ਸਾਕਾ ਚਮਕੌਰ ਸਾਹਿਬ_ਸਰਹਿੰਦ – ਬੀਰਦਵਿੰਦਰ ਸਿੰਘ ਜੀ

☬🔟☬

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥

ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥

 

ਕਬੀਰ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥

ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥

 

ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥ ਸ਼ਾਹਿ ਸ਼ਹਨਸ਼ਾਹ ਗੁਰੁ ਗੋਬਿੰਦ ਸਿੰਘ

 

ਹੱਕ ਹੱਕ ਅੰਦੇਸ਼ ਗੁਰੁ ਗੋਬਿੰਦ ਸਿੰਘ ॥ ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ।।

 

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਗੁਰਬਾਣੀ ਭੁਲਾਂ ਦੀ ਖਿਮਾ ਬਖਸ਼ੋ ਜ਼ੀ।

 

ਸਾਕਾ ਚਮਕੌਰ ਸਾਹਿਬ/ਸਰਹਿੰਦ

ਲੇਖ ਲੰਬਾ ਹੈ,ਗੁਰੂ ਨਾਲ ਪਿਆਰ ਕਰਨ ਵਾਲੇ ਸ਼ਰਧਾ ਨਾਲ ਇਕ ਵਾਰ ਜ਼ਰੂਰ ਪੜਿਓ ਤੇ ਸ਼ੇਅਰ ਕਰਿਓ ਜੀ

ਬੀਰਦਵਿੰਦਰ ਸਿੰਘ ਜੀ ਦਾ ਲਿਖਿਆ ਹੋਇਆ।

 

(ਕਾਪੀ/ਪੇਸਟ/ਐਡਿਟ-ਮਿਤੀਆਂ)

ਲੇਖ ਪੜ੍ਹ ਕੇ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ  ਕਿਥੇ ਹਾਂ

 

ਹਰ ਵਰ੍ਹੇ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ, ਮਨ ਅਜੀਬ ਜਿਹੀ ਉਦਾਸੀਨਤਾ ‘ਚ ਗਵਾਚ ਜਾਂਦਾ ਹੈ। ਗੁਰੂ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਦੀਵਾਰਾਂ ‘ਚ ਚਿਣੇ ਜਾਣ ਦੀ ਕਲਪਨਾ ਕਰਦਿਆਂ ਹੀ ਰੂਹ ਕੰਬ ਉੱਠਦੀ ਹੈ। ਇਕ ਭਾਵਮਈ ਵਿਕਰਾਲ ਪੀੜਾ ਦੀ ਕਸਕ ਕਲੇਜੇ ‘ਚ ਧੂਹ ਪਾਵਣ ਲੱਗਦੀ ਹੈ। ਸੋਚਣ ਲੱਗ ਪੈਂਦਾ ਹਾਂ ਕਿ ਇਹ ਸਾਰਾ ਕੁਝ ਕਿੰਝ ਵਾਪਰਿਆ ਹੋਵੇਗਾ।

10 ਪੋਹ (24 ਦਸੰਬਰ) ਦੀ ਸਰਦ ਰਾਤ, ਆਖਰਾਂ ਦੀ ਠੰਡ ‘ਚ, ਮਾਤਾ ਗੁਜਰੀ ਨੇ ਸਰਹੰਦ ਦੇ ਠੰਡੇ ਬੁਰਜ ‘ਚ ਆਪਣੇ ਦੋ ਲਾਡਲੇ ਪੋਤਰਿਆਂ ਬਾਬਾ ਜ਼ੋਰਾਵਰ ਸਿੰਘ (ਉਮਰ ਨੌਂ ਸਾਲ) ਅਤੇ ਬਾਬਾ ਫਤਿਹ ਸਿੰਘ (ਉਮਰ ਸੱਤ ਸਾਲ) ਨਾਲ, ਕਿਸੇ ਓਡਨ ਤੇ ਬਿਸਤਰ ਤੋਂ ਬਗੈਰ ਕਿੰਝ ਗੁਜ਼ਾਰੀ ਹੋਵੇਗੀ। ਮਾਸੂਮ ਸਾਹਿਬਜ਼ਾਦਿਆਂ ਦੇ ਅਨੇਕਾਂ ਹੀ ਸਵਾਲਾਂ ਦੇ ਜਵਾਬ ਮਾਤਾ ਗੁਜਰੀ ਨੇ ਕਿੰਝ ਦਿੱਤੇ ਹੋਣਗੇ। ਦੂਸਰੀ ਸਵੇਰ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜੀਦ ਖਾਂ ਦੀ ਕਚਹਿਰੀ ਵੱਲ ਤੋਰ ਕੇ ਮਾਤਾ ਗੁਜਰੀ ਜੀ ‘ਤੇ ਕੀ ਗੁਜ਼ਰੀ ਹੋਵੇਗੀ?

