛੋਂ ਗੁਰੂ ਅੰਗਦ ਦੇਵ ਜੀ ਵਾਪਸ ਸ੍ਰੀ ਖਡੂਰ ਸਾਹਿਬ ਆ ਗਏ।ਗੁਰੂ ਅੰਗਦ ਦੇਵ ਜੀ ਕਰਤਾਰਪੁਰ ਰਹਿ ਕੇ,ਕਿਸੇ ਤਰ੍ਹਾਂ ਵੀ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨਾਲ ਉਲਝਣਾ ਨਹੀਂ ਸਨ ਚਾਹੁੰਦੇ।
ਸੰਨ 1540 ਵਿਚ ਮੁਗ਼ਲ ਬਾਦਸ਼ਾਹ ਹਮਾਯੂੰ ਕਨੌਜ ਦੇ ਸਥਾਨ ‘ਤੇ ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਖਾ ਕੇ ਪੰਜਾਬ ਵੱਲ ਆਇਆ। ਉਹ ਪੀਰਾਂ-ਫ਼ਕੀਰਾਂ ਦੀ ਦੁਆ ਹਾਸਲ ਕਰਨ ਲਈ ਭਟਕਦਾ ਹੋਇਆ ਸ੍ਰੀ ਖਡੂਰ ਸਾਹਿਬ ਪਹੁੰਚਿਆ।
ਗੁਰੂ ਜੀ ਉਦੋਂ ਪ੍ਰਭੂ ਭਗਤੀ ਵਿਚ ਲੀਨ ਸਨ। ਹਮਾਯੂੰ ਨੇ ਇਸ ਨੂੰ ਆਪਣੀ ਹੱਤਕ ਸਮਝਿਆ ਤੇ ਤਲਵਾਰ ਕੱਢ ਕੇ ਉਨ੍ਹਾਂ ‘ਤੇ ਵਾਰ ਕਰਨਾ ਚਾਹਿਆ। ਇਹ ਵੇਖ ਕੇ ਗੁਰੂ ਜੀ ਨੇ ਕਿਹਾ,
‘ਫ਼ਕੀਰਾਂ ਉੱਤੇ ਤਾਂ ਤੇਰੀ ਤਲਵਾਰ ਬੜੀ ਚਲਦੀ ਹੈ, ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਇਹ ਖੁੰਢੀ ਹੋ ਗਈ ਸੀ?’
ਇਹ ਸੁਣ ਕੇ ਹਮਾਯੂੰ ਬੜਾ ਸ਼ਰਮਿੰਦਾ ਹੋਇਆ ਤੇ ਗੁਰੂ ਜੀ ਤੋਂ ਭੁੱਲ ਬਖਸ਼ਾਈ।
ਸੰਨ 1547 ਵਿਚ ਗੁਰੂ ਜੀ ਮਾਲਵੇ ਵੱਲ ਪ੍ਰਚਾਰ ਦੌਰੇ ‘ਤੇ ਗਏ। ਇਥੇ ਹਰੀ ਕੇ ਪਿੰਡ ਦਾ ਚੌਧਰੀ ਬਖ਼ਤਾਵਰ ਮੱਲ 72 ਪਿੰਡਾਂ ਦਾ ਮਾਮਲਾ ਭਰਦਾ ਸੀ। ਉਹ ਦੀਵਾਨ ਵਿਚ ਸੰਗਤ ਨਾਲ ਬੈਠਣ ਦੀ ਥਾਂ ਗੁਰੂ ਜੀ ਦੇ ਸਿਰ੍ਹਾਣੇ ਵੱਲ ਬਹਿ ਗਿਆ। ਗੁਰੂ ਜੀ ਨੇ ਉਸ ਦੀ ਗ਼ਲਤੀ ਨੂੰ ਸੁਧਾਰਿਆ।
ਖਡੂਰ ਸਾਹਿਬ ਵਿਚ ਇਕ ਜੋਗੀ ਨੇ ਕਰਾਮਾਤ ਦੇ ਨਾਂਅ ‘ਤੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਜੇ ਗੁਰੂ ਜੀ ਪਿੰਡ ਛੱਡ ਜਾਣ ਤਾਂ ਉਹ ਮੀਂਹ ਪੁਆ ਦੇਵੇਗਾ। ਗੁਰੂ ਜੀ ਨੇ ਲੋਕਾਂ ਨੂੰ ਭਰਮ ‘ਚੋਂ ਕੱਢਣ ਲਈ ਪਿੰਡ ਛੱਡ ਦਿੱਤਾ ਪਰ ਜੋਗੀ ਦੇ ਜਾਦੂ-ਟੂਣਿਆਂ ਨਾਲ ਮੀਂਹ ਨਾ ਪਿਆ।