04 ਅਕਤੂਬਰ,1708
4 ਅਕਤੂਬਰ 1708 ਵਾਲੇ ਦਿਨ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਥ ਦਾ ਜਥੇਦਾਰ ਥਾਪਿਆ ਅਤੇ ਥਾਪੜਾ ਦੇ ਕੇ ਪੰਜ ਤੀਰ, ਇੱਕ ਨਿਸ਼ਾਨ ਸਾਹਿਬ ਅਤੇ ਇੱਕ ਨਗਾਰਾ ਦੇ ਕੇ ਅਤੇ ਪੰਜ ਸਿੰਘ ਭਾਈ ਸਾਹਿਬ ਬਿਨੋਦ ਸਿੰਘ ਜੀ, ਭਾਈ ਸਾਹਿਬ ਕਾਨ੍ਹ ਸਿੰਘ ਜੀ, ਭਾਈ ਸਾਹਿਬ ਬਾਜ ਸਿੰਘ ਜੀ, ਭਾਈ ਸਾਹਿਬ ਦਯਾ ਸਿੰਘ ਜੀ ਅਤੇ ਭਾਈ ਸਾਹਿਬ ਰਣ ਸਿੰਘ ਦੇ ਨਾਲ ਖਾਲਸਾ ਰਾਜ ਕਾਇਮ ਕਰਨ ਦੇ ਲਈ ਪੰਜਾਬ ਵਲ ਤੋਰਿਆ।
ਕੁਝ ਇਤਿਹਾਸਕਾਰਾਂ ਵੱਲੋਂ ਇਹ ਤਰੀਖ 18 ਸਤੰਬਰ, 1708 ਵੀ ਲਿਖੀ ਹੈ।
3 ਸਤੰਬਰ,1708 ਵਾਲੇ ਦਿਨ ਸਤਿਗੁਰੂ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੱਠ/ਡੇਰੇ ਵਿਖੇ ਪੁੱਜੇ।ਇਥੇ ਹੀ ਗੁਰੂ ਸਾਹਿਬ ਨੇ ਬੰਦਾ ਬਣਨ ਦਾ ਬਾਬਾ ਸਾਹਿਬ ਪਾਸੋਂ ਵਾਅਦਾ ਲਿਆ ਅਤੇ ਉਨ੍ਹਾਂ ਨੂੰ ਸਤਿਗੁਰੂ ਜੀ ਪਾਸੋਂ ਖੰਡੇ ਦੀ ਪਾਹੁਲ ਲੈਣ ਦਾ ਸੁਭਾਗ ਪ੍ਰਾਪਤ ਹੋਇਆ।
ਸਤਿਗੁਰੂ ਜੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਹ ਪਹਿਲੀ ਮੁਲਾਕਾਤ ਨਹੀਂ ਸੀ,ਇਸ ਤੋਂ ਪਹਿਲਾਂ ਵੀ ਆਪ ਆਪਣੇ ਸ਼ਸਤਰ ਵਿੱਦਿਆ ਦੇਣ ਵਾਲੇ ਗੁਰੂ, ਬਾਬਾ ਸਮਰਥਨ ਦਾਸ ਦੇ ਨਾਲ ਸਤਿਗੁਰੂ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਲ ਚੁੱਕੇ ਸੀ। ਸਤਿਗੁਰੂ ਜੀ ਦੀ ਸ਼ਖ਼ਸੀਅਤ ਤੋਂ ਮਾਧੋ ਦਾਸ ਜੀ ਪਹਿਲਾਂ ਹੀ ਬਹੁਤ ਪ੍ਰਭਾਵਿਤ ਸਨ।
ਸੋ,
ਏਥੇ ਸਤਿਗੁਰੂ ਜੀ ਨੇ ਰਿਧੀਆਂ ਸਿੱਧੀਆਂ ਵਾਲੇ ਕੰਮ ਛੱਡ ਕੇ ਆਪ ਨੂੰ ਬੰਦਾ ਬਣਨ ਦਾ ਉਪਦੇਸ਼ ਦਿੱਤਾ ਸੀ। ਆਪਣੀ ਸੂਰਮਗਤੀ ਕਰਕੇ ਸਿੱਖ ਇਤਿਹਾਸ ਵਿਚ ਇਹ ਯੋਧਾ ‘ਬਾਬਾ ਬੰਦਾ ਸਿੰਘ ਬਹਾਦਰ ਜੀ’ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਗੁਰਬਖ਼ਸ਼ ਸਿੰਘ ਨਾਮ ਦਿਤਾ। ਸਤਿਗੁਰੂ ਜੀ ਨੇ ਇਸ ਯੋਧੇ ਨੂੰ ਥਾਪੜਾ ਦੇ ਕੇ ਪੰਜਾਬ ਵਲ ਤੋਰਿਆ ਤਾਂ ਜੋ ਖਾਲਸਾ ਰਾਜ ਕਾਇਮ ਕਰਕੇ,ਪਾਪੀ ਜ਼ਾਲਮਾਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਜਾ ਸਕੇ ।
ਇਸ ਵਕਤ ਸਤਿਗੁਰੂ ਜੀ ਨੇ ਆਪ ਜੀ ਨੂੰ ਇਕ ਨਗਾਰਾ ਇਕ ਨਿਸ਼ਾਨ ਸਾਹਿਬ ਤੇ ਆਪਣੇ ਭੱਥੇ ਵਿਚੋਂ ਪੰਜ ਤੀਰ ਬਖਸ਼ਿਸ਼ ਕੀਤੇ ਤੇ ਨਾਲ ਪੰਜ ਪਿਆਰਿਆਂ ਵਜੋਂ ਪੰਜ ਸਿੰਘਾਂ ਭਾਈ ਸਾਹਿਬ ਬਿਨੋਦ ਸਿੰਘ ਜੀ, ਭਾਈ ਸਾਹਿਬ ਕਾਨ੍ਹ ਸਿੰਘ ਜੀ, ਭਾਈ ਸਾਹਿਬ ਬਾਜ ਸਿੰਘ ਜੀ, ਭਾਈ ਸਾਹਿਬ ਦਯਾ ਸਿੰਘ ਜੀ ਅਤੇ ਭਾਈ ਸਾਹਿਬ ਰਣ ਸਿੰਘ ਜੀ ਸਮੇਤ 20 ਹੋਰ ਵਿਸ਼ੇਸ਼ ਜੰਗੀ ਸਿੱਖਿਆ ਵਿੱਚ ਪ੍ਰਬੀਨ ਸਿੰਘਾਂ ਨੂੰ ਸਹਾਇਕ ਵਜੋਂ ਨਾਲ ਤੋਰਿਆ।(ਜਿਨ੍ਹਾਂ ਨੂੰ ਅੱਜ ਦੀ ਦੁਨੀਆਂ ਵਿੱਚ ਕਮਾਂਡੋਜ਼ ਕਿਹਾ ਜਾਂਦਾ ਹੈ।)
ਹੇਠ ਲਿਖੀਆਂ ਹਦਾਇਤਾਂ:
ਬ੍ਰਹਮਚਾਰੀ ਰਹੋ (“ਜਤ ਰੱਖਣਾ”)
ਖਾਲਸੇ ਦੇ ਹੁਕਮਾਂ (“ਖਾਲਸੇ ਦੇ ਅਨੁਸਾਰੀ ਹੋ ਕੇ ਰਹਿਣਾ”) ਦੇ ਅਧੀਨ ਜੀਵਨ ਬਸਰ ਅਤੇ ਕੰਮ ਕਰਨਾ।
ਕਦੇ ਵੀ ਆਪਣੇ ਆਪ ਨੂੰ ਗੁਰੂ ਨਾ ਸਮਝੋ (“ਆਪ ਨੂੰ ਗੁਰੂ ਨਾ ਮੰਨਣਾ”)
ਦੂਜਿਆਂ ਦੀ ਸੇਵਾ ਕਰਨ ਤੋਂ ਬਾਅਦ ਹੀ ਖਾਓ (“ਵਰਤਾ ਕੇ ਛਕਣਾ”)
ਅਨਾਥਾਂ,ਗਰੀਬਾਂ,ਅਸੁਰੱਖਿਅਤ,ਬੇਸਹਾਰਾ ਜਾਂ ਉਜਾੜਿਆਂ ਦੀ ਮਦਦ ਕਰੋ। (“ਅਨਾਥ ਦੀ ਮਦਦ ਕਰਨੀ”)
ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਸਤਿਗੁਰੂ ਜੀ ਨੇ ਖੁਦ ਆਪਣੀ ਮੁਬਾਰਕ ਕਮਾਨ ਹੇਠ ਪੰਜਾਬ ਜਾਣ ਦੀ ਤਿਆਰੀ ਕੀਤੀ ਹੋਈ ਸੀ ਪਰ 18 ਸਤੰਬਰ,1708 ਵਾਲੇ ਦਿਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਉਤੇ ਦੋ ਪਠਾਣਾਂ ਨੇ ਹਮਲਾ ਕਰ ਦਿੱਤਾ ਸੀ। ( ਇਥੇ ਮਿਤੀਆਂ ਦੇ ਬਾਰੇ ਥੋੜ੍ਹਾ ਵਖਰੇਵਾਂ ਹੈ।ਕੁਝ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਸਾਹਿਬ ਪਾਤਸ਼ਾਹ ਜੀ ‘ਤੇ 4 ਅਕਤੂਬਰ ਵਾਲੇ ਦਿਨ ਹੀ ਵਾਰ ਕੀਤਾ ਗਿਆ ਸੀ।)