 

ਸੂਬਾ ਸਰਹੰਦ ਵਜੀਦ ਖਾਂ ਵਲੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਤੋਂ ਪਹਿਲਾਂ ਦਿੱਤੇ ਤਸੀਹਿਆਂ ਦਾ ਖਿਆਲ ਆਉਂਦਿਆਂ ਹੀ ਹਿਰਦੇ ਨੂੰ ਕੰਬਣੀ ਛਿੜ ਜਾਂਦੀ ਹੈ ਤੇ ਸਰਹੰਦ ਦੀਆਂ ਖੂਨੀ ਦੀਵਾਰਾਂ ਦਾ ਭਾਰ ਮੈਨੂੰ ਆਪਣੀ ਛਾਤੀ ‘ਤੇ ਮਹਿਸੂਸ ਹੋਣ ਲੱਗਦਾ ਹੈ। ਪਲਾਂ-ਛਿਣਾਂ ‘ਚ ਹੀ ਇਕ ਅਗਾਧੀ ਪੀੜਾ, ਅਗੋਚਰੀ ਸੰਵੇਦਨਾ ਰਾਹੀਂ ਮੇਰੇ ਰੋਮ-ਰੋਮ ‘ਚ ਪਸਰ ਜਾਂਦੀ ਹੈ ਤੇ ਮੈਂ ਅੱਥਰੂ-ਅੱਥਰੂ ਹੋ ਉੱਠਦਾ ਹਾਂ, ਮੇਰੇ ਦੀਦਿਆਂ ‘ਚ ਸਮਾਇਆ ਲੂਣਾ ਪਾਣੀ, ਹਯਾਤੀ ਦਾ ਦਰਦ ਬਣ ਕੇ ਆਪ-ਮੁਹਾਰੇ ਵਹਿ ਤੁਰਦਾ ਹੈ। ਸਰਹੰਦ ਦੇ ਸ਼ਹੀਦੀ ਸਾਕੇ ਦੀ ਸਿੱਕ ‘ਚ ਗਵਾਚਿਆ ਮੇਰਾ ਜਨੂਨ ਮਨੁੱਖੀ ਇਤਿਹਾਸ ਦੇ ਦਰਦਨਾਕ ਸਾਕਿਆਂ ਦੀ ਫਹਿਰਿਸ਼ਤ ‘ਚੋਂ, ਸਾਕਾ ਸਰਹੰਦ ਜਿਹੇ ਕਿਸੇ ਵੀ ਹੋਰ ਸਮਾਨਾਂਤਰ ਮੰਜ਼ਰ ਦੀ ਤਲਾਸ਼ ਵੱਲ ਟੁਰ ਪੈਂਦਾ ਹੈ।

 

ਮੇਰੀ ਤਲਾਸ਼ ਲੱਗਭਗ ਦੋ ਹਜ਼ਾਰ ਸਾਲ ਪਹਿਲਾਂ ਵਾਪਰੇ ਹਜ਼ਰਤ ਈਸਾ ਦੀ ਸਲੀਬਕਸ਼ੀ ਦੇ ਮੰਜ਼ਰ ‘ਤੇ ਜਾ ਰੁਕਦੀ ਹੈ। ਮੈਂ ਸਰਹੰਦ ਦੀਆਂ ਉਦਾਸ ਜੂਹਾਂ ‘ਚ ਖਲੋਤਾ ਉਨ੍ਹਾਂ ਵਰਤਾਰਿਆਂ ਦਾ ਘਟਨਾਵਾਂ ਦੇ ਪਰਿਪੇਖ ‘ਚ ਤੁਲਨਾਤਮਕ ਅਨੁਭਵ, ਵਕਤ ਦੀ ਕਸੌਟੀ ‘ਤੇ ਪਰਖਣ ਦੇ ਰੌਂਅ ‘ਚ ਗਵਾਚ ਜਾਂਦਾ ਹਾਂ। ਅਜੋਕੇ ਸਮੇਂ ਦੇ ਝਰੋਖਿਆਂ ‘ਚੋਂ ਹਜ਼ਰਤ ਈਸਾ ਦੀ ਸਲੀਬਕਸ਼ੀ ਪ੍ਰਤੀ, ਹਜ਼ਰਤ ਈਸਾ ਦੇ ਪੈਰੋਕਾਰਾਂ ਦੇ ਚੇਤਿਆਂ ‘ਚ ਸਮਾਈ ਵੇਦਨਾ ਤੱਕ ਅਪੜਨ ਦੀ ਕੋਸ਼ਿਸ਼ ਕਰਦਾ ਹਾਂ।

 

ਇਸ ਤੁਲਨਾਤਮਕ ਅਨੁਭਵ ‘ਚ ਮੈਨੂੰ ਯੂਰਪ ਦੇ ਇਕ ਮਹਾਨ ਸੰਤ, ਸੰਤ ਫਰਾਂਸਿਸ ਦੀ ਜੀਵਨੀ ਪ੍ਰਭਾਵਿਤ ਕਰਦੀ ਹੈ। ਸੰਤ ਫਰਾਂਸਿਸ ਦਾ ਜਨਮ ਇਟਲੀ ਦੇ ਅਸਿੱਸੀ ਨਾਮੀ ਗਿਰਾਂ ‘ਚ ਤੇਰ੍ਹਵੀਂ ਸਦੀ ਮਸੀਹੀ ‘ਚ ਹੋਇਆ ਦੱਸਿਆ ਜਾਂਦਾ ਹੈ।

 

