*1️⃣9️⃣ ਤੋਂ 2️⃣3️⃣ ਸਤੰਬਰ,2022 ਤਕ_ਬਾਬਾ ਫ਼ਰੀਦ ਜੀ ਆਗਮਨ ਪੁਰਬ

1️⃣9️⃣ ਤੋਂ 2️⃣3️⃣ ਸਤੰਬਰ,2022 ਤਕ_ਬਾਬਾ ਫ਼ਰੀਦ ਜੀ ਆਗਮਨ ਪੁਰਬ

ਸ਼ੇਖ ਬਾਬਾ ਫ਼ਰੀਦ ਜੀ ਧਾਰਮਿਕ ਸਾਂਝੀਵਾਲਤਾ ਦੇ ਪ੍ਰਤੀਕ ਸਨ। ਆਪ ਦੇ ਮਨ ਵਿਚ ਇਸਲਾਮੀ ਕੱਟੜਤਾ ਦੇ ਭਾਵ ਬਿਲਕੁਲ ਨਹੀਂ ਸਨ। ਇਹੀ ਕਾਰਨ ਹੈ ਕਿ ਆਪ ਦੇ ਮੁਰੀਦਾਂ ਵਿਚ ਹਿੰਦੂ ਤੇ ਮੁਸਲਮਾਨ ਦੋਵਾਂ ਫਿਰਕਿਆਂ ਦੇ ਲੋਕ ਸ਼ਾਮਿਲ ਸਨ।

ਫ਼ਰੀਦ ਜੀ ਦਾ ਪਰਿਵਾਰ ਭਾਰਤ ਵਿਚ ਸੁਲਤਾਨਾਂ ਦੇ ਰਾਜ ਸਮੇਂ ਗਿਆਰ੍ਹਵੀਂ ਸਦੀ ਵਿਚ ਪੰਜਾਬ ਵਿਚ ਆਇਆ ਸੀ। ਉਨ੍ਹਾਂ ਦਿਨਾਂ ਵਿਚ ਭਾਰਤ ਵਿਚ ਮੁਸਲਮਾਨਾਂ ਦੀ ਗਿਣਤੀ ਬਹੁਤੀ ਨਹੀਂ ਸੀ।

ਆਮ ਲੋਕਾਂ ਨੂੰ ਜਾਤੀ ਸੂਚਕ ਸਬਦ ਵਰਤ ਕੇ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਸੀ,ਉਹ ਜਾਤ-ਪਾਤ ਤੋਂ ਬਹੁਤ ਔਖੇ ਸਨ। ਉਨ੍ਹਾਂ ਨਾਲ ਭੈੜਾ ਵਿਹਾਰ ਕੀਤਾ ਜਾਂਦਾ ਸੀ। ਇਸ ਕਾਰਨ ਇਹ ਲੋਕ ਵੱਡੀ ਗਿਣਤੀ ਵਿਚ ਮੁਸਲਮਾਨ ਬਣਾਏ ਜਾ ਰਹੇ ਸਨ।

ਇਸਲਾਮ ਵਿਚ ਜਾਤ-ਪਾਤ ਨਹੀਂ ਸੀ ਤੇ ਹਰ ਇਕ ਨੂੰ ਬਰਾਬਰ ਮੰਨਿਆ ਜਾਂਦਾ ਸੀ। ਫ਼ਰੀਦ ਜੀ ਤੋਂ ਕੁਝ ਸਮਾਂ ਬਾਅਦ ਵਿਚ ਭਾਰਤ ਅੰਦਰ ਭਗਤੀ ਲਹਿਰ ਪੈਦਾ ਹੋਈ।

13ਵੀਂ-14ਵੀਂ ਸਦੀ ਦੇ ਭਗਤ ਕਵੀਆਂ ਬਾਬਾ ਨਾਮਦੇਵ ਜੀ,ਕਬੀਰ ਜੀ ਤੇ ਰਵਿਦਾਸ ਜੀ ਮਹਾਨ ਅਵਤਾਰਾਂ ਨੇ ਵੀ ਮਨੁੱਖੀ ਏਕਤਾ ਤੇ ਸਮਾਨਤਾ ਦੇ ਸਿਧਾਂਤਾਂ ਨੂੰ ਪ੍ਰਚਾਰਿਆ।