ਵਜ਼ੀਰ ਖਾਨ ਨੇ ਜਮਸ਼ੇਦ ਖਾਨ ੧ਤੇ ਗੁਲ ਖਾਨ ਨੂੰ ਸਾਹਿਬ ਪਾਤਸ਼ਾਹ ਨੂੰ ਕਤਲ ਕਰਣ ਦੇ ਲਈ ਭੇਜਿਆ।ਜਮਸ਼ੇਦ ਖਾਨ ਸਰਕਾਰੀ ਅਹੁਦੇਦਾਰ ਸੀ।ਇਹ ਦੋਵੇਂ ਪਹਿਲਾਂ ਬੁਰਹਾਨਪੁਰ ਵਿਖੇ ਮਾਤਾ ਜੀ ਸੁੰਦਰ ਕੌਰ ਜੀ ਦੇ ਕੋਲ ਪੁੱਜੇ।ਇਥੋਂ ਇਨ੍ਹਾਂ ਨੇ ਮਾਤਾ ਜੀ ਪਾਸੋਂ ਸਤਿਗੁਰੂ ਜੀ ਦਾ ਵੇਰਵਾ ਲਿਆ ਅਤੇ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ।
ਜਾਪਦਾ ਇੰਝ ਹੈ ਕਿ ਗੁਲ ਖਾਨ ਜਾਂ ਜਮਸ਼ੇਦ ਖਾਨ ਦੇ ਵਿਚੋਂ ਕਿਸੇ ਇੱਕ ਦੀ ਗੁਰੂ ਪਰਿਵਾਰ ਦੇ ਨਾਲ ਜ਼ਰੂਰ ਕੋਈ ਮਾੜੀ ਮੋਟੀ ਦੁਆ ਸਲਾਮ ਹੋਵੇਗੀ ਤਾਹੀਉਂ ਇਨ੍ਹਾਂ ਦੇ ਪ੍ਰਵੇਸ਼ ਦਾਖਲੇ ਤੇ ਕੋਈ ਬਹੁਤ ਸਖਤ ਪਾਬੰਦੀ ਨਹੀ ਸੀ।
ਦੂਜੇ ਜਾਪਦਾ ਇੰਝ ਵੀ ਹੈ ਕੇ ਵਜ਼ੀਰ ਖਾ ਵਲੋਂ ਜਮਸ਼ੇਦ ਖਾਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਜੋ ਕਿ ਇੱਕ ਸਰਕਾਰੀ ਅਹੁਦੇਦਾਰ ਸੀ ਅਤੇ ਉਸਨੇ ਗੁਲ ਖਾਨ ਨੂੰ ਨਾਲ ਲਿਆ ਹੋ ਸਕਦਾ ਹੈ ਕੇ ਗੁਲ ਖਾ ਦੇ ਜ਼ਰੀਏ ਹੀ ਉਹ ਸਾਹਿਬਾਂ ਤੱਕ ਪੁੱਜਣ ਵਿੱਚ ਸਫਲ ਹੋਇਆ ਹੋਵੇ।
ਜਦੋਂ ਇਹ ਦੋਵੇਂ ਪਠਾਣ ਦੱਖਣ ਪੁੱਜੇ ਤਾਂ ਉਸ ਵਕਤ ਸਾਹਿਬ ਪਾਤਸ਼ਾਹ ਵਾਪਸ ਪੰਜਾਬ ਪਰਤਣ ਦੀ ਤਿਆਰੀ ਕਰ ਚੁੱਕੇ ਸਨ। ਹੈਰਾਨੀਕੁੰਨ ਇਹ ਗਲ ਹੈ ਕੇ ਸਤਿਗੁਰੂ ਹੁਣ ਤਕ ਫ਼ੈਸਲਾਕੁਨ ਜੰਗ ਦਾ ਫੈਸਲਾ ਕਰ ਚੁੱਕੇ ਸਨ।
ਇਕ ਸ਼ਾਮ ਮੌਕਾ ਪਾ ਕੇ ਗੁਲ ਖਾਨ ਜਾਂ ਜਮਸ਼ੇਦ ਖਾਨ ਦੋਵੇਂ ਦੁਸ਼ਟ, ਸਾਹਿਬ ਪਾਤਸ਼ਾਹ ਜੀ ਦੇ ਸ਼ਾਮਿਆਨੇ ਵਿੱਚ ਆਣ
ਇਥੇ ਮੈਂ ਪ੍ਰਭੂ ਆਪ ਬਿਸਰਾਮ ਲੀਨਾ।
ਗਹੀ ਦੁਸ਼ਟਿ ਜਮਧਾਰ ਉਰ ਵਾਰ ਕਿੰਨਾ (12) 777
ਸ੍ਰੀ ਗੁਰੂ ਸੋਭਾ.