ਸਵਰਗਵਾਸੀ ਸਰਦਾਰ ਕਪੂਰ ਸਿੰਘ ਆਈ.ਸੀ.ਐੱਸ. ਦੁਆਰਾ ਰਚਿਤ ਪੁਸਤਕ ‘ਸਪਤ ਸ਼੍ਰਿੰਗ’, ਜੋ ਵਿਸ਼ਵ ਦੇ ਸੱਤ ਮਹਾਨ ਪੁਰਸ਼ਾਂ ਦੀ ਜੀਵਨ ਚਰਿੱਤਰ ਦਾ ਵਿਖਿਆਤ ਵਰਨਣ ਕਰਦੀ ਹੈ, ਅਨੁਸਾਰ ਮਹਾਤਮਾ ਫਰਾਂਸਿਸ ਦਾ ਜੀਵਨ-ਕਾਲ ਲੱਗਭਗ 1181 ਤੋਂ ਲੈ ਕੇ 1226 ਈਸਵੀ ਨਿਯਤ ਕੀਤਾ ਗਿਆ ਹੈ। ਇਸ ਮਹਾਤਮਾ ਨੇ ਹਜ਼ਰਤ ਈਸਾ ਦੀ ਸਲੀਬਕਸ਼ੀ ਦਾ ਦਰਦ, ਹਜ਼ਰਤ ਈਸਾ ਦੀ ਸਿਮ੍ਰਿਤੀ ‘ਚ ਲੀਨ ਹੋ ਕੇ ਇਸ ਕਦਰ ਹੰਢਾਇਆ ਕਿ ਅੰਤ ਨੂੰ ਇਸ ਮਾਨਸਿਕ ਕਸ਼ਟ ਕਾਰਨ ਸੰਤ ਫਰਾਂਸਿਸ ਦੇ ਹੱਥਾਂ ਅਤੇ ਪੈਰਾਂ ‘ਚ ਵੀ ਉਸੇ ਤਰ੍ਹਾਂ ਦੇ ਜ਼ਖਮ ਪ੍ਰਗਟ ਹੋ ਗਏ, ਜੋ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ‘ਚ ਮੇਖਾਂ ਗੱਡ ਦੇਣ ਕਾਰਨ ਹੋ ਗਏ  ਸਨ। ਯੂਰਪ ‘ਚ ਪ੍ਰਚੱਲਿਤ ਕਥਾ-ਕਹਾਣੀਆਂ ਅਨੁਸਾਰ ਸੰਤ ਫਰਾਂਸਿਸ ਦੇ ਸਰੀਰ ‘ਤੇ ਪ੍ਰਗਟ ਹੋਏ ਇਨ੍ਹਾਂ ਨਾਸੂਰਾਂ ‘ਚੋਂ ਹਰ ਵੇਲੇ ਲਹੂ ਸਿੰਮਦਾ ਰਹਿੰਦਾ ਸੀ। ਸੰਤ ਫਰਾਂਸਿਸ ਦੀ ਹਜ਼ਰਤ  ਈਸਾ ਪ੍ਰਤੀ ਸ਼ਰਧਾ ਅਤੇ ਮੁਕੰਮਲ ਸਮਰਪਣ ਉਸ ਨੂੰ ਈਸਾਈਅਤ ਦੇ ਇਤਿਹਾਸ ‘ਚ ‘ਦਰਦ ਦੇ ਮੁਜੱਸਮੇ’ ਵਜੋਂ ਸਥਾਪਿਤ ਕਰਦਾ ਹੈ।

 

ਸੰਤ ਫਰਾਂਸਿਸ ਦੀ ਜੀਵਾਨੀ ਦੇ ਪਰਿਪੇਖ ਵਿਚ ਇਹ ਅਨੁਭਵ ਸਿੱਖ ਕੌਮ ਲਈ ਵਿਚਾਰਨ ਯੋਗ ਹੈ;

 

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਸਿਦਕ ਦੀ ਪ੍ਰੀਖਿਆ ਦੇਣ ਸਮੇਂ ਸ਼ਹੀਦੀ ਦੇ ਸਮੇਂ ਤੋਂ ਕੁਝ ਚਿਰ ਪਹਿਲਾਂ, ਜੋ ਤਸੀਹੇ ਉਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਨੇ ਆਪਣੇ ਪਿੰਡੇ ‘ਤੇ ਹੰਢਾਏ, ਕੀ ਉਸ ਕਹਿਰ ਨੂੰ ਯਾਦ ਕਰਕੇ ਕਦੇ ਸਾਡੀ ਰੂਹ ਵੀ ਤੜਫਦੀ ਹੈ?

ਕੀ ਅਸੀਂ ਵੀ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋਣ ਦੇ ਨਾਤੇ ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦੀਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ?

ਕੀ ਅਸੀਂ ਵੀ ਕਦੇ ਸਰਹੰਦ ਦੀਆਂ ਕੰਧਾਂ ਦੇ ਸਨਮੁੱਖ ਖੜ੍ਹੇ ਹੋ ਕੇ ਆਪਣੇ ਅੰਦਰਲੇ ਸਿੱਖੀ ਸਿਦਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ?

ਕੀ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ-ਝਾਤ ਪਾਉਣ ਦਾ ਸਮਾਂ ਨਹੀਂ ਹੈ?

