6️⃣ ਦਸੰਬਰ,1920
ਉਦਾਸੀਆਂ ਦੇ ਇੱਕ ਟੋਲੇ ਨੇ 6 ਦਸੰਬਰ,1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ।
1920 ਤੱਕ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ-ਪਛੜੀਆਂ ਜ਼ਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਨਹੀਂ ਕਰਦੇ ਸੀ।
11 ਅਕਤੂਬਰ ਰਾਤ ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਇੱਕ ਇਕੱਠ ਵਿੱਚ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ-ਪਛੜੀਆਂ ਜ਼ਾਤਾਂ ਦੇ ਸਿੱਖ, ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਦੇ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ।
ਅਗਲੇ ਦਿਨ ਅਖੌਤੀ-ਪਛੜੀਆਂ ਜ਼ਾਤਾਂ ਦੇ ਕਈ ਸਿੰਘਾਂ ਨੇ ਅੰਮ੍ਰਿਤ ਛਕਿਆ। ਦੀਵਾਨ ਦੇ ਖ਼ਤਮ ਹੋਣ ਤੋਂ ਬਾਅਦ ਇਹ ਸਾਰੇ ਸਿੰਘ ਇਕੱਠੇ ਹੋ ਕੇ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਗਏ।
ਜਿਹਾ ਕਿ ਉਮੀਦ ਸੀ ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ। ਪ੍ਰੋ: ਹਰਕਿਸ਼ਨ ਸਿੰਘ ਬਾਵਾ ਨੇ ਗਲ਼ ਵਿਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ,ਪਰ ਪੁਜਾਰੀਆ ਨੇ ”ਨੱਨਾ” ਹੀ ਫੜੀ ਰੱਖਿਆ।
ਏਨੇ ਚਿਰ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪੁੱਜ ਗਏ। ਹੁਣ ਸੰਗਤਾਂ ਦੀ ਗਿਣਤੀ ਬਹੁਤ ਹੋ ਚੁੱਕੀ ਸੀ।
ਅਖ਼ੀਰ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਜਾਏ।
ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ:
“ਨਿਰਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ।।ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ।।…”
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਕੇ ਅਖ਼ੀਰ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ‘ਤੇ ਪ੍ਰਸ਼ਾਦ ਵਰਤਾਇਆ ਗਿਆ।
ਇਸ ਤੋਂ ਬਾਅਦ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਗਈਆਂ। ਸੰਗਤਾਂ ਨੂੰ ਆਉਂਦਿਆਂ ਵੇਖ ਕੇ ਪੁਜਾਰੀ ਤਖ਼ਤ ਸਾਹਿਬ ਨੂੰ ਸੁੰਞਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸੰਗਤਾਂ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ।