ਦੁਸ਼ਟ ਤੋਂ ਇਥੇ ਭਾਵ ਜਮਸ਼ੇਦ ਖਾਨ ਤੋਂ ਹੈ ਜਿਸ ਨੇ ਮੌਕਾ ਦੇਖ ਕੇ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਵਖੀ ਉਪਰ ਕਟਾਰ ਨਾਲ ਵਾਰ ਕੀਤਾ,ਜਦੋਂ ਉਸ ਨੇ ਦੂਜਾ ਵਾਰ ਕਰਨ ਦੇ ਲਈ ਹੱਥ ਉਪਰ ਚੁਕਿਆ ਤਾਂ ਸਤਿਗੁਰੂ ਜੀ ਨੇ ਉਸ ਦੀ ਬਾਂਹ ਨੂੰ ਪਕੜ ਲਿਆ।
ਸਤਿਗੁਰੂ ਜੀ ਨੇ ਆਪਣਾ ਕਟਾਰਾ ਕਢਿਆ ਤੇ ਉਸ ਉਪਰ ਵਾਰ ਕੀਤਾ,ਵਾਰ ਹੁੰਦੇ ਹੀ ਉਹ ਉੱਚੀ ਸਾਰੀ ਚੀਖਿਆ,
‘ਹਾਏ ਅੰਮਾ’।
ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਕਿ ਅੰਮਾ ਨਹੀਂ ਅੱਲਾਹ ਕਹੋ, ਯੇ ਅੱਲਾਹ ਕਹਿਨੇ ਕਾ ਬਖਤ ਹੈ’ ( ਕ੍ਰਿਤ ਦੁਨੀ ਸਿੰਘ ਹਜ਼ੂਰੀਆ)
ਦੂਜੇ ਪਾਸੇ ਭੱਜਦੇ ਜਾਂਦੇ ਗੁਲ ਖਾਨ ਨੂੰ ਸਿੰਘਾਂ ਨੇ ਫੜ ਲਿਆ।
ਸਿੰਘਾਂ ਨੇ ਜਦੋਂ ਸਾਹਿਬ ਪਾਤਸ਼ਾਹ ਨੂੰ ਖੂਨ ਦੇ ਨਾਲ ਭਿੱਜਿਆਂ ਵੇਖਿਆ ਤਾਂ ਸਿੰਘ ਪਾਤਸ਼ਾਹ ਦੇ ਕੋਲ ਆਏ। ਪਾਤਸ਼ਾਹ ਕਹਿਣ ਲਗੇ ਅਕਾਲ ਨੇ ਹਾਥ ਦੇ ਕੇ ਰੱਖਿਆ ਹੈ।
ਸ੍ਰੀ ਨਾਂਦੇੜ ਸਾਹਿਬ ਤੋਂ ਚਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਦਦ ਲਈ ਪੰਜਾਬ ਦੇ ਮਾਲਵੇ,ਮਾਝੇ,ਦੁਆਬੇ ਦੇ ਸੂਰਮੇ ਅਨੇਕਾਂ ਹੀ ਸਿੰਘਾ ਨੇ ਧਰਮ ਯੁਧ ਲਈ ਵਹੀਰਾਂ ਘਤ ਲਈਆਂ।
ਆਪ ਜੀ ਨੇ 26 ਨਵੰਬਰ,1709 ਨੂੰ ਸ਼ਹੀਦ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਹੁਕਮਾਂ ਮੁਤਾਬਕ ਸ਼ਹੀਦ ਕਰਨ ਵਾਲੇ ਜਲਾਦ, ਜਲਾਲੁੱਦੀਨ ਦੇ ਪਿੰਡ ‘ਸਮਾਣੇ’ ਉਤੇ ਹਮਲਾ ਕਰਕੇ ਉਸ ਸ਼ਹਿਰ ਨੂੰ ਤਹਿਸ ਨਹਿਸ ਕਰ ਦਿੱਤਾ।
ਇਸ ਤੋਂ ਬਾਅਦ ਸਢੌਰੇ ਤੇ ਹਮਲਾ ਕਰਕੇ ਇਸ ਨੂੰ ਉਜਾੜਿਆ,ਕਿਉਂਕਿ ਇਸ ਦੇ ਪ੍ਰਸ਼ਾਸਕ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ।