ਇਸ ਪ੍ਰਕਾਰ ਭਾਰਤ ਵਿਚ ਮੁਨੱਖੀ ਸਾਂਝੀਵਾਲਤਾ ਦੀ ਫਿਲਾਸਫੀ ਨੇ ਜ਼ੋਰ ਫੜ ਲਿਆ।

ਬਾਬਾ ਫ਼ਰੀਦ ਜੀ ਦੇ ਜਮਾਤਖਾਨੇ (ਦਰਬਾਰ) ਵਿਚ ਹਿੰਦੂ,ਮੁਸਲਮਾਨ ਤੇ ਨਾਥ ਜੋਗੀ ਘੁੰਮਦੇ ਰਹਿੰਦੇ ਸਨ।ਉਹ ਫ਼ਰੀਦ ਜੀ ਤੋਂ ਜੀਵਨ ਦੇ ਗੁੱਝੇ ਭੇਤਾਂ ਬਾਰੇ ਸਵਾਲ ਪੁੱਛਦੇ ਸਨ ਤੇ  ਬਾਬਾ ਫ਼ਰੀਦ ਜੀ ਉਨ੍ਹਾਂ ਦੇ ਸ਼ੰਕਿਆਂ ਅਤੇ ਜਗਿਆਸਾਵਾਂ ਦੇ ਯੋਗ ਹੱਲ ਪੇਸ਼ ਕਰ ਦਿੰਦੇ ਸਨ।ਇਸ ਕਾਰਨ ਆਪ ਛੇਤੀ ਹੀ ਪੂਰੇ ਉੱਤਰੀ ਭਾਰਤ ਵਿਚ ਬਹੁਤ ਪ੍ਰਸਿੱਧ ਹੋ ਗਏ,ਆਪ ਦੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ।

ਆਪ ਜੀ ਨੇ ਕਈ ਸੂਫ਼ੀ ਫ਼ਕੀਰਾਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਦੇ ਕੇ ਖ਼ਲੀਫ਼ੇ ਬਣਾਇਆ।ਖੁਆਜਾ ਨਿਜ਼ਾਮੁਦੀਨ ਔਲੀਆ ਆਪ ਦਾ ਪ੍ਰਮੁੱਖ ਖ਼ਲੀਫ਼ਾ ਸੀ, ਜਿਸ ਨੇ ਦਿੱਲੀ ਤੇ ਅਜਮੇਰ ਜਾ ਕੇ ਸੂਫ਼ੀਮਤ ਦਾ ਬਹੁਤ ਪ੍ਰਚਾਰ ਕੀਤਾ।

ਬਾਬਾ ਫ਼ਰੀਦ ਜੀ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਫ਼ਕੀਰ ਸਨ। ਭਾਰਤ ਵਿਚ ਚਿਸ਼ਤੀ ਸਿਲਸਿਲੇ ਨੂੰ ਹਜ਼ਰਤ ਖੁਆਜ਼ਾ ਮੁਈਨਦੀਨ ਚਿਸ਼ਤੀ ਨੇ ਲੋਕਪ੍ਰਿਆ ਬਣਾਇਆ।

ਉਨ੍ਹਾਂ ਤੋਂ ਬਾਅਦ ਹਜ਼ਰਤ ਖੁਆਜ਼ਾ ਕੁਤਬੁਦੀਨ ਬਖਤਿਆਰ ਕਾਕੀ ਜੀ ਨੇ ਦਿੱਲੀ ਵਿਚ ਇਸ ਸਿਲਸਿਲੇ ਦੀ ਵਾਗਡੋਰ ਸੰਭਾਲੀ। ਫ਼ਰੀਦ ਜੀ ਨੇ ਕਾਕੀ ਜੀ ਪਾਸੋਂ ਸਿੱਖਿਆ ਹਾਸਲ ਕੀਤੀ। ਇਸ ਲਈ ਉਨ੍ਹਾਂ ਤੋਂ ਬਾਅਦ ਫ਼ਰੀਦ ਜੀ ਇਸ ਸਿਲਸਿਲੇ ਦੇ ਪ੍ਰਮੁੱਖ ਖ਼ਲੀਫ਼ੇ ਬਣ ਗਏ।

ਬਾਬਾ ਫ਼ਰੀਦ ਜੀ ਨੇ ਅਰਬੀ ਫਾਰਸੀ ਵਿਚ ਆਪਣੇ ਸਿਧਾਂਤਾਂ ਦਾ ਪ੍ਰਚਾਰ ਕਰਨ ਦੀ ਬਜਾਏ ਆਮ ਲੋਕਾਂ ਦੀ ਬੋਲੀ ਪੰਜਾਬੀ ਨੂੰ ਅਪਣਾਇਆ।ਆਪ ਪੰਜਾਬੀ ਬੋਲੀ ਦੇ ਮੋਢੀ ਕਵੀ ਬਣੇ।ਆਪ ਦੁਆਰਾ ਲਿਖੇ 112 ਸਲੋਕ ਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ।

