ਸਾਲਾਨਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ

1️⃣7️⃣, 1️⃣8️⃣ ਤੇ 1️⃣9️⃣ ਦਸੰਬਰ,2022

2,3,4 ਪੋਹ,

ਸਾਲਾਨਾ ਸ਼ਹੀਦੀ ਮੇਲਾ ਸ਼ਹੀਦੀ ਸਾਕਾ ਸਾਲ 2022 ਦੇ ਪ੍ਰੋਗਰਾਮ

ਸਾਲਾਨਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ

ਚੰਡੀਗੜ-ਰੋਪੜ ਰੋਡ ‘ਤੇ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ।ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਸ੍ਰੀ ਭੱਠਾ ਸਾਹਿਬ ਵਿਖੇ ਆਏ ਸਨ।

ਇਤਿਹਾਸ ਦੇ ਅਨੁਸਾਰ ਪਹਿਲੀ ਵਾਰ 1688 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਵਾਪਸ ਅਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਕੋਟਲਾ ਨਿਹੰਗ ਵਿਚ ਰੋੜਿਆਂ ਦੇ ਭੱਠੇ ‘ਤੇ ਰੁਕੇ। ਗੁਰੂ ਜੀ ਨੇ ਭੱਠਾ ਮਜ਼ਦੂਰਾਂ ਨੂੰ ਕੱਝ ਸਮਾਂ ਠਹਿਰਨ ਲਈ ਜਗ੍ਹਾ ਦੇ ਬਾਰੇ ਪੁੱਛਿਆ, ਪਰ ਮਜ਼ਦੂਰਾਂ ਨੇ ਮਜ਼ਾਕੀਆ ਲਹਿਜੇ ਵਿਚ ਭੱਠੇ ਵੱਲ ਇਸ਼ਾਰਾ ਕੀਤਾ। ਗੁਰੂ ਜੀ ਨੇ ਉਨ੍ਹਾਂ ਦੀ ਨਿਯਤ ਨੂੰ ਸਮਝ ਲਿਆ ਅਤੇ ਜਿਸ ਤਰ੍ਹਾਂ ਗੁਰੂ ਜੀ ਨੇ ਨੀਲੇ ਘੋੜੇ ਦੇ ਖੁਰ (ਪੌੜ) ਗਰਮ ਦਹਿਕਦੇ ਹੋਏ ਭੱਠੇ ਵਿਚ ਲੱਗੇ ਤਾਂ ਭੱਠਾ ਇਕਦਮ ਠੰਢਾ ਹੋ ਗਿਆ। ਭੱਠਾ ਮਜ਼ਦੂਰਾਂ ਨੇ ਇਸ ਦੀ ਸੂਚਨਾ ਕੋਟਲਾ ਨਿਹੰਗ ਦੇ ਕਿਲ੍ਹੇ ਵਿਚ ਰਹਿੰਦੇ ਭੱਠੇ ਦੇ ਮਾਲਕ ਨਿਹੰਗ ਖਾਂ ਪਠਾਣ ਨੂੰ ਦਿੱਤੀ ਤੇ ਨਿਹੰਗ ਖਾਂ ਨੇ ਭੱਠੇ ‘ਤੇ ਪਹੁੰਚ ਕੇ ਭੁੱਲ ਬਖਸ਼ਾਈ ਤੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿਚ ਜਾਣ ਦੀ ਬੇਨਤੀ ਕੀਤੀ।