ਅਪ੍ਰੈਲ 1710 ਚ ਸਤਲੁਜ ਤੇ ਜਮਨਾ ਦਰਿਆਵਾਂ ਵਿਚਲੇ ਇਲਾਕੇ ਤੇ ਜਿਤ ਹਾਸਲ ਕਰ ਲਈ ਜਿਸ ਚ ਸੋਨੀਪਤ, ਸਮਾਣਾ,ਘੁੜਾਮ, ਠੁਸਕਾ, ਥਾਨੇਸਰ, ਸਾਹਬਾਦ,ਮਾਰਕੰਡਾ,ਮੁਸਾਫਾਬਾਦ, ਕੁਜਪੁਰ,ਕਪੂਰੀ, ਸਢੋਰਾ,ਮੁਖਲਿਸਗੜ ਮੁਖ ਸਨ ਤੇ ਸਿਖਾਂ ਦੇ ਆਪਣੇ ਫੋਜਦਾਰ,ਥਾਣੇਦਾਰ ਤੇ ਜਜ ਆਦਿ ਕੰਮ ਕਰ ਰਹੇ ਸਨ।
12 ਮਈ,1710 ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਨਵਾਬ ਵਜ਼ੀਰ ਖ਼ਾਨ ਨੂੰ ਮਾਰ ਕੇ ਸਰਹਿੰਦ ਨਗਰ ਨੂੰ ਤੋਪਾਂ ਨਾਲ ਉਡਾ ਕੇ ਇਸ ਦੀ ਇਟ ਨਾਲ ਇਟ ਖੜਕਾ ਦਿਤੀ।
ਪੰਜਾਬ ਦੀ ਧਰਤੀ ਤੇ 700 ਸਾਲ ਪੁਰਾਨੀ ਵਿਦੇਸ਼ੀ ਹੁਕੂਮਤ ਦੇ ਖਿਲਾਫ਼ ਪਹਿਲੇ ਯੁਧ ‘ਚਪੜ ਚਿੜੀ’ ਦੇ ਯੁਧ ਚ ਮੁਗਲਾਂ ਤੇ ਜਿੱਤ ਹਾਸਲ ਕੀਤੀ ਮੁਗਲਾਂ ਤੇ ਜੁਲਮਾਂ ਦਾ ਨਾਸ਼ ਕਰਦਿਆ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸਹਾਦਤ ਲਈ ਦੋਸ਼ੀ ਸਰਹੰਦ ਦੇ ਹਾਕਮ ਵਜੀਰ ਖਾਨ ਤੇ ਦੀਵਾਨ ਸੁਚਾ ਨੰਦ ਦਾ ਖਾਤਮਾ ਕੀਤਾ।
ਵਜੀਰ ਖਾਨ ਨੂੰ ਮਾਰਕੇ ਸਿਰ ਨੇਜੇ ਤੇ ਟੰਗ ਲਿਆ ਤੇ ਧੜ ਬਲਦਾਂ ਪਿਛੇ ਬੰਨ ਕੇ ਸਰਹਿੰਦ ਲਿਆਦਾ। ਸਰਹੰਦ ਸਹਿਰ ਤੇ ਕਬਜਾ ਕਰਕੇ ਵਜੀਰ ਖਾਨ ਦੀ ਲਾਸ ਦਾ ਜਲੂਸ ਕਢਿਆ ਤੇ ਲਾਸ ਦਰਖਤ ਨਾਲ ਪੁਠੀ ਲਟਕਾਈ ਜਿਸਨੂੰ ਗਿਰਝਾਂ ਨੇ ਨੋਚ ਨੋਚ ਕੇ ਖਾਧਾ। ਫਿਰ ਸਰਹਿੰਦ ਕਿਲੇ ਤੇ ਕਬਜਾ ਕੀਤਾ।
ਸੁਚਾ ਨੰਦ ਵਜੀਰ(ਜੋ ਔੜ,ਜ਼ਿਲਾ ਜਲੰਧਰ ਹੁਣ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ)ਨੂੰ ਵੀ ਗਿਰਫਤਾਰ ਕਰਕੇ ਨਕ ਚ ਨਕੇਲ ਪਾ ਕੇ ਸਹਿਰ ਚ ਘੁਮਾਇਆ ਜੋ ਜਲੀਲ ਹੋ ਕੇ ਮਰਿਆ।