 

ਬਾਬਾ ਫ਼ਰੀਦ ਜੀ ਆਪਣੇ ਮੁਰੀਦਾਂ ਨੂੰ ਮਿੱਠਾ ਬੋਲਣ ਤੇ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਦਿੰਦੇ ਸਨ।

ਆਪ ਫ਼ਰਮਾਉਂਦੇ ਸਨ ਕਿ:-

-ਕਿਸੇ ਦਾ ਵੀ ਬੁਰਾ ਨਾ ਕਰੋ,ਸਭ ਦਾ ਭਲਾ ਮੰਗੋ

-ਆਪਣੇ ਨਾਲ ਭੈੜਾ ਵਿਹਾਰ ਕਰਨ ਵਾਲੇ ਸ਼ਖ਼ਸ ਨੂੰ ਵੀ ਯੋਗ ਆਦਰ ਦਿਓ

-ਜੋ ਵੀ ਤੁਹਾਡੇ ਪਾਸ ਹੋਵੇ, ਉਸ ਨੂੰ ਹੋਰ ਲੋੜਵੰਦਾਂ ਨਾਲ ਮਿਲ ਕੇ ਵਰਤ-ਛਕ ਲਓ।

-ਸਾਦੀ ਤੇ ਸਰਲ ਜ਼ਿੰਦਗੀ ਬਿਤਾਓ

-ਧਨ ਦੌਲਤ ਦਾ ਲਾਲਚ ਨਾ ਕਰੋ

-ਕਦੇ ਵੀ ਬੁਰੇ ਕੰਮ ਨਾ ਕਰੋ

-ਕਿਸੇ ਦਾ ਦਿਲ ਨਾ ਦੁਖਾਓ, ਕਿਉਂਕਿ ਹਰ ਮਨੁੱਖ ਦੇ ਅੰਦਰ ਰੱਬ ਵਸਦਾ ਹੈ

-ਆਪਣਾ ਜਿਗਰਾ ਰੁੱਖਾਂ ਵਰਗਾ ਬਣਾ ਲਵੋ ਜੋ ਸਭ ਨੂੰ ਠੰਢੀ ਛਾਂ,ਫਲ-ਫੁੱਲ ਦਿੰਦੇ ਹਨ।

-ਕਿਸੇ ਨਾਲ ਵਿਤਕਰਾ ਨਹੀਂ ਕਰਦੇ

-ਸਬਰ-ਸੰਤੋਖ ਨਾਲ ਆਪਣੀ ਜ਼ਿੰਦਗੀ ਬਸਰ ਕਰੋ ਅਤੇ

-ਰੱਬ ਨੂੰ ਸਦਾ ਯਾਦ ਰੱਖੋ।ਰੱਬ ਹਰ ਗੁਨਾਹਗਾਰ ਨੂੰ ਬਖਸ਼ ਦਿੰਦਾ ਹੈ।

1215 ਚ ਫ਼ਰੀਦ ਜੀ ਦਿੱਲੀ ਤੋਂ ਪਾਕਪਟਨ ਵੱਲ ਜਾਂਦੇ ਹੋਏ ਕੁਝ ਸਮਾਂ ਫ਼ਰੀਦਕੋਟ ਵਿਖੇ ਠਹਿਰੇ ਸਨ। ਉਨ੍ਹਾਂ ਦੇ ਆਗਮਨ ਦੀ ਖੁਸ਼ੀ ਵਿਚ ਇੱਥੇ 1986 ਤੋਂ ਇਕ ਬਹੁਤ ਵੱਡਾ ਮੇਲਾ ਮਨਾਇਆ ਜਾਂਦਾ ਹੈ, ਜੋ 19 ਸਤੰਬਰ ਤੋਂ 23 ਸਤੰਬਰ ਤੱਕ ਪੂਰੇ ਪੰਜ ਦਿਨ ਚੱਲਦਾ ਹੈ।

ਸ਼ੇਖ ਫ਼ਰੀਦ ਜੀ ਦੀ ਰਹਿਮਤ ਸਮੂਹ ਭਾਰਤ ਵਾਸੀਆਂ ਉਪਰ ਬਣੀ ਰਹੇ,ਲੋਕ ਆਪੋ ਵਿਚ ਪਿਆਰ-ਇਤਫ਼ਾਕ ਨਾਲ ਜੁੜੇ ਰਹਿਣ, ਇਹੋ ਅਰਦਾਸ ਹੈ।

ਬਾਬਾ ਸ਼ੇਖ ਫਰੀਦ ਜੀ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਹੈ ਜੀ।

92 Views