 

ਗੁਰੂ ਅਤੇ ਸਿੱਖ ਦਾ ਤਾਂ ਰਿਸ਼ਤਾ ਹੀ ਕੇਵਲ ਸਿਦਕ ਦਾ ਹੈ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਮਾਸੂਮ ਜਿੰਦਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਸੀਹੇ ਸਹਿ ਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ। ਇਸੇ ਲਈ ਹੀ ਉਨ੍ਹਾਂ ਦੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਦੁਨੀਆ ਭਰ ਦੇ ਅਕੀਦਤਮੰਦ ਉਨ੍ਹਾਂ ਦੇ ‘ਸਿੱਖੀ ਸਿਦਕ’  ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ

ਪਰ ਅਸੀਂ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ਦੇ ਸਿੱਖ ਆਪਣਾ ਸਿੱਖੀ ਸਿਦਕ ਕਿਉਂਂ ਹਾਰ ਰਹੇ ਹਾਂ?

 

ਸਾਡੀ ਸਿਦਕੋਂ ਹਾਰਿਆਂ ਦੀ ਬਹੁੜੀ ਕੌਣ ਕਰੂ?

 

ਕੀ ਕਦੇ ਇਕੱਲ ਵਿਚ ਬੈਠ ਕੇ ਸੋਚਿਆ ਹੈ ਕਿ ਅਸੀਂ ਕਿਸ ਅਧੋਗਤੀ ਵੱਲ ਨੂੰ ਜਾ ਰਹੇ ਹਾਂ?

ਕੀ ਇਹ ਕੌੜਾ ਤੇ ਨੰਗਾ ਸੱਚ ਨਹੀਂ ਕਿ ਅੱਜ ਸਿੱਖਾਂ ਦੇ ਘਰਾਂ ਵਿਚੋਂ ‘ਊੜਾ (À) ਅਤੇ ਜੂੜਾ’ ਦੋਵੇਂ ਹੀ ਗਵਾਚ ਰਹੇ ਹਨ, ਅਸੀਂ ਸਿੱਖੀ ਸਰੂਪ ਅਤੇ ਸਿੱਖ-ਅਦਬ ਨੂੰ ਖੁਦ ਹੀ ਢਾਅ ਲਾਈ ਜਾ ਰਹੇ ਹਾਂ।

 

ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾਂ ਦੀ ਮਰਿਆਦਾ ਦਾ ਅਪਮਾਨ ਵੀ ਕਰਦੇ ਹਾਂ! ਇੰਝ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿਚ ਆਪਣੇ ਗੌਰਵ ਦਾ ਅਚੇਤ ਅਤੇ ਸੁਚੇਤ ਰੂਪ ਵਿਚ ਨਿਰਾਦਰ ਕਰਦੇ ਰਹਿੰਦੇ ਹਾਂ।

 

ਸਾਡੀਆਂ ਤਾਂ ਸਰਦਾਰੀਆਂ ਹੀ ਦਸਤਾਰਾਂ ਤੇ ਕੇਸਾਂ ਨਾਲ ਹਨ, ਇਹ ਨਿਸ਼ਾਨੀਆਂ ਸਾਡੇ ਸਿਦਕ ਦੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡਰੀ ਪਹਿਚਾਣ ਸਥਾਪਿਤ ਕਰਦੀਆਂ ਹਨ।

 

ਖਾਲਸਾ ਜੀ ਚੇਤੇ ਰੱਖੋ! ਕਿ

 

ਜਦੋਂ ਦਸਤਾਰਾਂ ਤੇ ਕੇਸ ਗਵਾਚਦੇ ਹਨ ਤਾਂ ਸਿੱਖ ਸਰੂਪ ਦੀ ਵਿਲੱਖਣਤਾ ਵੀ ਨਾਲ ਹੀ ਗਵਾਚ ਜਾਂਦੀ ਹੈ, ਇੱਜ਼ਤਾਂ ਸਾਥ ਛੱਡ ਜਾਂਦੀਆਂ ਹਨ ਤੇ ਸਿੱਖ ਗੌਰਵ ਦੀ ਅਧੋਗਤੀ ਦਾ ਮੁੱਢ ਬੱਝਦਾ ਹੈ।

 

ਅੱਜ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਜੁੜੀਆਂ ਭੀੜਾਂ ਵਿਚੋਂ ਮਾਸੂਮ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਹਨ। ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਤੋਂ ਕੇਵਲ 317 ਸਾਲ ਬਾਅਦ ਅੱਜ ਸਿੱਖ ਕਿੱਥੇ ਖੜ੍ਹੇ ਹਨ?

 

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਫਤਿਹਗੜ੍ਹ ਸਾਹਿਬ ਵਿਖੇ ਹੁੰਦੀਆਂ ਰਹੀਆਂ ਸਿਆਸੀ ਕਾਨਫਰੰਸਾਂ ਵਿਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦੀ ਜੋੜ ਮੇਲੇ ਦਾ ਲਾਹਾ ਲੈਂਦੇ ਰਹੇ ਹਨ।ਇਕ-ਦੂਸਰੇ ਖਿਲਾਫ ਗਾਲੀ-ਗਲੋਚ ਕਰਦੇ ਇਹ ਲੀਡਰ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਤਾਂ ਕਈ ਵਾਰੀ ਨਾਮ ਤੱਕ ਵੀ ਨਹੀਂ ਲੈਂਦੇ,ਅਕੀਦਤ ਭੇਟ ਕਰਨਾ ਤਾਂ ਦੂਰ ਦੀ ਗੱਲ ਹੈ। ਇਹ ਤਾਂ ਉੱਕਾ ਹੀ ਭੁੱਲ ਚੁੱਕੇ ਹਨ ਕਿ ਇਸ ਧਰਤੀ ‘ਤੇ ਗੁਰੂ ਦੇ ਲਾਲਾਂ ਨਾਲ ਕੀ ਕਹਿਰ ਵਾਪਰਿਆ ਸੀ?

