ਡਰਬੀ ਕਾਨਫਰੰਸ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਬੰਦੀ ਸਿੰਘਾਂ ਦਾ ਮਾਮਲਾ ਵਿਸ਼ਵ ਪੱਧਰ ’ਤੇ ਯੂ ਐਨ ਕੋਲ ਲਿਜਾਣ ਦਾ ਫ਼ੈਸਲਾ

ਡਰਬੀ (ਹਰਜਿੰਦਰ ਸਿੰਘ ਮੰਡੇਰ) – ਗੁਰਦੁਆਰਾ ਸਿੰਘ ਸਭਾ ਦੇ ਜਨਰਲ ਸੈਕਟਰੀ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਪੰਜਾਬ ਵਿੱਚ ਨਕਲੀ ਗੁਰੂ ਡੰਮ੍ਹ ਅਤੇ ਦੂਜੇ ਧਰਮਾਂ ਵੱਲੋਂ ਆਮ ਸਧਾਰਣ ਸਿੱਖਾਂ ਨੂੰ ਗੁੰਮਰਾਹ ਕਰਨ ਬਾਰੇ ਚਾਨਣਾ ਪਾਇਆ। ਇਸ ਪਿੱਛੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸਟੇਜ ਸਿੱਖ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਸ: ਮਨਪ੍ਰੀਤ ਸਿੰਘ ਨੂੰ ਸੌਂਪ ਦਿੱਤੀ ।

   ਭਾਈ ਮਨਪ੍ਰੀਤ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੁਆਰਾ ਅੱਜ ਦੀ ਕਾਨਫਰੰਸ ਦੇ ਏਜੰਡੇ ਬਾਰੇ ਚਾਨਣਾ ਪਾਉਂਦਿਆਂ ਪੰਜਾਬ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸ: ਦਿਲਸ਼ੇਰ ਸਿੰਘ ਨੂੰ ਲਾਈਵ ਮਾਈਕ ’ਤੇ ਲਿਆਂਦਾ। ਉਹਨਾਂ ਬੰਦੀ ਸਿੰਘਾਂ ਦੇ ਮਾਮਲੇ ਦੇ ਅਹਿਮ ਤੱਥ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਦੱਸਿਆ ਕਿ ਜਿਹੜੇ ਖਾਸ ਕਰਕੇ 9 ਸਿੰਘਾਂ ਵਿੱਚ ਜਥੇਦਾਰ ਅਕਾਲ ਤਖਤ ਭਾਈ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈਰ੍ਹਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪ੍ਰਮਜੀਤ ਸਿੰਘ ਭਿਓਰਾ, ਭਾਈ ਸ਼ਮਸ਼ੇਰ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਆਦਿ ਦੇ ਨਾਂ ਵਰਣਨਯੋਗ ਹਨ । ਇਹ ਸਿੰਘ ਲੱਗਭੱਗ 1995 ਤੋਂ ਭਾਰਤ ਦੀਆਂ ਜੇਹਲਾਂ ਵਿੱਚ ਬੰਦ ਹਨ, ਤਕਰੀਬਨ 27 – 27 ਸਾਲ ਤੋਂ ਵੱਧ ਸਮਾਂ ਕੈਦ ਵਿੱਚ ਹਨ । ਉਹਨਾਂ ਨੂੰ ਏਨਾ ਲੰਮਾ ਸਮਾਂ ਜੇਹਲਾਂ ਵਿੱਚ ਰੱਖਣਾ ਜਿੱਥੇ ਗੈਰ ਕਾਨੂੰਨੀ ਹੈ, ਉਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ । ਉਹਨਾਂ ਦੇ ਮੁਕੱਦਮਿਆਂ ਦੇ ਮੌਜੂਦਾ ਹਲਾਤਾਂ ਬਾਰੇ ਚਾਨਣਾ ਪਾਇਆ।

   ਭਾਈ ਮਨਪ੍ਰੀਤ ਸਿੰਘ ਨੇ ਜੱਗੀ ਜੌਹਲ, ਭਾਈ ਅਰਵਿੰਦਰ ਸਿੰਘ ਅਤੇ ਹੋਰ ਜਿਹੜੇ ਸਿੰਘ ਬਾਅਦ ਵਿੱਚ ਫੜੇ ਗਏ ਨੇ, ਉਹਨਾਂ ਦੇ ਬਾਰੇ ਵੇਰਵਾ ਦਿੱਤਾ। ਉਹਨਾਂ ਨੇ ਉਦਾਹਰਣਾ ਵੀ ਦਿੱਤੀਆਂ, ਜਿਵੇਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ ਸੀ, ਬਲਕਿ ਪ੍ਰਤੱਗਿਆ ਸਾਧਵੀ ਵਰਗੇ ਜਿਹਨਾਂ ਨੇ ਜਨਤਰਕ ਥਾਂਵਾਂ ਤੇ ਬੰਬ ਧਮਾਕੇ ਕੀਤੇ ਸਨ, ਪਾਰਲੀਮੈਂਟ ਮੈਂਬਰ ਬਣੇ ਹੋਏ ਹਨ । ਗੁਰਮੀਤ ਰਾਮ ਰਹੀਮ ਜਿਸ ਨੂੰ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿੱਚ ਸਜ਼ਾ ਮਿਲੀ, ਉਸ ਨੂੰ ਵੀ ਪੈਰੋਲ ਆਦਿ ਆਮ ਹੀ ਦਿੱਤੀ ਜਾਂਦੀ ਹੈ । ਪਰ ਸਿੱਖਾਂ ਨਾਲ ਹਰ ਪੱਧਰ ਤੇ ਵਿਤਕਰਾ ਕੀਤਾ ਜਾਂਦਾ ਹੈ ।

ਇਹਨਾਂ ਪਿੱਛੋਂ ਭਾਈ ਜੋਗਾ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਗਰੁੱਪ ਅਤੇ ਜਥੇਬੰਦੀਆਂ ਵੱਖ-ਵੱਖ ਮੁਜ਼ਾਹਰੇ ਕਰ ਰਹੇ ਹਨ, ਮੋਰਚੇ ਲਾ ਰਹੇ ਹਨ, ਸਾਰੇ ਆਪੋ-ਆਪਣੇ ਢੰਗ ਨਾਲ ਲਾਬੀ ਕਰ ਰਹੇ ਹਨ, ਘੱਟੋ-ਘੱਟ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਪ੍ਰਤੀ ਸੁਹਿਰਦ ਭੂਮਿਕਾ ਨਿਭਾਉਂਦਿਆਂ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਡਾ: ਦਲਜੀਤ ਸਿੰਘ ਵਿਰਕ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਬੀਤੇ ਸਮੇਂ ਵਿੱਚ ਉਹਨਾਂ ਨੂੰ ਵੀ ਬੜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ, ਉਹਨਾਂ ਕਿਹਾ, ਇਸ ਮਾਮਲੇ ਪ੍ਰਤੀ ਸਾਰੀ ਕੌਮ ਨੂੰ ਇਕ ਮੁੱਠ ਹੋ ਕੇ ਕੰਮ ਕਰਨ ਦੀ ਲੋੜ ਹੈ। ਭਾਰਤ ਸਰਕਾਰ ਦਾ ਇਹ ਵਰਤਾਰਾ ਸਵੀਕਾਰਨ ਯੋਗ ਨਹੀਂ ਹੈ।

            ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਵੱਲੋਂ ਸੀਨੀਅਰ ਆਗੂ ਸ: ਮਨਜੀਤ ਸਿੰਘ ਸਮਰਾ, ਸਿੱਖਸ ਫਾਰ ਜਸਟਿਸ ਵੱਲੋਂ ਭਾਈ ਦੁਪਿੰਦਰਜੀਤ ਸਿੰਘ, ਸੇਵਿੰਗ ਪੰਜਾਬ ਸੰਸਥਾ ਦੇ ਭਾਈ ਗੁਰਪ੍ਰੀਤ ਸਿੰਘ, ਵਰਲਡ ਸਿੱਖ ਪਾਰਲੀਮੈਂਟ (ਸੈਲਫ਼ ਡਿਟਰਮੀਨੇਸ਼ਨ ਕੌਂਸਲ) ਦੇ ਕੋਆਰਡੀਨੇਟਰ ਐਡਵੋਕੇਟ ਸ: ਰਣਜੀਤ ਸਿੰਘ ਸਰਾਏ ਅਤੇ ਪ੍ਰਸਿੱਧ ਜਨਰਲਿਸਟ, ਸਿੱਖ ਆਗੂ ਡਾ: ਗੁਰਨਾਮ ਸਿੰਘ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਉਕਤ ਬੁਲਾਰਿਆਂ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਤੁਸੀਂ ਬਾਜ਼ ਆ ਜਾਓ, ਨਹੀਂ ਤਾਂ ਤੁਹਾਨੂੰ ਤੁਹਾਡੇ ਆਪਣੇ ਹੀ ਪਾਪ ਲੈ ਡੁੱਬਣਗੇ। ਉਹਨਾਂ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਬੰਦੀ ਸਿੰਘਾਂ ਦਾ ਮਾਮਲਾ ਅੰਤਰਰਾਸ਼ਟਰੀ ਪੱਧਰ ਤੇ ਕੌਮਾਂਤਰੀ ਭਾਈਚਾਰੇ ਤੱਕ ਲਿਜਾਇਆ ਜਾਵੇਗਾ । ਆਜ਼ਾਦੀ ਅਤੇ ਬੰਦੀ ਸਿੰਘਾਂ ਦੇ ਦੋਵੇਂ ਮਾਮਲੇ ਬਰਾਬਰ ਨਾਲੋ-ਨਾਲ ਚੱਲਣੇ ਚਾਹੀਦੇ ਹਨ ।

   ਅਖੀਰ ਵਿੱਚ ਭਾਈ ਮਨਪ੍ਰੀਤ ਸਿੰਘ ਵੱਲੋਂ ਮਤੇ ਪੜ੍ਹੇ ਗਏ, ਜਿਹਨਾਂ ਵਿੱਚ ਕਿਹਾ ਗਿਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ 4 ਨਵੰਬਰ ਨੂੰ ਡੈਨਹਾਗ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨਾਲ ਬੰਦੀ ਸਿੰਘਾਂ ਦੇ ਮਸਲੇ ’ਤੇ ਗੱਲ ਕਰਾਂਗੇ । ਇਸ ਪਿੱਛੋਂ ਦਸੰਬਰ ਵਿੱਚ ਯੂਨਾਈਟਿਡ ਨੇਸ਼ਨ ਦੇ ਮਨੁੱਖੀ ਅਧਿਕਾਰ ਵਿਭਾਗ ਦੇ ਕੋਲ ਵੀ ਇਹ ਮਾਮਲਾ ਉਠਾਇਆ ਜਾਵੇਗਾ ।

ਤਸਵੀਰਾਂ: ਭਾਰਤ ਦੀਆਂ ਜੇਹਲਾਂ ਵਿੱਚ ਦਹਾਕਿਆਂ ਤੋਂ ਕੈਦ ਬੰਦੀ ਸਿੰਘ

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ, ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਮਨਪ੍ਰੀਤ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਭਾਈ ਜੋਗਾ ਸਿੰਘ, ਡਾ: ਦਲਜੀਤ ਸਿੰਘ ਵਿਰਕ, ਸ: ਮਨਜੀਤ ਸਿੰਘ ਸਮਰਾ, ਸ: ਦੁਪਿੰਦਰਜੀਤ ਸਿੰਘ, ਸ: ਗੁਰਪ੍ਰੀਤ ਸਿੰਘ,  ਐਡਵੋਕੇਟ ਰਣਜੀਤ ਸਿੰਘ ਸਰਾਏ, ਡਾ: ਗੁਰਨਾਮ ਸਿੰਘ

105 Views