ਗੁੱਸੇ ਵਿਚ ਲੋਕਾਂ ਨੇ ਜੋਗੀ ਸ਼ਿਵਨਾਥ ਨੂੰ ਬੜਾ ਕੁੱਟਿਆ ਪਰ ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ,’ਮਾੜਿਆਂ ਨਾਲ ਚੰਗਾ ਵਰਤਾਓ ਕਰਨਾ ਹੀ ਅਸਲ ਸਿੱਖੀ ਹੈ।’
ਭਾਰਤ ਵਿਚ ਇਕ ਪੁਰਾਣਾ ਖਿਆਲ ਪ੍ਰਚਲਿਤ ਸੀ ਕਿ ਕਠਿਨ ਤਪੱਸਿਆ ਨਾਲ ਸਰੀਰ ਨੂੰ ਜਿੰਨਾ ਸਾਧਿਆ ਜਾਵੇ, ਓਨਾ ਹੀ ਮਨ ਬਲਵਾਨ ਹੁੰਦਾ ਹੈ। ਗੁਰੂ ਜੀ ਨੇ ਇਸ ਦਾ ਖੰਡਨ ਕੀਤਾ ਅਤੇ ਨੌਜਵਾਨਾਂ ਨੂੰ ਭਜਨ-ਬੰਦਗੀ ਦੇ ਨਾਲ-ਨਾਲ ਕਸਰਤ ਕਰਨ ਲਈ ਵੀ ਪ੍ਰੇਰਿਤ ਕੀਤਾ।
ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਜਨਮਸਾਖੀ ਨੂੰ ਭਾਈ ਪੈੜੇ ਮੋਖੇ ਤੋਂ ਕਲਮਬੱਧ ਕਰਵਾਇਆ।ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਸੰਭਾਲਣ ਦਾ ਸਭ ਤੋਂ ਪਹਿਲਾ ਯਤਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਅਤੇ ਇਹਦੇ ਲਈ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ।
ਆਪ ਜੀ ਨੇ ਗੁਰਮੁਖੀ ਲਿਪੀ ਵਿਚ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਵੀ ਚੋਖੇ ਯਤਨ ਕੀਤੇ।ਆਪ ਜੀ ਦੇ ਕੁੱਲ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੱਖ-ਵੱਖ ਵਾਰਾਂ ਵਿਚ ਅੰਕਿਤ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ‘ਆਸਾ ਦੀ ਵਾਰ’ ਵਿਚ ਉਨ੍ਹਾਂ ਦੇ ਆਪਣੇ ਸਲੋਕਾਂ ਤੋਂ ਬਿਨਾਂ ਸਿਰਫ ਸ੍ਰੀ ਗੁਰੂ ਅੰਗਦ ਦੇਵ ਜੀ ਰਚਿਤ ਕੁਝ ਸਲੋਕ ਹੀ ਸੰਕਲਿਤ ਹਨ।
ਆਪ ਦੇ ਸਲੋਕਾਂ ਵਿਚ ਪ੍ਰੇਮ ਭਗਤੀ,ਹਲੀਮੀ,ਹੁਕਮ ਮੰਨਣਾ ਆਦਿ ਨੈਤਿਕ ਸਿੱਖਿਆਵਾਂ ‘ਤੇ ਜ਼ੋਰ ਦਿੱਤਾ।
ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਚਹੁੰ ਪਾਸੀਂ ਫੈਲਦੀ ਗਈ ਅਤੇ ਸਿੱਖੀ ਦਾ ਬੂਟਾ ਮੌਲਣ ਲੱਗਾ।
ਆਪ ਨੇ ਗੋਇੰਦਵਾਲ ਸਾਹਿਬ ਨਗਰ ਆਬਾਦ ਕਰਕੇ ਉਥੇ ਸਿੱਖੀ ਦਾ ਕੇਂਦਰ ਬਣਾਉਣ ਦੀ ਤਜਵੀਜ਼ ਤਿਆਰ ਕੀਤੀ, ਕਿਉਂਕਿ ਸ਼ਾਹੀ ਮਾਰਗ ਉੱਤੇ ਹੋਣ ਕਰਕੇ ਇਥੇ ਲੋਕਾਂ ਦੀ ਆਵਾਜਾਈ ਆਮ ਸੀ।
ਅੱਜ ਵੀ ਸ੍ਰੀ ਗੋਇੰਦਵਾਲ ਸਾਹਿਬ ਨੂੰ ‘ਸਿੱਖੀ ਦੇ ਧੁਰੇ’ ਵਜੋਂ ਜਾਣਿਆ ਜਾਂਦਾ ਹੈ।
ਭਜਨ,ਬੰਦਗੀ,ਸੇਵਾ,ਪਰਉਪਕਾਰ,ਖਿਮਾ ਤੇ ਸਹਿਣਸ਼ੀਲਤਾ ਦਾ ਜੀਵਨ ਬਤੀਤ ਕਰਦੇ ਹੋਏ ਗੁਰੂ ਅੰਗਦ ਦੇਵ ਜੀ ਨੇ 13 ਸਾਲ ਗੁਰੂ ਗੱਦੀ ‘ਤੇ ਬਿਰਾਜ ਕੇ ਅੰਤ ਆਪਣੀ ਜੋਤਿ ਨੂੰ ਸ੍ਰੀ ਗੁਰੂ ਅਮਰਦਾਸ ਜੀ ਵਿਚ ਟਿਕਾ ਕੇ 01 ਅਪ੍ਰੈਲ,1552 48 ਸਾਲ ਦੀ ਉਮਰ ਚ ਹੁਣ 23 ਚੇਤ ,554 5 ਅਪ੍ਰੈਲ,2022 ਅਨੁਸਾਰ ) ਸ੍ਰੀ ਖਡੂਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ।
ਰਾਇ ਬਲਵੰਡਿ ਜੀ ਤੇ ਸਤੈ ਡੂਮਿ ਜੀ ਦੀ ਰਚਿਤ ‘ਰਾਮਕਲੀ ਕੀ ਵਾਰ’ ਵਿਚ ਆਪ ਦੇ ਬਾਰੇ ਕਿੰਨਾ ਸੁੰਦਰ ਲਿਖਿਆ ਹੈ :
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥(ਅੰਗ-967)
ਗੁਰਗੱਦੀ ਪੁਰਬ ਦਿਵਸ ਤੇ ਸੰਗਤਾਂ ਨੂੰ ਮੁਬਾਰਕ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਕੋਟਾਨ ਕੋਟਿ ਪ੍ਰਣਾਮ ਹੈ ਜੀ
ਮਿਤੀਆਂ ਚ ਫਰਕ ਹੋ ਸਕਦਾ ਹੈ ( ਹੁਣ ਦੀ ਮਿਤੀ ਅਨੁਸਾਰ ਬਰੈਕਟ ਚ ਮਿਤੀ ਪਾਈ ਗਈ ਹੈ) (ਨਾਨਕਸ਼ਾਹੀ 554 ਅਨੁਸਾਰ ਮਿਤੀਆਂ 2022 ਪਾਈਆਂ ਗਈਆਂ ਹਨ,)
ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