ਜਿੱਤ ਹਾਸਲ ਕਰਕੇ ਸਭ ਤੋਂ ਪਹਿਲਾ ਬਾਬਾ ਜੀ ਨੇ:
1.ਖਾਲਸਾ ਰਾਜ ਕਾਇਮ ਕਰਕੇ ਲੋਹਗੜ ਨੂੰ ਖਾਲਸਾ ਰਾਜ ਦੀ ਰਾਜਧਾਨੀ ਬਣਾਇਆ
2.ਖਾਲਸਾ ਰਾਜ ਦਾ ਸਿੱਕਾ ਜਾਰੀ ਕੀਤਾ,ਜਿਸ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਕਰੇ ਸਨ
3.ਖਾਲਸਾ ਰਾਜ ਦਾ ਨਵਾਂ ਸੰਮਤ ਸੁਰੂ ਕੀਤਾ
4.ਜਾਗੀਰਦਾਰੀ ਸਿਸਟਮ ਖਤਮ ਕੀਤਾ, ਨਸ਼ਾ ਬੰਦੀ ਲਾਗੂ ਕੀਤੀ
5.ਜਾਤ-ਪਾਤ,ਨਸਲ ਤੇ ਧਰਮ ਦੇ ਬੰਧਨ ਖਤਮ ਕਰਕੇ ਧਰਮ ਨਿਰਪਖਤਾ ਕਾਇਮ ਕੀਤੀ
ਬਾਬਾ ਬੰਦਾ ਸਿੰਘ ਜੀ ਨੇ ਬਾਜ ਸਿੰਘ ਜੀ ਨੂੰ ਸਰਹਿੰਦ,ਰਾਮ ਸਿੰਘ ਤੇ ਬਿਨੋਦ ਸਿੰਘ ਨੂੰ ਥਾਨੇਸਰ,ਫਤਿਹ ਸਿੰਘ ਨੂੰ ਸਮਾਣੇ ਦਾ ਸੂਬੇਦਾਰ ਨਿਯੁਕਤ ਕਰਕੇ 27 ਮਈ,1710 ਨੂੰ ਲੋਕਰਾਜ ਦਾ ਐਲਾਨ ਕੀਤਾ
ਫਿਰ ਕੀ ਕੀਤਾ
1.ਵਾਹੀ ਕਰਨ ਵਾਲੇ ਜਮੀਨਾ ਦੇ ਮਾਲਕ ਬਣਾ ਕੇ ਜਿਮੀਦਾਰੀ ਸਿਸਟਮ ਖਤਮ ਕੀਤਾ
2.ਦਲਿਤ ਜਾਣੇ ਜਾਦੇ ਲੋਕਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ
3.ਦੁਨੀਆਂ ਭਰ ਵਿਚ ਜਗੀਰਦਾਰੀ ਦਾ ਸਭ ਤੋ ਪਹਿਲਾ ਖਾਤਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ
ਬਹਾਦਰ ਸਾਹ ਜਫਰ ਨੂੰ ਜਦੋ ਇਸ ਦਾ ਪਤਾ ਲਗਾ ਤਾਂ ਉਹ ਦਖਣ ਚ ਸੀ,ਜੋ ਭਾਰੀ ਫੋਜਾ ਨਾਲ ਪੰਜਾਬ ਵਲ ਨੂੰ ਚਲ ਪਿਆ ਤੇ ਦਿੱਲੀ, ਅਵਧ,ਮੁਰਾਦਾਬਾਦ, ਅਲਾਹਾਬਾਦ ਦੇ ਫੋਜਦਾਰਾ ਨੂੰ ਵੀ ਕੂਚ ਕਰਨ ਲਈ ਕਿਹਾ 60,000 ਦੀ ਫੋਜ ਨੇ ਸਿਖਾ ਤੇ ਚੜਾਈ ਕਰ ਦਿਤੀ,
ਸਿਖ ਸਰਹੰਦ ਤੋ ਲੋਹਗੜ ਕਿਲੇ ਚ ਆ ਗਏ, ਰਾਸਨ ਖਤਮ ਹੋਣ ਕਰਕੇ ਸਿਖ ਨਵੰਬਰ 1710 ਚ ਨਾਹਨ ਦੀਆ ਪਹਾੜੀਆਂ ਚ ਆ ਗਏ।
