2️⃣5️⃣ਸਤੰਬਰ,2022 ਅਨੁਸਾਰ_ਬੰਦੀ ਛੋੜ ਦਿਵਸ ਗਵਾਲੀਅਰ (ਮੱਧ ਪ੍ਰਦੇਸ਼)
ਬਾਣੀ ਦੇ ਬੋਹਿਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ ਤੇ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ।
ਇਸ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ਦੀ ਪਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਦਿਆਂ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।
ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ।
ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਜਾਰੀ ਕੀਤੇ ਅਤੇ ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗੀ ਟ੍ਰੇਨਿੰਗ ਦਿੱਤੀ ਜਾਣ ਲੱਗੀ।
ਤਵਾਰੀਖ ਗੁਰੂ ਖ਼ਾਲਸਾ ਅਨੁਸਾਰ ਵਿਰੋਧੀਆਂ ਨੇ ਲਾਹੌਰ ਦੇ ਸੂਬੇਦਾਰ ਕਾਸਮ ਬੇਗ ਖ਼ਾਨ ਕੋਲ ਰਿਪੋਰਟ ਦਰਜ ਕਰਵਾਈ, ਜਿਸ ਵਿਚ ਗੁਰੂ ਸਾਹਿਬ ਜੀ ਦੁਆਰਾ ਆਰੰਭ ਕੀਤੀ ਸ਼ਸਤਰ ਵਿੱਦਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ, ਸਿੱਖ ਫ਼ੌਜਾਂ ਦੀ ਤਿਆਰੀ ਆਦਿ ਦਾ ਜ਼ਿਕਰ ਕੀਤਾ ਗਿਆ। ਗੁਰੂ ਸਾਹਿਬ ਜੀ ਦੁਆਰਾ ਇਹ ਗਤੀਵਿਧੀਆਂ ਸਮੇਂ ਦੀ ਹਕੂਮਤ ਲਈ ਵੰਗਾਰ ਤੇ ਸਿੱਖਾਂ ਦੀ ਸੁਤੰਤਰ ਪ੍ਰਭੂਸੱਤਾ ਦੀਆਂ ਪ੍ਰਤੀਕ ਸਨ।
ਕਵੀ ਸੰਤੋਖ ਸਿੰਘ ਅਨੁਸਾਰ ਗੁਰੂ ਸਾਹਿਬ ਦੀਆਂ ਇਨ੍ਹਾਂ ਕਾਰਗੁਜ਼ਾਰੀਆਂ ਨੂੰ ਚੰਦੂ ਨੇ ਜਹਾਂਗੀਰ ਤਕ ਪਹੁੰਚਾਇਆ ਪਰ ਮੁੱਖ ਵਿਚਾਰ ਇਹੀ ਹੈ ਕਿ ਗੁਰੂ ਸਾਹਿਬ ਨੂੰ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲ੍ਹੇ ’ਚ ਭੇਜਣ ਦਾ ਅਹਿਮ ਕਾਰਨ ਜਹਾਂਗੀਰ ਤੇ ਮੁਗ਼ਲਾਂ ਦੇ ਮਨ ’ਚ ਗੁਰੂ ਸਾਹਿਬ ਦੀ ਵਧ ਰਹੀ ਤਾਕਤ ਨੂੰ ਦੇਖ ਕੇ ਪੈਦਾ ਹੋਇਆ ਭੈਅ ਹੀ ਸੀ। ਇਸੇ ਭੈਅ ਤੋਂ ਡਰਦਿਆਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਭੇਜ ਦਿੱਤਾ।