 

ਹਨੇਰ ਸਾਈਂ ਦਾ, ਅੱਜ ਉਸੇ ਧਰਤੀ ‘ਤੇ ਸ਼ਹੀਦੀ ਦਿਹਾੜੇ ਸਮੇਂ ਲੋਕ ਚੰਡੋਲਾਂ ਝੂਟਦੇ ਤੇ ਚਾਂਗਰਾਂ ਮਾਰਦੇ ਫਿਰਦੇ ਹਨ। ਥਾਂ-ਥਾਂ ਲੰਗਰਾਂ ਵਿਚ ਪਕਦੇ ਲਜ਼ੀਜ਼ ਪਕਵਾਨ, ਗਰਮ ਗਰਮ ਜਲੇਬੀਆਂ ਤੇ ਬਦਾਮਾਂ ਦੀਆਂ ਖੀਰਾਂ, ਹੂਟਰ ਮਾਰਦੀਆਂ ਵਜ਼ੀਰਾਂ ਅਤੇ ਸਮਰੱਥ ਅਧਿਕਾਰੀਆਂ ਦੀਆਂ ਕਾਰਾਂ, ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਉੱਪਰ ਮੰਡਰਾਉਂਦਾ ਸਰਕਾਰੀ ਹੈਲੀਕਾਪਟਰ, ਆਖਿਰ ਇਹ ਵਰਤਾਰੇ ਕਿਹੋ ਜਿਹੇ ਧਾਰਮਿਕ ਸਿਦਕ ਅਤੇ ਮਰਿਆਦਾ ਦਾ ਸੰਕੇਤ ਦੇ ਰਹੇ ਹਨ?

 

ਆਓ ਹੁਣ ਜ਼ਰਾ ਦੂਸਰੀਆਂ ਕੌਮਾਂ ਦੇ ਸ਼ਹੀਦਾਂ ਪ੍ਰਤੀ ਉਨ੍ਹਾਂ ਕੌਮਾਂ ਦੇ ਅਨੁਯਾਈਆਂ ਵਲੋਂ ਅਪਣਾਏ ਸ਼ਰਧਾ ਦੇ ਵਰਤਾਰਿਆਂ ‘ਤੇ ਇਕ ਤੁਲਨਾਵਾਚੀ ਨਜ਼ਰ ਮਾਰੀਏ।

 

ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਅੱਜ ਤੋਂ ਕੋਈ 1341 ਸਾਲ ਪਹਿਲਾਂ 680 ਈਸਵੀ 61 ਹਿਜਰੀ ਨੂੰ ਇਕ ਡੂੰਘੀ ਸਾਜ਼ਿਸ਼ ਤਹਿਤ ਇਰਾਕ ਦੇ ਕੂਫਾ ਸ਼ਹਿਰ ਦੇ ਨਜ਼ਦੀਕ ਦਰਿਆ ਫਰਾਤ ਦੇ ਕਿਨਾਰੇ, ਕਰਬਲਾ ਦੇ ਮੈਦਾਨ ਵਿਚ ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

 

ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ, ਜਿਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ‘ਤੇ ਹਮਲਾ ਕਰਕੇ ਉਨ੍ਹਾਂ ਨੂੰ 72 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿਚ ਹਜ਼ਰਤ ਇਮਾਮ ਹੁਸੈਨ ਦੇ ਪਰਿਵਾਰ ਦੇ 18 ਮੈਂਬਰ ਵੀ ਸ਼ਾਮਿਲ ਸਨ।

 

ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ 58 ਸਾਲ ਸੀ, ਜਦੋਂ ਕਿ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ (ਉਮਰ 18 ਸਾਲ) ਤੇ ਅਲੀ ਅਸਗਰ ਜਿਸ ਦੀ ਉਮਰ ਉਸ ਵਕਤ ਕੇਵਲ 6 ਮਹੀਨੇ ਦੀ ਸੀ, ਦੋ ਭਾਣਜੇ ਔਨ ਅਤੇ ਮੁਹੰਮਦ, ਕ੍ਰਮਵਾਰ 9 ਅਤੇ 10 ਸਾਲ ਦੀ ਉਮਰ ਦੇ ਸਨ।

 

ਇਨ੍ਹਾਂ ਦੀ ਸ਼ਹਾਦਤ ਨੂੰ ਖਿਰਾਜ਼-ਏ-ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਲਮਾਨਾਂ ਵਲੋਂ ਹਰ ਸਾਲ ਦਸ ਮੁਹੱਰਮ ਨੂੰ ਤਾਅਜ਼ੀਆ ਕੱਢਿਆ ਜਾਂਦਾ ਹੈ।