ਬਹਾਦਰ ਸਾਹ ਜਫਰ ਨੇ ਹੁਕਮ ਕੀਤਾ ਕਿ ਜਿਥੇ ਵੀ ਸਿਖ ਮਿਲੇ ਕਤਲ ਕਰ ਦਿਉ,
ਬਾਬਾ ਬੰਦਾ ਸਿੰਘ ਜੀ ਨੇ ਕੀਰਤਪੁਰ ਸਾਹਿਬ ਵਿਖੇ ਸਿਖ ਇਕਠੇ ਕਰਕੇ,ਦੋਖੀ ਪਹਾੜੀ ਰਾਜਿਆਂ ਨੂੰ ਸਜਾਵਾਂ ਦਿਤੀਆਂ।
ਉਧਰ ਜੰਮੂ,ਕਲਾਨੋਰ,ਬਟਾਲਾ ਸਿਖਾ ਦੇ ਕਬਜੇ ਚ ਆ ਗਏ,ਪਰ ਮੁਗਲ ਫੋਜਾਂ ਦੇ ਪਿਛਾ ਕਰਦੇ ਹੋਣ ਕਰਕੇ ਹਟਣਾ ਪਿਆ।
ਫਰਵਰੀ 1712 ਚ ਬਹਾਦਰ ਸਾਹ ਦੀ ਮੋਤ, ਫਰਖੂਸੀਅਰ ਰਾਜਾ ਬਣਿਆ।
ਬਾਬਾ ਜੀ ਸਤੰਬਰ 1713 ਚ ਜੰਮੂ ਚਲੇ ਗਏ ਤੇ ਉਥੇ ਡੇਰਾ ਬਣਾ ਲਿਆ ਜੋ 1715 ਤਕ ਉਥੇ ਹੀ ਰਹੇ, ਫਿਰ ਮੈਦਾਨਾ ਚ ਆ ਗਏ ਤੇ ਰਖਿਆ ਲਈ ਗੜੀ ਬਨਾਉਣ ਦੇ ਯਤਨਾਂ ਚ ਸਨ ਕਿ
ਮੁਗਲਾ ਨੇ ਗੁਰਦਾਸ ਨੰਗਲ( ਗੁਰਦਾਸਪੁਰ ਤੋ 7 ਕਿਲੋਮੀਟਰ,) ਪਿੰਡ ਚ ਆ ਘੇਰਾ ਪਾਇਆ।
ਸਿਖ ਥੋੜੀ ਗਿਣਤੀ ਚ ਸਨ,ਇਹ ਘੇਰਾ 8-9 ਮਹੀਨੇ ਰਿਹਾ।ਸਿਖਾਂ ਨੇ ਦਰਖਤਾਂ ਦੇ ਪੱਤੇ, ਮਿਟੀ ਆਦਿ ਖਾ ਕੇ ਗੁਜਾਰਾ ਕੀਤਾ,ਸਿਖ ਬਹੁਤ ਕਮਜੋਰ ਹੋ ਚੁਕੇ ਸਨ,
8000 ਦੇ ਕਰੀਬ ਸਿਖ ਸਹੀਦ ਹੋ ਚੁਕੇ ਸਨ,ਹਵੇਲੀ ਅੰਦਰ ਕੇਵਲ 500 (ਜਾਂ 794) ਦੇ ਕਰੀਬ ਸਿਖ ਸਨ ਓਹ ਵੀ ਨਿਰੇ ਪਿੰਜਰ।
ਦਸੰਬਰ 1715 ਚ ਸਾਹੀ ਸੈਨਿਕ ਗੜ੍ਹੀ ਚ ਦਾਖਲ ਹੋਏ ਤੇ 300 ਸਿਖ ਸਹੀਦ ਕਰ ਦਿਤੇ,200 ਕਾਬੂ ਕਰ ਲਏ, ਜੋ ਲਾਹੋਰ ਲਿਆਂਦੇ ਗਏ ਤੇ ਅਗੇ ਦਿਲੀ ਵਲ ਨੂੰ ਤੋਰੇ,ਪਿੰਡਾ ਦੇ ਹਜ਼ਾਰਾਂ ਸਿਖ ਸਹੀਦ ਕੀਤੇ ਗਏ ਤੇ ਕੁਝ ਗਿਰਫਤਾਰ ਕੀਤੇ।
ਫਰਵਰੀ 1716 ਚ ਗਿਰਫਤਾਰ ਤੇ ਸਹੀਦ ਸਿਖਾਂ ਦਾ ਜਲੂਸ ਕਢਿਆ ਗਿਆ।
ਮਾਰਚ ਮਹੀਨੇ ਚਾਂਦਨੀ ਚੋਕ ਚ ਰੋਜ 100 ਸਿਖ ਸਹੀਦ ਕਰਨ ਲਗੇ ਜੋ ਇਹ ਸਹੀਦੀਆ ਸਤ ਦਿਨ ਜਾਰੀ ਰਹੀਆ
ਈਸਟ ਇੰਡੀਆ ਕੰਪਨੀ ਦੇ ਨੁਮਾਏਦੇ ਜਾਨ ਸਰਸਨ ਨੇ ਲਿਖਿਆ ਹੈ ਕਿ ਇਕ ਵੀ ਸਿਖ ਨੇ ਜਾਨ ਬਚਾਉਣ ਲਈ ਸਿਖੀ ਨਹੀ ਛਡੀ।