ਜਹਾਂਗੀਰ ਨੇ ਪਹਿਲਾਂ ਵੀ ਬਗ਼ਾਵਤੀ ਸੁਰ ਰੱਖਣ ਵਾਲੇ ਬਹੁਤ ਸਾਰੇ ਰਾਜਿਆਂ ਨੂੰ ਗਵਾਲੀਅਰ ਕਿਲ੍ਹੇ ’ਚ ਕੈਦ ਕੀਤਾ ਹੋਇਆ ਸੀ। ਗੁਰੂ ਸਾਹਿਬ ਨੂੰ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲ੍ਹੇ ’ਚ ਭੇਜਣ ਬਾਰੇ ਤਾਂ ਲਗਭਗ ਸਾਰੇ ਵਿਦਵਾਨ ਸਹਿਮਤੀ ਪ੍ਰਗਟ ਕਰਦੇ ਹਨ ਪਰ ਗੁਰੂ ਸਾਹਿਬ ਜੀ ਕਿੰਨਾ ਸਮਾਂ ਕਿਲ੍ਹੇ ਵਿਚ ਰਹੇ, ਇਸ ਬਾਰੇ ਵਿਚਾਰ ਅਲੱਗ-ਅਲੱਗ ਹਨ। ਡਾ. ਗੰਡਾ ਸਿੰਘ ਤੇ ਪਿ. ਤੇਜਾ ਸਿੰਘ ਅਨੁਸਾਰ ਗੁਰੂ ਸਾਹਿਬ ਜੀ 2 ਸਾਲ ਦੇ ਕਰੀਬ ਗਵਾਲੀਅਰ ਕਿਲ੍ਹੇ ’ਚ ਰਹੇ।
ਗੁਰੂ ਸਾਹਿਬ ਦੀ ਨਜ਼ਰਬੰਦੀ ਕੋਈ ਸਾਧਾਰਨ ਗੱਲ ਨਹੀਂ ਸੀ। ਸਿੱਖ ਸੰਗਤਾਂ ਲਈ ਇਹ ਖਬਰ ਬੜੀ ਹਿਰਦੇ ਵੇਦਕ ਸੀ। ਪਰ ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ਦਾ ਮਾਹੌਲ ਹੀ ਬਦਲ ਗਿਆ ਜਿਥੇ ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ ਅਤੇ ਕਾਲ-ਕੋਠੜੀਆਂ ਵਿਚੋਂ ਪ੍ਰਭੂ-ਸਿਮਰਨ ਦੀਆਂ ਮਿੱਠੀਆਂ ਧੁਨਾਂ ਉੱਠਣ ਲੱਗੀਆਂ।
ਗੁਰੂ ਸਾਹਿਬ ਦੀ ਸੰਗਤ ਅਤੇ ਉਪਦੇਸ਼ਾਂ ਨੇ ਸਭ ਬੰਦੀਆਂ ਨੂੰ ਚੜ੍ਹਦੀ ਕਲਾ ਵਿਚ ਲੈ ਆਂਦਾ। ਓਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵਧਣ ਲੱਗੀ।
ਗੁਰੂ ਸਾਹਿਬ ਦੇ ਗਵਾਲੀਅਰ ਜਾਣ ਤੋਂ ਬਾਅਦ ਗੁਰੂ ਘਰ ਦਾ ਸਮੁੱਚਾ ਪ੍ਰਬੰਧ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸੰਭਾਲਿਆ। ਅਜਿਹੇ ਸਮੇਂ ਸਿੱਖੀ ਸੁਰਤਿ ਨੂੰ ਚੜ੍ਹਦੀਕਲਾ ’ਚ ਰੱਖਣ ਲਈ ਇਨ੍ਹਾਂ ਗੁਰਸਿੱਖਾਂ ਦੀ ਅਹਿਮ ਭੂਮਿਕਾ ਰਹੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਰਹਿਣ ਦੌਰਾਨ ਵਿਛੋੜੇ ਦੀ ਤੜਪ ’ਚ ਵਿਆਕੁਲ ਹੋਈ ਸੰਗਤ ਗੁਰੂ ਦਰਸ਼ਨਾਂ ਲਈ ਸ਼ਬਦ ਚੌਕੀ ਦੇ ਰੂਪ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਨੂੰ ਜਾਣ ਲੱਗੀ ਤੇ ਉੱਥੇ ਕਿਲ੍ਹੇ ਦੀ ਪ੍ਰਕਰਮਾ ਕਰ ਕੇ ਕਿਲ੍ਹੇ ਨੂੰ ਨਮਸਕਾਰ ਕਰ ਕੇ ਵਾਪਸ ਪਰਤ ਆਉਂਦੀ। ਇਸ ਸ਼ਬਦ ਚੌਕੀ ਦਾ ਮੰਤਵ ਜਿੱਥੇ ਗੁਰੂ ਜੀ ਦੀ ਤੜਪ ’ਚ ਵਿਲਕ ਰਹੀ ਸੰਗਤ ਨੂੰ ਗੁਰੂ ਜੀ ਦੀ ਨੇੜਤਾ ਸਦਕਾ ਆਤਮਿਕ ਸ਼ਾਂਤੀ ਪ੍ਰਦਾਨ ਕਰਨਾ ਸੀ, ਉੱਥੇ ਜਹਾਂਗੀਰ ਵੱਲੋਂ ਮਨੁੱਖਤਾ ਉੱਤੇ ਬੇਵਜ੍ਹਾ ਕੀਤੇ ਜਾ ਰਹੇ ਜ਼ੁਲਮਾਂ ਦੀ ਦਾਸਤਾਂ ਨੂੰ ਲੋਕਾਂ ਤਕ ਪਹੁਚਾਉਣ ’ਚ ਵੀ ਇਸ ਸ਼ਬਦ ਚੌਕੀ ਪਰੰਪਰਾ ਨੇ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਅਦਾ ਕੀਤੀ।ਭਾਰਤ ਦੇ ਸਭ ਧਰਮਾਂ ਦੇ ਲੋਕਾਂ ਤਕ ਜਹਾਂਗੀਰ ਦੇ ਜ਼ੁਲਮਾਂ ਦੀ ਦਾਸਤਾਂ ਪਹੁੰਚਣ ਲੱਗੀ।
ਇਨਸਾਫ਼ ਪਸੰਦ ਲੋਕਾਂ (ਭਾਵੇਂ ਉਹ ਹਿੰਦੂ ਸਨ, ਭਾਵੇਂ ਮੁਸਲਮਾਨ) ਨੇ ਜਹਾਂਗੀਰ ਦੀਆਂ ਜ਼ੁਲਮੀ ਗਤੀਵਿਧੀਆਂ ਦੀ ਸਖ਼ਤ ਆਲੋਚਨਾ ਕੀਤੀ। ਇਸ ਤਰ੍ਹਾਂ ਜਹਾਂਗੀਰ ਉੱਤੇ ਭਾਰੀ ਦਬਾਅ ਬਣਨ ਲੱਗ ਪਿਆ। ਇਸ ਤੋਂ ਇਲਾਵਾ ਜਹਾਂਗੀਰ ਦੇ ਅਚਾਨਕ ਬਿਮਾਰ ਪੈ ਜਾਣ ਦਾ ਜ਼ਿਕਰ ਵੀ ਮਿਲਦਾ ਹੈ, ਜਿਸ ਦਾ ਕਾਰਨ ਜਹਾਂਗੀਰ ਨੂੰ ਸੂਫ਼ੀ ਸੰਤ ਸਾਈ ਮੀਆਂ ਮੀਰ ਜੀ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਭੇਜਣਾ ਦੱਸਿਆ। ਖ਼ੁਦ ਵੀ ਜਹਾਂਗੀਰ ਘਬਰਾ ਚੁੱਕਾ ਸੀ ਤੇ ਗੁਰੂ ਸਾਹਿਬ ਜੀ ਦੀ ਅਜ਼ਮਤ ਤੋਂ ਭੈਅਭੀਤ ਹੋ ਕੇ ਉਸ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਕਰ ਲਿਆ।
ਗੁਰੂ ਜੀ ਨਾਲ ਉੱਥੇ ਜਹਾਂਗੀਰ ਵੱਲੋਂ ਕਿਲ੍ਹੇ ’ਚ ਬੇਵਜ੍ਹਾ ਕੈਦ ਕੀਤੇ 52 ਹਿੰਦੂ ਰਾਜਪੂਤ ਰਾਜੇ ਵੀ ਸਨ, ਜਿਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ। ਉਹ ਲੰਮੇ ਸਮੇਂ ਤੋਂ ਉਸ ਦੇ ਜ਼ੁਲਮ ਨੂੰ ਸਹਾਰ ਰਹੇ ਸਨ। ਪਰਉਪਕਾਰੀ ਗੁਰੂ ਜੀ ਨੇ ਜਹਾਗੀਰ ਵੱਲੋਂ ਗਵਾਲੀਅਰ ਕਿਲ੍ਹੇ ਤੋਂ ਵਾਪਸ ਜਾਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਸ਼ਰਤ ਰੱਖੀ ਕਿ ਅਸੀਂ ਇਨ੍ਹਾਂ ਰਾਜਿਆਂ ਨੂੰ ਰਿਹਾਅ ਕਰਵਾ ਕੇ ਹੀ ਇਸ ਕਿਲ੍ਹੇ ਤੋਂ ਬਾਹਰ ਜਾਵਾਂਗੇ।