 

ਮੁਹੱਰਮ ਇਸਲਾਮੀ ਕਲੰਡਰ ਦਾ ਪਹਿਲਾ ਮਹੀਨਾ ਹੈ। ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿਚ ਨਿਹਾਇਤ ਅਫਸੋਸਨਾਕ ਸਮਾਂ ਮੰਨਦੇ ਹਨ।

 

ਇਥੋਂ ਤਕ ਕਿ ਮੁਹੱਰਮ ਦੇ ਚੰਨ ਚੜ੍ਹਨ ਸਮੇਂ ਸ਼ੀਆ ਫਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤੱਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ, ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ।

 

ਚਾਲੀ ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ। ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ, ਜੋ ਕੇਵਲ ਜਿਊਣ ਲਈ ਲੋੜੀਂਦਾ ਹੈ। ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇਂ ਵਿਚ ਨਹੀਂ ਪਕਾਏ ਜਾਂਦੇ।

 

ਕਰਬਲਾ ਦੇ ਪ੍ਰਸੰਗ ਵਿਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ ਆਓ ਹੁਣ ਸਰਬੰਸਦਾਨੀ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ।

 

ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ 9 ਸਾਲ ਸੀ ਅਤੇ ਬਾਬਾ ਫਤਿਹ ਸਿੰਘ ਦੀ ਉਮਰ 7 ਸਾਲ ਸੀ, ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫਾ ਪਾਲਣ ਬਦਲੇ ਸੂਬਾ ਸਰਹੰਦ ਵਜੀਦ ਖਾਂ ਦੇ ਹੁਕਮ ਨਾਲ 13 ਪੋਹ ਸੰਮਤ 1761 ਬਿਕ੍ਰਮੀ ਅਰਥਾਤ 28 ਦਸੰਬਰ 1704(2022 ਅਨੁਸਾਰ) ਨੂੰ ਜਿਊਂਦੇ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।

 

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਉਸਾਰੇ ਜਾਣ ਤੋਂ ਬਾਅਦ ਵਾਰ-ਵਾਰ ਡਿੱਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ‘ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ ਨਾਲੋਂ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ। ਇਸ ਦਿਲ-ਕੰਬਾਊੇ ਘਟਨਾ ਨੂੰ ਭਾਈ ਕੇਸਰ ਸਿੰਘ ਛਿੱਬਰ ਆਪਣੀ ਕ੍ਰਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਛਾਪ ਪਹਿਲੀ, ਪੰਨਾ ਨੰਬਰ 179 ਬੰਦ 581 ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ :

”ਨਉਂ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ।

ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਲਏ।

 

ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲ ਬੇਗ ਛੁਟ ਗਏ।

ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ”

 

(ਭਾਵ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਸ਼ਹੀਦੀ ਦੇ ਸਮੇਂ 9 ਸਾਲ ਦੀ ਸੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 7 ਸਾਲ 6 ਮਹੀਨੇ ਦੀ ਸੀ।

 

ਬਾਬਾ ਜ਼ੋਰਾਵਰ ਸਿੰਘ ਜੀ ਸਾਹ ਰਗ ਕੱਟ ਦਿੱਤੇ ਜਾਣ ਨਾਲ ਤੁਰੰਤ ਹੀ ਜੋਤੀ ਜੋਤ ਸਮਾ ਗਏ ਐਪਰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਜ਼ਿਬਾ ਕੀਤੇ ਜਾਣ ਤੋਂ ਬਾਅਦ ਵੀ ਅੱਧੀ ਘੜੀ, ਭਾਵ 12-13 ਮਿੰਟ ਤੱਕ ਪੈਰ ਮਾਰਦੇ ਰਹੇ ਤੇ ਤੜਫਦੇ ਰਹੇ)

 

ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖਬਰ ਮਿਲੀ, ਤਾਂ ਮਾਤਾ ਜੀ ਵੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ ਅਤੇ ਅਕਾਲ ਪੁਰਖ ਦੀ ਗੋਦ ਵਿਚ ਆਪਣੇ ਪਿਆਰੇ ਪੋਤਰਿਆਂ ਨੂੰ ਜਾ ਮਿਲੇ।

 

ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁੱਤੀ ਸ਼ਹਾਦਤ ਜਿਹਾ ਭਿਆਨਕ ਮੰਜ਼ਰ ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ।

 

ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫੇ ਅੰਦਰ- ਅੰਦਰ ਹੀ ਸ਼ਹੀਦੀਆਂ ਪਾ ਗਏ। ਇਨ੍ਹਾਂ ਸ਼ਹਾਦਤਾਂ ਨੂੰ ਹਾਲੇ 317 ਵਰ੍ਹੇ ਹੋਏ ਹਨ।

 

ਕੌਮਾਂ ਦੀ ਤਵਾਰੀਖ ਦੀ ਸਮੀਖਿਆ ਕਰਨ ਸਮੇਂ ਇਹ ਅਵਧੀ ਕੋਈ ਏਨੀ ਵੀ ਜ਼ਿਆਦਾ ਨਹੀਂ ਕਿ ਸਿੱਖਾਂ ਦੇ ਚੇਤਿਆਂ ਵਿਚੋਂ ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਤੇ ਉਨ੍ਹਾਂ ਦੀ ਸ਼ਹਾਦਤ ਦੇ ਦਰਦਨਾਕ ਪ੍ਰਸੰਗ ਮਨਫੀ ਹੋ ਜਾਣ!