{{ ਕੋਟਲਾ ਨਿਹੰਗ ਖਾਨ ਕੌਣ ਸੀ:- ਇਨ੍ਹਾਂ ਦੇ ਪਰਿਵਾਰ ਦਾ ਵੱਡਾ ਵਡੇਰਾ ਸੁਲੇਮਾਨ ਖ਼ਾਨ ਅਫ਼ਗਾਨ ਵਾਲੇ ਪਾਸੇ ਤੋਂ ਆਇਆ ਸੀ,ਸੁਲੇਮਾਨ ਖ਼ਾਨ ਤੋਂ ਬਾਅਦ ਸੁਲਤਾਨ ਖ਼ਾਨ,ਫਿਰ ਉਸਦਾ ਬੇਟਾ ਹੋਇਆ ਨੋਰੰਗ ਖ਼ਾਨ,ਨੌਰੰਗ ਖਾਂ ਦਾ ਬੇਟਾ ਨਿਹੰਗ ਖਾਂ ਤੇ ਨਿਹੰਗ ਖਾਂ ਦਾ ਬੇਟਾ ਆਲਮ ਖਾਨ ਸੀ। ਜਿਹੜੀ ਬੀਬੀ ਉਮਰੀ ਜੀ ਬੱਸੀ ਪਠਾਣਾਂ ਵਾਲੇ ਸਨ ਉਹ ਆਲਮ ਖਾਨ ਜੀ ਦੀ ਭੂਆ ਸੀ,ਜਿਸ ਦੇ ਬੇਟੇ ਨਬੀ ਖਾਨ ਅਤੇ ਗਨੀ ਖਾਨ (ਮਾਛੀਵਾਡ਼ਾ ਸਾਹਿਬ ਵਾਲੇ ਸਨ)।

ਬੀਬੀ ਮੁਮਤਾਜ ਆਲਮ ਖਾਂ ਦੀ ਭੈਣ ਸੀ ਤੇ ਨਿਹੰਗ ਖਾਂ ਦੀ ਬੇਟੀ ਸਨ ਇਹ ਘਰ ਵਿੱਚ ਛੇਵੇਂ ਪਾਤਸ਼ਾਹ ਤੋ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ।ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਇਸੇ ਜਗ੍ਹਾ ਤੇ ਹੁੰਦੀ ਹੈ।}}

ਨਿਹੰਗ ਖਾਂ ਦੇ ਘਰ ਕਿਲ੍ਹੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਦਿਨ ਰਹਿ ਕੇ ਅਗਲੇ ਦਿਨ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇਸ ਸਥਾਨ ‘ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਘੋੜੇ ਨੇ ਆਪਣੇ ਖੁਰਾਂ ਨਾਲ ਭੱਠਾ ਠੰਢਾ ਕੀਤਾ ਸੀ।

ਗੁਰੂ ਗੋਬਿੰਦ ਸਿੰਘ ਜੀ ਦੂਜੀ ਵਾਰ 1694 ਵਿਚ ਨਿਹੰਗ ਖਾਂ ਪਠਾਣ ਦੇ ਬੇਟੇ ਆਲਮ ਖਾਂ ਦੀ ਮੰਗਣੀ ਮੌਕੇ ਪਹੁੰਚੇ ਸੀ ਤੇ ਕੁਝ ਦੇਰ ਭੱਠੇ ਵਾਲੀ ਜਗ੍ਹਾ ‘ਤੇ ਰੁਕੇ ਸੀ।

ਤੀਜੀ ਵਾਰ 1702 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਕੁਰੂਕਸ਼ੇਤਰ ਦੀ ਵਾਪਸੀ ਸਮੇਂ ਭੱਠੇ ਦੇ ਸਥਾਨ ‘ਤੇ ਆਏ ਸੀ।

ਚੌਥੀ ਵਾਰ 1704 ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੇ ਸਮੇਂ ਜਦੋਂ ਮੁਗਲ ਤੇ ਪਹਾੜੀ ਫੌਜਾਂ ਨੇ ਗੁਰੁੂ ਜੀ ‘ਤੇ ਹਮਲਾ ਕਰ ਦਿੱਤਾ ਸੀ ਤਾਂ ਗੁਰੂ ਜੀ ਭੱਠਾ ਸਾਹਿਬ ਪਹੁੰਚੇ ਸੀ। ਨਿਹੰਗ ਖਾਂ ਪਠਾਣ ਤੇ ਉਸ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਮਾਣ-ਸਨਮਾਨ ਕਰਦਾ ਸੀ ਤੇ ਗੁਰੂ-ਘਰ ਦਾ ਸ਼ਰਧਾਲੂ ਸੀ।

ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਪਹਿਲੀ ਇਮਾਰਤ 1910 ਨੂੰ ਬਾਬਾ ਜੀਵਨ ਸਿੰਘ ਬੁੱਡਾ ਭੌਰਾ ਵਾਲਿਆਂ ਨੇ ਬਣਾਉਣੀ ਸ਼ੁਰੂ ਕੀਤੀ ਸੀ, ਜਿਸ ਦੇ ਬਾਅਦ 1917 ਨੂੰ ਬਗੈਰ ਨੀਂਹ ਪੁੱਟਿਆਂ ਭੱਠਾ ਸਾਹਿਬ ਦੀ ਇਮਾਰਤ ਬਣਾਈ ਸੀ। ਇਸ ਦੇ ਬਾਅਦ ਲੰਗਰ ਇਮਾਰਤ ਲਈ ਕਮਰੇ ਬਣਾਏ ਸੀ। ਬਾਬਾ ਜੀਵਨ ਸਿੰਘ 23 ਸਾਲ ਤੱਕ ਇਸ ਸਥਾਨ ‘ਤੇ ਸੇਵਾ ਸਿਮਰਨ ਕਰਦੇ ਰਹੇ। ਇਸ ਤੋਂ ਬਾਅਦ ਮਹੰਤੀ ਸੰਤ ਹਰਨਾਮ ਸਿੰਘ ਸੁਖਰਾਮਪੁਰ ਟੱਪਰੀਆਂ ਨੂੰ ਸੇਵਾ ਸੌਂਪੀ ਗਈ, ਜਿਨ੍ਹਾਂ ਨੇ ਚਾਰ ਮੰਜ਼ਿਲਾ ਗੁੰਬਦ ਤੇ ਕਮਰੇ, ਲੰਗਰ ਦੀ ਸੇਵਾ ਕੀਤੀ।

ਫਿਰ ਸੰਨ 1985 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ ਸੀ। ਸੰਤ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਮਰਮਰ ਦੀ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ। ਵਰਤਮਾਨ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ।

ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਇਸ ਵਾਰ 17, 18 ਤੇ 19 ਦਸੰਬਰ ਨੂੰ ਹੋਵੇਗਾ। ਦੂਰ-ਦਰਾਜ ਤੋਂ ਹਜ਼ਾਰਾਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਹਨ

ਗੁਰਦੁਆਰਾ ਸਾਹਿਬ ਦੇ ਵਲੋਂ ਸੁਚਾਰੂ ਪ੍ਰਬੰਧ ਕੀਤੇ ਜਾਂਦੇ ਹਨ।

ਅਗਲੇ ਸ਼ਹੀਦੀ ਸਮਾਗਮ:-

ਗੁ. ਭੱਠਾ ਸਾਹਿਬ ਰੋਪੜ

17, 18, 19 ਦਸੰਬਰ 2022  ( 2,3 ਅਤੇ 4 ਪੋਹ)

ਗੁ. ਸਾਹਿਬ ਬਾਹਮਣ ਮਾਜਰਾ (ਰੋਪੜ)

20 ਦਸੰਬਰ 2022 ( 5 ਪੋਹ)

ਗੁ. ਚਮਕੌਰ ਸਾਹਿਬ

21, 22, 23 ਦਸੰਬਰ 2022  (6,7,8 ਪੋਹ)

ਗੁ. ਚਰਨਕੰਵਲ ਸਾਹਿਬ ਮਾਛੀਵਾੜਾ

23, 24, 25 ਦਸੰਬਰ 2022 (8,9,10 ਪੋਹ)

ਗੁ. ਸ੍ਰੀ ਫਤਹਿਗੜ੍ਹ ਸਾਹਿਬ

26, 27, 28 ਦਸੰਬਰ 2022 (11,12 ਅਤੇ 13 ਪੋਹ)

_ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।

223 Views