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿਚ ਹਾਜ਼ਰ ਸੰਗਤਾਂ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ 25 ਸਿੰਘਾਂ ਦੀ ਇੱਕ ਜੱਥਾ ਬਣਾਉਣ ਦਾ ਫ਼ੈਸਲਾ ਕੀਤਾ। 17 ਮੈਂਬਰਾਂ ਨੇ ਉਸੇ ਵੇਲੇ ਆਪਣੇ ਆਪ ਨੂੰ ਸੇਵਾ ਵਾਸਤੇ ਪੇਸ਼ ਕੀਤਾ। (ਇਸ ਕਮੇਟੀ ਦੇ ਜਥੇਦਾਰ ਤੇਜਾ ਸਿੰਘ ਭੁੱਚਰ ਬਣਾਏ ਗਏ)। ਇਸ ਜੱਥੇ ਦੀ ਡਿਊਟੀ ਅਕਾਲ ਤਖ਼ਤ ਸਾਹਿਬ ‘ਤੇ ਪਹਿਰਾ ਦੇਣਾ ਤੇ ਸੇਵਾ-ਸੰਭਾਲ ਕਰਨਾ ਸੀ।
1979 ਤੋਂ ‘ਤੇ ਖ਼ਾਸ ਕਰ ਕੇ 1986 ਤੋਂ ਮਗਰੋਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ”ਜਥੇਦਾਰ” ਦਾ ਇਕ ਨਵਾਂ ਅਹੁਦਾ ਖੜ੍ਹਾ ਹੋ ਗਿਆ। ਇਸ ਤੋਂ ਪਹਿਲਾਂ ਸਿੱਖ ਤਾਰੀਖ਼ ਅਤੇ ਸਿੱਖ ਫ਼ਲਸਫੇ ਵਿਚ ”ਜੱਥੇਦਾਰ” ਦੇ ਅਹੁਦੇ ਦਾ ਕੋਈ ਵਜੂਦ ਨਹੀਂ ਸੀ (ਵਧੇਰੇ ਜਾਣਕਾਰੀ ਵਾਸਤੇ ਪੜ੍ਹੋ ਕਿਤਾਬ ‘ਸਿੱਖ ਤਵਾਰੀਖ਼ ਵਿਚ ਅਕਾਲ ਤਖ਼ਤ ਸਾਹਿਬ ਦਾ ਰੋਲ’)।
ਉਝ ਭਾਈ ਤੇਜਾ ਸਿੰਘ ਦੇ ਜੱਥੇ ਨੇ ਦੋ ਮਹੀਨੇ ਬਾਅਦ ਛੁੱਟੀਆਂ ਮੰਗ ਲਈਆਂ ਸਨ ਤੇ ਕਿਹਾ ਸੀ “ਹੁਣ ਸਾਨੂੰ ਦੋ ਮਹੀਨੇ ਸੇਵਾ ਕਰਦੇ ਨੂੰ ਹੋ ਗਏ ਹਨ। ਸਾਨੂੰ ਛੁੱਟੀਆਂ ਬਖ਼ਸ਼ੋ।” ਇਸ ‘ਤੇ ਉਨ੍ਹਾਂ ਦੀ ਥਾਂ ਦੀਦਾਰ ਸਿੰਘ ਮੱਟੂ ਭਾਈਕੇ ‘ਤੇ ਉਨ੍ਹਾਂ ਦੇ ਜੱਥੇ ਨੂੰ ਇਹ ਸੇਵਾ ਸੌਂਪੀ ਗਈ ਸੀ।
ਇਸ ਮਗਰੋਂ ਪੁਜਾਰੀਆਂ ਨੇ ਬੁੱਢਾ ਦਲ ਦੇ ਆਗੂਆਂ ਨੂੰ ਸ਼ਹਿ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ (ਨਿਹੰਗਾਂ) ਕੋਲ ਹੋਇਆ ਕਰਦੀ ਸੀ, ਇਸ ਕਰ ਕੇ ਉਹ ਅਕਾਲੀਆਂ ਤੋਂ ਇਹ ਸੇਵਾ ਖੋਹਣ ਵਾਸਤੇ, ਅਕਾਲੀਆਂ ਦੇ ਖ਼ਿਲਾਫ਼ ਲੜਨ। ਉਨ੍ਹਾਂ ਨੇ ਨਿਹੰਗਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਕਬਜ਼ਾ ਕਰਨ ਵਾਸਤੇ ਭੜਕਾਇਆ। ਉਹ ਦੀਵਾਲੀ ਵਾਲੇ ਦਿਨ ਆਏ ਵੀ, ਪਰ ਕਿਹਰ ਸਿੰਘ ਪੱਟੀ ਨੇ ਨਿਹੰਗਾਂ ਨੂੰ ਸਮਝਾ ਕੇ ਇਸ ਗੱਲ ‘ਤੇ ਰਜ਼ਾਮੰਦ ਕਰ ਲਿਆ ਕਿ ਜਦੋਂ ਤੱਕ ਸਾਰੇ ਸਿੱਖਾਂ ਦਾ ਸਾਂਝਾ ਇਕੱਠ ਕੋਈ ਫ਼ੈਸਲਾ ਨਹੀਂ ਕਰਦਾ, ਉਦੋਂ ਤੱਕ ਅਕਾਲੀਆਂ ਦਾ ਜੱਥਾ ਸੇਵਾ ਕਰਦਾ ਰਹੇ।
ਮਗਰੋਂ 6 ਦਸੰਬਰ,1920 ਦੇ ਦਿਨ ਮਹੰਤਾਂ ਨੇ ਹਿੰਦੂ ਸਾਧੂਆਂ ਦੇ ਇੱਕ ਟੋਲੇ ਤੋਂ ਵੀ ਹਮਲਾ ਕਰਵਾਇਆ।
ਉਹ ਚਿਮਟੇ ਅਤੇ ਸੀਖਾਂ ਲੈ ਕੇ ਆਏ ਹੋਏ ਸਨ। ਉਨ੍ਹਾਂ ਨੇ ਸ੍ਰੀ ਤਖ਼ਤ ਸਾਹਿਬ ਦੇ ਸੇਵਾਦਾਰਾਂ ‘ਤੇ ਹਮਲਾ ਕਰ ਦਿੱਤਾ। ਉਸ ਵੇਲੇ ਸਿਰਫ਼ 5-6 ਸੇਵਾਦਾਰ ਹੀ ਸਨ ਤੇ ਕੁਝ ਬੀਬੀਆਂ ਹਾਜ਼ਰ ਸਨ। ਏਨੇ ਚਿਰ ਵਿੱਚ ਹੋਰ ਸਿੱਖ ਆ ਗਏ ਤੇ ਉਨ੍ਹਾਂ ਨੇ ਇਨ੍ਹਾਂ ਸਾਧਾਂ ਦੇ ਹਮਲੇ ਦਾ ਜਵਾਬ ਦਿੱਤਾ ਤੇ ਇਨ੍ਹਾਂ ਸਾਧਾਂ ਨੂੰ ਵੀ ਛਤਰੌਲ ਫੇਰਿਆ। ਕੁਝ ਚਿਰ ਮਗਰੋਂ ਪੁਲੀਸ ਵੀ ਆ ਗਈ ਤੇ ਇਨ੍ਹਾਂ ਸਾਧਾਂ ਨੂੰ ਬਾਹਰ ਕੱਢ ਦਿੱਤਾ (ਪਰ ਗ੍ਰਿਫ਼ਤਾਰ ਨਹੀਂ ਕੀਤਾ)।
ਭੁੱਲਾਂ ਦੀ ਖਿਮਾ ਬਖਸ਼ੋ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।