ਅਖੀਰ ਜਹਾਂਗੀਰ ਨੇ ਵਿਚਾਰ ਕੀਤੀ ਤੇ ਕਿਹਾ ਕਿ ਜਿੰਨੇ ਰਾਜੇ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ ਕਿਲ੍ਹੇ ਤੋਂ ਬਾਹਰ ਨਿਕਲ ਜਾਣਗੇ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ। ਜਹਾਂਗੀਰ ਨੂੰ ਭੁਲੇਖਾ ਸੀ ਕਿ ਇਸ ਤਰ੍ਹਾਂ ਕੇਵਲ ਦੋ ਜਾਂ ਚਾਰ ਰਾਜੇ ਹੀ ਬਾਹਰ ਜਾਣਗੇ ਪਰ ਬੰਧਨਾਂ ਤੋਂ ਮੁਕਤ ਕਰਵਾਉਣ ਆਏ ਸਤਿਗੁਰੂ ਨੇ 52 ਕਲੀਆਂ ਵਾਲਾ ਚੋਲਾ ਪਹਿਨ ਕੇ ਸਭਨਾਂ ਰਾਜਿਆਂ ਨੂੰ 52 ਕਲੀਆਂ ਫੜਵਾ ਕੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਇਆ।
(ਇਹਨਾ 52 ਪਹਾੜੀ ਰਾਜਿਆਂ ਵਿੱਚੋ ਕੁਝ ਰਾਜਿਆਂ ਦੇ ਪੋਤਿਆਂ/ ਪੜਪੋਤਿਆਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਓਤੇ ਮੁਗਲ ਹਕੂਮਤ ਨਾਲ ਮਿਲਕੇ ਹਮਲੇ ਕੀਤੇ ਤੇ ਗੁਰੂ ਸਾਹਿਬ ਖਿਲਾਫ ਯੁਧ ਕੀਤੇ)
ਗੁਰੂ ਪਾਤਸ਼ਾਹ ਜੀ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਪਹੁੰਚਣ ’ਤੇ ਸਿੱਖ ਸੰਗਤ ਨੇ ਬੜੀ ਖੁਸ਼ੀ ਮਨਾਈ ਤੇ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ। ਉਸ ਸਮੇਂ ਤੋਂ ਸਿੱਖਾਂ ’ਚ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਵਜੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬੰਦੀ ਛੋੜ ਦਿਵਸ (ਦੀਵਾਲੀ) ਅਤੇ ਵਿਸਾਖੀ ਦੇ ਦਿਨ ‘ਸਰਬੱਤ ਖ਼ਾਲਸਾ’ ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ, ਇਸ ਸਮੇਂ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ।
1733 ਦੀ ਦੀਵਾਲੀ ਦੇ ਅਵਸਰ ‘ਤੇ ਵੀ ਭਾਈ ਮਨੀ ਸਿੰਘ ਜੀ ਨੇ ਇੰਝ ਹੀ ਇਕੱਤਰ ਹੋਣ ਲਈ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ,ਕਿਉਂਕਿ ਉਸ ਸਮੇਂ ਹਕੂਮਤ ਵਲੋਂ ਅਜਿਹੀ ਇਕੱਤਰਤਾ ਕਰਨ ਦੀ ਮਨਾਹੀ ਸੀ, ਇਸ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਇਕੱਤਰਤਾ ਕਰਨ ਦੀ ਇਜ਼ਾਜ਼ਤ ਲੈ ਲਈ।
ਓਧਰ ਨਵਾਬ ਜ਼ਕਰੀਆਂ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਣ ਦੀ ਯੋਜਨਾ ਬਣਾ ਲਈ, ਜਿਸ ਦੀ ਸੂਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਮਿਲ ਗਈ ਤੇ ਉਨ੍ਹਾਂ ਨੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਣ ਤੋਂ ਰੋਕ ਦਿੱਤਾ।
ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਸੱਦ ਭੇਜਿਆ ਅਤੇ ਟੈਕਸ ਨਾ ਅਦਾ ਕਰਨ ਦੀ ਸੂਰਤ ‘ਚ ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ੁਰਮਾਨ ਸੁਣਾ ਦਿੱਤਾ।
ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ
‘ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ’,
ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ।
ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਗਵਾਲੀਅਰ ਦੇ ਕਿਲ੍ਹੇ ਉੱਤੇ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ 1968 ’ਚ ਕਾਰ ਸੇਵਾ ਆਰੰਭ ਕਰਵਾ ਕੇ ਯਾਦਗਾਰ ਵਜੋਂ ਅਨੂਠਾ ਗੁਰ ਅਸਥਾਨ ‘ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ’ ਸਥਾਪਿਤ ਕੀਤਾ।
ਇਸ ਸਾਲ 25 ਸਤੰਬਰ,2022 ਨੂੰ ਬੰਦੀ ਛੋੜ ਦਿਵਸ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਸਮੂਹ ਖ਼ਾਲਸਾ ਪੰਥ ਵੱਲੋਂ ਬੜੀ ਚੜ੍ਹਦੀਕਲਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਹੀ ਹੈ। ਇਨ੍ਹਾਂ ਸਮਾਗਮਾਂ ’ਚ ਪੰਥ ਪ੍ਰਸਿੱਧ ਸਤਿਕਾਰਤ ਸਖ਼ਸ਼ੀਅਤਾਂ ਤੇ ਵੱਡੀ ਗਿਣਤੀ ’ਚ ਸਿੱਖ ਸੰਗਤ ਹਾਜ਼ਰੀਆਂ ਭਰੇਗੀ।
ਆਓ ਪੰਥ ਦੀ ਚੜ੍ਹਦੀ ਕਲਾ,ਆਪਸੀ ਏਕਤਾ ਤੇ ਸਦ-ਭਾਵਨਾ ਕਾਇਮ ਕਰਨ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਗੁਰੂ ਸਾਹਿਬ ਵਲੋਂ ਦਰਸਾਏ ਗੁਰਮਤਿ ਰਾਹ ਦੇ ਧਾਰਨੀ ਹੋ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਖੰਡੇ-ਬਾਟੇ ਦੀ ਪਾਹੁਲ ਛਕ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ।
ਗਵਾਲੀਅਰ ਵਿਖੇ ਅੱਜ ਮਨਾਏ ਜਾ ਰਹੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਹੋਣ ਜੀ।