 

ਸ਼ਹੀਦਾਂ ਨੂੰ ਇਕ ਖਸੂਸਨ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ ਆਪਣੇ ਅਕੀਦੇ ਪ੍ਰਤੀ ਸੱਚੀ ਵਫਾਦਾਰੀ ਹੁੰਦੀ ਹੈ।

 

ਗੁਰਪ੍ਰਣਾਲੀ, ਗੁਲਾਬ ਸਿੰਘ ਵਿਚ ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ :

 

”ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ”

ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।

 

ਦਸਵੇਂ ਗੁਰੂ ਜੀ ਦੇ ਸਮਕਾਲੀ ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ,

‘ਕਥਾ ਗੁਰੂ ਜੀ ਕੇ ਸੁਤਨ ਕੀ’ ਅਨੁਸਾਰ

 

ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ

 

”ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ

ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ

ਤਬ ਮਲੇਰੀਏ ਕਹਯੋ; ‘ਜੜਾਂ ਤੁਮ ਜਾਂਹਿ ਹੀ

ਇਹ ਮਾਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ”

(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)

”ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਸ ਸੀਸ ਕਢਵਾਏ

ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ”

(ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿੱਪਲ ਦੇ ਦਰੱਖਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ। ਹਵਾਲੇ ਲਈ ਦੇਖੋ : ਹੱਥ ਲਿਖਤ ਖਰੜਾ ਨੰਬਰ 6045, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)

 

ਇਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਨੇ ਨਾ ਸਿਰਫ ਹਾਅ ਦਾ ਨਾਅਰਾ ਹੀ ਮਾਰਿਆਂ, ਸਗੋਂ ਉਸ ਨੇ ਮਾਸੂਮ ਸਾਹਿਬਜ਼ਾਦਿਆਂ ‘ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸ ਦੀ ਇਕ ਨਾ ਸੁਣੀ

 

ਸਰਹੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ‘ਤੇ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਵਲੋਂ ਨਿਭਾਈ ਨਾਕਾਬਿਲ-ਏ-ਫਰਾਮੋਸ਼ ਤਵਾਰੀਖੀ ਭੂਮਿਕਾ ਲਈ ਸਿੱਖ ਕੌਮ ਰਹਿੰਦੇ ਸਮਿਆਂ ਤਕ ਅਹਿਸਾਨਮੰਦ ਰਹੇਗੀ।

 

ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾਂ ਵਿਚ ਇਨ੍ਹਾਂ ਦਰਦਨਾਕ ਪਲਾਂ ਨੂੰ ਸ਼ਰਧਾ ਅਤੇ ਅਕੀਦਤ ਨਾਲ ਨਿਯਮਿਤ ਕਰਨਾ ਨਿਸ਼ਚੇ ਹੀ ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿੰਮੇਵਾਰੀ ਬਣਦੀ ਹੈ, ਪ੍ਰੰਤੂ ਫਿਰ ਵੀ ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸੰਤਾਂ-ਮਹਾਪੁਰਖਾਂ, ਸਿੰਘ ਸਭਾਵਾਂ, ਦੇਸ਼-ਪ੍ਰਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫੈਡਰੇਸ਼ਨ, ਖਾਲਸਾ ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁਖੀਆਂ, ਸਮੂਹ ਸਿੱਖ ਪਰਿਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾਂ ਅੱਗੇ ਇਕ ਵਾਸਤਾ ਪਾਉਂਦਾ ਹਾਂ,

 

ਮੇਰਾ ਤਰਲਾ ਹੈ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ 2022 ਸਾਲ ਬਾਅਦ ਵੀ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿਚ ਗੱਡੀਆਂ ਮੇਖਾਂ ਦੇ ਜ਼ਖ਼ਮਾਂ ‘ਚੋਂ ਸਿੰਮਦਾ ਖੂਨ ਨਜ਼ਰ ਆਉਂਦਾ ਹੈ ਅਤੇ ਉਸ ਦੀ ਪੀੜਾ ਦਾ ਗਹਿਰਾ ਅਹਿਸਾਸ ਵੀ ਹੁੰਦਾ ਹੈ। ਇਸਲਾਮ ਦੇ ਪੈਰੋਕਾਰਾਂ ਨੂੰ 1341 ਸਾਲ ਬਾਅਦ ਵੀ ‘ਕਰਬਲਾ’ ਦਾ ਕਹਿਰ ਯਾਦ ਹੈ, ਮੁਹੱਰਮ ਦੇ ਮੌਕੇ ਹਰ ਮੁਸਲਮਾਨ ਆਪਣੇ ਆਪ ਨੂੰ ਕਰਬਲਾ ਦੀ ਪੀੜਾ ਵਿਚ ਗੁੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇਕਸੁਰ ਹੋ ਜਾਂਦਾ ਹੈ।

 