25 ਜੂਨ,1716 (11 ਹਾੜ,554) ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਮੁਖ ਸਿੰਘਾਂ ਨੂੰ ਕੁਤਬ ਮੀਨਾਰ ਦੇ ਲਾਗੇ,ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜੇ ਪਾਸ ਲਿਆਂਦਾ ਗਿਆ।
ਬਾਬਾ ਜੀ ਦੇ 4 ਸਾਲ ਦੇ ਪੁਤਰ ਅਜੇ ਸਿੰਘ ਦੇ ਟੋਟੇ-ਟੋਟੇ ਕਰਕੇ ਓਸਦਾ ਤੜਪਦਾ ਦਿਲ ਬਾਬਾ ਜੀ ਦੇ ਮੁੰਹ ਚ ਤੂੰਨ ਦਿਤਾ ਗਿਆ।
ਜਲਾਦ ਨੇ ਛੁਰੇ ਨਾਲ ਬਾਬਾ ਜੀ ਦੀਆਂ ਅਖਾਂ ਕਢ ਦਿਤੀਆਂ। ਹਥ-ਪੈਰ ਵਢ ਦਿਤੇ ਗਏ। ਭਖਦੇ ਜਮੂਰਾਂ ਨਾਲ ਓਹਨਾ ਦੇ ਮਾਸ ਦੀਆਂ ਬੋਟੀਆਂ ਖਿਚ ਖਿਚ ਕੇ ਤੋੜੀਆਂ ਗਈਆਂ, ਤੇ ਅੰਤ ਚ ਓਹਨਾ ਦਾ ਸੀਸ ਵਢਕੇ ਸਹੀਦ ਕਰ ਦਿਤਾ ਗਿਆ
ਇਸ ਤਰਾਂ ਗੁਰੂ ਦੇ ਅਨਿਨ ਸਰਧਾਲੁ,ਜੰਗੀ ਜਰਨੈਲ,ਪਹਿਲੇ ਸਿਖ ਸਾਸਕ ਨੇ ਅਡੋਲਤਾ ਚ ਰਹਿ ਕੇ 25 ਜੂਨ ਨੂੰ ਸਹਾਦਤ ਪਾਈ।
ਅਜੋਕੇ ਰਾਜ ਪ੍ਰਬੰਧ ਹੇਠ ਲੋਕ ਬੇਰੁਜ਼ਗਾਰੀ,ਨਸ਼ਿਆਂ ਦਾ ਸੇਵਨ, ਕਰਜ਼ਿਆਂ ਦਾ ਭਾਰ ਤੇ ਲੱਚਰਪੁਣੇ ਵਿਚ ਘਿਰ ਕੇ ਜੀਵਨ ਨਸ਼ਟ ਕਰ ਰਹੇ ਹਨ।
ਸੋ,ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ ਜੋ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ,ਜਾਤ ਪਾਤ ਤੋਂ ਪਰੇ ਹਟਕੇ ਆਰਥਿਕ ਖੁਸ਼ਹਾਲੀ ਤੇ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇੇ।
04 ਅਕਤੂਬਰ,1708 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਥ ਦਾ ਜਥੇਦਾਰ ਥਾਪਿਆ ਸੀ।
ਅੰਮ੍ਰਿਤ ਛਕੋ, ਸਿੰਘ ਸਜੋ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।