ਦਰੇਗ ਤਾਂ ਇਸ ਗੱਲ ਦਾ ਹੈ ਕਿ ਸਿੱਖ ਕੌਮ 317 ਸਾਲਾਂ ਦੇ ਸਮੇਂ ਅੰਦਰ ਹੀ ਨੀਹਾਂ ਵਿਚ ਚਿਣ ਕੇ ਸ਼ਹੀਦ ਹੋਏ ਦਸਮੇਸ਼ ਗੁਰੂ ਜੀ ਦੇ ਮਾਸੂਮ ਸਾਹਿਬਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਨੂੰ ਕਿਉਂ ਵਿਸਰ ਗਈ ਹੈ? ਕਿਸੇ ਉਰਦੂ ਦੇ ਸ਼ਾਇਰ ਨੇ ਸ਼ਹੀਦੀ ਸਮੇਂ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਨੂੰ ਬਿਆਨ ਕਰਦਿਆਂ ਠੀਕ ਕਿਹਾ ਹੈ ਕਿ

 

”ਜਿਨਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ,

ਐਸੇ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ”

 

ਅੱਜ ਸਮੁੱਚੀ ਸਿੱਖ ਕੌਮ ਲਈ ਆਪਣੇ ਸਵੈ ਅੰਦਰ ਝਾਤੀ ਮਾਰ ਕੇ ਗੰਭੀਰ ਸਮੀਖਿਆ ਕਰਨ ਦਾ ਸਮਾਂ ਹੈ। ਕੌਮਾਂ ਦੇ ਇਤਿਹਾਸ ਵਿਚ ਅਜਿਹਾ ਸਮਾਂ ਕਦੇ-ਕਦੇ ਆਉਂਦਾ ਹੈ, ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਣ ਵਾਲੇ ਸਮੇਂ ਲਈ ਸਜਗ ਹੁੰਦੀਆਂ ਹਨ।

 

ਆਓ ਸਾਰੇ ਪ੍ਰਣ ਕਰੀਏ ਕਿ

13 ਪੋਹ ਅਰਥਾਤ 28 ਦਸੰਬਰ ਨੂੰ ਸਵੇਰ ਦੇ ਠੀਕ 10 ਵਜੇ ਤੋਂ 11 ਵਜੇ ਤੱਕ ਇਕ ਘੰਟਾ ਹਰ ਸਿੱਖ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ ਤੇ ਕਿਸੇ ਵੀ ਵਰਤਾਰੇ ਵਿਚ ਮਸ਼ਰੂਫ਼ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਜੁੜ ਕੇ ਸਤਿਨਾਮੁ ਵਾਹਿਗੁਰੂ ਦਾ ਜਾਪ ਕਰੇ।

 

ਜ਼ਰਾ ਸੋਚੋ! ਜਦੋਂ ਸਾਡੇ ਕਿਸੇ ਬੱਚੇ ਦੇ ਜ਼ਰਾ ਜਿੰਨੀ ਸੱਟ ਲੱਗ ਜਾਂਦੀ ਹੈ ਤਾਂ ਸਾਡੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਜਾਂਦਾ ਹੈ, ‘ਹੇ ਵਾਹਿਗੁਰੂ’ ਰਹਿਮ ਕਰੋ, ਕ੍ਰਿਪਾ ਕਰੋ।

 

ਕੀ ਅਸੀਂ ਹਰ ਸਾਲ ਇਹ ਥੋੜ੍ਹਾ ਜਿਹਾ ਸਮਾਂ ਕੱਢ ਕੇ ਕਿਸੇ ਨਿਵੇਕਲੇ ਅਸਥਾਨ ‘ਤੇ ਬੈਠ ਕੇ ਆਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਰਪਿਤ ਹੋ ਕੇ ‘ਸਤਿਨਾਮੁ ਵਾਹਿਗੁਰੂ’ ਨਹੀਂ ਜਪ ਸਕਦੇ, ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿਦਕ ਦੀ ਰੱਖਿਆ ਲਈ ਆਪਣੇ ਜੀਵਨ ਬਲੀਦਾਨ ਕਰ ਦਿੱਤੇ, ਖਾਸ ਕਰਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਤਾਂ ਇਸ ਨਿਸ਼ਚਿਤ ਸਮੇਂ ‘ਤੇ ਸ਼ਹੀਦੀ ਜੋੜ ਮੇਲ ਸਮੇਂ ਹਰ ਵਿਅਕਤੀ ਆਪਣੀ-ਆਪਣੀ ਜਗ੍ਹਾ ਬੈਠ ਕੇ ਇਸ ਇਕ ਘੰਟੇ ਲਈ ਬੰਦਗੀ ਵਿਚ ਜੁੜ ਜਾਵੇ, ਇਸ ਇਕ ਘੰਟੇ ਲਈ ਤਾਂ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ ‘ਮਾਸੂਮ ਸਾਹਿਬਜ਼ਾਦਿਆਂ’ ਦੀ ਯਾਦ ਵਿਚ ਜੁੜ ਕੇ ਖਾਮੋਸ਼ ਹੋ ਗਿਆ ਹੈ।

 

ਸ਼ਾਹਿਬਜ਼ਾਦਿਆਂ,ਪਿਆਰਿਆਂ,ਮਾਤਾ ਗੁਜਰ ਕੌਰ ਜੀ ਅਤੇ ਹੋਰ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਣਾਮ ਹੈ ਜੀ।

242 Views